ਜ਼ਿੰਦਗੀ ਵਿੱਚ ਗ਼ਲਤੀਆਂ ਸਾਰੇ ਹੀ ਕਰਦੇ ਹਨ। ਸ਼ਾਇਦ ਹੀ ਕੋਈ ਅਜਿਹਾ ਵਿਅਕਤੀ ਹੋਵੇ ਜਿਸ ਨੇ ਕਦੀ ਗ਼ਲਤੀ ਨਾ ਕੀਤੀ ਹੋਵੇ। ਜੇ ਇਵੇਂ ਕਹਿ ਲਈਏ ਕਿ ਇਨਸਾਨ ਗ਼ਲਤੀਆਂ ਦਾ ਪੁਤਲਾ ਹੈ, ਤਾਂ ਠੀਕ ਹੀ ਹੋਵੇਗਾ। ਗ਼ਲਤੀ ਕਰਕੇ ਉਸ ਤੋਂ ਸਿੱਖਣਾ ਬੇਹੱਦ ਜ਼ਰੂਰੀ ਹੁੰਦਾ ਹੈ, ਪਰ ਜੇਕਰ ਅਸੀਂ ਵਾਰ-ਵਾਰ ਗ਼ਲਤੀਆਂ ਕਰੀ ਜਾਵਾਂਗੇ ਤਾਂ ਉਹ ਕਈ ਵਾਰ ਗੁਨਾਹ ਵੀ ਬਣ ਜਾਂਦਾ ਹੈ। ਗ਼ਲਤੀ ਸਾਡੇ ਕੋਲ਼ ਅਚਾਨਕ ਹੀ ਹੋ ਜਾਂਦੀ ਹੈ। ਇਹ ਮਨਸਾ ਨਹੀਂ ਹੁੰਦੀ ਕਿ ਗ਼ਲਤੀ ਹੀ ਕਰਨੀ ਹੈ। ਜਦੋਂ ਕਦੇ ਅਚਾਨਕ ਕੋਈ ਕੰਮ ਖ਼ਰਾਬ ਹੋਵੇ ਜਾਂ ਕਿਸੇ ਦਾ ਨੁਕਸਾਨ ਹੋ ਜਾਵੇ ਤਾਂ ਉਸ ਨੂੰ ਗ਼ਲਤੀ ਕਿਹਾ ਜਾ ਸਕਦਾ ਹੈ। ਉਹ ਵੀ ਕਦੀ ਕਿਤੇ ਗ਼ਲਤੀ ਨਾਲ਼ ਕਿਸੇ ਨੂੰ ਦੁੱਖ ਪਹੁੰਚਾਇਆ ਜਾ ਸਕਦਾ ਹੈ, ਪਰ ਜੇਕਰ ਲਗਾਤਾਰ ਦੁੱਖ ਪਹੁੰਚਾ ਰਹੇ ਹੋ ਜਾਂ ਨੁਕਸਾਨ ਕਰ ਰਹੇ ਹੋਈਏ.. ਤਾਂ ਉਸ ਨੂੰ ਗੁਨਾਹ ਕਿਹਾ ਜਾ ਸਕਦਾ ਹੈ। ਗ਼ਲਤੀ ਅਚਾਨਕ ਹੋ ਜਾਂਦੀ ਹੈ ਅਤੇ ਗੁਨਾਹ ਅਸੀਂ ਸੋਚਦੇ ਸਮਝਦੇ ਹੋਏ ਵੀ ਕਰਦੇ ਹਾਂ। ਜਿਸ ਨਾਲ ਵਧੀਕੀ ਹੋਣ ਵਾਲੀ ਹੁੰਦੀ ਹੈ ਉਸ ਵਿਚਾਰੇ ਨੂੰ ਪਤਾ ਵੀ ਨਹੀਂ ਹੁੰਦਾ ਕਿੰਨਾ ਨੁਕਸਾਨ ਹੋਣ ਵਾਲਾ ਹੈ?
