![](https://i0.wp.com/worldpunjabitimes.com/wp-content/uploads/2023/11/6-10.jpg?resize=1024%2C768&ssl=1)
ਪਟਿਆਲਾ 26 ਨਵੰਬਰ (ਡਾ. ਭਗਵੰਤ ਸਿੰਘ/ਵਰਲਡ ਪੰਜਾਬੀ ਟਾਈਮਜ਼)
ਵਿਸ਼ਵ ਚਿੰਤਕ ਡਾ. ਸਵਰਾਜ ਸਿੰਘ ਦੇ ਵਿਚਾਰਧਾਰਕ ਪਰਿਪੇਖਾਂ ਸਬੰਧੀ ਮਾਲਵਾ ਰਿਸਰਚ ਸੈਂਟਰ ਪਟਿਆਲਾ (ਰਜਿ.) ਵੱਲੋਂ ਜਾਗੋ ਇੰਟਰਨੈਸ਼ਨਲ ਦਾ ਵਿਸ਼ੇਸ਼ ਅੰਕ ਤਿਆਰ ਕੀਤਾ ਜਾ ਰਿਹਾ ਹੈ। ਇਸ ਸਬੰਧੀ ਮਾਲਵਾ ਰਿਸਰਚ ਸੈਂਟਰ ਦੇ ਪ੍ਰਧਾਨ ਜਗਦੀਪ ਸਿੰਘ ਗੰਧਾਰਾ ਐਡਵੋਕੇਟ ਅਤੇ ਜਨਰਲ ਸਕੱਤਰ ਡਾ. ਭਗਵੰਤ ਸਿੰਘ ਨੇ ਦੱਸਿਆ ਕਿ ਡਾ. ਸਵਰਾਜ ਸਿੰਘ ਦੀਆਂ ਮਾਨਤਾਵਾਂ ਵਿਸ਼ਵ ਵਿਆਪੀ ਵਰਤਾਰੇ ਦੇ ਸੰਦਰਭ ਵਿੱਚ ਅੱਜ ਪੂਰੀ ਤਰ੍ਹਾਂ ਤਰਕ ਸੰਗਤ ਹਨ । ਅੱਜ ਤੋਂ ਤਿੰਨ ਦਹਾਕੇ ਪਹਿਲਾਂ ਕੀਤੀਆਂ ਪੇਸ਼ੀਨਗੋਈਆਂ ਪੂਰੀ ਤਰ੍ਹਾਂ ਸਹੀ ਸਾਬਤ ਹੋਈਆਂ ਹਨ। ਡੇਢ ਦਰਜਨ ਪੁਸਤਕਾਂ ਦੇ ਲੇਖਕ ਡਾ. ਸਵਰਾਜ ਸਿੰਘ ਦਾ ਮੰਨਣਾ ਹੈ ਕਿ “ਸ਼੍ਰੀ ਗੁਰੂ ਗ੍ਰੰਥ ਸਾਹਿਬ” ਵਿਸ਼ਵ ਵਿਆਪੀ ਸਮੱਸਿਆਵਾਂ ਦਾ ਸਮਾਧਾਨ ਹੈ। ਇਸ ਲਈ ਰੂਹਾਨੀ ਚੇਤਨਾ ਦੇ ਪ੍ਰਸਾਰ ਲਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਤੋਂ ਅਗਵਾਈ ਲੈ ਕੇ ਸਮੁੱਚੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਉਨ੍ਹਾਂ ਹੋਰ ਦੱਸਿਆ ਕਿ ਚਾਲੀ ਸਾਲ ਅਮੀਰਕਾ ਦੇ ਉੱਚ ਵਰਗ ਵਿੱਚ ਇੱਕ ਸਰਜਨ ਦੇ ਤੌਰ ਤੇ ਵਿਚਰਨ ਉਪਰੰਤ ਅਨੁਭਵ ਕੀਤਾ ਕਿ ਉਥੇ ਦੀ ਚਕਾਚੌਂਧ ਮਨੁੱਖੀ ਰਿਸ਼ਤਿਆਂ ਦੇ ਨਿਘਾਰ ਦਾ ਕਾਰਣ ਬਣ ਰਹੀ ਹੈ। ਜਿੱਥੇ ਮਨੁੱਖੀ ਮੰਡੀ ਦੀ ਇੱਕ ਵਸਤੂ ਤੋਂ ਵੱਧ ਕੁੱਝ ਨਹੀਂ ਹੈ। ਡਾ. ਸਾਹਿਬ ਅਕਸਰ ਮੁਨਾਫਾਖੋਰੀ ਤੇ ਪਦਾਰਥਾਂ ਦੀ ਬਦਲਤਾ ਮਗਰ ਭੱਜਦੀ ਲੋਕਾਈ ਨੂੰ ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ ਦੇ ਸਿਧਾਂਤ ਨੂੰ ਅਪਣਾਉਣ ਦੀ ਲੋੜ ਤੇ ਜੋਰ ਦਿੰਦੇ ਹਨ। ਇਸ ਸੰਦਰਭ ਵਿੱਚ ਵਿਚਾਰਵਾਨਾਂ ਦੀ ਗੰਭੀਰ ਇੱਕਤਰਤਾ ਵਿੱਚ ਸ. ਗੁਰਨਾਮ ਸਿੰਘ, ਸੰਦੀਪ ਸਿੰਘ, ਡਾ. ਈਸ਼ਵਰ ਦਾਸ ਮਹਾਂਮੰਡਲੇਸ਼ਵਰ, ਏ.ਪੀ. ਸਿੰਘ, ਮਲਕੀਤ ਸਿੰਘ, ਜਗਦੀਸ਼ ਸਿੰਘ ਆਦਿ ਮੌਜੂਦ ਸਨ। ਮੀਟਿੰਗ ਵਿੱਚ ਇਹ ਅਨੁਭਵ ਕੀਤਾ ਗਿਆ ਕਿ ਡਾ. ਸਵਰਾਜ ਸਿੰਘ ਦੀ ਵਿਚਾਰਧਾਰਾ ਦੀਆਂ ਵਿਭਿੰਨ ਪਰਤਾਂ ਦੇ ਪਹਿਲੂਆਂ ਨੂੰ ਦਰਸਾਉਂਦਾ ਹੋਇਆ ਵਿਸ਼ੇਸ਼ ਅੰਕ ਸਮਾਜਿਕ, ਆਰਥਿਕ, ਰਾਜਨੀਤਿਕ, ਸੱਭਿਆਚਾਰਕ, ਦਾਰਸ਼ਨਿਕ ਪ੍ਰਪੇਖਾਂ ਬਾਰੇ ਨਵਾਂ ਸੰਵਾਦ ਸਿਰਜੇਗਾ।
Leave a Comment
Your email address will not be published. Required fields are marked with *