ਵਿਦਿਆਰਥੀਆਂ ਲਈ ਆਯੋਜਨ ਕੀਤੇ ਅਜਿਹੇ ਮੰਚ ਭਵਿੱਖੀ ਯੋਜਨਾਵਾਂ ’ਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ : ਡਾ. ਧਵਨ ਕੁਮਾਰ
ਕੋਟਕਪੂਰਾ, 21 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਐੱਸ.ਬੀ.ਆਰ.ਅੱੈਸ. ਗੁਰੂਕੁਲ ਸਕੂਲ ਮੋਗਾ ਦੇ ਵਿਦਿਆਰਥੀਆਂ ਨੇ ਦੋ ਰੋਜਾ ਦੀ ਅੰਤਰਰਾਸ਼ਟਰੀ ਕਾਨਫਰੰਸ ਵਿੱਚ ਭਾਗ ਲਿਆ। ਜਿਸ ਦਾ ਆਯੋਜਨ ਪੰਜਾਬ ਭਵਨ ਸਰੀ (ਕੈਨੇਡਾ) ਵੱਲੋਂ ਅਕਾਲ ਡਿਗਰੀ ਕਾਲਜ ਆਫ ਐਜੂਕੇਸ਼ਨ ਮਸਤੂਆਣਾ ਸਾਹਿਬ ਸੰਗਰੂਰ ਵਿਖੇ ਕੀਤਾ ਗਿਆ। ਇਸ ਸਨਮਾਨਿਤ ਕਾਨਫਰੈਂਸ ਦਾ ਮਕਸਦ ਵਿਦਿਆਰਥੀਆਂ ਅੰਦਰ ਪੰਜਾਬੀ ਮਾਂ ਬੋਲੀ ਦੇ ਸਤਿਕਾਰ ਨੂੰ ਵਧਾਉਣ ਲਈ ਪੰਜਾਬੀ ਭਾਸ਼ਾ ਵਿੱਚ ਲਿਖੀਆਂ ਗਈਆਂ ਆਪਣੀਆਂ ਰਚਨਾਵਾਂ ਨੂੰ ਪੇਸ਼ ਕਰਨ ਲਈ ਇੱਕ ਮੰਚ ਪ੍ਰਦਾਨ ਕਰਨਾ ਸੀ। ਵਿਦਿਆਰਥੀਆਂ ਨੇ ਕਾਨਫਰੰਸ ਵਿੱਚ ਆਪਣੀਆਂ ਪ੍ਰਸਤੁਤੀਆਂ ਦਿੱਤੀਆਂ ਅਤੇ ਵੱਖ-ਵੱਖ ਸੈਸ਼ਨਾਂ ਵਿੱਚ ਭਾਗ ਲੈ ਕੇ ਆਪਣੇ ਗਿਆਨ ਦਾ ਵਧਾਵਾ ਕੀਤਾ। ਪ੍ਰਸਤੁਤੀਆਂ ਵਿੱਚ ਕਵਿਤਾ ਕਹਾਣੀ ਅਤੇ ਗੀਤ ਜੋ ਕਿ ਵਿਦਿਆਰਥੀਆਂ ਵੱਲੋਂ ਆਪਣੇ ਤੌਰ ’ਤੇ ਲਿਖੇ ਗਏ ਸਨ ਨੂੰ ਪੇਸ਼ ਕਰਨ ਦਾ ਮੌਕਾ ਮਿਲਿਆ। ਇਸ ਕਾਨਫਰੰਸ ਵਿੱਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਦੀ ਚੋਣ ‘ਨਵੀਆਂ ਕਲਮਾਂ ਨਵੀਂ ਉਡਾਨ’ ਪੁਸਤਕ ਵਿੱਚ ਪ੍ਰਕਾਸ਼ਿਤ ਹੋਈਆਂ ਰਚਨਾਵਾਂ ਦੇ ਅਧਾਰ ’ਤੇ ਕੀਤੀ ਗਈ। ਜਿਲ੍ਹਾ ਮੋਗਾ ਦੇ ਵਿੱਚ ਪ੍ਰਕਾਸ਼ਿਤ ਹੋਈ ਇਸ ਪੁਸਤਕ ਵਿੱਚ ਮਿਡਲ ਵਰਗ ’ਚੋਂ ਅੱਠਵੀਂ ਜਮਾਤ ਦੀ ਵਿਦਿਆਰਥਣ ਮੁਸਕਾਨ, ਸੈਕੰਡਰੀ ਵਰਗ ’ਚੋਂ ਨੌਵੀਂ ਜਮਾਤ ਦੇ ਵਿਦਿਆਰਥੀ ਨੈਤਿਕ ਮਰੋੜੀਆ ਅਤੇ ਗਿਆਰਵੀਂ ਜਮਾਤ ਦੀਆਂ ਵਿਦਿਆਰਥਣਾਂ ਅਰਮਾਨ ਗਿੱਲ ਅਤੇ ਪ੍ਰਵੀ ਅਤੇ ਬਾਰਵੀਂ ਜਮਾਤ ਦੀ ਵਿਦਿਆਰਥਣ ਗਗਨਦੀਪ ਕੌਰ ਨੂੰ ਆਪਣੀਆਂ ਰਚਨਾਵਾਂ ਪ੍ਰਕਾਸ਼ਿਤ ਕਰਵਾਉਣ ਦਾ ਮੌਕਾ ਮਿਲਿਆ। ਇਸ ਮੌਕੇ ਵਿਦਿਆਰਥੀਆਂ ਨੂੰ ਇਸ ਪ੍ਰੋਜੈਕਟ ਦੀ ਅਗਵਾਈ ਕਰਨ ਵਾਲੇ ਮੁਖੀ ਸੁੱਖੀ ਬਾਠ ਅਤੇ ਮਸ਼ਹੂਰ ਅਕਾਦਮਿਕ ਵਿਅਕਤੀਆਂ, ਖੋਜਕਰਤਾਵਾਂ ਨਾਲ ਮੁਲਾਕਾਤ ਕਰਨ ਦਾ ਮੌਕਾ ਮਿਲਿਆ। ਉਨ੍ਹਾਂ ਨੇ ਪੰਜਾਬੀਆਂ ’ਚ ਪੰਜਾਬੀ ਮਾਂ-ਬੋਲੀ ਅਤੇ ਸੱਭਿਆਚਾਰ ਪ੍ਰਤੀ ਰੁਝਾਨ ਪੈਦਾ ਕਰਨ ਲਈ ਵੱਖ-ਵੱਖ ਵਿਸ਼ਿਆਂ ਉੱਤੇ ਵਿਚਾਰ ਚਰਚਾ ਕੀਤੀ। ਇਸ ਉਪਰੰਤ ਕਾਨਫਰੰਸ ਵਿੱਚ ਸ਼ਾਮਿਲ ਹੋਣ ਵਾਲੇ ਵਿਦਿਆਰਥੀਆਂ ਨੂੰ ਮੈਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਦੋ ਰੋਜਾ ਅੰਤਰਰਾਸ਼ਟਰੀ ਕਾਨਫਰੰਸ ਦਾ ਹਿੱਸਾ ਰਹਿਣ ਤੋਂ ਮਗਰੋਂ ਸਕੂਲ ਮੁਖੀ ਡਾਇਰੈਕਟਰ/ਪਿ੍ਰੰਸੀਪਲ ਡਾ. ਧਵਨ ਕੁਮਾਰ ਨੇ ਵਿਦਿਆਰਥੀਆਂ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਇਹ ਤਜਰਬਾ ਉਨ੍ਹਾਂ ਦੀਆਂ ਭਵਿੱਖੀ ਯੋਜਨਾਵਾਂ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗਾ। ਇਸ ਕਾਨਫਰੰਸ ਨੇ ਸਿਰਫ ਵਿਦਿਆਰਥੀਆਂ ਦੇ ਵਿਸ਼ਵ ਪੱਧਰੀ ਮੰਚ ’ਤੇ ਵਿਸ਼ਵਾਸ਼ ਨੂੰ ਹੀ ਨਹੀਂ ਵਧਾਇਆ ਹੈ, ਸਗੋਂ ਉਨ੍ਹਾਂ ਦੇ ਵਿਸ਼ੇਸ਼ ਗਿਆਨ ਨੂੰ ਵੀ ਨਵੀਨਤਾ ਅਤੇ ਸੱਭਿਆਚਾਰ ਨਾਲ ਜੁੜਨ ਦਾ ਮੌਕਾ ਦਿੱਤਾ ਹੈ। ਸਕੂਲ ਮੁਖੀ ਡਾਇਰੈਕਟਰ/ਪਿ੍ਰੰਸੀਪਲ ਡਾ. ਧਵਨ ਕੁਮਾਰ ਨੇ ਵਿਦਿਆਰਥੀਆਂ ਦੀ ਹੌਂਸਲਾ ਅਫਜਾਈ ਕਰਦਿਆਂ ਕਿਹਾ ਕਿ ਅਸੀਂ ਵਿਦਿਆਰਥੀਆਂ ਨੂੰ ਅਜਿਹੇ ਆਗਾਮੀ ਮੌਕੇ ਦਿੱਤੇ ਜਾਣ ਲਈ ਵਚਨਬੱਧ ਹਾਂ, ਜਿਨ੍ਹਾਂ ਨਾਲ ਉਹ ਆਪਣੀ ਨਿੱਜੀ ਅਤੇ ਵਿਦਿਅਕ ਵਾਧੇ ਵਿੱਚ ਭਾਗੀਦਾਰ ਬਣ ਸਕਣ।