ਗੁਨਾਹ ਕਰਨ ਵਾਲਾ ਵਿਅਕਤੀ ਆਪਣੀ ਗ਼ਲਤੀ ਤੋਂ ਵਾਕਿਫ਼ ਹੁੰਦਾ ਹੈ। ਉਸ ਨੂੰ ਪਤਾ ਹੁੰਦਾ ਹੈ ਕਿ ਉਹ ਕਿਸੇ ਦਾ ਨੁਕਸਾਨ ਕਰ ਰਿਹਾ ਹੈ, ਪਰ ਆਪਣੇ ਆਪ ਉੱਤੇ ਸਵੈ-ਕਾਬੂ ਦੀ ਘਾਟ ਕਾਰਨ ਰੁਕਦਾ ਨਹੀਂ ਹੈ ਜਾਂ ਇਵੇਂ ਵੀ ਕਿਹਾ ਜਾ ਸਕਦਾ ਹੈ ਕਿ ਉਸ ਦੀ ਅੰਦਰਲੀ ਮਨਸਾ ਬੁਰੀ ਹੁੰਦੀ ਹੈ। ਉਸ ਦਾ ਮਾਨਸਿਕ ਵਿਕਾਸ ਏਨਾ ਨਹੀਂ ਹੋਇਆ ਹੁੰਦਾ ਕਿ ਉਹ ਕਿਸੇ ਦਾ ਨੁਕਸਾਨ ਨਾ ਕਰੇ। ਸਗੋਂ ਉਸਨੂੰ ਨੁਕਸਾਨ ਕਰਕੇ ਮਾਨਸਿਕ ਖੁਸ਼ੀ ਮਿਲਦੀ ਹੈ। ਸਾਡੇ ਚੰਗੇ ਮੰਦੇ ਕਰਮਾਂ ਦਾ ਸਬੰਧ ਸਾਡੇ ਮਨ ਦੇ ਨਾਲ਼ ਬਹੁਤ ਗਹਿਰਾ ਹੁੰਦਾ ਹੈ। ਜਿਹੋ ਜਿਹੀ ਸੋਚ ਵਿਚਾਰ ਸਾਡੇ ਮਨ ਦੇ ਵਿੱਚ ਹੋਵੇਗੀ ਸਾਡੇ ਕਾਰ ਵਿਹਾਰ ਵੀ ਉਹੋ ਜਿਹੇ ਹੀ ਹੁੰਦੇ ਹਨ। ਚੰਗੀ ਸੋਚ ਵਾਲਾ ਅਤੇ ਚੰਗੇ ਸੰਸਕਾਰਾਂ ਵਿੱਚ ਪਲਿਆ ਹੋਇਆ ਇਨਸਾਨ ਕਦੀ ਵੀ ਕਿਸੇ ਦਾ ਨੁਕਸਾਨ ਨਹੀਂ ਕਰ ਸਕੇਗਾ। ਉਸ ਕੋਲੋਂ ਗ਼ਲਤੀ ਅਚਾਨਕ ਹੋ ਸਕਦੀ ਹੈ, ਪਰ ਉਹ ਕਿਸੇ ਨੂੰ ਸੋਚ ਸਮਝ ਕੇ ਕਿਸੇ ਸਾਜਿਸ਼ ਦੇ ਤਹਿਤ ਨੁਕਸਾਨ ਨਹੀਂ ਪਹੁੰਚਾ ਸਕਦਾ।
