ਹਰ ਇਕ ਬੰਦਾ ਗੁੰਝਲ ਵਿਚ ਹੈ ਗੁੰਝਲ ਭੂੰਡਪਟਾਕਾ।
ਚਿੰਤਾਵਾਂ ਦੇ ਸ਼ੀਸ਼ੇ ਅੰਦਰ ਤਿੜਕ ਗਿਆ ਏ ਹਾਸਾ।
ਉਸ ਨੂੰ ਜੀਵਨ ਦੇ ਵਿਚ ਜੰਨਤ ਜੱਫੀ ਪਾ ਕੇ ਮਿਲਦੀ,
ਆਸਾਂ ਵਿੱਚ ਮੁਰਾਦਾਂ ਪਾ ਕੇ ਭਰਿਆ ਜਿਸ ਨੇ ਕਾਸਾ।
ਬੰਦੇ ਜਿਹੜੇ ਮਿਹਨਤ ਨਾਲ ਬੁਲੰਦੀ ਤੋੜ ਲਿਆਏ,
ਸੂਰਜ ਚੰਨ ਸਿਤਾਰੇ ਦੇ ਵਿਚ ਜਿੱਦਾਂ ਲੋਅ ਦਾ ਵਾਸਾ।
ਸੁੱਕੇ ਹੋਏ ਹਾਸੇ ਵਿਚ ਵੀ ਫੁੱਲ ਗੁਲਾਬੀ ਖਿੜ੍ਹਦੇ,
ਜੇਕਰ ਦੁਖ ਦੇ ਹਝੂੰਆਂ ਅੰਦਰ ਹੋਵੇ ਪਿਆਰ ਦਿਲਾਸਾ।
ਬੱਦਲੀ ਤੋਂ ਬਿਨ ਉਸ ਦੀ ਹੋਂਦ ਨਿਗੂਣੀ ਤੇ ਨਿਰਮੋਹੀ,
ਤਾਂ ਹੀ ਮਾਰੂਥਲ ਹੈ ਰਹਿੰਦਾ ਉਮਰਾਂ ਤੀਕਰ ਪਿਆਸਾ।
ਜਿੰਨ੍ਹਾਂ ਨੂੰ ਤਨ-ਮਨ-ਧਨ ਦੇ ਕੇ ਰਸਤੇ ਤੱਕ ਪਹੁੰਚਾਇਆ,
ਮੰਜ਼ਿਲ ਪਾ ਕੇ ਮਤਲਬ ਪਿੱਛੋਂ ਲੰਘਦੇ ਵੱਟ ਕੇ ਪਾਸਾ।
ਬੁੱਧੀ ਵਾਲੇ ਪੜ੍ਹ ਲੈਂਦੇ ਨੇ ਇਸ ਵਿਚ ਜੋ ਕੁਝ ਲਿਖਿਆ,
ਜੀਵਨ ਵਾਲੀ ਪੁਸਤਕ ਦਾ ਹੈ ਚਿਹਰਾ ਇੱਕ ਖੁਲਾਸਾ।
ਬਾਲਮ ਦੁਨੀਆ ਦੇ ਵਿਚ ਅਪਣੀ ਇੰਝ ਮਿਠਾਸ ਬਣਾਵੀਂ,
ਜਿਉਂ ਘੁਲਦਾ ਏ ਹੌਲੀ-ਹੋਲੀ ਪਾਣੀ ਵਿੱਚ ਪਤਾਸਾ।
ਬਲਵਿੰਦਰ ਬਾਲਮ ਗੁਰਦਾਸਪੁਰ
ਉਕਾਂਰ ਨਗਰ ਗੁਰਦਾਸਪੁਰ (ਪੰਜਾਬ)
ਮੋ. 9815625409