ਕੁਝ ਵਰ੍ਹੇ ਪਹਿਲਾਂ ਮੈਂ ਆਪਣੀ ਬੇਟੀ ਰੂਹੀ ਸਿੰਘ ਨੂੰ ਛੁੱਟੀਆਂ ਵਿੱਚ ਛੱਤਬੀੜ ਚਿਡ਼ੀਆਘਰ ਲਿਜਾਣ ਦਾ ਪ੍ਰੋਗਰਾਮ ਬਣਾਇਆ। ਅਸੀਂ ਪਰਿਵਾਰ ਦੇ ਤਿੰਨ ਜੀਅ ਪਹਿਲਾਂ ਬੱਸ ਰਾਹੀਂ ਤਲਵੰਡੀ ਸਾਬੋ ਤੋਂ ਪਟਿਆਲੇ ਗਏ ਤੇ ਇੱਕ ਰਾਤ ਪੰਜਾਬੀ ਯੂਨੀਵਰਸਿਟੀ ਦੇ ਵਾਰਿਸ ਭਵਨ ‘ਚ ਬਿਤਾਈ। ਅਗਲੇ ਦਿਨ ਸਵੇਰੇ ਸਵਾ 10 ਵਜੇ ਬੱਸ ਲੈ ਕੇ ਪੌਣੇ 12 ਵਜੇ ਪਿੰਡ ਛੱਤ ਪੁੱਜੇ। ਅੱਗੋਂ ਇੱਕ ਆਟੋ ਰਾਹੀਂ ਅਸੀਂ ਚਿੜੀਆਘਰ ਪਹੁੰਚ ਗਏ।
ਇਸ ਚਿੜੀਆਘਰ ਦਾ ਪੂਰਾ ਨਾਂ ‘ਮਹਿੰਦਰ ਚੌਧਰੀ ਜ਼ੂਆਲੋਜੀਕਲ ਪਾਰਕ’ ਹੈ। ਇੱਥੇ ਇਹ ਦੱਸਣਾ ਲਾਹੇਵੰਦ ਹੋਵੇਗਾ ਕਿ ਇਸ ਜ਼ੂਆਲੋਜੀਕਲ ਪਾਰਕ ਦਾ ਉਦਘਾਟਨ ਪੰਜਾਬ ਦੇ ਤਤਕਾਲੀ ਗਵਰਨਰ ਸ੍ਰੀ ਮਹਿੰਦਰ ਮੋਹਨ ਚੌਧਰੀ ਨੇ 13 ਅਪ੍ਰੈਲ 1977 ਈ. ਨੂੰ ਕੀਤਾ ਸੀ। ਇਹ ਚਿੜੀਆਘਰ ਪਿੰਡ ਛੱਤ ਤੋਂ ਤਿੰਨ ਕਿਲੋਮੀਟਰ, ਚੰਡੀਗੜ੍ਹ ਤੋਂ ਵੀਹ ਕਿਲੋਮੀਟਰ ਅਤੇ ਪਟਿਆਲੇ ਤੋਂ ਪਚਵੰਜਾ ਕਿਲੋਮੀਟਰ ਦੂਰੀ ਤੇ ਹੈ। 202 ਏਕੜ ਵਿੱਚ ਫੈਲੇ ਇਸ ਚਿੜੀਆਘਰ ਵਿੱਚ 369 ਥਣਧਾਰੀ ਜੀਵ, 400 ਪੰਛੀ, 20 ਰੀਂਘਣ ਵਾਲੇ ਜੀਵ ਹਨ। ਉੱਤਰੀ ਭਾਰਤ ਵਿੱਚ ਸਭ ਤੋਂ ਵੱਡੇ ਇਸ ਜ਼ੂਆਲੋਜੀਕਲ ਪਾਰਕ ਵਿੱਚ ਲਾਇਨ ਸਫ਼ਾਰੀ ਇਸ ਦੀ ਪ੍ਰਮੁੱਖ ਵਿਸ਼ੇਸ਼ਤਾ ਹੈ। ਇੱਥੇ ਰਾਇਲ ਬੰਗਾਲੀ ਟਾਈਗਰ, ਵ੍ਹਾਈਟ ਟਾਈਗਰ, ਏਸ਼ੀਅਨ ਐਲੀਫੈਂਟ, ਹਿੱਪੋਪੋਟੇਮੱਸ, ਇੰਡੀਅਨ ਗੈਜ਼ੇਲ, ਸਾਂਬਰ, ਈਮੂ, ਏਸ਼ੀਆਟਿਕ ਲਾਇਨ, ਬੈਬੂਨ, ਲਾਇਨ ਟੇਲਡ ਮੈਕਾਕੂ, ਇੰਡੀਅਨ ਲੈਪਰਡ, ਜੈਗੁਆਰ, ਹਿਮਾਲਿਅਨ ਬਲੈਕ ਬੀਅਰ, ਸਲਾਥ ਬੀਅਰ, ਜ਼ੈਬਰਾ, ਚਿੰਪੈਂਜ਼ੀ, ਬਲੂ ਬੁੱਲ, ਬਲੈਕ ਬੱਕ, ਗੌਰ, ਬੰਗਾਲ ਫੌਕਸ, ਪੌਰਕੁਪਾਇਨ, ਘੜਿਆਲ, ਮੱਗਰ ਕਰੋਕੋਡਾਈਲ, ਇੰਡੀਅਨ ਪਾਈਥਾਨ, ਸਿਵੇਟ ਕੈਟ, ਗੋਰਾਲ, ਸਮੂਥ ਕੋਟਿਡ ਓਟੱਰ, ਜੈਕਾਲ, ਸਾਰਸ ਕਰੇਨ ਅਤੇ ਪੇਂਟਿਡ ਸਟਾਰਕ ਆਦਿ ਜਾਨਵਰ ਮੌਜੂਦ ਹਨ। ਇਸ ਪਾਰਕ ਵਿਚ ਜਾਨਵਰਾਂ ਅਤੇ ਪੰਛੀਆਂ ਦੀਆਂ 88 ਅਜਿਹੀਆਂ ਜਾਤੀਆਂ ਹਨ, ਜੋ ਬਹੁਤ ਦੁਰਲੱਭ ਹਨ ਤੇ ਜਿਨ੍ਹਾਂ ਦਾ ਵਜੂਦ ਹੁਣ ਖ਼ਤਰੇ ਦੀ ਹੱਦ ਵਿਚ ਪ੍ਰਵੇਸ਼ ਕਰ ਚੁੱਕਾ ਹੈ।
ਚਿੜੀਆਘਰ ਦੇ ਆਸਪਾਸ ਦਾ ਵਾਤਾਵਰਣ, ਸਾਰੇ ਪਾਸੇ ਸੰਘਣੇ ਸੰਘਣੇ ਰੁੱਖ, ਮੀਂਹ ਵਾਲਾ ਮੌਸਮ, ਦੂਰੋਂ ਆ ਰਹੀਆਂ ਮੋਰਾਂ ਦੀਆਂ ਆਵਾਜ਼ਾਂ ਨੂੰ ਰੂਹੀ ਨੇ ਆਪਣਾ ਸਮਾਰਟ ਫੋਨ ਕੱਢ ਕੇ ਇਨ੍ਹਾਂ ਪਲਾਂ ਨੂੰ ਕੈਮਰੇ ਵਿੱਚ ਬੰਦ ਕੀਤਾ। ਟਿਕਟ ਕਾਊਂਟਰ ਦੇ ਨੇੜੇ ਬਣੇ ਹੋਟਲ ਤੋਂ ਪੈਟੀਜ਼ ਖਾ ਕੇ ਅਸੀਂ ਅੰਦਰ ਜਾਣ ਲਈ ਤਿੰਨ ਟਿਕਟਾਂ ਖਰੀਦੀਆਂ। ਉੱਥੇ ਬਾਰਾਂ ਸਾਲ ਤੱਕ ਦੇ ਬੱਚਿਆਂ ਲਈ 25 ਰੁਪਏ ਅਤੇ ਵੱਡਿਆਂ ਲਈ 60 ਰੁਪਏ ਪ੍ਰਤੀ ਟਿਕਟ ਦਾਖਲਾ ਸੀ। ਅਸੀਂ ਕਿਉਂਕਿ ਤਿੰਨੇ ਵੱਡੇ ਜਣੇ ਸਾਂ, ਇਸ ਲਈ 180 ਰੁਪਏ ਦੀਆਂ ਤਿੰਨ ਟਿਕਟਾਂ ਲੈ ਕੇ ਅਸੀਂ ਚਿੜੀਆਘਰ ਦੇ ਅੰਦਰ ਦਾਖਲ ਹੋਏ। ਸੋਮਵਾਰ ਦੀ ਛੁੱਟੀ ਤੋਂ ਇਲਾਵਾ ਇਹ ਚਿਡ਼ੀਆਘਰ ਹਰ ਰੋਜ਼ ਸਵੇਰੇ ਨੌਂ ਵਜੇ ਤੋਂ ਸ਼ਾਮੀ ਪੌਣੇ ਪੰਜ ਵਜੇ ਤੱਕ ਯਾਤਰੀਆਂ ਲਈ ਖੁੱਲ੍ਹਾ ਰਹਿੰਦਾ ਹੈ।
ਐਂਟਰੀ ਦਰਵਾਜ਼ੇ ਤੇ ਗੇਟਕੀਪਰ ਨੇ ਸਾਡੀਆਂ ਟਿਕਟਾਂ ਚੈੱਕ ਕੀਤੀਆਂ ਅਤੇ ਸਭ ਤੋਂ ਪਹਿਲਾਂ ਸੱਜੇ ਪਾਸੇ ਸਾਨੂੰ ਇਕ ਟਾਈਗਰ ਨੇ ਦਰਸ਼ਨ ਦਿੱਤੇ, ਜੋ ਕਿ ਬਹੁਤ ਹੀ ਵਿਸ਼ਾਲ ਖੁੱਲ੍ਹੀ ਥਾਂ ਵਿੱਚ ਘੁੰਮ-ਫਿਰ ਰਿਹਾ ਸੀ। ਆਸਪਾਸ ਦੀ ਥਾਂ ਤੇ ਤਾਰਾਂ ਲੱਗੀਆਂ ਹੋਈਆਂ ਸਨ ਅਤੇ ਦਰਸ਼ਕਾਂ ਤੇ ਟਾਈਗਰ ਵਿਚਕਾਰਲੀ ਥਾਂ ਤੇ ਇੱਕ ਲੰਮੀ ਡੂੰਘੀ ਖਾਈ ਪੁੱਟੀ ਹੋਈ ਸੀ, ਤਾਂ ਜੋ ਕਿਸੇ ਵੀ ਤਰ੍ਹਾਂ ਦੀ ਅਣਹੋਣੀ ਤੋਂ ਬਚਾਅ ਹੋ ਸਕੇ। ਇੱਥੇ ਬੇਟੀ ਨੇ ਬਹੁਤ ਸਾਰੀਆਂ ਫੋਟੋਆਂ ਅਤੇ ਸੈਲਫੀਆਂ ਲਈਆਂ, ਜਿਨ੍ਹਾਂ ਵਿੱਚ ਟਾਈਗਰ ਵੀ ਮੌਜੂਦ ਸੀ। ਹੋਰ ਯਾਤਰੀ ਵੀ ਇਹੋ ਕੁਝ ਕਰ ਰਹੇ ਸਨ। ਉਨ੍ਹਾਂ ਨਾਲ ਆਏ ਛੋਟੇ ਬੱਚੇ ਟਾਈਗਰ ਨੂੰ ਜੀਂਦਾ-ਜਾਗਦਾ ਆਪਣੇ ਸਾਹਮਣੇ ਵੇਖ ਕੇ ਖੂਬ ਉਤਸ਼ਾਹਿਤ ਸਨ। ਰੂਹੀ ਵੀ ਟਾਈਗਰ ਨੂੰ ਵੇਖ ਕੇ ਬਹੁਤ ਖ਼ੁਸ਼ ਹੋਈ- “ਹੈਲੋ ਟਾਈਗਰ! ਕੈਸੇ ਹੋ?… ਅੱਛਾ ਅੱਛਾ, ਘੂਮੀ ਕਰ ਰਹੇ ਹੋ… ਠੀਕ ਹੈ… ਫਿਰ ਮਿਲਤੇ ਹੈਂ…” ਰੂਹੀ ਅਕਸਰ ਜਦੋਂ ਮੂਡ ਵਿੱਚ ਹੁੰਦੀ ਹੈ ਤਾਂ ਉਹ ਹਿੰਦੀ ਵਿਚ ਬੋਲਣਾ ਪਸੰਦ ਕਰਦੀ ਹੈ।