ਜ਼ਿੰਦਗੀ ਵਿੱਚ ਅਸੀਂ ਤਕਰੀਬਨ ਨਿੱਕੀਆਂ-ਨਿੱਕੀਆਂ ਗ਼ਲਤੀਆਂ ਤਾਂ ਕਰਦੇ ਹੀ ਰਹਿੰਦੇ ਹਾਂ, ਪਰ ਮੰਨਣ ਲਈ ਕਦੀ ਵੀ ਤਿਆਰ ਨਹੀਂ ਹੁੰਦੇ ਜਾਂ ਫਿਰ ਬਹੁਤ ਘੱਟ ਅਜਿਹੇ ਦਰਿਆ ਦਿਲ ਲੋਕ ਹੁੰਦੇ ਹਨ, ਜੋ ਵਕਤ ਰਹਿੰਦਿਆਂ ਹੀ ਗ਼ਲਤੀ ਮੰਨ ਕੇ ਸੁਧਾਰ ਕਰਨ ਲਈ ਰਾਜ਼ੀ ਹੋ ਜਾਂਦੇ ਹਨ। ਜ਼ਿਆਦਾਤਰ ਇਨਸਾਨੀ ਫ਼ਿਤਰਤ ਇਹ ਹੁੰਦੀ ਹੈ ਕਿ ਉਹ ਆਪਣੀ ਗ਼ਲਤੀ ਦਾ ਦੋਸ਼ ਦੂਸਰੇ ਉੱਤੇ ਲਗਾ ਕੇ ਆਪ ਸੁਰਖਰੂ ਹੋ ਜਾਣਾ ਬੇਹਤਰ ਸਮਝਦੇ ਹਨ। ਗ਼ਲਤੀ ਨੂੰ ਗ਼ਲਤੀ ਹੀ ਰਹਿਣ ਦਿੱਤਾ ਜਾਵੇ ਤਾਂ ਸਹੀ ਹੈ। ਜਦੋਂ ਅਸੀਂ ਵਾਰ-ਵਾਰ ਬਾਜ਼ ਨਹੀਂ ਆਉਂਦੇ ਅਤੇ ਜਾਣਦੇ ਬੁੱਝਦੇ ਹੋਏ ਵੀ ਆਪਣੀ ਗ਼ਲਤੀਆਂ ਕਰਨ ਦੀ ਆਦਤ ਦੇ ਆਦੀ ਹੋ ਜਾਂਦੇ ਹਾਂ, ਤਾਂ ਉਹ ਗੁਨਾਹ ਬਣ ਜਾਂਦਾ ਹੈ। ਫਿਰ ਗੁਨਾਹ ਸਭ ਸਾਹਮਣੇ ਜੱਗ ਜ਼ਾਹਰ ਵੀ ਹੁੰਦੇ ਹਨ, ਪਰ ਕਈ ਵਾਰ ਗੁਨਾਹ ਏਨੀ ਦੇਰ ਨਾਲ਼ ਸਾਬਤ ਹੁੰਦੇ ਹਨ ਕਿ ਸਾਹਮਣੇ ਵਾਲੇ ਵਿਅਕਤੀ ਦੀ ਪੂਰੀ ਜ਼ਿੰਦਗੀ ਖ਼ਰਾਬ ਹੋ ਚੁੱਕੀ ਹੁੰਦੀ ਹੈ।
ਕੋਈ ਵਿਅਕਤੀ ਸ਼ੁਰੂ ਤੋਂ ਹੀ ਪੂਰਾ ਨਹੀਂ ਹੁੰਦਾ। ਹੌਲੀ-ਹੌਲੀ, ਜ਼ਿੰਦਗੀ ਵਿੱਚ ਸਿੱਖਦਿਆ-ਸਿੱਖਦਿਆ ਹੀ ਸਿੱਖਿਅਕ ਬਣਿਆ ਜਾਂਦਾ ਹੈ। ਅਸੀਂ ਸਾਰੇ ਇੱਕ ਦੂਸਰੇ ਦੇ ਬਿਨਾਂ ਅਧੂਰੇ ਹਾਂ। ਗ਼ਲਤੀ ਕਰਨ ਦੀ ਖੁੱਲ੍ਹ ਤਾਂ ਅਸੀਂ ਚਾਹੁੰਦੇ ਹਾਂ, ਪਰ ਆਪ ਕਿਸੇ ਦੀ ਗ਼ਲਤੀ ਬਰਦਾਸ਼ਤ ਨਹੀਂ ਕਰਦੇ। ਆਪਣੀ ਗ਼ਲਤੀ ਨੂੰ ਤਾਂ ਅਸੀਂ ਚਾਹੁੰਦੇ ਹਾਂ ਕਿ ਅਗਲਾ ਮਾਫ਼ ਕਰ ਦੇਵੇ.. ਪਰ ਮਨ ਆਪਣੇ ਨੂੰ ਏਨਾ ਵੱਡਾ ਨਹੀਂ ਰੱਖਦੇ ਕਿ ਅਸੀਂ ਕਿਸੇ ਦੂਸਰੇ ਦੀ ਗ਼ਲਤੀ ਨੂੰ ਵੀ ਮੁਆਫ਼ ਕਰ ਸਕੀਏ। ਅਸੀਂ ਨਿੱਤ ਦੇ ਜੀਵਨ ਵਿੱਚ ਨਿੱਕੇ-ਨਿੱਕੇ ਰੋਸੇ ਅਤੇ ਸਾੜਿਆ ਕਾਰਨ ਹੀ ਗ਼ਲਤੀਆਂ ਅਤੇ ਵਿਤਕਰੇ ਕਰੀ ਜਾਂਦੇ ਹਾਂ। ਇਨਸਾਨ ਹਮੇਸ਼ਾ ਤੋਂ ਹੀ ਆਪਣੇ ਆਪ ਨੂੰ ਸੱਚਾ ਅਤੇ ਦੁੱਧ ਧੋਤਾ ਮੰਨਦਾ ਆਇਆ ਹੈ। ਸਭ ਨੂੰ ਪਤਾ ਹੈ ਕਿ ਅਸੀਂ ਇੱਕ ਨਾ ਇੱਕ ਦਿਨ ਇੱਥੋਂ ਜਾਣਾ ਹੈ। ਆਪਣੇ ਨਾਲ਼ ਕੁਝ ਵੀ ਨਹੀਂ ਲੈ ਕੇ ਜਾਣਾ ਹੈ, ਪਰ ਸਾਰੀ ਉਮਰ ਲੰਘ ਜਾਂਦੀ ਹੈ, ਇਹ ਨਿੱਕੀ ਜਿਹੀ ਗੱਲ ਪੱਲੇ ਫਿਰ ਵੀ ਨਹੀਂ ਪੈਂਦੀ ਹੈ। ਬਾਅਦ ਵਿੱਚ ਪਛਤਾਵਾ ਭਾਵੇਂ ਦੁੱਗਣਾ ਕਰ ਲਈਏ, ਪਰ ਗ਼ਲਤੀ ਕਰਨ ਤੋਂ ਬਾਜ਼ ਘੱਟ ਹੀ ਆਉਂਦੇ ਹਾਂ। ਜ਼ਿਆਦਾਤਰ ਆਪਣੀ ਗ਼ਲਤੀ ਨੂੰ ਸਵੀਕਾਰ ਨਹੀਂ ਕਰਦੇ ਅਤੇ ਇਸੇ ਕਰਕੇ ਉਹ ਮਾਨਸਿਕ ਦਬਾਅ ਵਿੱਚ ਵੀ ਰਹਿੰਦੇ ਹਨ।
ਬੱਚਿਆਂ ਨੂੰ ਪਿਆਰ ਅਤੇ ਦੁਲਾਰ ਖ਼ੂਬ ਕਰੋ, ਪਰ ਕਦੀ ਵੀ ਨਿੱਕੀ ਜਿਹੀ ਗ਼ਲਤੀ ਵੀ ਨਜ਼ਰ ਅੰਦਾਜ਼ ਨਾ ਕਰੋ। ਜ਼ਰੂਰੀ ਨਹੀਂ ਗ਼ਲਤੀ ਹੋਣ ਉੱਤੇ ਝਿੜਕਣਾ ਜਾਂ ਮਾਰਨਾ ਹੀ ਹੁੰਦਾ ਹੈ। ਕੋਲ਼ ਬਿਠਾ ਕੇ ਪਿਆਰ ਨਾਲ਼ ਸਮਝਾਇਆ ਵੀ ਜਾ ਸਕਦਾ ਹੈ। ਬਹੁਤੀਆਂ ਮੁਸ਼ਕਲਾ ਅਤੇ ਬਖੇੜੇ ਅਸਾਨੀ ਨਾਲ਼ ਹੱਲ ਹੋ ਸਕਦੇ ਹਨ, ਪਰ ਸਾਡੀ ਹਉਮੈਂ ਕਾਰਨ ਇਹ ਨਿੱਕੇ-ਨਿੱਕੇ ਮਸਲੇ ਲਮਕਾ ਕੇ ਵੱਡੇ-ਵੱਡੇ ਗੁਨਾਹ ਬਣਾ ਲੈਂਦੇ ਹਾਂ। ਜ਼ਿਆਦਾਤਰ ਗੁਨਾਹਾਂ ਵਿੱਚ ਦੇਖਿਆ ਗਿਆ ਹੈ ਕਿ ਗੱਲ ਕੋਈ ਬਹੁਤੀ ਵੱਡੀ ਨਹੀਂ ਹੁੰਦੀ। ਅਸੀਂ ਗੱਲਾਂ ਨੂੰ ਕਰ-ਕਰ ਕੇ ਉਹਨਾਂ ਨਾਲ਼ ਦੋ-ਦੋ, ਚਾਰ-ਚਾਰ ਸ਼ਬਦ ਲਾ ਕੇ ਗੱਲ ਨੂੰ ਏਡੀ ਵੱਡੀ ਬਣਾ ਦਿੰਦੇ ਹਾਂ ਕਿ ਇਨਸਾਨ ਦੀ ਬਰਦਾਸ਼ਤ ਕਰਨ ਦੀ ਹੱਦ ਖ਼ਤਮ ਹੋ ਜਾਂਦੀ ਹੈ ਅਤੇ ਉਸ ਦੀ ਗ਼ਲਤੀ ਗੁਨਾਹ ਵਿੱਚ ਸਹਿਜੇ ਹੀ ਬਦਲ ਜਾਂਦੀ ਹੈ।
ਜੇਕਰ ਕਿਸੇ ਕੋਲੋਂ ਗ਼ਲਤੀ ਹੋ ਵੀ ਜਾਵੇ ਤਾਂ ਵਾਰ-ਵਾਰ ਦੁਹਰਾਇਆ ਨਾ ਜਾਵੇ। ਬਲਕਿ ਉਸ ਦਾ ਸੁਧਾਰ ਕਿਵੇਂ ਕੀਤਾ ਜਾਵੇ। ਇਸ ਬਾਰੇ ਸੋਚਣਾ ਚਾਹੀਦਾ ਹੈ। ਇਵੇਂ ਹੀ ਕਿਸੇ ਦੂਸਰੇ ਦੀਆਂ ਕਮੀਆਂ ਬਾਰੇ ਤਾਂ ਖ਼ੂਬ ਰੌਲ਼ਾ ਪਾਉਂਦੇ ਹਾਂ, ਪਰ ਆਪਣੀਆ ਕਮੀਆਂ ਹਮੇਸ਼ਾ ਛੁਪਾਉਂਦੇ ਹਾਂ। ਨਿੱਕੇ-ਨਿੱਕੇ ਰੋਸਿਆਂ ਨੂੰ ਸਮਾਂ ਰਹਿੰਦਿਆ ਹੀ ਮਿਟਾ ਲੈਣਾ ਚਾਹੀਦਾ ਹੈ। ਇਨਸਾਨ ਦਾ ਮਨ ਕਦੀ-ਕਦੀ ਬੇਲਗਾਮ ਘੋੜੇ ਵਾਂਗ ਦੌੜਦਾ ਹੈ ਇਸ ਵਿੱਚ ਕਿਹੜੇ ਵੇਲੇ ਕਿਹੜੀ ਗੱਲ ਆ ਜਾਣੀ ਹੈ.. ਅੱਖ ਝਪਕਣ ਦੀ ਦੇਰ ਹੁੰਦੀ ਹੈ.. ਪਤਾ ਹੀ ਨਹੀਂ ਲੱਗਦਾ।
