ਫਰੀਦਕੋਟ, 28 ਅਪ੍ਰੈਲ (ਧਰਮ ਪ੍ਰਵਾਨਾਂ /ਵਰਲਡ ਪੰਜਾਬੀ ਟਾਈਮਜ਼)
ਲੈਕਚਰਾਰ ਹਿਸਟਰੀ ਜਗਦੇਵ ਸਿੰਘ ਪੁਰਬਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੰਜਗਰਾਈ ਕਲਾਂ ਦਾ ਪਲੇਠਾ ਗੀਤ ਸੰਗ੍ਰਹਿ ‘ਸ਼ਬਦਾਂ ਦੀ ਮਹਿਕ’, ਭਾਸ਼ਾ ਵਿਭਾਗ ਫ਼ਰੀਦਕੋਟ ਦੇ ਦਫ਼ਤਰ ਵਿਖੇ ਜ਼ਿਲਾ ਭਾਸ਼ਾ ਅਫ਼ਸਰ ਸ਼੍ਰੀ ਮਨਜੀਤ ਪੁਰੀ ਨੇ ਰਿਲੀਜ਼ ਕੀਤਾ। ਇਸ ਮੌਕੇ ਉਨ੍ਹਾਂ ਜਗਦੇਵ ਸਿੰਘ ਪੁਰਬਾ ਦੀ ਲੇਖਣੀ ’ਚ ਸੰਵੇਦਨਾ ਖ਼ਾਲਸ ਰੂਪ ’ਚ ਮਿਲਦੀ ਹੈ। ਉਹ ਆਪਣੇ ਕਾਵਿ ਰਾਹੀਂ ਪੰਜਾਬ ਦੇ ਦਰਦ ਨੂੰ ਮਹਿਸੂਸ ਕਰਦਾ ਹੈ। ਪੰਜਾਬ ਦੀ ਗੌਰਵਮਈ ਗੁਰਮਤਿ-ਧਾਰਾ ਰਾਹੀਂ ਪੰਜਾਬ ਨੂੰ ਬਚਾਉਣ ਦਾ ਸੰਦੇਸ਼ ਦਿੰਦਾ ਹੈ। ਉਸ ਦੀ ਲੇਖਣੀ ’ਚ ਪੰਜਾਬੀ ਸਭਿਆਚਾਰ ਦੇ ਮਜ਼ਬੂਤ ਰਿਸ਼ਤਿਆਂ ਦੀ ਸੰਵੇਦਨਾ ਦੀ ਬਾਤ ਬੜੇ ਸੋਹਣੇ ਢੰਗ ਨਾਲ ਮਿਲਦੀ ਹੈ। ਉਨ੍ਹਾਂ ਇਸ ਮੌਕੇ ਜਗਦੇਵ ਸਿੰਘ ਪੁਰਬਾ ਨੂੰ ਇਸ ਗੀਤ ਸੰਗ੍ਰਹਿ ਲਈ ਵਧਾਈ ਦਿੰਦਿਆਂ, ਭਵਿੱਖ ’ਚ ਨਿਰੰਤਰ ਸਾਹਿਤ ਸਿਰਜਣਾ ਕਰਦੇ ਰਹਿਣ ਲਈ ਉਤਸ਼ਾਹਿਤ ਕੀਤਾ। ਇਸ ਮੌਕੇ ਡਾ.ਰਵਿੰਦਰ ਕੁਮਾਰ ਮੈਂਟਰ ਜ਼ਿਲਾ ਸਿੱਖਿਆ ਅਤੇ ਸਿਖਲਾਈ ਸੰਸਥਾ ਫ਼ਰੀਦਕੋਟ, ਜਸਮੇਲ ਸਿੰਘ ਪੰਜਾਬ ਪੱਗੜੀ ਹਾਊਸ ਕੋਟਕਪੂਰਾ, ਲੈਕਚਰਾਰ ਮਨਜੀਤ ਕੌਰ ਹਿਸਟਰੀ, ਪੰਜਾਬੀ ਮਾਸਟਰ ਸੁਰਿੰਦਰਪਾਲ ਸਿੰਘ ਸੋਨੀ, ਜ਼ਿਲਾ ਗਾਈਡੈਂਸ ਕਾਊਂਸਲਰ ਜਸਬੀਰ ਸਿੰਘ ਜੱਸੀ ਨੇ ਵੀ ਲੈਕਚਰਾਰ ਜਗਦੇਵ ਸਿੰਘ ਪੁਰਬਾ ਨੂੰ ਵਧਾਈ ਦਿੱਤੀ। ਇਸ ਮੌਕੇ ਜਗਦੇਵ ਸਿੰਘ ਪੁਰਬਾ ਨੇ ਹਾਜ਼ਰ ਹਸਤੀਆਂ ਦਾ ਧੰਨਵਾਦ ਕੀਤਾ।