ਸਿੱਖ ਮਿਸ਼ਨਰੀ ਕਾਲਜਾਂ ਦੇ ਵਿਦਿਆਰਥੀਆਂ ਨੇ ਤੰਤੀ ਸਾਜ਼ਾਂ ਨਾਲ ਕੀਰਤਨ ਕਰਕੇ ਭਰੀ ਹਾਜ਼ਰੀ
ਵੱਖ-ਵੱਖ ਸਕੂਲ ਕਾਲਜ ਦੇ ਵਿਦਿਆਰਥੀਆਂ ਨੇ ਇਤਿਹਾਸ ਬਾਰੇ ਕੀਤੀਆਂ ਵਿਚਾਰਾਂ
ਕੋਟਕਪੂਰਾ/ਜੈਤੋ, 22 ਫਰਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖ ਇਤਿਹਾਸ ਦੇ ਅਹਿਮ ਦਿਹਾੜੇ ਜੈਤੋ ਦੇ ਮੋਰਚੇ ਦੀ 100 ਸਾਲਾ ਸ਼ਤਾਬਦੀ ਸਬੰਧੀ ਸ਼ੁਰੂ ਹੋਏ ਸਮਾਗਮ ਅੱਜ ਦੂਜੇ ਦਿਨ ਵੀ ਜਾਰੀ ਰਹੇ। ਸਮਾਗਮ ਸਮੇਂ ਧਰਮ ਪ੍ਰਚਾਰ ਕਮੇਟੀ ਦੇ ਪ੍ਰਬੰਧ ਹੇਠ ਚੱਲਦੇ ਗੁਰਮਤਿ ਮਿਸ਼ਨਰੀ ਕਾਲਜਾਂ ਦੇ ਵਿਦਿਆਰਥੀਆਂ ਨੇ ਪੁਰਾਤਨ ਕਲਾ ਤੰਤੀ ਸਾਜ਼ਾਂ ਨਾਲ ਗੁਰਬਾਣੀ ਕੀਰਤਨ ਕੀਤਾ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਵਾਲੇੇ ਵੱਖ-ਵੱਖ ਸਕੂਲਾਂ ਕਾਲਜਾਂ ਦੇ ਵਿਦਿਆਰਥੀਆਂ ਨੇ ਕਵਿਤਾ, ਕਵੀਸ਼ਰੀ, ਢਾਡੀ ਵਾਰਾਂ ਅਤੇ ਭਾਸ਼ਣ ਰਾਹੀਂ ਜੈਤੋ ਮੋਰਚੇ ਦੇ ਇਤਿਹਾਸ ਨੂੰ ਬਿਆਨ ਕੀਤਾ। ਇਸ ਮੌਕੇ ਜੈਤੋ ਮੋਰਚੇ ਦੇ ਇਤਿਹਾਸ ਨੂੰ ਦਰਸਾਉਂਦੇ ਵੱਖ-ਵੱਖ ਚਿੱਤਰਾਂ ਦੀ ਲਾਈ ਗਈ ਪ੍ਰਦਰਸ਼ਨੀ ਪ੍ਰਤੀ ਵੀ ਸੰਗਤ ਨੇ ਖ਼ਾਸ ਰੁਚੀ ਦਿਖਾਈ। ਜਿਸ ’ਚ ਜਿੱਥੇ ਜੈਤੋ ਮੋਰਚੇ ਦੇ ਇਤਿਹਾਸ ਨੂੰ ਚਿੱਤਰਾਂ ਜ਼ਰੀਏ ਬਿਆਨ ਕੀਤਾ ਗਿਆ ਹੈ, ਉੱਥੇ ਗੁਰਦੁਆਰਾ ਸੁਧਾਰ ਲਹਿਰ ਨਾਲ ਸਬੰਧਤ ਚਿੱਤਰ ਵੀ ਲਾਏ ਗਏ ਹਨ। ਜੈਤੋ ਮੋਰਚੇ ਦੀ 100 ਸਾਲਾ ਸ਼ਤਾਬਦੀ ਦਾ ਮੁੱਖ ਸਮਾਗਮ 21 ਫ਼ਰਵਰੀ ਦਿਨ ਬੁੱਧਵਾਰ ਨੂੰ ਗੁਰਦੁਆਰਾ ਸ਼ਹੀਦ ਗੰਜ ਟਿੱਬੀ ਸਾਹਿਬ ਜੈਤੋ ਵਿਖੇ ਸਵੇਰੇ 10:00 ਵਜੇ ਆਰੰਭ ਹੋਵੇਗਾ, ਜਿਸ ਵਿਚ ਪੰਥ ਦੇ ਪ੍ਰਸਿੱਧ ਕਥਾਵਾਚਕ, ਰਾਗੀ, ਢਾਡੀ ਅਤੇ ਕਵੀਸ਼ਰ ਜੱਥੇ ਸੰਗਤਾਂ ਨੂੰ ਗੁਰਬਾਣੀ ਗੁਰ-ਇਤਿਹਾਸ ਨਾਲ ਜੋੜਨਗੇ।
ਸ਼ਤਾਬਦੀ ਨੂੰ ਸਮਰਪਿਤ ਕਰਵਾਏ ਗਏ ਨੈਸ਼ਨਲ ਗਤਕਾ ਲੜਕਿਆਂ ਦੇ ਮੁਕਾਬਲਿਆਂ ’ਚ ਸ਼੍ਰੋਮਣੀ ਕਮੇਟੀ ਦੀ ਗਤਕਾ ਟੀਮ, ਹਰਿਆਣਾ, ਚੰਡੀਗੜ੍ਹ, ਜੰਮੂ, ਪੰਜਾਬ ਦੀਆਂ ਟੀਮਾਂ ਵਿੱਚ ਮੁਕਾਬਲਾ ਹੋਇਆ। ਇਸੇ ਤਰ੍ਹਾਂ ਲੜਕੀਆਂ ਦੇ ਵਿਅਕਤੀਗਤ ਗਤਕਾ ਮੁਕਾਬਲੇ ਵਿਚ ਸ਼੍ਰੋਮਣੀ ਕਮੇਟੀ ਪੰਜਾਬ, ਹਰਿਆਣਾ ਅਤੇ ਜੰਮੂ ਦੀਆਂ ਟੀਮਾਂ ਵਿਚ ਮੁਕਾਬਲੇ ਹੋਏ। ਇਨ੍ਹਾਂ ਮੁਕਾਬਲਿਆਂ ਦੀ ਸ਼ੁਰੂਆਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਭਾਈ ਰਾਜਿੰਦਰ ਸਿੰਘ ਮਹਿਤਾ, ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਭਾਈ ਅਜਾਇਬ ਸਿੰਘ ਅਭਿਆਸੀ, ਇਤਿਹਾਸਕਾਰ ਹਰਵਿੰਦਰ ਸਿੰਘ ਖਾਲਸਾ, ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਬਲਵਿੰਦਰ ਸਿੰਘ ਕਾਹਲਵਾਂ, ਵਧੀਕ ਸਕੱਤਰ ਤੇਜਿੰਦਰ ਸਿੰਘ ਪੱਡਾ, ਬਿਜੈ ਸਿੰਘ ਨੇ ਗਤਕਾ ਟੀਮਾਂ ਦੀ ਹੌਸਲਾ ਅਫ਼ਜਾਈ ਕੀਤੀ। ਇਸ ਮੌਕੇ ਭਾਈ ਰਾਜਿੰਦਰ ਸਿੰਘ ਮਹਿਤਾ ਨੇ ਕਿਹਾ ਕਿ ਸਿੱਖ ਨੌਜਵਾਨਾਂ ਅੰਦਰ ਸਿੱਖ ਸ਼ਸਤਰ ਕਲਾ ਪ੍ਰਤੀ ਉਤਸ਼ਾਹ ਪੈਦਾ ਕਰਨ ਲਈ ਸ਼੍ਰੋਮਣੀ ਕਮੇਟੀ ਵੱਲੋਂ ਸਮੇਂ-ਸਮੇਂ ਗਤਕਾ ਮੁਕਾਬਲੇ ਕਰਵਾਏ ਜਾਂਦੇ ਹਨ। ਉਨ੍ਹਾਂ ਕਿਹਾ ਕਿ ਸਿੱਖ ਸ਼ਸ਼ਤਰ ਕਲਾ ਜਿੱਥੇ ਮਨੁੱਖ ਦੀ ਆਤਮ ਰੱਖਿਆ ਲਈ ਸਹਾਈ ਹੁੰਦੀ ਹੈ, ਉੱਥੇ ਹੀ ਸਰੀਰਕ ਤੰਦਰੁਸਤੀ ਲਈ ਵੀ ਲਾਹੇਵੰਦ ਹੈ। ਉਨ੍ਹਾਂ ਨੌਜਵਾਨੀ ਨੂੰ ਆਪਣੇ ਅਮੀਰ ਵਿਰਸੇ ਨਾਲ ਜੁੜਨ ਦੀ ਅਪੀਲ ਵੀ ਕੀਤੀ।