2024 ਦੇ ਅੱਜ ਦੇ ਚੋਣ ਨਤੀਜਿਆਂ ਨੇ ਇਹ ਸਾਬਤ ਕਰ ਦਿੱਤਾ ਹੈ। ਕਿ ਪੰਜਾਬ ਦੇ ਲੋਕੀਂ ਚੰਗੇ ਲੀਡਰਾਂ ਨੂੰ ਅੱਗੇ ਲਿਆਉਣਾ ਚਾਹੁੰਦੇ ਹਾਂ। ਇਹ ਉਸ ਜਿੱਤੇ ਹੋਏ ਵਿਅਕਤੀ ‘ਤੇ ਨਿਰਭਰ ਕਰਦਾ ਹੈ ਕਿ ਉਸਨੇ ਅੱਗੇ ਵੀ ਲੋਕਾਂ ਦਾ ਸਾਥ ਲੈ ਕੇ ਰਹਿਨੁਮਾਈ ਕਰਨੀ ਹੈ ਜਾਂ ਨਹੀਂ। ਇਥੋਂ ਤੱਕ ਕਿ ਨਵਿਆਂ ਨੂੰ ਵੀ ਲੋਕਾਂ ਨੇ ਜਿਤਾਇਆ ਹੈ ਅਤੇ ਇਹ ਸਬੂਤ ਦਿੱਤਾ ਹੈ ਅਸੀਂ ਮੌਕਾ ਸਾਰਿਆਂ ਨੂੰ ਦਿੰਦੇ ਹਾਂ। ਹੋਰ ਜਿਸ ਵੀ ਪਾਰਟੀ ਦੇ ਚੰਗੇ ਲੀਡਰ ਹਨ ਉਹਨਾਂ ਨੂੰ ਸਮੇਂ-ਸਮੇਂ ‘ਤੇ ਮੌਕਾ ਮਿਲਦਾ ਰਹਿੰਦਾ ਹੈ। ਅੱਜ ਦੇ ਲੋਕ ਸਮਝਦੇ ਹਨ ਅਤੇ ਉਹ ਦਲ ਬਦਲੂਆਂ ਨੂੰ ਵੀ ਅੱਗੇ ਨਹੀਂ ਲਿਆਉਣਾ ਚਾਹੁੰਦੇ। ਇਹ ਗੱਲ ਸਾਫ਼ ਤੌਰ ‘ਤੇ ਜ਼ਾਹਿਰ ਹੈ ਕਿ ਜੋ ਇੱਕ ਦਾ ਨਹੀਂ ਬਣ ਸਕਿਆ ਉਹ ਕਿਸੇ ਦਾ ਨਹੀਂ ਬਣ ਸਕੇਗਾ।
ਇਹਨਾਂ ਨਤੀਜਿਆਂ ਤੋਂ ਚੁਣੇ ਹੋਏ ਲੀਡਰਾਂ ਨੂੰ ਇਹੀ ਸੇਧ ਲੈਣੀ ਚਾਹੀਦੀ ਹੈ ਕਿ ਜੇਕਰ ਉਹਨਾਂ ਨੂੰ ਮੌਕਾ ਮਿਲਿਆ ਹੈ ਤਾਂ ਆਮ ਜਨਤਾ ਲਈ ਕੁਝ ਨਾ ਕੁਝ ਵੱਖਰਾ ਕਰਕੇ ਜ਼ਰੂਰ ਜਾਓ।
ਸਰਬਜੀਤ ਸਿੰਘ ਖਾਲਸਾ ਅਤੇ ਅੰਮ੍ਰਿਤ ਪਾਲ ਸਿੰਘ ਦੋਨਾਂ ਦੀ ਜਿੱਤ ਇਹ ਦੱਸਦੀ ਹੈ ਕਿ ਪੰਜਾਬ ਕਿਸਾਨੀ ਦੇ ਵਿਰੋਧੀਆਂ ਦੇ ਹੱਕ ਵਿੱਚ ਉਹਨਾਂ ਦੇ ਨਾਲ਼ ਕਦੇ ਵੀ ਨਹੀਂ ਖੜੇਗਾ। ਪੰਜਾਬ ਕਿਸਾਨੀ ਪ੍ਰਧਾਨ ਸੂਬਾ ਹੈ ਅਤੇ ਇਥੋਂ ਦੇ ਲੋਕ ਹਮੇਸ਼ਾ ਕਿਸਾਨੀ ਹਿੱਤ ਵਿੱਚ ਖੜ੍ਹੇ ਰਹੇ ਹਨ ਅਤੇ ਅਗਾਂਹ ਤੋਂ ਵੀ ਖੜ੍ਹੇ ਰਹਿਣਗੇ। ਬੰਦੀ ਸਿੰਘਾਂ ਦੀ ਰਿਹਾਈ, ਨਿਹੱਕਾ ਉੱਤੇ ਤਸੀਹੇ, ਹੱਕ-ਸੱਚ ਦੀ ਗੱਲ ਕਰਨੀ, ਇਹਨਾਂ ਸਾਰੀਆਂ ਗੱਲਾਂ ਨੂੰ ਜੇ ਕੋਈ ਆਮ ਇਨਸਾਨ ਬੋਲ ਕੇ ਨਹੀਂ ਕਰਦਾ ਤਾਂ ਇਨਾ ਵੋਟਾਂ ਵਿੱਚ ਉਸ ਦਾ ਜਵਾਬ ਸਾਫ਼-ਸਾਫ਼ ਦਿਖ ਰਿਹਾ ਹੈ ।
ਇਸ ਕਰਕੇ ਜਿੰਨੇ ਵੀ ਲੀਡਰ ਇਸ ਵਾਰ ਜਿੱਤੇ ਹਨ ਕਿਰਪਾ ਕਰਕੇ ਆਉਣ ਵਾਲੇ ਸਮੇਂ ਵਿੱਚ ਅਜਿਹੀਆਂ ਗੱਲਾਂ ਦਾ ਖ਼ਿਆਲ ਰੱਖਣ ਕਿ ਬੇਦੋਸ਼ਿਆਂ ਨੂੰ ਸਜ਼ਾਵਾਂ ਅਤੇ ਹੱਕ-ਸੱਚ ਦੀ ਗੱਲ ਨੂੰ ਪਹਿਲ ਦੇ ਆਧਾਰ ‘ਤੇ ਕਰਨ.. ਨਹੀਂ ਤਾਂ ਇਹ ਲੋਕ ਤੁਹਾਡਾ ਪਾਸਾ ਪਲਟਣ ਵਿੱਚ ਦੇਰ ਨਹੀਂ ਲਾਉਂਦੇ। ਜੇਕਰ ਹੱਥ ਵਿੱਚ ਸੱਤਾ ਆਈ ਹੈ ਤਾਂ ਉਸ ਦੀ ਸਹੀ ਵਰਤੋਂ ਕਰਨ ਵਿੱਚ ਹੀ ਭਲਾਈ ਹੈ। ਧਰਮ ਅਤੇ ਲਾਲਚ ਦੇ ਆਧਾਰ ‘ਤੇ ਰਾਜਨੀਤੀ ਬੰਦ ਹੋਣੀ ਚਾਹੀਦੀ ਹੈ।
ਭਰਿਸ਼ਟਾਚਾਰ, ਅਤਿਅਚਾਰ ਅਤੇ ਗੁੰਡਾ ਰਾਜ ਤੋਂ ਉੱਪਰ ਉੱਠ ਕੇ ਦੇਸ਼ ਹਿੱਤ ਲਈ ਸੋਚਣ ਵਾਲੇ ਲੋਕ ਹੀ ਆਮ ਜਨਤਾ ਦੇ ਦਿਲਾਂ ਵਿੱਚ ਘਰ ਕਰ ਸਕਦੇ ਹਨ। ਲੋਕਾਂ ਦੀਆਂ ਨਿੱਜੀ ਲੋੜਾਂ ਰੋਟੀ, ਕੱਪੜਾ, ਮਕਾਨ, ਦਵਾਈ, ਪੜ੍ਹਾਈ ਇਹਨਾਂ ਨੂੰ ਪਹਿਲ ਦੇਣੀ ਚਾਹੀਦੀ ਹੈ। ਨਸ਼ੇ ‘ਤੇ ਨੱਥ ਪਾਉਣੀ ਚਾਹੀਦੀ ਹੈ। ਵਾਧੂ ਬੋਲਣ ਵਾਲਿਆਂ ਨੂੰ ਵੀ ਲੋਕਾਂ ਨੇ ਖੂੰਜੇ ਲਾ ਦਿੱਤਾ ਹੈ। ਆਮ ਲੋਕਾਂ ਦੀਆਂ ਭਾਵਨਾਵਾਂ ਨਾਲ਼ ਖੇਡਣ ਦੀ ਥਾਂ ‘ਤੇ ਸਹੀ ਤਰੀਕੇ ਨਾਲ਼ ਦੇਸ਼ ਹਿੱਤ ਵਿੱਚ ਕੰਮ ਕਰਨ ਵਾਲਿਆਂ ਨੂੰ ਹੀ ਜਨਤਾ ਅੱਗੇ ਲਿਆਉਂਦੀ ਹੈ ਅਤੇ ਅੱਗੇ ਲਿਆਉਂਦੀ ਰਹੇਗੀ। ਅੱਜ ਦਾ ਵੋਟਰ ਸਮਝਦਾਰ ਹੈ ਲਾਈ ਲੱਗ ਨਹੀਂ ਹੈ।
