ਸਰੀ, 20 ਜੂਨ (ਹਰਦਮ ਮਾਨ/ਵਰਲਡ ਪੰਜਾਬੀ ਟਾਈਮਜ਼)
ਗ਼ਜ਼ਲ ਮੰਚ ਸਰੀ ਵੱਲੋਂ ਪੰਜਾਬ ਤੋਂ ਆਏ ਉਘੇ ਨਾਵਲਕਾਰ ਪਰਗਟ ਸਿੰਘ ਸਤੌਜ ਅਤੇ ਦੁਬਈ ਤੋਂ ਆਏ ਉਘੇ ਕਵੀ ਰੂਪ ਸਿੱਧੂ ਨਾਲ ਵਿਸ਼ੇਸ਼ ਮਿਲਣੀ ਕੀਤੀ ਗਈ। ਰਾਜਵੰਤ ਰਾਜ ਨੇ ਦੋਵਾਂ ਸਾਹਿਤਕਾਰਾਂ ਦੀ ਜਾਣ ਪਛਾਣ ਕਰਵਾਈ। ਉਪਰੰਤ ਨਾਵਲਕਾਰ ਪਰਗਟ ਸਿੰਘ ਸਤੌਜ ਨੇ ਆਪਣੇ ਸਾਹਿਤਕ ਸਫਰ ਦੀ ਸਾਂਝ ਪਾਉਂਦਿਆਂ ਅਜੋਕੇ ਪੰਜਾਬੀ ਸਾਹਿਤ ਵਿਚ ਨਾਵਲਕਾਰੀ ਦੇ ਸਥਾਨ ਅਤੇ ਭਵਿੱਖ ਬਾਰੇ ਚਰਚਾ ਕੀਤੀ। ਉਹਨਾਂ ਆਪਣੇ ਸਾਹਿਤ ਅਕਾਦਮੀ ਪੁਰਸਕਾਰ ਜੇਤੂ ਨਾਵਲ ‘ਤੀਵੀਆਂ’ ਅਤੇ ਢਾਹਾਂ ਪੁਰਸਕਾਰ ਜੇਤੂ ਪੁਸਤਕ ‘ਖਬਰ ਇਕ ਪਿੰਡ ਦੀ’ ਅਤੇ ਹੋਰ ਰਚਨਾਵਾਂ ਬਾਰੇ ਵਿਸਥਾਰ ਵਿਚ ਗੱਲਬਾਤ ਕੀਤੀ।
ਇਸ ਉਪਰੰਤ ਦੁਬਈ ਤੋਂ ਆਏ ਕਵੀ ਰੂਪ ਸਿੱਧੂ ਨੇ ਆਪਣੇ ਸਾਹਿਤਕ ਸਫਰ ਦੇ ਨਾਲ ਆਪਣੀਆਂ ਨਵੀਆਂ ਰਚਨਾਵਾਂ ਪੇਸ਼ ਕੀਤੀਆਂ। ਉਹਨਾਂ ਨੇ ਕੁਝ ਗ਼ਜ਼ਲਾਂ ਤਰੰਨੁਮ ਵਿਚ ਗਾ ਕੇ ਮਾਹੌਲ ਨੂੰ ਸ਼ਾਇਰਾਨਾ ਬਣਾ ਦਿੱਤਾ। ਦੁਬਈ ਵਿਚ ਉਹਨਾਂ ਦੀ ਅਗਵਾਈ ਹੇਠ ਸਮਾਜ ਸੇਵੀ ਸੰਸਥਾ ਵੱਲੋਂ ਪਰਵਾਸੀ ਕਾਮਿਆਂ ਅਤੇ ਵਿਸ਼ੇਸ਼ ਕਰਕੇ ਇਮੀਗਰਾਂਟ ਔਰਤਾਂ ਦੇ ਸੋਸ਼ਣ ਅਤੇ ਉਹਨਾਂ ਨੂੰ ਬਚਾਉਣ ਦੇ ਕਾਰਜ ਅਤੇ ਹੋਰ ਸਹਾਇਤਾ ਕੰਮਾਂ ਲਈ ਕੀਤੇ ਜਾ ਯਤਨਾਂ ਬਾਰੇ ਵੀ ਜਾਣਕਾਰੀ ਦਿੱਤੀ।
ਇਸ ਮੌਕੇ ਗਜ਼ਲ ਮੰਚ ਵੱਲੋਂ ਦੋਵਾਂ ਸਾਹਿਤਕਾਰਾਂ ਨੂੰ ਸ਼ਾਲ ਅਤੇ ਯਾਦਗਾਰੀ ਚਿੰਨਾਂ ਨਾਲ ਸਨਮਾਨਿਤ ਕੀਤਾ ਗਿਆ। ਸਨਮਾਨ ਕਰਨ ਦੀ ਰਸਮ ਗ਼ਜ਼ਲ ਮੰਚ ਵੱਲੋਂ ਰਾਜਵੰਤ ਰਾਜ, ਦਵਿੰਦਰ ਗੌਤਮ, ਗੁਰਮੀਤ ਸਿੰਘ ਸਿੱਧੂ, ਭੁਪਿੰਦਰ ਸਿੰਘ ਮੱਲ੍ਹੀ, ਲੱਕੀ ਸੰਧੂ ਅਤੇ ਸੁਖਵਿੰਦਰ ਸਿੰਘ ਚੋਹਲਾ (ਸੰਪਾਦਕ ਦੇਸ ਪ੍ਰਦੇਸ ਟਾਈਮਜ਼) ਨੇ ਅਦਾ ਕੀਤੀ। ਇਸ ਮੌਕੇ ਉੱਭਰਦੇ ਕਵੀ ਵੀਤ ਬਾਦਸ਼ਾਹਪੁਰੀ ਅਤੇ ਹਰਨੇਕ ਮਾਹੀ ਲੈਂਗਲੀ ਵੀ ਹਾਜ਼ਰ ਸਨ।
Leave a Comment
Your email address will not be published. Required fields are marked with *