“ਇਹ ਕੱਪੜੇ ਲੈ ਕੇ ਕਿੱਥੇ ਜਾ ਰਹੇ ਹੋ?” ਜਿਉਂ ਹੀ ਸੁਜਾਤਾ ਨੇ ਆਪਣੇ ਪਤੀ ਉਮੇਸ਼ ਨੂੰ ਧੋਣ ਵਾਲੇ ਕੱਪੜਿਆਂ ਦਾ ਢੇਰ ਲਿਜਾਂਦੇ ਵੇਖਿਆ ਤਾਂ ਝੱਟ ਇਹ ਸੁਆਲ ਕੀਤਾ।
“ਬਾਹਰ ਘੁਮਾਉਣ ਲਿਜਾ ਰਿਹਾ ਹਾਂ। ਘਰੇ ਪਏ-ਪਏ ਬੋਰ ਹੋ ਰਹੇ ਸਨ ਵਿਚਾਰੇ। ਤੂੰ ਵੀ ਨਾ ਯਾਰ! ਸੁਆਲ ਤਾਂ ਠੀਕ ਕਰਿਆ ਕਰ। ਮਸ਼ੀਨ ‘ਚ ਪਾ ਰਿਹਾ ਹਾਂ।”
“ਕਿਉਂ?” ਸੁਜਾਤਾ ਨੇ ਫੇਰ ਸੁਆਲ ਕੀਤਾ।
“ਫੇਰ ਉਹੀ ਗਲਤ ਸੁਆਲ। ਕਿਉਂ ਕੀ! ਧੋਣ ਵਾਸਤੇ।” ਕਹਿ ਕੇ ਉਮੇਸ਼ ਮੁਸਕੁਰਾਇਆ।
“ਪਰ ਕਿਉਂ?” ਸੁਜਾਤਾ ਦਾ ਅੰਦਾਜ਼ ਇਸ ਵਾਰ ਕੁਝ ਸਖ਼ਤ ਸੀ।
“ਬਈ ਤੇਰੀ ਤਬੀਅਤ ਠੀਕ ਨਹੀਂ ਹੈ ਤਾਂ ਸੋਚਿਆ ਕੁਝ ਹੈਲਪ ਹੀ ਕਰ ਦਿਆਂ। ਪਰ ਤੂੰ ਤਾਂ ਇਸ ‘ਕਿਉਂ’ ਦੇ ਪਿੱਛੇ ਹੀ ਪੈ ਗਈ।” ਉਮੇਸ਼ ਨੇ ਮੂੰਹ ਬਣਾਉਂਦੇ ਹੋਏ ਕਿਹਾ।
“ਐਨੀ ਵੀ ਬੀਮਾਰ ਨਹੀਂ ਹਾਂ । ਸਿਰਫ ਥੋੜ੍ਹੀ ਜਿਹੀ ਖੰਘ ਹੈ, ਜ਼ੁਕਾਮ ਹੈ। ਮੈਂ ਦਿਨੇ ਧੋ ਲਵਾਂਗੀ। ਰੱਖੋ ਏਨ੍ਹਾਂ ਨੂੰ!” ਇਸ ਵਾਰ ਸੁਜਾਤਾ ਦਾ ਅੰਦਾਜ਼ ਹੁਕਮਰਾਨਾ ਸੀ।
“ਪਰ…।”
“ਪਰ-ਪੁਰ ਕੁਝ ਨਹੀਂ। ਸਵੇਰੇ-ਸਵੇਰੇ ਇਨ੍ਹਾਂ ਕੱਪੜਿਆਂ ਦੇ ਚੱਕਰ ਵਿੱਚ ਆਪ ਵੀ ਬੀਮਾਰ ਹੋ ਕੇ ਬਹਿ ਜਾਓਂਗੇ। ਇੱਕ ਕੰਮ ਕਰੋਗੇ, ਦਸ ਵਧਾਓਗੇ।” ਕਹਿੰਦਿਆਂ ਸੁਜਾਤਾ ਨੇ ਉਮੇਸ਼ ਕੋਲੋਂ ਕੱਪੜੇ ਖੋਹ ਲਏ ਅਤੇ ਉਨ੍ਹਾਂ ਨੂੰ ਕੁਰਸੀ ਤੇ ਰੱਖ ਕੇ ਰਸੋਈ ਵਿੱਚ ਚਲੀ ਗਈ।
ਉਹਦੇ ਜਾਂਦਿਆਂ ਹੀ ਉਮੇਸ਼ ਨੇ ਝੱਟ ਸਾਰੇ ਕੱਪੜੇ ਚੁੱਕੇ ਅਤੇ ਮਸ਼ੀਨ ‘ਚ ਪਾ ਕੇ ਮਸ਼ੀਨ ਚਲਾ ਦਿੱਤੀ।
ਮਸ਼ੀਨ ਦੀ ਅਵਾਜ਼ ਸੁਣ ਕੇ ਸੁਜਾਤਾ ਰਸੋਈ ਤੋਂ ਬਾਹਰ ਆਈ ਅਤੇ ਖਿਝ ਕੇ ਬੋਲੀ, “ਇਹ ਕੀ ਤਮਾਸ਼ਾ ਲਾਇਆ ਹੋਇਐ ਉਮੇਸ਼! ਮੈਂ ਧੋ ਲਵਾਂਗੀ ਦਿਨੇ ਅਰਾਮ ਨਾਲ। ਕਿਉਂ ਸਵੇਰੇ-ਸਵੇਰੇ ਪ੍ਰੇਸ਼ਾਨ ਕਰ ਰਹੇ ਹੋ?”
“ਓ ਬਈ, ਕੀ ਹੋਇਆ ਜੇ ਇੱਕ ਦਿਨ ਮੈਂ ਧੋ ਲਵਾਂਗਾ। ਰੋਜ਼ ਤੂੰ ਹੀ ਤਾਂ ਧੋਂਦੀ ਹੈਂ। ਅਜੇ ਤਬੀਅਤ ਥੋੜ੍ਹੀ ਖਰਾਬ ਹੈ ਤੇਰੀ। ਠੰਡੇ ਪਾਣੀ ਵਿੱਚ ਹੱਥ ਪਾਏਂਗੀ ਤਾਂ ਹੋਰ ਵਿਗੜ ਜਾਏਗੀ … ਤੇ ਆਪਣੇ ਜ਼ੁਕਾਮ ਦਾ ਹਾਲ ਤਾਂ ਤੈਨੂੰ ਪਤਾ ਹੀ ਹੈ, ਇੱਕ ਵਾਰ ਲੱਗ ਜਾਵੇ ਤਾਂ ਮਹੀਨਿਆਂ ਬੱਧੀ ਠੀਕ ਨਹੀਂ ਹੁੰਦਾ।”
ਉਮੇਸ਼ ਨੂੰ ਆਪਣੀ ਗੱਲ ਨਾ ਮੰਨਦੇ ਵੇਖ ਕੇ ਸੁਜਾਤਾ ਕੁਝ ਹੋਰ ਚਿੜਚਿੜੀ ਹੋ ਗਈ ਅਤੇ ਉੱਚੀ ਅਵਾਜ਼ ਵਿੱਚ ਬੋਲੀ, “ਵੇਖੋ ਮੇਰਾ ਦਿਮਾਗ ਖਰਾਬ ਨਾ ਕਰੋ। ਤੁਸੀਂ ਕੱਪੜੇ ਬਿਲਕੁਲ ਸਾਫ਼ ਨਹੀਂ ਧੋਂਦੇ। ਪਿਛਲੀ ਵਾਰ ਜਦੋਂ ਧੋਤੇ ਸੀ ਤਾਂ ਵਾਈਟ ਸ਼ਰਟ ਦੀ ਇੱਕ ਬਾਂਹ ਪੂਰੀ ਗੰਦੀ ਰਹਿ ਗਈ ਸੀ। ਮੈਨੂੰ ਸ਼ਰਟ ਦੁਬਾਰਾ ਧੋਣੀ ਪਈ ਸੀ। ਇਸਲਈ ਰਹਿਣ ਦਿਓ। ਕੰਮ ਦੁਬਾਰਾ ਕਰਨ ਨਾਲੋਂ ਚੰਗਾ ਹੈ, ਮੈਂ ਹੀ ਇੱਕ ਵਾਰ ਵਿੱਚ ਕਰ ਲਵਾਂ।”
ਉਨ੍ਹਾਂ ਦੋਹਾਂ ਦੀ ਇਸ ਖੱਟੀ-ਮਿੱਠੀ ਬਹਿਸ ਨੂੰ ਉਨ੍ਹਾਂ ਦੀ ਬਾਰਾਂ-ਸਾਲਾ ਬੇਟੀ ਬਰੱਸ਼ ਕਰਦਿਆਂ ਹੁਣ ਤੱਕ ਚੁੱਪਚਾਪ ਸੁਣ ਰਹੀ ਸੀ। ਉਹਨੇ ਕੁਰਲੀ ਕਰਦਿਆਂ ਆਪਣੇ ਦੋਵੇਂ ਹੱਥ ਕਮਰ ਤੇ ਰੱਖੇ ਅਤੇ ਅੱਖਾਂ ਚੜ੍ਹਾ ਕੇ ਬੋਲੀ, “ਮੰਮਾ, ਪਾਪਾ ਨੇ ਇੱਕ ਸ਼ਰਟ ਗੰਦੀ ਧੋਤੀ ਤੁਹਾਨੂੰ ਯਾਦ ਹੈ, ਪਰ ਬਾਕੀ ਦੇ ਵੀਹ ਕੱਪੜੇ ਸਾਫ਼ ਧੋਤੇ- ਇਹ ਯਾਦ ਨਹੀਂ। ਅਸੀਂ ਤੁਹਾਡੀ ਪ੍ਰਵਾਹ ਕਰਦੇ ਹਾਂ ਤਾਂ ਕਹਿੰਦੇ ਹੋ ਕਿ ਰਹਿਣ ਦਿਓ ਮੈਂ ਆਪੇ ਕਰ ਲਵਾਂਗੀ। ਨਹੀਂ ਕਰਦੇ ਤਾਂ ਕਹਿੰਦੇ ਹੋ, ਸਾਰਾ ਦਿਨ ਊਰੀ ਵਾਂਗੂੰ ਘੁੰਮਦੀ ਰਹਿੰਦੀ ਹਾਂ, ਕਿਸੇ ਨੂੰ ਫ਼ਿਕਰ ਹੀ ਨਹੀਂ। ਹੁਣ ਇਹ ਕੀ ਗੱਲ ਹੋਈ, ਭਲਾ ਦੱਸੋ ਤਾਂ!”
ਬੇਟੀ ਦੇ ਅਜਿਹੇ ਤੇਵਰ ਅਤੇ ਗੱਲਾਂ ਵੇਖ-ਸੁਣ ਕੇ ਸੁਜਾਤਾ ਹੈਰਾਨ ਰਹਿ ਗਈ। ਉਸ ਛੋਟੀ ਉਮਰ ਦੀ ਦਾਦੀ-ਅੰਮਾ ਨੇ ਕਿੰਨੀ ਵੱਡੀ ਗੱਲ ਕਹਿ ਦਿੱਤੀ। ਉਹਨੂੰ ਇੱਕ ਗੰਦੀ ਸ਼ਰਟ ਯਾਦ ਸੀ, ਪਰ ਵੀਹ ਸਾਫ਼ ਕੱਪੜੇ ਨਹੀਂ।
ਉਹਨੇ ਸੋਚਿਆ – ਸਹੀ ਗੱਲ ਤਾਂ ਕਹੀ ਬੇਟੀ ਨੇ! ਸਾਡਾ ਸਭ ਦਾ ਨਜ਼ਰੀਆ ਜ਼ਿੰਦਗੀ ਪ੍ਰਤੀ ਅਜਿਹਾ ਹੀ ਹੈ। ਅਸੀਂ ਇੱਕ ਬੁਰੀ ਘਟਨਾ, ਅਨੁਭਵ ਨੂੰ ਸਾਰੀ ਉਮਰ ਯਾਦ ਰੱਖਦੇ ਹਾਂ, ਪਰ ਵੀਹ ਤਰ੍ਹਾਂ ਦੇ ਸੁਖਮਈ ਛਿਣ ਛੇਤੀ ਹੀ ਭੁੱਲ ਜਾਂਦੇ ਹਾਂ ਅਤੇ ਫੇਰ ਕਹਿੰਦੇ ਹਾਂ ਕਿ ਅਸੀਂ ਦੁਖੀ ਹਾਂ, ਤਣਾਅ ਵਿੱਚ ਹਾਂ। ਜਦ ਕਿ ਚੋਣ ਸਾਡੀ ਆਪਣੀ ਹੈ ਕਿ ਅਸੀਂ ਸੁਖੀ ਰਹੀਏ ਜਾਂ ਦੁਖੀ। ਛੋਟੀਆਂ-ਛੋਟੀਆਂ ਪ੍ਰੇਸ਼ਾਨੀਆਂ ਦੇ ਆਉਣ ਤੇ ਖੁਦ ਹੀ ਖੁਦ ਕੁੜ੍ਹ ਕੇ ਸਾਰਾ ਘੜਾ ਸਾਹਮਣੇ ਵਾਲੇ ਤੇ ਆਸਾਨੀ ਨਾਲ ਭੰਨ ਦਿੰਦੇ ਹਾਂ।
ਜ਼ਿੰਦਗੀ ਖਰਾਬ ਹੈ, ਕਿਸਮਤ ਮਾੜੀ ਹੈ, ਕਿਸੇ ਨੂੰ ਸਾਡੀ ਪ੍ਰਵਾਹ ਨਹੀਂ – ਵਰਗੇ ਵਾਕ ਆਸਾਨੀ ਨਾਲ ਮੂੰਹੋਂ ਨਿਕਲ ਆਉਂਦੇ ਹਨ। ਪਰ ਕਿਸੇ ਵੱਲੋਂ ਅਪਣੱਤ ਜਤਾਉਣ, ਮਦਦ ਕਰਨ, ਸਾਨੂੰ ਖੁਸ਼ ਰੱਖਣ ਦੀ ਕੋਸ਼ਿਸ਼ ‘ਤੇ ਕਦੇ ਨਹੀਂ ਕਹਿੰਦੇ ਕਿ ਕਿੰਨੇ ਖੁਸ਼ਕਿਸਮਤ ਹਾਂ ਅਸੀਂ!
ਇਹ ਸਭ ਸੋਚਦੀ-ਸੋਚਦੀ ਸੁਜਾਤਾ ਆਟੇ ਵਾਲੇ ਹੱਥਾਂ ਨਾਲ ਹੀ ਬੇਟੀ ਕੋਲ ਗਈ ਅਤੇ ਉਹਦਾ ਹੱਥ ਫੜ ਕੇ ਉਮੇਸ਼ ਵੱਲ ਵਧੀ। ਫਿਰ ਦੋਹਾਂ ਵੱਲ ਇੱਕ ਪਿਆਰ ਭਰੀ ਨਜ਼ਰ ਮਾਰ ਕੇ ਕੱਸ ਕੇ ਉਨ੍ਹਾਂ ਨੂੰ ਗਲ ਨਾਲ ਲਾ ਲਿਆ।
ਗੰਦੇ ਕੱਪੜਿਆਂ ਨੇ ਅੱਜ ਉਹਨੂੰ ਗੁੰਝਲਦਾਰ ਦਿੱਸਦੇ ਜੀਵਨ ਦਾ ਸਹਿਜ ਫ਼ਲਸਫ਼ਾ ਜੋ ਵਿਖਾ ਦਿੱਤਾ ਸੀ!

# ਮੂਲ : ਪੂਜਾ ਭਾਰਦਵਾਜ, 187- ਕਕਰਾਲਾ (ਮਹਿੰਦਰਗੜ੍ਹ) -123027, ਹਰਿਆਣਾ।
# ਅਨੁ : ਪ੍ਰੋ. ਨਵ ਸੰਗੀਤ ਸਿੰਘ, ਅਕਾਲ ਯੂਨੀਵਰਸਿਟੀ, ਤਲਵੰਡੀ ਸਾਬੋ-151302 (ਬਠਿੰਡਾ) 9417692015.