ਰਿਸਕ! ਇਕ-ਇਕ ਆਟੋ ਵਿੱਚ ਲਿਜਾਏ ਜਾ ਰਹੇ ਹਨ 25 ਤੋਂ 30 ਵਿਦਿਆਰਥੀ
ਕੋਟਕਪੂਰਾ, 30 ਜਨਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਪੰਜਾਬ ਦੇ ਵੱਖ ਵੱਖ ਹਿੱਸਿਆਂ ਵਿੱਚ ਸਕੂਲ ਵਾਹਨਾ ਦੇ ਵਾਪਰਦੇ ਦਰਦਨਾਕ ਹਾਦਸਿਆਂ ਤੋਂ ਬਾਅਦ ਪ੍ਰਸ਼ਾਸ਼ਨ ਵਲੋਂ ਕੁਝ ਕੁ ਪਾਬੰਦੀਆਂ ਲਾ ਕੇ ਸੇਫ ਸਕੂਲ ਵਾਹਨ ਨੀਤੀ ਨੂੰ ਸਖਤੀ ਨਾਲ ਲਾਗੂ ਕਰਨ ਦਾ ਦਾਅਵਾ ਕੀਤਾ ਜਾਂਦਾ ਹੈ ਅਤੇ ਹੁਣ ਜਿਲਾ ਪ੍ਰਸ਼ਾਸ਼ਨ ਵੱਲੋਂ ਸੜਕ ਸੁਰੱਖਿਆ ਮਹੀਨਾ ਮਨਾਇਆ ਜਾ ਰਿਹਾ ਹੈ ਪਰ ਦੂਜੇ ਪਾਸੇ ਹਾਲਾਤ ਇਹ ਹਨ ਕਿ ਇਕ ਇਕ ਆਟੋ ਵਿੱਚ 25 ਤੋਂ 30 ਬੱਚਿਆਂ ਨੂੰ ਬਿਠਾ ਕੇ ਉਕਤ ਨੀਤੀ ਦੀਆਂ ਸ਼ਰੇਆਮ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਜਿਸ ਕਾਰਨ ਕਿਸੇ ਵੀ ਸਮੇਂ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ। ਉਕਤ ਮਾਮਲੇ ਦਾ ਹੈਰਾਨੀ ਜਨਕ ਅਤੇ ਦਿਲਚਸਪ ਪਹਿਲੂ ਇਹ ਵੀ ਹੈ ਕਿ ਬੱਚਿਆਂ ਨਾਲ ਤੁੰਨੇ ਹੋਏ ਆਟੋ ਰੋਜਾਨਾ ਪੁਲਿਸ ਦੀ ਨਜਰ ਦੇ ਸਾਹਮਣਿਉਂ ਗੁਜਰਦੇ ਹਨ। ਜਿਕਰਯੋਗ ਹੈ ਕਿ ਜਿਲਾ ਪ੍ਰਸ਼ਾਸ਼ਨ ਵਲੋਂ ਇਕ ਤੋਂ 31 ਜਨਵਰੀ ਤੱਕ ਰਾਸ਼ਟਰੀ ਸੜਕ ਸੁਰੱਖਿਆ ਮਹੀਨਾ ਮਨਾਇਆ ਜਾ ਰਿਹਾ ਹੈ ਅਤੇ ਏਡੀਸੀ ਹਰਜੋਤ ਕੌਰ ਦੀ ਅਗਵਾਈ ਹੇਠ ਬੀਤੀ 8 ਜਨਵਰੀ ਨੂੰ ਹੋਈ ਮੀਟਿੰਗ ਵਿੱਚ ਸੇਫ ਸਕੂਲ ਵਾਹਨ ਨੀਤੀ ਨੂੰ ਸਖਤੀ ਨਾਲ ਲਾਗੂ ਕਰਨ ਦੀ ਗੱਲ ਕੀਤੀ ਗਈ ਸੀ ਪਰ ਅੱਜ ਪੱਤਰਕਾਰਾਂ ਵੱਲੋਂ ਆਪਣੇ ਤੌਰ ’ਤੇ ਕੀਤੀ ਗਈ ਜਾਂਚ ਵਿੱਚ ਸਾਹਮਣੇ ਆਇਆ ਕਿ ਜਿਲਾ ਪ੍ਰਸ਼ਾਸ਼ਨ ਦੀ ਸਖਤੀ ਸਿਰਫ ਕਾਗਜਾਂ ਤੱਕ ਹੀ ਸੀਮਤ ਹੈ। ਇਸ ਸਬੰਧੀ ਮੈਡਮ ਪੂਨਮਦੀਪ ਕੌਰ ਡਿਪਟੀ ਕਮਿਸ਼ਨਰ ਦਾ ਕਹਿਣਾ ਹੈ ਕਿ ਉਹ ਇਸ ਮਾਮਲੇ ਦਾ ਗੰਭੀਰ ਨੋਟਿਸ ਲੈ ਕੇ ਖੁਦ ਚੈਕਿੰਗ ਮੁਹਿੰਮ ਆਰੰਭਣਗੇ।

