ਪੰਜਾਬੀ ਵਾਰਤਕ ਦੀ ਇੱਕ ਬਹੁਤ ਲੰਮੀ ਅਤੇ ਦੀਰਘ ਪਰੰਪਰਾ ਰਹੀ ਹੈ, ਜਿਸ ਵਿੱਚ ਭਾਈ ਵੀਰ ਸਿੰਘ (1872-1957) ਤੋਂ ਲੈ ਕੇ ਹੁਣ ਤੱਕ ਕਿੰਨੇ ਹੀ ਵੱਡੇ-ਛੋਟੇ ਲੇਖਕਾਂ ਨੇ ਯਥਾਯੋਗ ਯੋਗਦਾਨ ਪਾਇਆ ਹੈ। ਨਵੀਂ ਪੰਜਾਬੀ ਵਾਰਤਕ ਵਿੱਚ ਜੀਵਨ ਦੇ ਮਸਾਇਲ ਨੂੰ ਵੀ ਪ੍ਰਸਤੁਤ ਕਰਨ ਦੀ ਬਿਰਤੀ ਮੌਜੂਦ ਹੈ, ਜਿਸ ਵਿੱਚ ਅਸਲੋਂ ਨਵੇਂ ਲੇਖਕ ਜਗਜੀਤ ਸਿੰਘ ਲੋਹਟਬੱਦੀ ਦਾ ਨਾਂ ਲਿਆ ਜਾ ਸਕਦਾ ਹੈ। ‘ਰੁਤਿ ਫਿਰੀ ਵਣੁ ਕੰਬਿਆ’ (2022) ਤੋਂ ਬਾਦ ਉਹ ਆਪਣੀ ਨਵੀਂ ਪੁਸਤਕ ‘ਜੁਗਨੂੰਆਂ ਦੇ ਅੰਗ ਸੰਗ’ (ਲਾਹੌਰ ਬੁਕ ਸ਼ਾਪ ਲੁਧਿਆਣਾ, ਪੰਨੇ 135, ਮੁੱਲ 200/-) ਰਾਹੀਂ ਇੱਕ ਵਾਰ ਫੇਰ ਚਰਚਾ ਵਿੱਚ ਹੈ। ਉਹਦੀ ਪਹਿਲੀ ਕਿਤਾਬ ਨੂੰ ਪਾਠਕਾਂ, ਸ਼ੁਭਚਿੰਤਕਾਂ ਤੇ ਸਮੀਖਿਅਕਾਂ ਵੱਲੋਂ ਭਰਪੂਰ ਹੁੰਗਾਰਾ ਮਿਲਿਆ ਸੀ, ਜਿਸ ਤੋਂ ਮੁਤਾਸਿਰ ਹੋ ਕੇ ਉਹਨੇ ਆਪਣੀ ਮਖ਼ਸੂਸ ਸ਼ੈਲੀ ਵਿੱਚ ਦੂਜੀ ਕਿਤਾਬ ਰਾਹੀਂ ਦਸਤਕ ਦਿੱਤੀ ਹੈ।
ਇਸ ਕਿਤਾਬ ਵਿੱਚ ਵੱਖ-ਵੱਖ ਵਿਸ਼ਿਆਂ ਤੇ 22 ਲੇਖ ਹਨ, ਜੋ ਸਿੱਧੇ ਤੌਰ ਤੇ ਜੀਵਨ ਦੀਆਂ ਜਟਿਲਤਾਵਾਂ, ਸਮੱਸਿਆਵਾਂ, ਦੁਖਾਂ, ਸੁਖਾਂ, ਵਿਸੰਗਤੀਆਂ ਅਤੇ ਸਰੋਕਾਰਾਂ ਨਾਲ ਜੁੜੇ ਹੋਏ ਹਨ। ਪੁਸਤਕ ਦੀ ਭੂਮਿਕਾ ਪ੍ਰਬੁੱਧ ਅਤੇ ਪ੍ਰਤਿਸ਼ਠਿਤ ਸਮਾਲੋਚਕ ਪ੍ਰੋ. ਬ੍ਰਹਮਜਗਦੀਸ਼ ਸਿੰਘ ਨੇ ਲਿਖੀ ਹੈ, ਜਿਸਦੇ ਅੰਤਰਗਤ ਉਸਨੇ ਲੇਖਕ ਦੀਆਂ ਅਸੀਮ ਸੰਭਾਵਨਾਵਾਂ ਦੀ ਨਿਸ਼ਾਨਦੇਹੀ ਕਰਦਿਆਂ ਇਹ ਟਿੱਪਣੀ ਕੀਤੀ ਹੈ, “ਜਗਜੀਤ ਸਿੰਘ ਲੋਹਟਬੱਦੀ ਵਿਸ਼ਵ ਸਾਹਿਤ ਅਤੇ ਫ਼ਲਸਫ਼ੇ ਦਾ ਗੰਭੀਰ ਪਾਠਕ ਹੈ। ਸਾਹਿਤ ਦਾ ਪਠਨ-ਪਾਠਨ ਕਰਦਿਆਂ ਉਹਦੇ ਆਪਣੇ ਅੰਦਰੋਂ ਮੌਲਿਕ ਸਾਹਿਤ ਦੀਆਂ ਧਾਰਾਵਾਂ ਆਪ-ਮੁਹਾਰੇ ਪ੍ਰਸਫੁਟਿਤ ਹੋ ਗਈਆਂ… ਇਹ ਲਿਖਤ ਪਾਠਕਾਂ ਦੇ ਮਨ-ਮਸਤਕ ਅੰਦਰ ਸਿਰਜਣਾਤਮਕ ਸੰਭਾਵਨਾਵਾਂ ਦੇ ਸਿੰਘ-ਦੁਆਰ ਖੋਲ੍ਹੇਗੀ…।” ਇਵੇਂ ਹੀ ਪ੍ਰੋ. ਹਰਿੰਦਰ ਕੌਰ ਸੋਹੀ ਨੇ ਜਗਜੀਤ ਸਿੰਘ ਦੀ ਪੁਸਤਕ ਨੂੰ “ਕਵਿਤਾ ਵਰਗੀ ਵਾਰਤਕ” ਕਹਿ ਕੇ ਵਡਿਆਇਆ ਹੈ।
ਇਸ ਕਿਤਾਬ ਵਿਚਲੇ ਕੁਝ ਲੇਖ ਗੁਰਬਾਣੀ ਪੰਕਤੀਆਂ ਨੂੰ ਪਾਸਾਰ ਦਿੰਦੇ ਹਨ, ਜਿਨ੍ਹਾਂ ਵਿੱਚ ‘ਧਨੁ ਜੋਬਨ ਅਰੁ ਫੁਲੜਾ’, ‘ਵਿਦਿਆ ਵੀਚਾਰੀ ਤਾ ਪਰਉਪਕਾਰੀ’, ‘ਦ੍ਵਾਰਿਕਾ ਨਗਰੀ ਕਾਹੇ ਕੇ ਮਗੋਲ’ ਅਤੇ ‘ਗਲੀਂ ਅਸੀਂ ਚੰਗੀਆ’ ਨੂੰ ਵੇਖਿਆ ਜਾ ਸਕਦਾ ਹੈ। ਕੁਝ ਲੇਖਾਂ ਦੇ ਸ਼ੀਰਸ਼ਕ ਲੋਕਯਾਨਿਕ ਟੂਕਾਂ ਤੇ ਆਧਾਰਿਤ ਹਨ- ‘ਇਹ ਕੇਹੀ ਰੁੱਤ ਆਈ’, ‘ਪਤਾ ਨੀ ਰੱਬ ਕਿਹੜਿਆਂ ਰੰਗਾਂ ਵਿੱਚ ਰਾਜ਼ੀ’, ‘ਗੁੱਝੀ ਰਹੇ ਨਾ ਹੀਰ ਹਜ਼ਾਰ ਵਿੱਚੋਂ’, ‘ਬਸਰੇ ਦੀ ਲਾਮ ਟੁੱਟਜੇ’, ‘ਮੇਲਾ ਤਾਂ ਛਪਾਰ ਲੱਗਦਾ’ ਆਦਿ। ਤਿੰਨ ਲੇਖ ਇਤਿਹਾਸਕ ਤੱਥਾਂ ਅਤੇ ਅੰਕੜਿਆਂ ਦੇ ਜ਼ਾਮਨ ਹਨ – ‘ਕੈਨੇਡਾ ਦਾ ਰਾਣੀ ਸ਼ਹਿਰ ਰਿਜਾਇਨਾ’, ‘ਐਵੇਂ ਨੀ ਸਦੀਂਦੇ ਬਾਦਸ਼ਾਹ’ ਅਤੇ ‘ਬਾਬੇ ਨਾਨਕ ਦਾ ਰਬਾਬੀ’।
ਇਨ੍ਹਾਂ ਸਾਰੇ ਲੇਖਾਂ, ਜੋ ਆਕਾਰ ਪੱਖੋਂ ਬਹੁਤ ਛੋਟੇ ਹਨ, ਵਿੱਚ ਸੁਹਜਾਤਮਕਤਾ, ਸੁਖ਼ਨਤਾ ਅਤੇ ਸਾਹਿਤਕਤਾ ਦੇ ਸੁਮੇਲ ਨੂੰ ਚੰਗੀ ਤਰ੍ਹਾਂ ਵਿਉਂਤਿਆ ਗਿਆ ਹੈ। ਇਹ ਲੇਖ ਗਹਿਰ-ਗੰਭੀਰ ਜਾਂ ਬੌਧਿਕਤਾ ਦੇ ਲਬਾਦੇ ਵਿੱਚ ਲਪੇਟੇ ਹੋਏ ਨਹੀਂ ਹਨ, ਸਗੋਂ ਲੇਖਕ ਨੇ ਆਮ ਆਦਮੀ ਦੇ ਸਮਝ ਵਿੱਚ ਆਉਣ ਵਾਲੀ ਕੋਮਲ, ਮਿੱਠੀ ਤੇ ਠੇਠ ਸ਼ੈਲੀ ਵਿੱਚ ਲਿਖੇ ਹਨ। ਇਸ ਵਾਰਤਕ ਨੂੰ ਹਰ ਵਰਗ ਦਾ ਪਾਠਕ ਮਾਣ ਸਕਦਾ ਹੈ। ਲੇਖਕ ਖੁਦ ਭਾਵੇਂ ਅੰਗਰੇਜ਼ੀ ਵਿੱਚ ‘ਮਾਸਟਰਜ਼’ ਹੈ ਪਰ ਉਹਨੇ ਆਪਣੇ ਅੰਗਰੇਜ਼ੀ ਗਿਆਨ ਨੂੰ ਇਨ੍ਹਾਂ ਲਿਖਤਾਂ ਉੱਤੇ ਹਾਵੀ ਨਹੀਂ ਹੋਣ ਦਿੱਤਾ। ਸਗੋਂ ਸਹਿਜ, ਸੁਹਜ ਤੇ ਸਾਹਸ ਰਾਹੀਂ ਕਲਾ, ਕਵਿਤਾ ਤੇ ਕਲਪਨਾ ਦੀ ਆਬਸ਼ਾਰ ਨੂੰ ਤ੍ਰੌਂਕਿਆ ਹੈ। ਮਿੰਨੀਆਂ, ਮਹੀਨ ਤੇ ਮਲੂਕ ਪਾਣੀ ਦੀਆਂ ਬੂੰਦਾਂ ਮਧੁਰ, ਮਟਕ ਤੇ ਮਸਤ ਚਾਲ ਚੱਲਦੀਆਂ ਲੇਖਕ ਦੀ ਵਾਰਤਕ ਨੂੰ ਅਜਿਹੀ ਰਵਾਨਗੀ ਬਖਸ਼ਦੀਆਂ ਹਨ, ਜਿਸ ਨਾਲ ਪਾਠਕ ਸੁਆਦ-ਸੁਆਦ ਹੋਇਆ ਰਹਿੰਦਾ ਹੈ। ਵੱਡੀ ਗੱਲ ਇਹ ਹੈ ਕਿ ਕੋਈ ਵੀ ਲੇਖ ਕਿਤੋਂ ਵੀ ਪੜ੍ਹਨ ਲੱਗੋ, ਉਸੇ ‘ਚੋਂ ਕਥਾ-ਰਸ ਦੀ ਮਹਿਕ ਆਵੇਗੀ।
ਜਗਜੀਤ ਦੇ ਲੇਖਾਂ ਦਾ ਇਹ ਕ੍ਰਿਸ਼ਮਾ ਕਿਹਾ ਜਾ ਸਕਦਾ ਹੈ ਕਿ ਪਾਠਕ ਪਹਿਲੇ ਹੀ ਵਾਕ ਨਾਲ ਖਿੱਚਿਆ ਜਾਂਦਾ ਹੈ। ‘ਘਰ’ ਬਾਰੇ ਹੁਣ ਤੱਕ ਪ੍ਰਿੰ. ਤੇਜਾ ਸਿੰਘ ਦੇ ਲੇਖ ‘ਘਰ ਦਾ ਪਿਆਰ’ ਦੀ ਪਰਿਭਾਸ਼ਾ ਨੂੰ ਪ੍ਰਮਾਣਿਕ ਤੇ ਸੰਪੂਰਨ ਮੰਨਿਆ ਜਾਂਦਾ ਰਿਹਾ ਹੈ, ਪਰ ਜਗਜੀਤ ਦੀ ‘ਮੇਰੇ ਘਰ ਦਾ ਸਿਰਨਾਵਾਂ’ ਵਿੱਚ ਘਰ ਦੀ ਪਰਿਭਾਸ਼ਾ ਆਪਣੀ ਮੌਲਿਕਤਾ ਸਹਿਤ ਰੇਖਾਂਕਿਤ ਹੋਈ ਹੈ – “ਘਰ ਦਾ ਦੂਜਾ ਨਾਂ… ਸਕੂਨ, ਸ਼ਾਂਤੀ, ਸਿਰ ਤੇ ਛੱਤ, ਆਤਮਾ ਦੀ ਤ੍ਰਿਪਤੀ, ਮਨ ਦਾ ਠਹਿਰਾਅ। ਜਿੱਥੇ ਖੁੱਲ੍ਹ ਕੇ ਅੰਗੜਾਈ ਲੈਣ ਨੂੰ ਦਿਲ ਕਰਦੈ।” (15)
ਜਗਜੀਤ ਦੀ ਇਹ ਪੁਸਤਕ ਸਧਾਰਨ-ਬੁੱਧ ਪਾਠਕ ਦੀ ਨਬਜ਼ ਪਛਾਣਦੀ ਹੈ ਤੇ ਅਜਿਹੇ ਪਾਠਕ ਨੂੰ ਇਸ ਵਿੱਚੋਂ ਆਪਣੀ ਭਾਸ਼ਾ ਬੋਲਦੀ ਸੁਣੀਂਦੀ ਹੈ। ਲੇਖਕ ਨੇ ਵਾਕਾਂ ਦੀ ਸਿਰਜਣਾ ਕਰਦਿਆਂ ਇਹਨੂੰ ਮਕਾਨਕੀ ਨਹੀਂ ਬਣਨ ਦਿੱਤਾ, ਯਾਨੀ ਸਹਾਇਕ ਕਿਰਿਆ ਨੂੰ ਘੱਟ ਤੋਂ ਘੱਟ ਵਰਤਣ ਦੀ ਕੋਸ਼ਿਸ਼ ਕੀਤੀ ਹੈ ਤੇ ਬਹੁਤੀ ਥਾਂਈਂ ਮੁੱਖ ਕਿਰਿਆ ਦੇ ਨਾਲ ਹੀ ਵਾਕ ਖਤਮ ਕੀਤੇ ਹਨ। ਮਿਸਾਲ ਵਜੋਂ : ਕਰਦੈ, ਦਿੰਦੈ, ਬਚਿਐ, ਬਣਾਉਂਦੈ, ਦੱਸਦੇੈ, ਮਿਲਦੈ ਆਦਿ। ਸੰਭਵ ਹੈ ਕਿ ਭਾਸ਼ਾਈ ਮਾਹਿਰਾਂ ਨੂੰ ਇਹ ਗੱਲ ਹਜ਼ਮ ਨਾ ਹੋਵੇ ਪਰ ਆਮ ਪਾਠਕ ਦੀ ਨਜ਼ਰ ਤੋਂ ਵੇਖਿਆਂ ਇਨ੍ਹਾਂ ਵਿੱਚੋਂ ਸੰਗੀਤਾਤਮਕਤਾ ਝਲਕਦੀ ਹੈ।
ਜਗਜੀਤ ਦੀ ਵਾਰਤਕ ਵਿੱਚ ਪੰਜਾਬੀ ਦੇ ਨਵੇਂ-ਪੁਰਾਣੇ ਕਵੀ, ਲੇਖਕ, ਗੁਰੂ, ਪੀਰ, ਫ਼ਕੀਰ, ਭਗਤ, ਸੂਫ਼ੀ, ਕਿੱਸਾਕਾਰ ਵੀ ਹਾਜ਼ਰ-ਨਾਜ਼ਰ ਹਨ ਅਤੇ ਅੰਗਰੇਜ਼ੀ ਦੇ ਕਵੀਆਂ, ਲੇਖਕਾਂ, ਦਾਰਸ਼ਨਿਕਾਂ ਨੇ ਵੀ ਆਪਣੀ ਥਾਂ ਬਣਾਈ ਹੈ। ਲੇਖਾਂ ਦੇ ਵਿਸ਼ਿਆਂ ਮੁਤਾਬਕ ਉਹਨੇ ਕਿਤੇ-ਕਿਤੇ ਅਰਬੀ, ਫ਼ਾਰਸੀ, ਅੰਗਰੇਜ਼ੀ ਤੇ ਹਿੰਦੀ ਆਦਿ ਭਾਸ਼ਾਵਾਂ ਦੇ ਸ਼ਬਦ ਵਰਤਣ ਤੋਂ ਵੀ ਗੁਰੇਜ਼ ਨਹੀਂ ਕੀਤਾ ਪਰ ਇਹ ਸ਼ਬਦ ਉਹਦੀ ਵਾਰਤਕ ਨੂੰ ਬੋਝਲ ਨਹੀਂ ਬਣਾਉਂਦੇ ਸਗੋਂ ਸੁਤੇਸਿੱਧ ਹੀ ਪਾਠਕ ਨੂੰ ਅਰਥਾਂ ਦੀ ਸੋਝੀ ਵੀ ਕਰਵਾ ਦਿੰਦੇ ਹਨ- ਮੁਤਬੱਰਕ, ਮੁਕੱਦਸ, ਤਸੱਵੁਰ, ਫ਼ਿਜ਼ਾ, ਲਰਜ਼, ਫਜ਼ਰ, ਇਖ਼ਲਾਕੀ, ਲਮਹੇ, ਬਟਵਾਰਾ, ਸ਼ਾਲੀਨਤਾ, ਆਸਥਾ, ਵਿਖਿਆਤ, ਪਾਜ਼ਿਟਿਵ ਵਾਈਬਜ਼, ਐਂਟਰੀ, ਐਗਜ਼ਿਟ, ਸਟੇਟਸ ਸਿੰਬਲ, ਰੈਂਕਿੰਗ, ਡੋਨੇਸ਼ਨ ਆਦਿ ਇਨ੍ਹਾਂ ਦੀਆਂ ਕੁਝ ਉਦਾਹਰਣਾਂ ਹਨ। ਉਹ ਹਰ ਨੰਨੇ-ਨਿੱਕੇ ਵੇਰਵੇ/ ਤਜਰਬੇ/ ਅਨੁਭਵ ਨੂੰ ਹਿਫ਼ਜ਼ ਰੱਖਦਾ ਹੈ ਤੇ ਸੰਬੰਧਿਤ ਵਿਸ਼ੇ ਵਿੱਚ ਉਹਨੂੰ ਫਿੱਟ ਕਰਕੇ ਸਨਮਾਨ ਤੇ ਸਥਾਨ ਦਿੰਦਾ ਹੈ। ਡੋਨਾ ਸੂਰੀ ਦਾ ਸਜਾਇਆ ਘਰ (16), ਦੱਖਣੀ ਅਫ਼ਰੀਕਾ ਦਾ ਫੋਟੋਗਰਾਫਰ (28), ਕੇਰਲ, ਨਿਊਜ਼ੀਲੈਂਡ ਤੇ ਆਸਟ੍ਰੇਲੀਆ ਦੀਆਂ ਸੁਸਿੱਖਿਅਤ ਔਰਤਾਂ (40), ਫਿਰਕੂ ਰੰਗਤ (65), ਸੋਸ਼ਲ ਮੀਡੀਆ (102) ਇਹਦੀਆਂ ਕੁਝ ਦੱਸਣਯੋਗ ਮਿਸਾਲਾਂ ਹਨ। ਸਮਾਜਕ, ਸਭਿਆਚਾਰਕ, ਸਾਂਸਕ੍ਰਿਤਕ ਤੇ ਸਭ ਤੋਂ ਵੱਧ ਸਾਹਿਤਕ ਤੰਦਾਂ ਨਾਲ ਲਬਰੇਜ਼ ਇਹ ਵਾਰਤਕ ਪੁਸਤਕ ਪੰਜਾਬੀ ਪਾਠਕਾਂ ਨੂੰ ਕੀਲਣ ਦੀ ਸਮਰੱਥਾ ਰੱਖੇਗੀ, ਅਜਿਹਾ ਮੇਰਾ ਵਿਸ਼ਵਾਸ ਹੈ!
* ਪ੍ਰੋ. ਨਵ ਸੰਗੀਤ ਸਿੰਘ
# ਅਕਾਲ ਯੂਨੀਵਰਸਿਟੀ, ਤਲਵੰਡੀ ਸਾਬੋ-151302 (ਬਠਿੰਡਾ) 9417692015.
Leave a Comment
Your email address will not be published. Required fields are marked with *