ਪੰਜਾਬੀ ਵਾਰਤਕ ਸਾਹਿਤ ਵਿਚ ਰੇਖਾ ਚਿੱਤਰ ਵਿਧਾ ਦੀ ਇਕ ਵਖਰੀ ਪਹਿਚਾਣ ਹੈ, ਪਰ ਕਾਵਿ ਖੇਤਰ ਵਿਚ ਇਕੋ ਸਮੇਂ 25 ਸਾਹਿਤਕਾਰਾਂ ਦੇ ਸ਼ਬਦ-ਚਿੱਤਰ ਪੇਸ਼ ਕਰਨ ਵਰਗੀ ਦਰਸ਼ਨ ਸਿੰਘ ਭੰਮੇ ਦੀ ਪੁਸਤਕ ‘ਜੁਗਨੀ ਜੜੇ ਨਗੀਨੇ’ ਮੈਂ ਪਹਿਲੀ ਵਾਰ ਪੜ੍ਹੀ ਹੈ। ਹੋ ਸਕਦਾ ਹੈ ਕਿ ਪਹਿਲਾਂ ਵੀ ਕਿਸੇ ਕਵੀ ਨੇ ਅਜਿਹੀ ਪੁਸਤਕ ਦੀ ਰਚਨਾ ਕੀਤੀ ਹੋਵ ਅਤੇ ਮੇਰੀ ਨਜ਼ਰ ਨਾ ਚੜ੍ਹੀ ਹੋਵੇ। ਜੇ ਸਮਰਪਣ ਵਾਲੇ ਚਾਰ ਸ਼ਬਦ ਚਿੱਤਰ ਵੀ ਇਹਨਾਂ 25 ਵਿਚ ਸ਼ਾਮਿਲ ਕੀਤਾ ਜਾਵੇ ਤਾਂ ਇਹਨਾਂ ਦੀ ਗਿਣਤੀ 29 ਬਣ ਜਾਂਦੀ ਹੈ।
ਪੰਜਾਬੀ ਦੇ ਪ੍ਰਸਿੱਧ ਆਲੋਚਕ ਪ੍ਰੋ. ਬ੍ਰਹਮ ਜਗਦੀਸ਼ ਸਿੰਘ ਨੇ ‘ਜੁਗਨੀ ਜੜੇ ਨਗੀਨੇ: ਬਿਰਤਾਂਤ ਅਤੇ ਕਾਵਿ-ਕੋਸ਼ਲ’ ਸਿਰਲੇਖ ਅਧੀਨ ਬੜੀ ਬਰੀਕੀ ਨਾਲ ਇਸ ਪੁਸਤਕ ਦਾ ਨਿਚੋੜ ਪੇਸ਼ ਕੀਤਾ ਹੈ। ਵਿਦਵਾਨ ਆਲੋਚਕ ਦੀ ਇਹ ਵਿਸਤ੍ਰਿਤ ਟਿੱਪਣੀ ਪੜ੍ਹ ਕੇ ਪੁਸਤਕ ਨੂੰ ਬਹੁਤ ਅਸਾਨੀ ਨਾਲ ਸਮਝਿਆ ਅਤੇ ਮਾਣਿਆ ਜਾ ਸਕਦਾ ਹੈ। ਜਿਥੇ ਉਸ ਨੇ ਦਰਸ਼ਨ ਸਿੰਘ ਭੰਮੇ ਦੀ ਕਾਵਿ ਕਲਾ ਅਤੇ ਸ਼ਬਦ ਚਿੱਤਰ ਕਲਾ ਦੇ ਗੁਣਾਂ ਦੀ ਚਰਚਾ ਕੀਤੀ ਹੈ, ਉਥੇ ਕਾਵਿ ਕਲਾ ਦੀਆਂ ਕੁਝ ਖ਼ਾਮੀਆਂ ਵੱਲ ਵੀ ਇਸ਼ਾਰਾ ਕੀਤਾ ਹੈ। ਇਸ ਪੱਖੋਂ ਉਸਦਾ ਇਹ ਕਥਨ ਦੇਖਿਆ ਜਾ ਸਕਦਾ ਹੈ, “ਕਵੀ ਜਦੋਂ ਆਪਣੇ ਪਾਤਰਾਂ ਦੇ ਜੀਵਨ ਨਾਲ ਸੰਬੰਧਿਤ ਅੰਕੜੇ ਸ਼ਾਮਿਲ ਕਰਦਾ ਹੈ ਤਾਂ ਕਾਵਿ-ਸਿਰਜਣਾ ਦਾ ਪੱਧਰ ਨੀਵਾਂ ਹੋਣ ਲਗਦਾ ਹੈ।” ਬ੍ਰਹਮ ਜਗਦੀਸ਼ ਦਾ ਵਿਚਾਰ ਹੈ ਕਿ ਵਿਚਾਰ ਅਧੀਨ ਪੁਸਤਕ ਕਵੀਸ਼ਰੀ ਕਾਵਿ ਧਾਰਾ ਨਾਲ ਸੰਬੰਧ ਰੱਖਦੀ ਹੈ ਅਤੇ ਦਰਸ਼ਨ ਸਿੰਘ ਭੰਮੇ ਨੇ ਆਪਣੇ ਸ਼ਬਦ-ਚਿੱਤਰ ਕਵੀਸ਼ਰੀ ਵਿਚ ਰਚ ਕੇ ਪੰਜਾਬੀ ਸਾਹਿਤ ਵਿਚ ਇਕ ਨਵੀਂ ਪਿਰਤ ਪਾਈ ਹੈ।
ਪ੍ਰਸਤੁਤ ਪੁਸਤਕ ਵਿਚ ਜਿੰਨਾਂ ਵਿਅਕਤੀ ਵਿਸ਼ੇਸ਼ ਦੇ ਸ਼ਬਦ-ਚਿੱਤਰ ਪੇਸ਼ ਕੀਤੇ ਹਨ , ਉਹਨਾਂ ਵਿਚੋਂ ਕੁਝ ਹਨ–ਪ੍ਰਸਿੱਧ ਕਵੀਸ਼ਰ ਕਰਨੈਲ ਸਿੰਘ ਪਾਰਸ, ਬੀਰਬਲ ਦਾਸ, ਜਸਵੀਰ ਢੰਡ, ਪ੍ਰੋ. ਅੱਛਰੂ ਸਿੰਘ, ਡਾ. ਗੁਰਮੇਲ ਕੌਰ ਜੋਸ਼ੀ, ਡਾ. ਲਾਭ ਸਿੰਘ ਖੀਵਾ, ਸੁਖਦਰਸ਼ਨ ਗਰਗ, ਦਰਸ਼ਨ ਜੋਗਾ, ਨਿਰੰਜਣ ਬੋਹਾ, ਪ੍ਰੋ. ਨਵ ਸੰਗੀਤ ਸਿੰਘ, ਡਾ. ਹਰੀ ਸਿੰਘ ਜਾਚਕ, ਜਗਦੀਸ਼ ਰਾਏ ਕੁਰਲੀਆਂ ਆਦਿ। ਇਹਨਾਂ ਤੋਂ ਇਲਾਵਾ ਕਵੀ ਨੇ ਸਮਰਪਣ ਵਿਚ ਪੰਡਿਤ ਬ੍ਰਹਮਾ ਨੰਦ, ਪੰਡਿਤ ਦੇਵ ਰਾਜ, ਦਲੀਪ ਸਿੰਘ ਚੱਠਾ ਅਤੇ ਆਪਣੇ ਪਿਤਾ ਰਾਮ ਸਿੰਘ ਭੰਮੇ ਸੰਬੰਧੀ ਵੀ ਕਾਵਿ ਸ਼ਬਦ-ਚਿੱਤਰ ਦਰਜ ਕੀਤੇ ਹਨ।
ਦਰਸ਼ਨ ਸਿੰਘ ਭੰਮੇ ਨੇ ਆਪਣੇ ਵੱਲੋਂ ਲਿਖੇ ਕਾਵਿ ਮੁਖਬੰਧ ਦੀ ਪਹਿਲੀ ਹੀ ਸਤਰ ਵਿਚ ਸਾਹਿਤਕਾਰਾਂ ਦੀ ਵਡਿਆਈ ਕਰਦੇ ਹੋਏ ਲਿਖਿਆ ਹੈ: ਸਾਹਿਤਕਾਰ ਡੂੰਘੇ ਹੁੰਦੇ ਵਾਂਗ ਤਾਂ ਸਮੁੰਦਰਾਂ ਦੇ / ਸਕਦਾ ਨੀ ਨਾਪ ਕੋਈ ਇਹਨਾਂ ਦਾ ਅਕਾਰ ਜੀ। ਦੂਜੇ ਪਹਿਰੇ ਵਿਚ ਉਹ “ਕਲਮ ਦੇ ਧਨੀਆਂ ਨੂੰ” ਨਮਸਕਾਰ ਕਰਦਾ ਹੈ। ਲੇਖਕਾਂ ਦੀਆਂ ਰਚਨਾਵਾਂ ਨੂੰ ਉਹ ਸਦੀਵੀ ਮੰਨਦਾ ਹੈ। ਪੰਡਿਤ ਬ੍ਰਹਮਾ ਨੰਦ ਡਿੱਖ ਦੇ ਸਮਰਪਣ ਵਿਚ ਉਸ ਨੇ ਲਿਖਿਆ ਹੈ–ਛੱਡ ਤੁਰ ਜਾਣਾ ਸਭ ਨੇ ਰਹਿੰਦੇ ਸਦਾ ਲਿਖਾਰੀ ਐ।” ਭੰਮਾ ਦੀ ਖ਼ਾਸੀਅਤ ਹੈ ਕਿ ਉਹ ਇਕ ਦੋ ਸਤਰਾਂ ਵਿਚ ਚਰਚਾ ਅਧੀਨ ਸਖਸ਼ਿਅਤ ਦੇ ਮੁੱਖ ਗੁਣ ਸੰਬੰਧੀ ਦਸ ਜਾਂਦਾ ਹੈ, ਜਿਵੇਂ ਪੰਡਿਤ ਦੇਵ ਰਾਜ ਸੰਬੰਧੀ ਲਿਖਿਆ ਹੈ–ਧਰਮ ਕਰਮ ਵਿਚ ਪੂਰਾ ਦਾਨਾ ਸੀ ਲੰਘੇ ਹਰ ਝੁਕ ਕੇ।
ਭੰਮੇ ਨੇ ਕਿੱਸਾ ਕਾਵਿ ਅਤੇ ਮਹਾਂ ਕਾਵਿ ਪਰੰਪਰਾ ਅਨੁਸਾਰ ਮੰਗਲਾਚਰਨ ਵੀ ਲਿਖਿਆ ਹੈ ਜਿਸ ਵਿਚ ਉਸ ਨੇ ਪਰਮਾਤਮਾ ‘ਤੇ ਟੇਕ ਨੂੰ ਮੁੱਖ ਤੌਰ ਤੇ ਉਭਾਰਿਆ ਹੈ–ਇਸ ਬਾਗ਼ ਅਨੋਖੇ ਮੇਂ ਸਭ ਕੁਝ ਤੇਰਾ।” ਕਵੀ ਦਾ ਮੰਨਣਾ ਹੈ ਕਿ “ਨਰ ਨਾਰੀ ਬਣਕੇ ਤੇ ਕੀਤਾ ਪੂਰਾ ਜਗਤ ਪਸਾਰਾ।“
ਸਾਰੀ ਪੁਸਤਕ ਦੇ ਅਧਿਐਨ ਉਪਰੰਤ ਇਹ ਗੱਲ ਦ੍ਰਿਸ਼ਟੀਗੋਚਰ ਹੁੰਦੀ ਹੈ ਕਿ ਕਵੀ ਨੇ ਸਾਰੇ ਸ਼ਬਦ-ਚਿੱਤਰਾਂ ਲਈ ਇਕ ਸਾਂਝਾ ਚੌਖਟਾ ਤਿਆਰ ਕੀਤਾ ਹੈ। ਸਾਰੇ ਵਿਦਵਾਨਾਂ ਦਾ ਜਨਮ ਸਾਲ, ਸਥਾਨ, ਮਾਤਾ-ਪਿਤਾ ਦਾ ਨਾਂ, ਉਸ ਦੀ ਵਿੱਦਿਆ, ਕਾਰੋਬਾਰ ਸੰਬੰਧੀ, ਵਿਆਹ ਕਦੋਂ ਹੋਇਆ, ਜੀਵਨ ਸਾਥੀ ਦਾ ਨਾਂ, ਉਸ ਦੀਆਂ ਖ਼ੂਬੀਆਂ ਆਦਿ। ਇਸ ਦੇ ਨਾਲ-ਨਾਲ ਉਸ ਨੇ ਹਰ ਸ਼ਬਦ-ਚਿੱਤਰ ਵਿਚ ਸੰਬੰਧਿਤ ਵਿਅਕਤੀ ਦੀ ਖਾਸ ਖ਼ੂਬੀ ਨੂੰ ਪ੍ਰਗਟਾਉਂਦੀ ਪੰਗਤੀ ਨੂੰ ਹਰ ਪਹਿਰੇ ਦੇ ਅੰਤ ਵਿਚ ਵਰਤਿਆ ਹੈ। ਬ੍ਰਹਮ ਜਗਦੀਸ਼ ਵੱਲੋਂ ਵੀ ਇਸ ਗੱਲ ਦਾ ਵਿਸ਼ੇਸ਼ ਤੌਰ ਤੇ ਜਿਕਰ ਕੀਤਾ ਗਿਆ ਹੈ।
ਵਿਚਾਰ ਅਧੀਨ ਪੁਸਤਕ ਤੋਂ ਦਰਸ਼ਨ ਸਿੰਘ ਭੰਮੇ ਦੀ ਕਾਵਿ ਕਲਾ ਦਾ ਇਕ ਹੋਰ ਪੱਖ ਉਜਾਗਰ ਹੁੰਦਾ ਹੈ ਕਿ ਉਹ ਕੁਝ ਕੁ ਸ਼ਬਦਾਂ ਵਿਚ ਹੀ ਬਹੁਤ ਕੁਝ ਕਹਿ ਜਾਂਦਾ ਹੈ ਭਾਵ ਉਸ ਕੋਲ ਕੁੱਜੇ ਵਿਚ ਸਮੁੰਦਰ ਬੰਦ ਕਰਨ ਦੀ ਕਲਾ ਹੈ। ਇਹ ਪੱਖ ਕਿਸੇ ਵਿਸ਼ੇਸ਼ ਸ਼ਬਦ ਚਿੱਤਰ ਵਿਚ ਨਹੀਂ ਬਲਕਿ ਸਾਰਿਆਂ ਵਿਚ ਹੀ ਦ੍ਰਿਸ਼ਟੀਗੋਚਰ ਹੁੰਦਾ ਹੈ।
ਪੰਜਾਬੀ ਕਵੀਸ਼ਰੀ ਦੇ ਖੇਤਰ ਦੇ ਬੇਤਾਜ ਬਾਦਸ਼ਾਹ ਕਰਨੈਲ ਸਿੰਘ ਪਾਰਸ ਸੰਬੰਧੀ ਉਹ ਲਿਖਦਾ ਹੈ: ਜੰਕਸ਼ਨ ਰੇਲਾਂ ਵਾਲਾ ਦੱਸਿਆ ਦੁਨੀਆਂ ਸਾਰੀ ਨੂੰ/ਕੋਈ ਰੋਕ ਨੀ ਸਕਦਾ ਆਈ ਮੌਤ ਪਿਆਰੀ ਨੂੰ/ਕਰ ਛੰਦਾਂ ਦੀ ਰਚਨਾ ਸ਼ਾਇਰ ਉਡਾਰੀ ਮਾਰ ਗਿਆ/ ਧਨੀ ਕਲਮ ਦਾ ਕਲਮ ਚਲਾਕੇ ਹਿਰਦੇ ਠਾਰ ਗਿਆ।
ਪੰਜਾਬੀ ਦੇ ਨਾਮਵਰ ਆਲੋਚਕ ਡਾ. ਲਾਭ ਸਿੰਘ ਖੀਵਾ ਸੰਬੰਧੀ ਲਿਖਿਆ ਹੈ: ਸਾਰਥਿਕ ਆਲੋਚਨਾ ਕਰਨੀ ਧਰਮ ਜਾਣੇ/ਰਾਹ ਦਸੇਰਾ ਬਣ ਖੜੇ ਨਵੇਂ ਕਲਮਕਾਰ ਦਾ।
ਜਸਪਾਲ ਸਿੰਘ ਮਾਨਖੇੜਾ ਸੰਬੰਧੀ ਕਵੀ ਦੇ ਵਿਚਾਹ ਹਨ ਕਿ “ਸਭ ਵਾਸਤੇ ਕਦੀ ਨੀ ਹੁੰਦਾ ਬੰਦਾ ਚੰਗਾ ਮਾੜਾ ਜੀ/ਪਰਖ ਸ਼ਹਿਦ ਦੀ ਵਿਰਲੇ ਕਰਦੇ ਆਖਣ ਪਤਲਾ ਗਾੜਾ ਜੀ।
ਪੰਜਾਬੀ ਕਹਾਣੀ ਅਤੇ ਪੰਜਾਬੀ ਆਲੋਚਨਾ ਦੇ ਨਵੇਕਲੇ ਹਸਤਾਖਰ ਨਿਰੰਜਣ ਬੋਹਾ ਦੇ ਸ਼ਬਦ-ਚਿੱਤਰ ਵਿਚ ਕਵੀ ਨੇ ਇਹ ਸਤਰਾਂ ਲਿਖੀਆਂ ਹਨ, “ਕਲਮ ਚਲਾਵੇ ਸਦਾ ਸਿਆਹੀ ਪਾ ਕੇ ਸੱਚ ਵਾਲੀ/ਲੋਕਾਂ ਦੇ ਬਿਆਨੇ ਦੁੱਖ ਸੁੱਖ ਸੱਚਾ ਪੱਤਰਕਾਰ ਜੀ।
ਪੰਜਾਬੀ ਦੇ ਬਹੁ ਵਿਧਾਵੀ ਸਾਹਿਤਕਾਰ ਪ੍ਰੋ. ਨਵ ਸੰਗੀਤ ਸਿੰਘ ਸੰਬੰਧੀ ਕਵੀ ਭੰਮੇ ਨੇ ਆਪਣੇ ਕਾਵਿਕ ਅੰਦਾਜ਼ ਵਿਚ ਇਹ ਕਾਵਿ ਸਤਰਾਂ ਦਰਜ ਕੀਤੀਆਂ ਹਨ: ਉੱਚ ਵਿਦਵਾਨੀਆਂ ਦਾ ਸਾਰਾ ਹੀ ਟੱਬਰ ਜਾਣੋ/ਕਲਮ ਦਾ ਧਨੀ ਸਾਰਾ ਵੱਡਾ ਖ਼ਾਨਦਾਨ ਜੀ/ ਨਾਂ ਨਵ ਸੰਗੀਤ ਸਿੰਘ ਚੁਸਤ ਸਰੀਰ ਜਿਹਦਾ/ਗਿਆਨ ਭੰਡਾਰ ਜਾਣੋ ਪੁਰਸ਼ ਮਹਾਨ ਜੀ।
ਗੁਰਬਾਣੀ ਦੇ ਰਸੀਏ ਡਾ. ਹਰੀ ਸਿੰਘ ਜਾਚਕ ਸੰਬੰਧੀ ਉਹ ਲਿਖਦਾ ਹੈ, “ਪੰਜ ਕੱਕਿਆਂ ਦਾ ਪੂਰਾ ਧਾਰਨੀ ਫਰਕ ਨਾ ਦਾਣਾ ਰਾਈ/ਬਾਣੀ ਗੁਰੂ, ਗੁਰੂ ਹੈ ਬਾਣੀ ਆਖੇ ਮੰਨੋ ਭਾਈ।“
ਭੰਮੇ ਦੀ ਤੁਕਬੰਦੀ ਵਾਲੀ ਕਵਿਤਾ ਵਿਚਲੀ ਤੁਕਬੰਦੀ ਓਪਰੀ ਨਹੀਂ ਜਾਪਦੀ, ਸਗੋਂ ਸਹਿਜ ਸੁਭਾਉ ਆਈ ਕਵਿਤਾ ਦੀ ਰਵਾਨੀ ਹੈ। ਇਹੋ ਕਾਵਿਕ ਗੁਣ ਉਸਦੀ ਕਵਿਤਾ ਨੂੰ ਪਾਠਕਾਂ ਨਾਲ ਜੋੜਦਾ ਹੈ। ਉਸ ਨੇ ਕੁਝ ਪ੍ਰਚਲਤ ਸ਼ਬਦਾਂ ਦੀ ਥਾਂ ਆਪਣੇ ਹੀ ਸ਼ਬਦ ਘੜ ਲਏ ਹਨ। ਜਿਵੇਂ ਬਹੁਤ ਲੇਖਕ ਚਾਂਦੀ ਜਾਂ ਸੋਨੇ ਦੇ ਮੈਡਲ ਜਾਂ ਤਮਗੇ ਸ਼ਬਦ ਦੀ ਵਰਤੋਂ ਕਰਦੇ ਹਨ, ਪਰ ਉਹ ਇਹਨਾਂ ਲਈ ‘ਚਿੱਟੇ’ ਅਤੇ ‘ਸੁਨਹਿਰੀ’ ਤਮਗੇ ਸ਼ਬਦ ਲਿਖਦਾ ਹੈ।
ਦਰਸ਼ਨ ਸਿੰਘ ਭੰਮੇ ਹੁਣ ਤੱਕ ਦਸ ਪੁਸਤਕਾਂ ਦੀ ਰਚਨਾ ਕਰ ਚੁੱਕਿਆ ਹੈ, ਜਿਸ ਤੋਂ ਪਤਾ ਲੱਗਦਾ ਹੈ ਕਿ ਉਹ ਕਲਮ ਦਾ ਧਨੀ ਹੈ। ਇਸ ਪੁਸਤਕ ਵਿਚ ਉਸ ਨੇ ਕੁਝ ਪ੍ਰਮੁੱਖ ਸਾਹਿਤਕ ਸਖਸ਼ੀਅਤਾਂ ਦੇ ਕਾਵਿ ਸ਼ਬਦ-ਚਿੱਤਰ ਲਿਖ ਕੇ ਇਕ ਸੁਹਿਰਦ ਕਵੀ ਦਾ ਫਰਜ਼ ਨਿਭਾਉਂਦੇ ਹੋਏ ਦੂਜੇ ਸਾਹਿਤਕਾਰਾਂ ਸੰਬੰਧੀ ਪਾਠਕਾਂ ਨੂੰ ਜਾਣੂ ਕਰਵਾਇਆ ਹੈ। ਜਿਸ ਢੰਗ ਨਾਲ ਉਸ ਨੇ ਇਹਨਾਂ ਸਾਹਿਤਕ ਸਖਸ਼ੀਅਤਾਂ ਸੰਬੰਧੀ ਜਰੂਰੀ-ਜਰੂਰੀ ਜਾਣਕਾਰੀ ਮੁਹੱਈਆ ਕਰਵਾਈ ਹੈ ਉਸ ਤੋਂ ਸਹਿਜੇ ਹੀ ਇਹ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਉਸ ਇਸ ਲਈ ਨੇ ਬਹੁਤ ਮਿਹਨਤ ਕੀਤੀ ਹੈ। ਦਰਸ਼ਨ ਸਿੰਘ ਭੰਮੇ ਪੰਜਾਬੀ ਸਾਹਿਤ ਵਿਚ ਆਪਣਾ ਵਿਸ਼ੇਸ਼ ਸਥਾਨ ਬਣਾ ਸਕਦਾ ਹੈ ਜੇ ਉਹ ਆਪਣੀ ਕਾਵਿ ਸ਼ੈਲੀ ਨੂੰ ਕੁਝ ਕਲਾਮਈ ਛੋਹਾਂ ਦੇਣ ਦਾ ਹੁਨਰ ਸਿੱਖ ਲਏ। ਗੁੱਡ ਵਿਲ ਪਬਲੀਕੇਸ਼ਨ, ਮਾਨਸਾ ਵੱਲੋਂ ਪ੍ਰਕਾਸ਼ਿਤ 116 ਪੰਨਿਆਂ ਦੀ ਇਸ ਪੁਸਤਕ ਦੀ ਕੀਮਤ 250 ਰੁਪਏ ਹੈ।

ਰਵਿੰਦਰ ਸਿੰਘ ਸੋਢੀ
001-604-369-2371
ਰਿਚਮੰਡ, ਕੈਨੇਡਾ