ਮੇਰਾ ਵਾਹ ਅਕਸਰ ਵਿਦਿਆਰਥੀਆਂ ਨਾਲ਼ ਪੈਂਦਾ ਹੈ। ਮੈਂ ਮਹਿਸੂਸ ਕੀਤਾ ਹੈ ਕਿ ਕਈ ਵਾਰ ਨਿਆਣਪੁਣੇ ਵਿੱਚ ਕੀਤੀ ਗ਼ਲਤੀ ਏਨੀ ਵੱਡੀ ਨਹੀਂ ਹੁੰਦੀ.. ਜਿੰਨੀ ਉਹਨਾਂ ਨੂੰ ਸਜ਼ਾ ਮਿਲ ਜਾਂਦੀ ਹੈ। ਸਾਡੇ ਵਰਗੇ ਆਪਣੇ ਆਪ ਨੂੰ ਸਿਆਣੇ ਸਮਝਣ ਵਾਲੇ ਹਲੀਮੀ ਤੋਂ ਕੰਮ ਨਹੀਂ ਲੈਂਦੇ। ਸਗੋਂ ਇੱਕ ਗੱਲ ਨਾਲ਼ ਦੋ ਹੋਰ ਲਗਾ ਕੇ ਦਸਦੇ ਹਨ। ਮਾੜੀ ਜਿਹੀ ਗ਼ਲਤੀ ਨੂੰ ਚੰਗਾ ਵੱਡਾ ਗੁਨਾਹ ਬਣਾ ਕੇ ਪੇਸ਼ ਕੀਤਾ ਜਾਂਦਾ ਹੈ। ਬੱਚੇ ਨੇ ਜਦੋਂ ਗ਼ਲਤੀ ਨਾ ਕੀਤੀ ਹੋਵੇ ਤੇ ਉਸਨੂੰ ਸਜ਼ਾ ਮਿਲ ਜਾਵੇ ਜਾਂ ਗ਼ਲਤੀ ਥੋੜ੍ਹੀ ਹੋਵੇ ਅਤੇ ਸਜ਼ਾ ਵੱਡੀ ਮਿਲ ਜਾਵੇ ਤਾਂ ਉਸ ਦੇ ਮਨ ਉੱਪਰ ਇਸ ਚੀਜ਼ ਦਾ ਕਈ ਵਾਰ ਬਹੁਤ ਗਹਿਰਾ ਅਸਰ ਹੁੰਦਾ ਹੈ। ਉਸਦੇ ਅੰਦਰ ਬਦਲੇ ਦੀ ਭਾਵਨਾ ਆ ਜਾਂਦੀ ਹੈ ਅਤੇ ਇਹੀ ਬਦਲੇ ਦੀ ਭਾਵਨਾ ਇਨਾ ਭਿਆਨਕ ਰੂਪ ਅਖ਼ਤਿਆਰ ਕਰ ਜਾਂਦੀ ਹੈ ਕਿ ਬੱਚਾ ਗੁਨਾਹ ਦੇ ਰਾਹ ਉੱਪਰ ਤੁਰ ਪੈਂਦਾ ਹੈ।
