ਗੱਲ ਕੁੱਝ ਸਮਾਂ ਪਹਿਲਾਂ ਦੀ ਹੈ। ਘਰ ਦੀਆਂ ਕੁੱਝ ਜਰੂਰੀ ਵਸਤਾਂ ਖਰੀਦਣ ਲਈ ਮੈਂ ਆਪਣੇ ਪਤੀ ਦੇ ਨਾਲ ਆਪਣੇ ਸ਼ਹਿਰ ਦੇ ਬਣੇ ਇਕ ਖੂਬਸੂਰਤ ਮੌਲ ‘ਚ ਸ਼ੋਪਿੰਗ ਲਈ ਚਲੀ ਗਈ। ਅਸੀਂ ਉਥੋਂ ਲੋੜੀਂਦਾ ਸਾਮਾਨ ਖਰੀਦਿਆ। ਕਾਊਂਟਰ ਤੇ ਬਿੱਲ ਅਦਾ ਕਰਕੇ, ਆਪਣਾ ਸਾਮਾਨ ਲੈ ਕੇ ਅਸੀਂ ਮੌਲ ਚੋ ਅਜੇ ਬਾਹਰ ਨਿਕਲੇ ਹੀ ਸੀ ਕਿ ਪਤੀ ਦੇ ਫੌਨ ਤੇ ਕਿਸੇ ਦਾ ਫੌਨ ਆ ਗਿਆ। ਇਹ ਫੌਨ ਮੌਲ ਦੇ ਬਿਲਕੁਲ ਸਾਹਮਣੇ ਬਣੇ ਫਰਨੀਚਰ ਹਾਊਸ ਦੇ ਮਾਲਕ ਦਾ ਸੀ। ਸ਼ਾਇਦ ਉਸ ਨੇ ਸਾਨੂੰ ਦੇਖ ਲਿਆ ਸੀ। ਇਹ ਫਰਨੀਚਰ ਹਾਊਸ ਦਾ ਮਾਲਕ ਕਾਫੀ ਸਮੇਂ ਤੋਂ ਸਾਡਾ ਜਾਣਕਾਰ ਵੀ ਸੀ। ਉਸਨੇ ਸਾਨੂੰ ਅੰਦਰ ਆਉਣ ਲਈ ਬੇਨਤੀ ਕੀਤੀ। ਅਸੀਂ ਫਰਨੀਚਰ ਹਾਊਸ ਅੰਦਰ ਪਹੁੰਚੇ। ਉਸ ਜਾਣਕਾਰ ਨੇ ਸਤਿ ਸ੍ਰੀ ਅਕਾਲ ਬੁਲਾਉਣ ਉਪਰੰਤ ਨਾਲ ਪਏ ਸੋਫੇ ਵੱਲ ਇਸ਼ਾਰਾ ਕਰਦੇ ਹੋਏ ਕਿਹਾ “ਬੈਠੋ ਪਲੀਜ਼” ਤੇ ਤੁਰੰਤ ਹੀ ਉਸਨੇ ਉੱਥੇ ਕੰਮ ਕਰਦਿਆਂ ਲੜਕਿਆਂ ਵਿਚੋਂ ਕਿਸੇ ਇਕ ਨੂੰ ਚਾਹ ਲੈਣ ਲਈ ਭੇਜ ਦਿੱਤਾ। ਇੱਕ ਦੂਜੇ ਦਾ ਹਾਲ-ਚਾਲ ਜਾਣਨ ਤੋਂ ਬਾਅਦ ਉਸਨੇ ਗੱਲਬਾਤ ਸ਼ੁਰੂ ਕੀਤੀ। ਸਾਡੇ ਨਾਲ ਗੱਲਬਾਤ ਦੇ ਦੌਰਾਨ ਵੀ ਉਹ ਆਪਣੇ ਫੌਨ ਤੇ ਬਹੁਤ ਬਿਜੀ ਸੀ। ਤਕਰੀਬਨ ਇਕ ਅੱਧੇ ਮਿੰਟ ਵਿਚ ਹੀ ਉਸਨੂੰ ਕੋਈ ਨਾ ਕੋਈ ਫੌਨ ਆ ਰਿਹਾ ਸੀ। ਆਪਣੇ ਨਿੱਜੀ ਕੰਮਕਾਜੀ ਮਸਲੇ ‘ਚ ਉਹ ਕਾਫੀ ਉਲਜਿਆ ਜਾਪਿਆ। ਉਸ ਵਕਤ ਉਹ ਸ਼ਖਸ਼ (ਵਿਅਕਤੀ) ਮੈਨੂੰ ਇਕ ਕੰਪਿਊਟਰ ਹੀ ਲੱਗਿਆ। ਬਿਲਕੁਲ ਇਕ ਮਸ਼ੀਨ ਦੀ ਤਰ੍ਹਾਂ ਹੀ ਉਸਦਾ ਦਿਮਾਗ, ਉਸਦੇ ਹਾਵ-ਭਾਵ ਕੰਮ ਕਰ ਰਹੇ ਸਨ। ਮੈਂ ਅਜੇ ਇਹ ਸਭ ਕੁਝ ਦੇਖ ਹੀ ਰਹੀ ਸੀ ਕਿ ਇੰਨੇ ਨੂੰ ਚਾਹ ਵੀ ਆ ਗਈ। ਉਹ ਆਪਣੇ ਕਾਊਂਟਰ ਤੋਂ ਉੱਠ ਕਾਊਂਟਰ ਸੀਟ ਨੂੰ ਛੱਡਕੇ ਸਾਡੇ ਕੋਲ ਆ ਕੇ ਬੈਠ ਗਿਆ। ਸਤਿਕਾਰ ਸਹਿਤ ਉਸਨੇ ਬੇਨਤੀ ਕਰਦੇ ਹੋਏ ਕਿਹਾ ‘ਭਾਈ ਸਾਹਿਬ ਮੇਰਾ ਕੁੱਝ ਕਰੋ।’ ਮੈਂ ਬਹੁਤ ਦੁਖੀ ਹਾਂ। ਕੋਈ ਅਰਦਾਸ ਬੇਨਤੀ ਕਰੋ। ਹਾਂ ਕੋਈ ਅਰਦਾਸ ਬੇਨਤੀ ਕਰੋ। ‘ਅਜੇ ਵੀ ਦੁਖੀ ਹਾਂ’, ਹੁਣ ਤਾਂ ਕਮੀ ਕੋਈ ਨਹੀਂ, ਮੇਰੇ ਪਤੀ ਨੇ ਉਸਨੂੰ ਮਜਾਕ ਭਰੇ ਲਹਿਜੇ ਵਿਚ ਕਿਹਾ। ਪਰ ਉਸ ਸ਼ਖਸ਼ ਦੀ ਆਵਾਜ਼ ਵਿਚ ਮੈਨੂੰ ਵਾਕਿਆਹੀ ਡਾਹਡਾ ਦਰਦ ਮਹਿਸੂਸ ਹੋਇਆ। ਉਸ ਸ਼ਖਸ਼ ਨੇ ਆਪਣਾ ਸਵਾਲ ਫਿਰ ਦੁਹਰਾਇਆ ਤੇ ਕਿਹਾ, ‘ਨਹੀਂ ਭਾਈ-ਸਾਹਿਬ ਕਾਰੋਬਾਰ ‘ਚ ਤਾਂ ਕੋਈ ਕਮੀ ਨਹੀਂ, ਬਸ ਮੈਂ ਅੰਦਰੋਂ ਬਹੁਤ ਅਸ਼ਾਂਤ ਹਾਂ। ਮੈਂ ਮਨ ਤੋਂ ਸ਼ਾਂਤ ਹੋਣਾ ਚਾਹੁੰਦਾ ਹਾਂ। ਮੈਂ ਸੋਚਿਆ ਕਿ ਵਾਕਿਆ ਹੀ ਇਸਨੂੰ ਸਕੂਨ ਦੀ ਬਹੁਤ ਲੋੜ ਆ, ਸਿਰਫ਼ ਇਸਨੂੰ ਨਹੀਂ, ਦੁਨੀਆਂ ਦੇ ਹਰ ਮੁਨੱਖੀ ਨੂੰ ਸਹਿਜ ਅਵਸਥਾ ਦੀ ਲੋੜ ਹੈ। ਅੱਜ ਦਾ ਮੁਨੱਖ ਆਪਣੇ ਰੋਜਮਰਾਂ ਦੇ ਕੰਮਕਾਰ ਤੇ ਰੁਝੇਵਿਆਂ ਭਰੀ ਜਿੰਦਗੀ ਵਿਚ ਇੰਨਾ ਕੁ ਉਲਝ ਗਿਆ ਹੈ ਕਿ ਉਹ ਕੇਵਲ ਇਕ ਮਸ਼ੀਨ ਬਣਕੇ ਰਹਿ ਗਿਆ ਹੈ। ਹੋਰ ਰਿਸ਼ਤੇ ਨਾਤੇ ਦੀ ਗੱਲ ਤਾਂ ਛੱਡੋ ਉਸ ਲਈ ਆਪਣੇ ਪਰਿਵਾਰ ਤੇ ਖੁਦ ਆਪਣੇ ਲਈ ਸਮਾਂ ਨਹੀਂ ਹੈਗਾ ਕਿ ਉਹ ਆਪਣੇ ਆਪੇ ਨੂੰ ਸੰਵਾਰ ਲਵੇ। ਸਮੇਂ ਦੇ ਇਸ ਦੌਰ ਵਿਚ ਹਰ ਮਨੁੱਖੀ ਸਰੀਰ ਨੇ ਕਿਸੇ ਨੇ ਕਿਸੇ ਰੂਪੀ ਭੀੜ ਨੂੰ ਆਪਣੇ ਆਲੇ-ਦੁਆਲੇ ਇੱਕਠਾ ਕੀਤਾ ਹੋਇਆ ਹੈ। ਬਹੁਤੇ ਲੋਕ ਤਾਂ ਸ਼ੋਸ਼ਲ ਮੀਡੀਆ ਦੀ ਭੀੜ ਵਿਚ ਗੁਆਚ ਚੁੱਕੇ ਹਨ। ਅੱਧੀ-ਅੱਧੀ ਰਾਤ ਤੱਕ ਮੋਬਾਇਲ ਫੌਨ ਦੇਖਣਾ, ਨਾ ਸੌਣ ਦਾ ਸਹੀ ਸਮਾਂ ਤੇ ਨਾ ਜਾਗਣ ਦਾ। ਦਿਨ ਦੇ ਚੌਵੀ ਘੰਟਿਆਂ (ਅੱਠ ਪਹਿਰ) ਮੁਤਾਬਿਕ ਉਸਦੀ ਜੀਵਨ ਜਾਂਚ ਸਹੀ ਨਾ ਹੋਣ ਕਾਰਨ ਮਨੁੱਖ ਦਿਨੋ-ਦਿਨ ਆਸ਼ਾਂਤ ਹੁੰਦਾ ਚਲਾ ਜਾ ਰਿਹਾ ਹੈ। ਆਪਣੇ ਰੋਜਾਨਾ ਜੀਵਨ ਵਿਚ ਉਹ ਕੀ ਸੋਚਦਾ ਹੈ, ਕੀ ਵਿਚਾਰ ਕਰਦਾ ਹੈ, ਕੀ ਦੇਖਦਾ, ਸੁਣਦਾ ਹੈ, ਕਿੰਨਾ ਦੀ ਸੰਗਤ ਕਰਦਾ ਹੈ, ਇਹ ਸਾਰੀਆਂ ਗਤੀਵਿਧੀਆਂ ਮਨੁੱਖ ਦੇ ਜੀਵਨ ਤੇ ਗਹਿਰਾ ਪ੍ਰਭਾਵ ਛੱਡਦੀਆਂ ਜਾਂਦੀਆਂ ਹਨ। ਸਾਡੇ ਦਿਮਾਗ ਅੰਦਰ ਜੋ ਕੁਝ ਵੀ ਚੱਲਦਾ ਹੈ, ਉਸਦਾ ਗਹਿਰਾ ਅਸਰ ਸਾਡੇ ਮਨ ਤੇ ਹੁੰਦਾ ਹੈ। ਸਾਡੇ ਅੰਦਰ ਦੇ ਚਲਦੇ ਵਿਚਾਰ ਬਹੁਤ ਗਤੀਸ਼ੀਲ ਹੁੰਦੇ ਚਲੇ ਜਾਂਦੇ ਹਨ। ਸਾਡਾ ਮਨ ਬਹੁਤ ਬਲਵਾਨ ਹੈ ਇਹ ਮਿੰਟਾਂ-ਸਕਿੰਟਾਂ ‘ਚ ਕਿਤੇ ਦੀ ਕਿਤੇ ਹੋ ਆਉਂਦਾ ਹੈ। ਮਨ ਨੂੰ ਜੋ ਪਸੰਦ ਆਇਆ। ਫਿਰ ਇਹ ਉਸਨੂੰ ਪ੍ਰਾਪਤ ਕਰਨ ਦੀ ਚਾਹਤ ਰੱਖਣ ਲੱਗ ਜਾਂਦਾ ਹੈ। ਇਕ ਚਾਹਤ ਫਿਰ ਦੂਜੀ, ਤੀਜੀ ….. ਤੇ ਇਸੇ ਤਰ੍ਹਾਂ ਇਹ ਸਿਲਸਿਲਾ ਕਦੇ ਖਤਮ ਨਹੀਂ ਹੁੰਦਾ। ਮਨੁੱਖ ਤ੍ਰਿਸ਼ਨਾ ਦੇ ਲੋਭ ਅੰਦਰ ਪੂਰੀ ਤਰ੍ਹਾਂ ਡੁੱਬ ਜਾਂਦਾ ਹੈ। ਪਰ ਮਨੁੱਖੀ ਮਨ ਕਦੇ ਤ੍ਰਿਪਤ ਨਹੀਂ ਹੁੰਦਾ। ਹੁਣ ਇਕ ਅਸ਼ਾਂਤ ਮਨ ਮਨੁੱਖ ਨੂੰ ਮਾਨਸਿਕ ਤੇ ਸਰੀਰਕ ਤੌਰ ਤੇ ਬੀਮਾਰ ਕਰ ਦਿੰਦਾ ਹੈ। ਕੁੱਝ ਲੋਕ ਜਦੋਂ ਮਾਨਸਿਕ ਤੌਰ ਤੇ ਪ੍ਰੇਸ਼ਾਨ ਹੁੰਦੇ ਹਨ ਤਾਂ ਉਹ ਮੈਡੀਕਲ ਸਹਾਇਤਾ ਲੈਂਦੇ ਹਨ। ਕਈ ਲੋਕ ਨਸ਼ੇ ਦਾ ਸਹਾਰਾ ਲੈਂਦੇ ਹਨ। ਕਿਸੇ ਵੀ ਪ੍ਰਕਾਰ ਦਾ ਨਸ਼ਾ ਜਾਂ ਦਵਾਈਆਂ ਮਨੁੱਖ ਦਿਮਾਗ ਨੂੰ ਸੁਸਤ ਕਰ ਦਿੰਦੇ ਹਨ। ਦਿਮਾਗ ਕੁੱਝ ਵਕਤ ਸੋਚਣਾ ਛੱਡ ਦਿੰਦਾ ਹੈ ਉਹ ਵੀ ਉਨਾਂ ਸਮਾਂ ਜਿਨਾਂ ਸਮਾਂ ਡੋਜ਼ ਦਾ ਅਸਰ ਰਹਿੰਦਾ ਹੈ ਮਨੁੱਖ ਸੋਚਦਾ ਹੈ ਕਿ ਉਸਨੂੰ ਆਰਾਮ ਮਿਲ ਗਿਆ। ਜਿਨਾਂ ਸਮਾਂ ਦਿਮਾਗ ਸੁਸਤ ਰਿਹਾ, ਫਿਰ ਸਰੀਰ ਵੀ ਸੁਸਤ ਹੋ ਜਾਂਦਾ ਹੈ। ਇਸੇ ਚੱਕਰ ਵਿਚ ਫਸਿਆ ਹੋਇਆ ਮਨੁੱਖ ਕਦੇ-ਕਦੇ ਇਹਨਾਂ ਚੀਜਾਂ(ਨਸ਼ੇ, ਦਵਾਈਆਂ) ਦਾ ਆਦੀ ਹੋ ਕੇ ਰਹਿ ਜਾਂਦਾ ਹੈ। ਹੁਣ ਇਸ ਸਮੱਸਿਆ ਦਾ ਹੱਲ ਹੋਣ ਦੀ ਬਜਾਏ ਮਨੁੱਖ ਹੋਰ ਬੀਮਾਰੀਆਂ ਦੇ ਘੇਰੇ ਦਾ ਸ਼ਿਕਾਰ ਹੋ ਜਾਂਦਾ ਹੈ। ਇਕ ਅਸ਼ਾਂਤ ਮਨ ਹੀ ਅਸਲ ਰੋਗਾਂ ਦੀ ਜੜ੍ਹ ਹੁੰਦੀ ਹੈ। ਐਸੀ ਅਵਸਥਾ ਵਿਚ ਮਨੁੱਖ ਤੜਫਦਾ ਹੈ ਤੇ ਸ਼ਾਂਤੀ ਭਾਲਦਾ ਹੈ। ਖੁਸ਼ੀਆਂ ਲਈ ਵਿਲਕਦਾ ਹੈ। ਬਿਲਕੁੱਲ ਉਸੇ ਤਰ੍ਹਾਂ ਜਿਵੇਂ ਮ੍ਰਿਗ ਦੀ ਧੁੰਨੀ ਵਿਚ ਕਸਤੂਰੀ ਹੈ ਤੇ ਪਰ ਇਸਨੂੰ ਲੱਭਣ ਲਈ ਉਹ ਸਾਰੀ ਉਮਰ ਦੌੜਦਾ ਰਹਿੰਦਾ ਹੈ। ਇਸੇ ਤਰ੍ਹਾਂ ਮਨੁੱਖ ਸ਼ਾਂਤੀ ਭਾਲਦਾ ਫਿਰਦਾ ਹੈ। ਪਰ ਸ਼ਾਂਤੀ ਤਾਂ ਉਸਦੇ ਅੰਦਰ ਛੁਪੀ ਹੋਈ ਹੈ ਜਿਸਨੂੰ ਉਹ ਬਾਹਰ ਖੋਜਦਾ ਫਿਰਦਾ ਹੈ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਆਖਿਰ ਇਸ ਸ਼ਾਂਤੀ, ਸਕੂਨ, ਅਨੰਦ ਨੂੰ ਪ੍ਰਾਪਤ ਕਿਵੇਂ ਕੀਤਾ ਜਾਵੇ। ਗੁਰਬਾਣੀ ਦੇ ਮਹਾਂਵਾਕ ਅਨੁਸਾਰ, ‘ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ’। ਮਨ ਅਕਾਲ ਦਾ ਹਿੱਸਾ ਹੈ ਤੇ ਫਸਿਆ ਕਾਲ ਚੱਕਰ ‘ਚ ਹੋਇਆ। ਇਸ ਮਨ ਦੀ ਖੁਰਾਕ ਦੁਨਿਆਵੀ ਪਦਾਰਥਾਂ ਨਾਲ ਨਹੀਂ ਮਿਟਦੀ। ਬੇਸ਼ੱਕ ਸੰਸਾਰ ਦੀ ਦੌਲਤ ਇੱਕਠੀ ਕਿਉਂ ਨਾ ਕੀਤੀ ਜਾਵੇ। ਇਸ ਮਨ ਦੀ ਖੁਰਾਕ ਪ੍ਰਭੂ ਦਾ ਸਿਮਰਨ ਹੈ। ‘ਸਿਮਰਉ ਸਿਮਰਿ ਸਿਮਰਿ ਸੁਖ ਪਾਵਉ।। ਕਲਿ ਕਲੇਸ ਤਨ ਮਾਹਿ ਮਿਟਾਵਉ।।’ ਜਿਸ ਦਿਨ ਪ੍ਰਭੂ ਦੇ ਸਿਮਰਨ ਦੀ ਇੱਕ ਬੂੰਦ ਮਨ ਅੰਦਰ ਵਸ ਗਈ, ਇਕ ਛਿੱਟ ਵੀ ਇਸ ਮਨ ਤੇ ਪੈ ਗਈ ਉਸੇ ਦਿਨ ਇਹ ਸ਼ਾਂਤ ਹੋ ਜਾਵੇਗਾ। ਕਿਨਕਾ ਏਕ ਜਿਸ ਜੀਅ ਬਸਾਵੈ।। ਤਾਂ ਕੀ ਮਹਿਮਾ ਗਨੀ ਨ ਆਵੈ।। ਇੱਕ ਕਿਨਕਾ ਮਾਤਰ ਵੀ ਇਸ ਮਨ ਤੇ ਪ੍ਰਭੂ ਸਿਮਰਨ ਦਾ ਰਸ ਪੈ ਗਿਆ ਤਾਂ ਉਸੇ ਦਿਨ ਹੀ ਮਨੁੱਖ ਨੂੰ ਇੰਝ ਮਹਿਸੂਸ ਹੋਵੇਗਾ ਜਿਵੇਂ ਰੇਗਿਸਤਾਨ ‘ਚ ਚਲਦੀਆਂ ਤੇਜ਼ ਹਨੇਰੀਆਂ ਤੇ ਕੁਝ ਕਣੀਆਂ ਪੈ ਜਾਣ। ਹਨੇਰੀਆਂ ਵੀ ਥਮ ਜਾਣਗੀਆਂ ਤੇ ਪਾਣੀ ਦੀਆਂ ਛਿੱਟਾਂ ਨਾਲ ਚਾਰ-ਚੁਫੇਰੇ ਖੁਸ਼ਬੂ ਵੀ ਫੈਲ ਜਾਵੇਗੀ। ਹੁਣ ਪ੍ਰਭੂ ਸਿਮਰਨ ਦਾ ਰਸ ਲੈਣ ਲਈ ਤੇ ਮਨ ਸ਼ਾਂਤ ਕਰਨ ਲਈ ਸਾਨੂੰ ਜੀਵਨ ਜਾਂਚ ਸਹੀ ਕਰਨੀ ਪਵੇਗੀ। ਕਿਉਂਕਿ ਮਨੁੱਖ ਦਾ ਧਿਆਨ ਹਮੇਸ਼ਾ ਖਿੰਡਆ ‘ਚ ਰਹਿੰਦਾ ਹੈ, ਬਾਹਰਮੁਖੀ ਹੈ, ਇਸਨੂੰ ਅੰਤਰਮੁਖੀ ਹੋਣਾ ਪਵੇਗਾ। ਫਿਰ ਧਿਆਨ ਅੰਤਰਮੁਖੀ ਕਰਨ ਲਈ ਇਕਾਗਰਤਾ ਦੀ ਲੋੜ ਹੈ। ਇਕਾਗਰਤਾ ਪ੍ਰਾਪਤ ਕਰਨ ਵਾਸਤੇ ਹਰ ਮਨੁੱਖੀ ਸਰੀਰ ਨੂੰ ਫਾਲਤੂ ਦੀ ਬੋਲਚਾਲ ਬੰਦ ਕਰਨੀ ਪਵੇਗੀ। ਵਿਅਰਥ, ਬੇਲੋੜੇ ਕਾਰਨਾਮਿਆਂ ਤੋਂ ਵੀ ਪ੍ਰਹੇਜ਼ ਕਰਨਾ ਪਵੇਗਾ। ਤਾਂ ਕਿ ਮਨੁੱਖ ਆਪਣੀ ਊਰਜਾ (ਅਨਰਜੀ) ਨੂੰ ਨਸ਼ਟ ਹੋਣ ਤੋਂ ਬਚਾ ਸਕੇ। ਆਪਣੇ ਖਾਣ-ਪਾਣ, ਰਹਿਣ-ਸਹਿਣ ਦਾ ਧਿਆਨ ਰੱਖਣਾ ਹੈ। ਰਾਤ ਨੂੰ ਜਲਦੀ ਸੌਣਾ ਹੈ, ਤਾਂ ਜੋ ਅੰਮ੍ਰਿਤ ਵੇਲੇ ਜਾਗ ਆ ਸਕੇ। ਬਸ ਇਸੇ ਬ੍ਰਹਮ ਮੂਰਤ ਵਿਚ ਹਰ ਮਨੁੱਖੀ ਸਰੀਰ ਨੂੰ ਉਸ ਪ੍ਰਮੇਸ਼ਵਰ (ਅਕਾਲ-ਪੁਰਖ) ਦਾ ਧਿਆਨ ਧਰਨਾ ਹੈ। ਬੇਸ਼ੱਕ ਸ਼ੁਰੂਆਤ ਸਮੇਂ ਕੁੱਝ ਮਿੰਟ। ਗੁਰਬਾਣੀ ਦੇ ਮਹਾਂਵਾਕਾਂ ਅਨੁਸਾਰ ‘ ਕਬੀਰ ਏਕ ਘੜੀ ਆਧੀ ਘਰੀ ਆਧੀ ਹੂੰ ਤੇ ਆਧ।। ਭਗਤਨ ਸੇਤੀ ਗੋਸਟੇ ਜੋ ਕੀਨੇ ਸੋ ਲਾਭ।।’
ਫਿਰ ਕੁੱਝ ਦਿਨਾਂ ਵਿਚ ਹੀ ਇਸਦਾ ਅਸਰ ਦਿਖਾਈ ਦੇਣ ਲੱਗਦਾ ਹੈ ਤੇ ਮਨੁੱਖ ਇਸ ਰਸ ਦਾ ਆਦੀ ਹੋ ਜਾਂਦਾ ਹੈ। ਚਿੰਤਾਂ ਤੋਂ ਮੁਕਤ ਹੋ ਕੇ ਮਨੁੱਖ ਸ਼ਾਂਤ ਰਹਿਣ ਲੱਗਦਾ ਹੈ ਤੇ ਹੌਲੀ ਹੌਲੀ ਉਹ ਇਕ ਸਹਿਜ ਅਵਸਥਾ ਦਾ ਮਾਲਕ ਬਣ ਜਾਂਦਾ ਹੈ। ਹੁਣ ਇਸ ਕੋਲ ਉਹ ਸੱਚੀ ਖੁਸ਼ੀ, ਅਥਾਹ ਅਨੰਦ ਸਭ ਕੁਝ ਇਸਨੂੰ ਪ੍ਰਾਪਤ ਹੋ ਜਾਂਦਾ ਹੈ ਜਿਸਦੀ ਭਾਲ ਵਿਚ ਮਨੁੱਖ ਦਰ-ਦਰ ਦੀਆਂ ਠੋਕਰਾਂ ਖਾਂਦਾ ਫਿਰਦਾ ਸੀ। ਇਸ ਖੂਬਸੂਰਤ ਅਵਸਥਾ ਤੋਂ ਬਾਅਦ ਹੁੰਦਾ ਹੈ ਅਸਲੀ ਜੀਵਨ ਸ਼ੁਰੂ। ਇਕ ਖੂਬਸੂਰਤ ਜਿੰਦਗੀ ਜਿਸ ਨੂੰ ਮਨੁੱਖ ਪਲ-ਪਲ ਜੀ ਭਰ ਕੇ ਜਿਉਂਦਾ ਹੈ। ਉਸਨੂੰ ਸਮਝ ਪੈ ਜਾਂਦੀ ਹੈ ਕਿ ਜੀਵਨ, ਇਹ ਜਿੰਦਗੀ ਕਿੰਨੀ ਕੀਮਤੀ ਹੈ, ਇਕ ਕੀਮਤੀ ਹੀਰੇ ਦੀ ਤਰ੍ਹਾਂ। ਜੀਵਨ ਏਕ ਅਮੋਲਕ ਹੀਰਾ ਤੇ ਫਿਰ ਮਨੁੱਖ ਬਣਦਾ ਹੈ ਆਪਣੀ ਜਿੰਦਗੀ ‘ਚ ਬਾਦਸ਼ਾਹ।
ਕਰਮਜੀਤ ਕੌਰ ਮੁਕਤਸਰ
89685-94379