ਮਾਪਿਆਂ ਦਾ ਸਤਿਕਾਰ ਕਰਨਾ ਹਰ ਇੱਕ ਮਨੁੱਖ ਦਾ ਫਰਜ਼ ਹੈ : ਪ੍ਰਿੰਸੀਪਲ ਗੁਰਪ੍ਰੀਤ ਸਿੰਘ ਮੱਕੜ
ਕੋਟਕਪੂਰਾ, 27 ਜੁਲਾਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਹਰ ਸਾਲ ਪੂਰੇ ਭਾਰਤ ਵਿੱਚ 28 ਜੁਲਾਈ ਨੂੰ ਨੈਸ਼ਨਲ ਪੇਰੈਂਟਸ-ਡੇ ਮਨਾਇਆ ਜਾਂਦਾ ਹੈ, ਜਿਸ ਨੂੰ ਮੁੱਖ ਰੱਖਦਿਆਂ ਸਥਾਨਕ ਦੁਆਰੇਆਣਾ ਰੋਡ ’ਤੇ ਸਥਿੱਤ ਗੁਰੂ ਨਾਨਕ ਮਿਸ਼ਨ ਸੀਨੀਅਰ ਸੈਕੰਡਰੀ ਸਕੂਲ ਵਿਖੇ ਵੀ ਇਹ ਦਿਹਾੜਾ ਮਨਾਇਆ ਗਿਆ। ਸਟੇਜ ਸੰਚਾਲਕ ਸੁਰਿੰਦਰ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਕੂਲ ਪ੍ਰਿੰਸੀਪਲ ਗੁਰਪ੍ਰੀਤ ਸਿੰਘ ਮੱਕੜ ਦੀ ਅਗਵਾਈ ਵਿੱਚ ਤੀਜੀ ਜਮਾਤ ਤੋਂ ਦਸਵੀਂ ਜਮਾਤ ਤੱਕ ਦੇ ਚੁਣੇ ਗਏ 25 ਵਿਦਿਆਰਥੀਆਂ ਨੇ ਵੱਖ-ਵੱਖ ਵੰਨਗੀਆਂ ਵਿੱਚ ਭਾਗ ਲਿਆ, ਜਿਸ ਵਿੱਚ ਗੀਤ ਗਾਇਨ, ਕਵਿਤਾ, ਸ਼ੇਅਰ ਆਦਿ ਪ੍ਰਕਾਰ ਵਿੱਚ ਵਿਦਿਆਰਥੀਆਂ ਨੇ ਭਾਗ ਲਿਆ। ਇਹਨਾਂ ਸਭ ਦਾ ਵਿਸ਼ਾ ਮਾਤਾ-ਪਿਤਾ ’ਤੇ ਅਧਾਰਿਤ ਸੀ। ਬੱਚਿਆਂ ਨੇ ਆਪਣੇ ਮਾਤਾ-ਪਿਤਾ ਦੀ ਸਿਫਤ ਅਤੇ ਸਤਿਕਾਰ ਪ੍ਰਗਟਾਉਂਦੀਆਂ ਰਚਨਾਵਾਂ ਸੁਣਾਈਆਂ ਜੋ ਕਿ ਬਹੁਤ ਭਾਵਪੂਰਕ ਸਨ। ਬੱਚਿਆਂ ਦੀ ਪੇਸਕਾਰੀ ਦੌਰਾਨ ਉਹਨਾਂ ਬਿਆਨ ਕੀਤਾ ਕਿ ਸਾਡੇ ਮਾਤਾ-ਪਿਤਾ ਕਿਸ ਤਰਾਂ ਆਪਣੀਆਂ ਖਵਾਹਿਸ਼ਾਂ ਨੂੰ ਮੁੱਖ ਨਾ ਰੱਖਦਿਆਂ ਬੱਚਿਆਂ ਦੀ ਹਰ ਲੋੜ ਅਤੇ ਰੀਝ ਪੂਰੀ ਕਰਨ ਦਾ ਯਤਨ ਕਰਦੇ ਹਨ। ਭਾਗ ਲੈਣ ਵਾਲੇ ਹਰੇਕ ਵਿਦਿਆਰਥੀ ਦੀ ਹੌਂਸਲਾ ਅਫਜਾਈ ਲਈ ਤੋਹਫੇ ਵਜੋਂ ਪ੍ਰਿੰਸੀਪਲ ਵਲੋਂ ਪੈੱਨ ਦਿੱਤੇ ਗਏ। ਅੰਤ ਵਿੱਚ ਪ੍ਰਿੰਸੀਪਲ ਗੁਰਪ੍ਰੀਤ ਸਿੰਘ ਮੱਕੜ ਨੇ ਬੱਚਿਆਂ ਨੂੰ ਸੰਬੋਧਨ ਹੁੰਦਿਆਂ ਆਖਿਆ ਕਿ ਇਸ ਦਿਹਾੜੇ ਨੂੰ ਸਕੂਲ ਵਿਖੇ ਮਨਾਉਣ ਦਾ ਅਸਲ ਮਕਸਦ ਮਾਤਾ-ਪਿਤਾ ਪ੍ਰਤੀ ਸਤਿਕਾਰ ਭਾਵਨਾ ਨੂੰ ਜਗਾਉਣਾ ਹੈ ਅਤੇ ਆਪਣੇ ਮਾਤਾ-ਪਿਤਾ ਦੇ ਆਗਿਆਕਾਰੀ ਬਣਨਾ ਸਿਖਾਉਣਾ ਹੈ ਅਤੇ ਉਹਨਾਂ ਲੋਕਾਂ ਨੂੰ ਸੁਨੇਹਾ ਦੇਣਾ ਹੈ, ਜੋ ਵੱਡੇ ਹੁੰਦਿਆਂ ਹੀ ਆਪਣੇ ਮਾਪਿਆਂ ਨੂੰ ਬਿਰਧ ਆਸ਼ਰਮਾਂ ਵਿੱਚ ਰਹਿਣ ਲਈ ਮਜਬੂਰ ਕਰ ਦਿੰਦੇ ਹਨ। ਉਹਨਾਂ ਕਿਹਾ ਕਿ ਮਾਤਾ-ਪਿਤਾ ਪ੍ਰਤੀ ਸਾਡੇ ਪਿਆਰ ਅਤੇ ਸਤਿਕਾਰ ਨੂੰ ਮਾਪਿਆ ਜਾਂ ਤੋਲਿਆ ਨਹੀੰ ਜਾ ਸਕਦਾ, ਕਿਉਂਕਿ ਉਹਨਾਂ ਦੀ ਬਦੌਲਤ ਸਾਨੂੰ ਇਸ ਦੁਨੀਆਂ ਅਤੇ ਕੁਦਰਤ ਦੇ ਅਨੇਕ ਰੰਗਾਂ ਦੀ ਸੌਬਤ ਮਾਨਣ ਦਾ ਸੁਭਾਗ ਪ੍ਰਾਪਤ ਹੋਇਆ ਹੁੰਦਾ ਹੈ। ਅੰਤ ਵਿੱਚ ਉਹਨਾਂ ਭਾਗ ਲੈਣ ਵਾਲੇ ਸਾਰੇ ਬੱਚਿਆਂ ਨੂੰ ਸਾਬਾਸ਼ ਦਿੱਤੀ ਅਤੇ ਭਵਿੱਖ ਵਿੱਚ ਵੀ ਸਟੇਜ ’ਤੇ ਆਉਣ ਵਾਲੇ ਹਰ ਮੌਕੇ ਦਾ ਲਾਭ ਉਠਾਉਣ ਦਾ ਸੁਨੇਹਾ ਦਿੱਤਾ। ਇਸ ਸਾਰੇ ਈਵੈਂਟ ਦੀਆਂ ਯਾਦਗਾਰੀ ਤਸਵੀਰਾਂ ਦਸਵੀਂ ਜਮਾਤ ਦੀ ਵਿਦਿਆਰਥਣ ਵਾਨੀ ਗੁਨਾਵਟ ਨੇ ਕਲਿੱਕ ਕੀਤੀਆਂ ਗਈਆਂ।