ਤੇਰੇ ਦਰ ਦੇ ਉਤੇ ਆ ਕੇ ਵੇਖਾਂਗੇ ਰੱਬ ਹੈ ਕਿ ਨਈਂ।
ਤੈਨੂੰ ਸੀਨੇ ਨਾਲ ਲਗਾ ਕੇ ਵੇਖਾਂਗੇ ਰੱਬ ਹੈ ਕਿ ਨਈਂ।
ਖੰਭਾਂ ਵਾਲੀ ਤਾਕਤ ਦੇ ਨਾਲ ਅੰਬਰ ਨੂੰ ਛੂਹ ਜਾਵੇਗਾ।
ਡਿਗਦਾ ਕੋਈ ਬੋਟ ਉਠਾ ਕੇ ਵੇਖਾਂਗੇ ਰੱਬ ਹੈ ਕਿ ਨਈਂ।
ਤਿਤਲੀ ਤੇ ਭੌਰੇ ਦੀ ਜੰਨਤ ਖ਼ੁਦ-ਬ-ਖੁਦ ਬਣ ਜਾਏਗੀ,
ਮਾਰੂਥਲ ਵਿਚ ਫੁੱਲ ਖਿੜ੍ਹਾ ਕੇ ਵੇਖਾਂਗੇ ਰੱਬ ਹੈ ਕਿ ਨਈਂ।
ਹਾਸ-ਠਿਠੋਲੀ, ਅਠਖੇਲੀ, ਸਰਗੋਸ਼ੀ ਦੀ ਯਾਦ-ਪੁਰਾਣੀਂ,
ਯਾਰਾਂ ਦੀ ਮਹਿਫ਼ਲ ਵਿਚ ਜਾ ਕੇ ਵੇਖਾਂਗੇ ਰੱਬ ਹੈ ਕਿ ਨਈਂ।
ਪਿੰਗਲੇ ਵੀ ਪੁਰਸ਼ੋਤਮ ਬਣ ਕੇ ਇਕ ਉਚੀ ਹਸਤੀ ਬਣਦੇ,
ਹਰਿਮੰਦਿਰ ਅਰਦਾਸ ਕਰਕੇ ਵੇਖਾਂਗੇ ਰੱਬ ਹੈ ਕਿ ਨਈਂ।
ਸੂਰਜ ਦੀ ਪ੍ਰਤਿਸ਼ਤਾ ਨਾਲੋਂ ਹੋਰ ਜ਼ਿਆਦਾ ਕੀਮਤ ਹੈ,
ਨੇਰ੍ਹੇ ਦੇ ਵਿਚ ਦੀਪ ਜਗਾ ਕੇ ਵੇਖਾਂਗੇ ਰੱਬ ਹੈ ਕਿ ਨਈਂ।
ਕੌਹੇਤੂਰ ਜਿਹੇ ਪਰਬਤ ਵੀ ਇੱਕ ਅਲੌਕਿਕ ਲੋਅ ਦਿੰਦੇ,
ਤੇਰੇ ਮੁੱਖ ਤੋ ਘੁੰਡ ਉਠਾ ਕੇ ਵੇਖਾਂਗੇ ਰੱਬ ਹੈ ਕਿ ਨਈਂ।
ਬੀਤੇ ਸਮਿਆਂ ਦੇ ਚੱਲ ਚਿੱਤਰ ਜੰਨਤ ਤੋਂ ਵੀ ਵੱਧ ਪਿਆਰੇ,
ਯਾਦਾਂ ਵਿੱਚ ਜਵਾਨੀ ਪਾ ਕੇ ਵੇਖਾਂਗੇ ਰੱਬ ਹੈ ਕਿ ਨਈਂ।
ਪਾਕਿ-ਪਵਿੱਤਰ ਬੰਧਨ ਬਾਲਮ ਪੀੜੀ ਦੀ ਮਰਿਆਦਾ ਹੈ,
ਮਾਂਗ ਤਿਰੀ ਸਿੰਦੂਰ ਸਜਾ ਕੇ ਵੇਖਾਂਗੇ ਰੱਬ ਹੈ ਕਿ ਨਈਂ।
ਬਲਵਿੰਦਰ ਬਾਲਮ ਗੁਰਦਾਸਪੁਰ
ਉਂਕਾਰ ਨਗਰ ਗੁਰਦਾਸਪੁਰ ਪੰਜਾਬ
ਮੋ. – 98156-25409