ਮਾਣ ਕਿਸੇ ਨੂੰ ਜ਼ਾਤ ਉੱਚੀ ਤੇ,
ਕਿਸੇ ਨੂੰ ਖ਼ੂਬ ਅਮੀਰੀ ਤੇ।
ਰੂਪ-ਰੰਗ ਤੇ ਮਾਣ ਕਿਸੇ ਨੂੰ,
ਕੋਈ ਹੈ ਮਸਤ ਫ਼ਕੀਰੀ ਤੇ।
ਪੜ੍ਹ-ਲਿਖ ਉੱਚਾ ਉੱਡੇ ਕੋਈ,
ਕੁਰਸੀ ਦਾ ਹੰਕਾਰੀ ਏ।
ਕੰਮ ਕਿਸੇ ਨਾ ਆਖ਼ਰ ਆਉਣਾ,
ਨਾਮ ਸੱਚਾ ਨਿਰੰਕਾਰੀ ਏ।
ਆਪਣੀ ਫ਼ੂੰ-ਫ਼ਾਂ ਦੇ ਵਿੱਚ ਰਹਿੰਦਾ,
ਕਹਿੰਦੇ ਲੋਕ ਘੁਮੰਡੀ ਨੇ।
ਐਸੇ ਲੋਕਾਂ ਦੀ ਪਿੱਠ ਪਿੱਛੇ,
ਲੋਕੀਂ ਕਰਦੇ ਭੰਡੀ ਨੇ।
ਸੱਚੀ ਦਰਗਾਹ ਦੇ ਵਿੱਚ ਜਾ ਕੇ,
ਚੱਲੇ ਕੋਈ ਪੈਸਾ ਨਾ।
ਓਥੇ ਸੱਚੋ-ਸੱਚ ਨਿਬੇੜਾ,
ਬੰਦਾ ਐਸਾ-ਵੈਸਾ ਨਾ।
ਗਰਬ-ਗ਼ੁਮਾਨ ਨੂੰ ਮਨ ‘ਚੋਂ ਕੱਢੀਏ,
ਨੀਵਾਂਪਣ ਅਪਣਾ ਲਈਏ।
ਹਉਮੈ, ਖ਼ੁਦੀ ਤੇ ਨਿੰਦਾ ਛੱਡ ਕੇ,
ਦਿਲਾਂ ‘ਚ ਥਾਂ ਬਣਾ ਲਈਏ।
ਦੁਨੀਆਂ ਤਾਂ ਹੀ ਯਾਦ ਕਰੇਗੀ,
ਛੱਡ ਦੇਈਏ ਅਭਿਮਾਨ ਅਸੀਂ।
ਆਕੜ, ਰੋਅਬ ਨੂੰ ਤਜੀਏ,
ਚੰਗੇ ਬਣ ਜਾਈਏ ਇਨਸਾਨ ਅਸੀਂ।

~ ਪ੍ਰੋ. ਨਵ ਸੰਗੀਤ ਸਿੰਘ
# ਅਕਾਲ ਯੂਨੀਵਰਸਿਟੀ, ਤਲਵੰਡੀ ਸਾਬੋ-151302 (ਬਠਿੰਡਾ) 9417692015