ਕੋਟਕਪੂਰਾ, 26 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਜਿਲ੍ਹਾ ਪ੍ਰਸ਼ਾਸ਼ਨ ਫਰੀਦਕੋਟ ਵਲੋਂ ਜਿਲ੍ਹੇ ਦੇ ਖਰੀਦ ਕੇਂਦਰਾਂ ’ਚੋਂ ਲਿਫਟਿੰਗ, ਖਰੀਦ, ਅਦਾਇਗੀ ਆਦਿ ਦੇ ਕੰਮ ਵਿੱਚ ਹੋਰ ਤੇਜੀ ਲਿਆਉਣ ਲਈ ਜੰਗੀ ਪੱਧਰ ਤੇ ਉਪਰਾਲੇ ਕੀਤੇ ਜਾ ਰਹੇ ਹਨ। ਇਹਨਾਂ ਉਪਰਾਲਿਆਂ ਤਹਿਤ ਬੀਤੇ ਕੱਲ੍ਹ ਤੇ ਅੱਜ 15 ਮੀਟਰਿਕ ਟਨ ਝੋਨਾ ਮੰਡੀਆਂ ਵਿੱਚੋਂ ਲਿਫਟਿੰਗ ਹੋ ਜਾਵੇਗਾ। ਇਸ ਤੋਂ ਇਲਾਵਾ ਖਰੀਦ ਕੇਂਦਰਾਂ ਵਿੱਚ ਪੁੱਜੇ ਝੋਨੇ ਨੂੰ ਖਰੀਦ ਏਜੰਸੀਆਂ ਵੱਲੋਂ ਬਿਨਾਂ ਕਿਸੇ ਦੇਰੀ ’ਤੇ ਤੁਰਤ ਖਰੀਦ ਕੀਤਾ ਜਾ ਰਿਹਾ ਹੈ। ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਨੇ ਦੱਸਿਆ ਕਿ ਹੁਣ ਤੱਕ ਜ਼ਿਲ੍ਹੇ ’ਚ 101 ਰਾਈਸ ਮਿਲਾਂ ਨੇ ਆਨਲਾਈਨ ਅਲਾਟਮੈਂਟ ਲਈ ਅਪਲਾਈ ਕੀਤਾ ਹੈ ਜਿਸ ’ਚੋਂ 88 ਰਾਈਸ ਮਿਲਾਂ ਵੱਖ-ਵੱਖ ਏਜੰਸੀਆਂ ਨੂੰ ਅਲਾਟ ਕਰ ਦਿੱਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸਾਰੀਆਂ ਰਾਇਸ ਮਿਲਾਂ ਨੂੰ ਜ਼ਿਲ੍ਹੇ ਦੇ ਵੱਖ-ਵੱਖ ਖਰੀਦ ਕੇਂਦਰਾਂ/ਆਰਜ਼ੀ ਫੜ੍ਹਾਂ ਨਾਲ ਲਿੰਕ ਕਰ ਦਿੱਤਾ ਗਿਆ ਹੈ ਤਾਂ ਜੋ ਲਿਫਟਿੰਗ ਦੇ ਕੰਮ ਵਿੱਚ ਕਿਸੇ ਵੀ ਤਰ੍ਹਾਂ ਦੀ ਦਿੱਕਤ ਪੇਸ਼ ਨਾ ਆਵੇ। ਉਨ੍ਹਾਂ ਹਦਾਇਤ ਕੀਤੀ ਕਿ ਲਿਫਟਿੰਗ ਦੇ ਕੰਮ ਵਿੱਚ ਹੋਰ ਤੇਜ਼ੀ ਲਿਆਂਦੀ ਜਾਵੇ। ਉਹਨਾਂ ਦੱਸਿਆ ਕਿ ਜ਼ਿਲੇ ਦੀਆ ਮੰਡੀਆ ਵਿੱਚ ਝੋਨੇ ਦੀ ਖਰੀਦ ਦਾ ਕੰਮ ਲਗਾਤਾਰ ਜਾਰੀ ਹੈ ਜਿਲ੍ਹੇ ਦੀਆਂ 68 ਮੰਡੀਆਂ ਅਤੇ 20 ਆਰਜੀ ਖਰੀਦ ਕੇਂਦਰਾਂ ਵਿਚ ਬੀਤੀ ਸ਼ਾਮ ਤੱਕ ਲਗਭਗ 158782 ਟਨ ਝੋਨੇ ਦੀ ਆਮਦ ਹੋਈ ਹੈ, ਜਿਸ ’ਚੋ 114871 ਟਨ ਝੋਨੇ ਦੀ ਵੱਖ-2 ਸਰਕਾਰੀ ਏਜੰਸੀਆਂ ਵੱਲੋ ਖਰੀਦ ਕੀਤੀ ਜਾ ਚੁੱਕੀ ਹੈ। ਇਹਨਾਂ ਖਰੀਦ ਕੇਂਦਰਾਂ ਵਿੱਚ ਬੀਤੀ ਸ਼ਾਮ ਤੱਕ ਲਗਭਗ 17928 ਟਨ ਝੋਨੇ ਦੀ ਲਿਫਟਿੰਗ ਕੀਤੀ ਜਾ ਚੁੱਕੀ ਹੈ।