ਸੋ ਸਾਨੂੰ ਆਪਣੀਆਂ ਵੀ ਅਤੇ ਦੂਸਰਿਆਂ ਦੀਆਂ ਗ਼ਲਤੀਆਂ ਨੂੰ ਵੀ ਸਮੇਂ ਸਿਰ ਸੁਧਾਰਨ ਦੀ ਜ਼ਰੂਰਤ ਹੈ। ਆਪ ਮੁਆਫੀ ਮੰਗਣ ਦੀ ਜਾਂਚ ਵੀ ਆਉਣੀ ਚਾਹੀਦੀ ਹੈ ਅਤੇ ਮੁਆਫ਼ ਕਰਨ ਦਾ ਜਿਗਰਾ ਵੀ ਰੱਖਣਾ ਚਾਹੀਦਾ ਹੈ। ਇਹ ਨਾ ਹੋਵੇ ਕਿ ਇਹ ਨਿੱਕੀਆਂ-ਨਿੱਕੀਆਂ ਗ਼ਲਤੀਆਂ ਇੱਕ ਦਿਨ ਗੁਨਾਹ ਬਣ ਕੇ ਸਾਡੇ ਸਾਹਮਣੇ ਆਉਣ। ਸਮਾਜ ਵਿੱਚ ਕੋਈ ਵੀ ਨਵੀਂ ਲੀਹ ਪਾਉਣ ਲਈ ਸਮਾਂ ਵੀ ਲਗਦਾ ਹੈ ਅਤੇ ਸੋਚ ਨੂੰ ਸਕਾਰਾਤਮਕ ਵੀ ਕਰਨਾ ਪੈਂਦਾ ਹੈ। ਕਿਸੇ ਦੀ ਵੀ ਗ਼ਲਤੀ ਨੂੰ ਗੁਨਾਹ ਬਣਨ ਤੋਂ ਰੋਕਣ ਲਈ ਸਮਾਂ ਰਹਿੰਦਿਆਂ ਹੀ ਕਾਰਜ ਕਰਨਾ ਜ਼ਰੂਰੀ ਹੈ। ਜ਼ਿੰਦਗੀ ਵਿੱਚ ਗਲ਼ਤੀਆਂ ਦੀ ਗੁੰਜਾਇਸ਼ ਰੱਖੋ ਅਤੇ ਫਿਰ ਉਹਨਾਂ ਨੂੰ ਸੁਧਾਰਨ ਦੇ ਯਤਨ ਵੀ ਜ਼ਰੂਰੀ ਹਨ। ਗ਼ਲਤੀਆਂ ਨੂੰ ਗਲਤੀ ਤੱਕ ਹੀ ਸੀਮਤ ਰੱਖਿਆ ਜਾਵੇ ਤਾਂ ਕਿ ਉਹ ਗੁਨਾਹਾਂ ਤੱਕ ਨਾ ਪਹੁੰਚ ਸਕੇ। ਜ਼ਿੰਦਗੀ ਨੂੰ ਵਧੀਆ ਤਰੀਕੇ ਨਾਲ਼ ਜਿਊਣ ਲਈ ਆਪਣੇ ਆਪ ਵਿੱਚ ਲਗਾਤਾਰ ਸੁਧਾਰਾਂ ਦੀ ਵੀ ਜ਼ਰੂਰਤ ਹੁੰਦੀ ਹੈ। ਹੱਸਦੇ ਵੱਸਦੇ ਰਹੋ, ਜ਼ਿੰਦਗੀ ਨੂੰ ਖ਼ੂਬਸੂਰਤ ਤਰੀਕੇ ਨਾਲ ਜੀਣ ਦੀ ਚਾਹ ਰੱਖੋ ਪਿਆਰਿਓ…!
ਪਰਵੀਨ ਕੌਰ ਸਿੱਧੂ
8146536200
1 comment
1 Comment
ਪਰਵੀਨ ਕੌਰ ਸਿੱਧੂ
June 28, 2024, 7:25 pmਲਿਖਤ ਨੂੰ ਜਗਾਂ ਦੇਣ ਲਈ ਬਹੁਤ ਬਹੁਤ ਸ਼ੁਕਰੀਆ ਅਤੇ ਸਤਿਕਾਰ ਜੀਉ।
REPLY