ਵਰ੍ਹਦੇ ਵਰ੍ਹਦੇ ਗ਼ਮ ਦੇ ਬੱਦਲ ਵਰ੍ਹ ਜਾਂਦੇ ਨੇ।
ਹਿੰਮਤ ਕਰਕੇ ਲੋਕੀਂ ਸਾਗਰ ਤਰ ਜਾਂਦੇ ਨੇ।
ਜਿੱਤ ਦੇ ਨੇੜੇ ਪਹੁੰਚੇ ਕਦੇ-ਕਦਾਈਂ ਤਾਂ,
ਹਰਦੇ ਹਰਦੇ ਲੋਕੀਂ ਆਖ਼ਰ ਹਰ ਜਾਂਦੇ ਨੇ।
ਐਸੇ ਨਿੱਡਰ ਲੋਕਾਂ ਦੀ ਕੀ ਗੱਲ ਆਖਾਂ,
ਸੱਪ ਸਮਝ ਕੇ ਰੱਸੀ ਨੂੰ ਉਹ ਡਰ ਜਾਂਦੇ ਨੇ।
ਕੀ ਉਹਨਾਂ ਨੇ ਮੰਜ਼ਿਲ ਨੂੰ ਸਰ ਕਰਨਾ ਹੈ,
ਮੌਤ ਆਉਣ ਤੋਂ ਪਹਿਲਾਂ ਹੀ ਜੋ ਮਰ ਜਾਂਦੇ ਨੇ।
ਭ੍ਰਿਸ਼ਟਾਚਾਰ ਦੀ ਆਦਤ ਜਿਨ੍ਹਾਂ ਨੂੰ ਪੈ ਜਾਂਦੀ,
ਉਹ ਤਾਂ ਪਸ਼ੂਆਂ ਦਾ ਚਾਰਾ ਵੀ ਚਰ ਜਾਂਦੇ ਨੇ।
ਜ਼ੁਲਮ-ਜਬਰ ਨੂੰ ਜੜ੍ਹੋਂ ਮਿਟਾਉਂਦੇ ਨੇ ਧਰਮੀ,
ਤੱਤੀ ਤਵੀ ਦੇ ਸੇਕ ਨੂੰ ਵੀ ਉਹ ਜਰ ਜਾਂਦੇ ਨੇ।
ਸਾਰੀ ਉਮਰ ਆਸਰਾ ਮਿਲ਼ੇ ਨਾ ਜਿਨ੍ਹਾਂ ਨੂੰ,
ਮਰਨ ਪਿੱਛੋਂ ਉਹ ਅਪਣੇ ਅਸਲੀ ਘਰ ਜਾਂਦੇ ਨੇ।
‘ਨਵ ਸੰਗੀਤ’ ਉਹ ਜ਼ਿੰਦਾ ਰਹਿੰਦੇ ਅਜ਼ਲਾਂ ਤੱਕ
ਜੀਵਨ ਨੂੰ ਜੋ ਲੋਕਾਂ ਦੇ ਨਾਂ ਕਰ ਜਾਂਦੇ ਨੇ।

~ ਪ੍ਰੋ. ਨਵ ਸੰਗੀਤ ਸਿੰਘ
# ਅਕਾਲ ਯੂਨੀਵਰਸਿਟੀ, ਤਲਵੰਡੀ ਸਾਬੋ-151302 (ਬਠਿੰਡਾ) 9417692015.