ਚਿੜੀਆਘਰ ਵਿਚ ਯਾਤਰੀਆਂ ਲਈ ਫੈਰੀਜ਼ (ਬੈਟਰੀ ਨਾਲ ਚੱਲਣ ਵਾਲੀਆਂ ਗੱਡੀਆਂ) ਦਾ ਵੀ ਪ੍ਰਬੰਧ ਸੀ। ਆਮ ਕਰਕੇ ਇਨ੍ਹਾਂ ਉੱਤੇ ਬਜ਼ੁਰਗ ਜਾਂ ਬੱਚੇ ਹੀ ਬੈਠਦੇ ਸਨ। ਪਰ ਕੋਈ ਵੀ ਯਾਤਰੀ ਕਿਰਾਇਆ ਦੇ ਕੇ ਇਨ੍ਹਾਂ ਤੇ ਬੈਠ ਕੇ ਚਿੜੀਆਘਰ ਦੀ ਸੈਰ ਕਰ ਸਕਦਾ ਸੀ। ਬੇਟੀ ਰੂਹੀ ਨੂੰ ਤਾਂ ਪੈਦਲ ਤੁਰਨਾ ਹੀ ਚੰਗਾ ਲੱਗਦਾ ਸੀ। ਇਸ ਲਈ ਅਸੀਂ ਸਾਰਿਆਂ ਨੇ ਤੁਰ-ਫਿਰ ਕੇ ਹੀ ਚਿਡ਼ੀਆਘਰ ਵੇਖਣ ਦਾ ਮਨ ਬਣਾਇਆ।
ਉੱਚੇ-ਲੰਮੇ ਦਰਖਤਾਂ ਨਾਲ ਸਜਿਆ ਇਹ ਸੰਘਣਾ ਕੁਦਰਤੀ ਵਾਤਾਵਰਨ ਪੰਛੀਆਂ ਤੇ ਜਾਨਵਰਾਂ ਲਈ ਤਾਂ ਢੁੱਕਵਾਂ ਹੈ ਹੀ, ਯਾਤਰੂਆਂ ਨੂੰ ਵੀ ਬਹੁਤ ਆਕਰਸ਼ਿਤ ਕਰਦਾ ਹੈ। ਰਮਣੀਕ ਤੇ ਸੁਹਾਵਣਾ ਮੌਸਮ ਹੋਣ ਕਰਕੇ ਸਾਰੇ ਹੀ ਜਾਨਵਰ ਤੇ ਪੰਛੀ ਆਪੋ- ਆਪਣੇ ਘੁਰਨਿਆਂ, ਗੁਫਾਵਾਂ ਤੇ ਆਲ੍ਹਣਿਆਂ ‘ਚੋਂ ਬਾਹਰ ਆ ਕੇ ਵਿਚਰ ਰਹੇ ਸਨ ਤੇ ਬਾਹਰੋਂ ਆਏ ਦਰਸ਼ਕ ਤੇ ਯਾਤਰੀ ਇਨ੍ਹਾਂ ਨੂੰ ਵੇਖ ਕੇ ਖੂਬ ਆਨੰਦ ਮਾਣ ਰਹੇ ਸਨ। ਰੂਹੀ ਨੇ ਘੁੰਮ-ਫਿਰ ਕੇ ਬਾਂਦਰ, ਲੰਗੂਰ, ਹਾਥੀ, ਘੜਿਆਲ, ਮਗਰਮੱਛ, ਹਿਰਨ, ਮੋਰ, ਬਾਰਾਂਸਿੰਗਾ, ਸ਼ੁਤਰਮੁਰਗ ਆਦਿ ਦੇ ਨਾਲ-ਨਾਲ ਵੰਨ-ਸੁਵੰਨੇ ਪੰਛੀਆਂ, ਖ਼ਤਰਨਾਕ ਜ਼ਹਿਰੀਲੇ ਸੱਪਾਂ (ਜੋ ਸ਼ੀਸ਼ੇ ਦੇ ਕਮਰਿਆਂ ਵਿੱਚ ਬੰਦ ਸਨ), ਨਿਸ਼ਾਚਰ (ਰਾਤ ਨੂੰ ਜਾਗਣ ਵਾਲੇ ਪੰਛੀ ਤੇ ਜਾਨਵਰ), ਜਿਨ੍ਹਾਂ ਨੂੰ ਹਨ੍ਹੇਰੇ ਕਮਰਿਆਂ ਵਿੱਚ ਰੱਖਿਆ ਹੋਇਆ ਸੀ (ਉੱਲੂ, ਸੇਹ, ਚਮਗਿੱਦੜ, ਗਿੱਦੜ ਆਦਿ) ਨੂੰ ਪੂਰੀ ਦਿਲਚਸਪੀ ਅਤੇ ਮਜ਼ੇ ਨਾਲ ਵੇਖਿਆ। ਹਰ ਥਾਂ, ਹਰ ਪੰਛੀ/ ਜਾਨਵਰ ਦੀ ਉਹਨੇ ਫੋਟੋ ਲਈ ਅਤੇ ਆਪਣੀਆਂ ਵੀ ਵੱਖ-ਵੱਖ ਅੰਦਾਜ਼ ਵਿਚ ਖੂਬ ਫੋਟੋਆਂ ਲਈਆਂ।
ਉੱਥੇ ਉਨ੍ਹੀਂ ਦਿਨੀਂ ਪ੍ਰਬੰਧਕੀ ਕਾਰਨਾਂ ਕਰਕੇ ਸ਼ੇਰ-ਸਫਾਰੀ ਬੰਦ ਸੀ, ਇਸ ਲਈ ਸ਼ੇਰ ਵੇਖਣ ਦਾ ਸ਼ੌਕ ਪੂਰਾ ਨਹੀਂ ਹੋ ਸਕਿਆ। ਚਿੜੀਆਘਰ ਵਿਚ ਥਾਂ-ਥਾਂ ਤੇ ਉਥੋਂ ਦੇ ਕਰਮਚਾਰੀ ਘੁੰਮ-ਫਿਰ ਰਹੇ ਸਨ, ਤਾਂ ਜੋ ਕਿਸੇ ਇਕ ਥਾਂ ਤੇ ਹੋਣ ਵਾਲੇ ਇਕੱਠ ਨੂੰ ਰੋਕਿਆ ਜਾ ਸਕੇ ਅਤੇ ਯਾਤਰੀ ਕਿਸੇ ਜੀਵ-ਜੰਤੂ ਨੂੰ ਬੇਵਜ੍ਹਾ ਤੰਗ-ਪ੍ਰੇਸ਼ਾਨ ਨਾ ਕਰਨ। ਚਿੜੀਆਘਰ ਵਿੱਚ ਥੋੜ੍ਹੀ- ਥੋੜ੍ਹੀ ਦੂਰੀ ਤੇ ਪੀਣ ਵਾਲਾ ਠੰਡਾ, ਸਾਫ਼ ਤੇ ਆਰ.ਓ. ਦਾ ਪਾਣੀ; ਸੈਲਾਨੀਆਂ ਦੇ ਬੈਠਣ ਲਈ ਵਧੀਆ ਹੱਟਸ/ ਥਾਵਾਂ; ਖਾਣ ਪੀਣ ਲਈ ਚੰਗੇ ਹੋਟਲਾਂ ਦਾ ਪ੍ਰਬੰਧ ਸੀ। ਆਈਸਕ੍ਰੀਮ, ਛੋਲੇ ਭਟੂਰੇ, ਪੌਪਕੌਰਨ, ਕੋਲਡ ਡ੍ਰਿੰਕਸ ਆਦਿ ਚੀਜ਼ਾਂ ਦਾ ਲੁਤਫ਼ ਉਠਾਉਣ ਦੇ ਨਾਲ-ਨਾਲ ਅਸੀਂ ਚਿੜੀਆਘਰ ਦੇ ਪੰਛੀਆਂ ਤੇ ਜਾਨਵਰਾਂ ਦੀ ਭਰਪੂਰ ਜਾਣਕਾਰੀ ਹਾਸਲ ਕੀਤੀ। ਇੱਥੇ ਹਰ ਪੰਛੀ/ ਜਾਨਵਰ ਦੀ ਰਿਹਾਇਸ਼ ਮੂਹਰੇ ਇਕ ਤਖ਼ਤੀ ਉੱਤੇ ਉਹਦਾ ਆਮ ਨਾਂ,ਵਿਗਿਆਨਕ ਨਾਂ, ਖਾਣ-ਪੀਣ, ਉਮਰ, ਲਿੰਗ ਅਤੇ ਦੇਸ਼/ ਸਥਾਨ ਬਾਰੇ ਵਿਸਤ੍ਰਿਤ ਜਾਣਕਾਰੀ ਲਿਖੀ ਹੋਈ ਸੀ।
ਕਰੀਬ ਸਵਾ ਚਾਰ ਵਜੇ ਤੱਕ (ਪੂਰੇ ਚਾਰ ਘੰਟੇ) ਸਾਰਾ ਚਿਡ਼ੀਆਘਰ ਘੁੰਮਣ ਪਿੱਛੋਂ ਅਸੀਂ ਬਾਹਰ ਆ ਗਏ। ਅਸੀਂ ਸਾਰੇ ਹੀ ਹੁਣ ਥੋੜ੍ਹੀ-ਥੋੜ੍ਹੀ ਥਕਾਵਟ ਮਹਿਸੂਸ ਕਰ ਰਹੇ ਸਾਂ। ਅਸੀਂ ਇੱਕ ਹੋਟਲ ਤੋਂ ਕੁਝ ਸਨੈਕਸ ਲਏ ਅਤੇ ਮੈਂਗੋ ਜੂਸ ਪੀਤਾ। ਸਾਢੇ ਛੇ ਵਜੇ ਤੱਕ ਅਸੀਂ ਵਾਪਸ ਪਟਿਆਲੇ ਆ ਗਏ। ਪਰ ਹੁਣ ਤਲਵੰਡੀ ਸਾਬੋ ਨਹੀਂ ਸੀ ਜਾਇਆ ਜਾ ਸਕਦਾ। ਇਸ ਲਈ ਯੂਨੀਵਰਸਿਟੀ ਦੇ ਗੈਸਟ ਹਾਊਸ ਵਿੱਚ ਰਾਤ ਬਿਤਾ ਕੇ ਅਗਲੇ ਦਿਨ ਆਪਣੇ ਘਰ ਆ ਗਏ।
ਰਾਹ ਵਿੱਚ ਅਤੇ ਉਸ ਤੋਂ ਅਗਲੇ ਕਈ ਦਿਨ ਰੂਹੀ ਇਸ ਮਨੋਰੰਜਕ ਯਾਤਰਾ (ਚਿੜੀਆਘਰ ਦੀ ਸੈਰ) ਦੀਆਂ ਗੱਲਾਂ ਕਰਦੀ ਰਹੀ। ਇਹ ਸੈਰ-ਸਫ਼ਰ ਸਾਡੇ ਜੀਵਨ ਦੀ ਇੱਕ ਅਭੁੱਲ ਯਾਦ ਬਣ ਚੁੱਕਾ ਹੈ, ਜਿਸ ਬਾਰੇ ਅਸੀਂ ਅਕਸਰ ਗੱਲਾਂ ਕਰਦੇ ਰਹਿੰਦੇ ਹਾਂ।
~ ਪ੍ਰੋ. ਨਵ ਸੰਗੀਤ ਸਿੰਘ
# ਅਕਾਲ ਯੂਨੀਵਰਸਿਟੀ, ਤਲਵੰਡੀ ਸਾਬੋ-151302 (ਬਠਿੰਡਾ) 9417692015.
Leave a Comment
Your email address will not be published. Required fields are marked with *