ਸਮਿਆਂ ਨੇ ਨੀਚੋੜ ਲਏ ਨੇ ਸੂਹੇ ਰੰਗ ਬਹਾਰਾਂ ਦੇ।
ਕੀ ਕਰਨੇ ਨੇ ਪਤਝੜ ਵਰਗੇ ਚਿਹਰੇ ਹੁਣ ਗੁਲ਼ਜਾਰਾਂ ਦੇ।
ਦੁਸ਼ਮਣ ਨੇ ਦੁਸ਼ਮਣ ਤੋਂ ਖੋਹ ਕੇ ਦੁਸ਼ਮਣ ਉਪਰ ਜਦ ਚਲਾਈਆਂ,
ਰੰਗ ਬਦਲ ਗਏ ਢੰਗ ਬਦਲ ਗਏ ਹੱਥ ਬਦਲੇ ਤਲਵਾਰਾਂ ਦੇ।
ਘਰ ਦੀ ਹਰ ਇਕ ਮਰਿਆਦਾ ਨੂੰ ਛਿੱਕੇ ਉਤੇ ਟੰਗ ਰੱਖਿਆ,
ਨਿੱਜ ਕਮਾਈ ਕਰਕੇ ਹੀ ਹੰਕਾਰ ਵਧੇ ਮੁਟਿਆਰਾਂ ਦੇ।
ਜਦ ਤੋਂ ਨੇਰ੍ਹੀਂ ਨੇ ਬਸਤੀ ਵਿਚ ਰਾਜ ਸਥਾਪਿਤ ਕੀਤਾ ਹੈ,
ਪਹਿਲਾਂ ਵਰਗੇ ਮਖ਼ਮਲ ਵਰਗੇ ਰੂਪ ਨਹੀਂ ਕਚਨਾਰਾਂ ਦੇ।
ਪਾਪੀ ਪਾਪ ਕਮਾ ਕੇ ਬੇਸ਼ਕ ਛੁਪ ਜਾਵੇ ਤਹਿ ਖ਼ਾਨੇ ਵਿਚ,
ਐਪਰ ਕਹਿੰਦੇ ਵਿੱਚ ਹਕੀਕਤ ਕੰਨ ਹੁੰਦੇ ਦੀਵਾਰਾਂ ਦੇ।
ਫੁੱਲਾਂ ਦੀ ਖ਼ੁਸ਼ਬੂ ਨੂੰ ਯਾਰੋ ਕਿਹੜਾ ਜੰਦਰਾ ਮਾਰੇਗਾ,
ਜਿੰਨੇ ਮਰਜ਼ੀ ਪਰਦੇ ਪਾ ਲਉ ਭੇਦ ਛੁਪਾ ਲਉ ਯਾਰਾਂ ਦੇ।
ਤੂਫ਼ਾਨਾਂ ਦੇ ਅੰਦਰ ਗਏ ਹਾਂ ਪਰਬਤ ਵਾਂਗੂੰ ਖੜ੍ਹ ਕੇ,
ਦੁਸ਼ਮਣ ਨਾਲ ਬਣਾ ਕੇ ਰੱਖੀ ਨਾਲ ਰਹੇ ਦਿਲਦਾਰਾਂ ਦੇ।
ਉਸ ਦੇ ਜੂੜੇ ਵਿੱਚ ਪਰਾਂਦਾ ਏਦਾਂ ਸੱਜਿਆ ਹੋਇਆ ਹੈ,
ਸੂਹੇ ਰੰਗ ਦੇ ਦਾਣੇ ਚਮਕਣ ਜਿੱਦਾਂ ਵਿਚ ਅਨਾਰਾਂ ਦੇ।
ਫੁੱਲਾਂ ਉਤੇ ਤਿਤਲੀ ਬੈਠੀ ਜੰਨਤ ਨੂੰ ਦਿਰਸਾਉਂਦੀ ਹੈ,
ਰਿਸ਼ਤੇ ਨਾਤੇ ਚੰਗੇ ਲਗਦੇ ਰਿਸ਼ਤੇ ਹੋਣ ਵਿਚਾਰਾਂ ਦੇ।
ਤਿੱਖੇਪਣ ਦੀ ਇੱਕ ਬੁਰਾਈ ਸੁੰਦਰਤਾ ਵਿਚ ਕਿਹੜਾ ਵਿੰਹਦਾ,
ਖ਼ੁਸ਼ਬੂਆਂ ਨੇ ਫੁੱਲਾਂ ਅੰਦਰ ਭੇਦ ਛੁਪਾ ਲਏ ਖਾਰਾਂ ਦੇ।
ਨਵਿਆਂ ਫੁੱਲਾਂ ਦੀ ਆਮਦ ਦੀ ਕੀਮਤ ਵੇਖੀ ਜਾਂਦੀ ਹੈ,
ਬਾਜ਼ਾਰ ’ਚ ਮੁੱਲ ਨਈਂ ਪੈਂਦੇ ਖੁੰਡੇ ਹੋਏ ਹਥਿਆਰਾਂ ਦੇ।
ਇੱਛਾ ਸ਼ਕਤੀ ਕਰਮਠਤਾ ਮੁਹਤਾਜ ਕਦੀ ਨਈ ਰਹਿ ਸਕਦੇ,
ਇਤਿਹਾਸ ਬਣੇ ਵੇਖੇ ਬਾਲਮ ਮੂੰਹ ’ਚੋਂ ਨਿਕਲੀਆਂ ਲਾਰਾਂ ਦੇ।
ਬਲਵਿੰਦਰ ਬਾਲਮ ਗੁਰਦਾਸਪੁਰ
ਉਂਕਾਰ ਨਗਰ ਗੁਰਦਾਸਪੁਰ ਪੰਜਾਬ
ਮੋ. – 98156-25409