ਸੋ ਦੋਸਤੋ..! ਤੁਸੀਂ ਤਾਂ ਆਪਣਾ ਕੰਮ ਕਰ ਦਿੱਤਾ। ਹੁਣ ਇਹ ਆਉਂਦੇ ਪੰਜ ਸਾਲ ਤੱਕ ਕਿਸ ਤਰੀਕੇ ਦੇ ਨਾਲ਼ ਕੰਮ ਕਰਦੇ ਹਨ.. ਇਸ ਦਾ ਸਬੂਤ ਇਹਨਾਂ ਚੁਣੇ ਹੋਏ ਨੁਮਾਇੰਦਿਆਂ ਨੇ ਦੇਣਾ। ਲਾਲਚ ਤੋਂ ਉੱਪਰ ਉੱਠ ਕੇ ਆਮ ਜਨਤਾ ਦਾ ਸਾਥ ਦੇਣ ਵਿੱਚ ਇਹਨਾਂ ਸਭ ਦੀ ਭਲਾਈ ਹੈ ਨਹੀਂ ਤਾਂ ਜਦੋਂ ਵੀ ਜਨਤਾ ਨੂੰ ਮੌਕਾ ਮਿਲਦਾ ਹੈ ਉਹ ਆਪਣੀ ਤਾਕਤ ਨਾਲ਼ ਸਮੇਂ-ਸਮੇਂ ਜਵਾਬ ਜ਼ਰੂਰ ਦਿੰਦੀ ਹੈ ਅਤੇ ਅਗਾਂਹ ਵੀ ਦਿੰਦੀ ਰਹੇਗੀ। ਜਿੱਤਿਆਂ ਨੂੰ ਵਧਾਈਆਂ ਅਤੇ ਹਾਰੇ ਹੋਏ ਸਬਕ ਲੈਣ ਕਿ ਇਨਸਾਨੀਅਤ ਅਤੇ ਇਨਸਾਨ ਦੇ ਚੰਗੇ ਕਰਮਾਂ ਨੂੰ ਪਹਿਲ ਦੇਣ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਤੁਸੀਂ ਜਿੰਨੇ ਮਰਜ਼ੀ ਖੋਖਲੇ ਵਾਅਦੇ ਕਰ ਲਓ.. ਪਰ ਇੱਕ ਵਾਰ ਜਦੋਂ ਤੁਸੀਂ ਵਾਅਦੇ ਪੂਰੇ ਨਹੀਂ ਕਰਦੇ ਤਾਂ ਤੁਹਾਨੂੰ ਆਮ ਜਨਤਾ ਬੜੀ ਚੰਗੀ ਤਰ੍ਹਾਂ ਜਾਣਦੀ ਅਤੇ ਸਮਝਦੀ ਹੈ। ਤੁਹਾਡੇ ਨਾਲ਼ ਤੁਰਨ ਵਾਲਾ ਹਰ ਵਿਅਕਤੀ ਜ਼ਰੂਰੀ ਨਹੀਂ ਤੁਹਾਡਾ ਸਾਥ ਹੀ ਦੇਵੇਗਾ। ਤੁਹਾਡੇ ਨਾਲ਼ ਚੱਲਣਾ ਉਸ ਦੀ ਮਜਬੂਰੀ ਹੋ ਸਕਦੀ ਹੈ। ਪਰ ਤੁਹਾਡੀਆਂ ਚਾਲਾਂ ਨੂੰ ਆਮ ਇਨਸਾਨ ਸਮਝਦਾ ਹੈ। ਹੱਸਦੇ-ਵਸਦੇ ਰਹੋ ਪਿਆਰਿਓ..! ਨਵੀਂ ਦਿਸ਼ਾ.. ਨਵੀਂ ਆਸ ਦੇ ਨਾਲ਼.. ਆਓ ਦੇਖਦੇ ਹਾਂ ਆਉਣ ਵਾਲੇ ਪੰਜਾਂ ਸਾਲਾਂ ਵਿੱਚ….!!!
ਪਰਵੀਨ ਕੌਰ ਸਿੱਧੂ
8146536200
Leave a Comment
Your email address will not be published. Required fields are marked with *