ਕੋਟਕਪੂਰਾ, 5 ਦਸੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਬੀ.ਐੱਸ.ਐੱਫ਼. ਦੇ ਜਵਾਨ ਨਗਿੰਦਰ ਸਿੰਘ (45) ਪੁੱਤਰ ਮੱਖਣ ਸਿੰਘ ਦਾ ਅੰਤਿਮ ਸਸਕਾਰ ਉਨ੍ਹਾਂ ਦੇ ਜ਼ੱਦੀ ਪਿੰਡ ਕੋਠੇ ਰਾਮਸਰ ਦੀ ਸਮਸ਼ਾਨਘਾਟ ਵਿਖੇ ਪੂਰੇ ਸਨਮਾਨ ਨਾਲ ਕੀਤਾ ਗਿਆ। ਨਗਿੰਦਰ ਸਿੰਘ ਰਾਜਸਥਾਨ ’ਚ ਖਾਜੂਵਾਲਾ ਸਰਹੱਦ ’ਤੇ ਤਾਇਨਾਤ ਸੀ ਕਿ ਬਿਮਾਰ ਰਹਿਣ ਉਪਰੰਤ ਉਸ ਦੀ ਅਚਾਨਕ ਮੌਤ ਹੋ ਗਈ। ਫ਼ੌਜ ਵਲੋਂ ਸੀਨੀਅਰ ਅਧਿਕਾਰੀ ਧਰਮਰਾਜ ਦੀ ਅਗਵਾਈ ਹੇਠ ਫ਼ੌਜੀ ਜਵਾਨਾਂ ਦੀ ਟੀਮ ਵਲੋਂ ਮਾਤਮੀ ਧੁਨਾਂ ਵਜਾ ਕੇ, ਹਵਾ ’ਚ ਫ਼ਾਇਰ ਦਾਗ਼ ਕੇ ਅਤੇ ਹਥਿਆਰ ਨੀਵੇਂ ਕਰਕੇ ਆਪਣੇ ਵਿਛੜੇ ਸਾਥੀ ਨੂੰ ਸ਼ਰਧਾਂਜਲੀ ਦਿੱਤੀ ਗਈ। ਬੇਹੱਦ ਵੈਰਾਗਮਈ ਮਾਹੌਲ ’ਚ ਫ਼ੌਜੀ ਜਵਾਨ ਦੀ ਪਤਨੀ ਰਮਨਦੀਪ ਕੌਰ ਨੇ ਆਪਣੇ ਜੀਵਨ ਸਾਥੀ ਨੂੰ ਸਲੂਟ ਕੇ ਅੰਤਿਮ ਵਿਦਾਇਗੀ ਦਿੱਤੀ। ਫ਼ੌਜੀ ਅਧਿਕਾਰੀਆਂ ਵਲੋਂ ਰਮਨਦੀਪ ਕੌਰ ਨੂੰ ਕੌਮੀ ਝੰਡਾ ਭੇਟ ਕੀਤਾ ਗਿਆ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਨਗਿੰਦਰ ਸਿੰਘ ਦਾ ਜਨਮ 16 ਮਈ 1978 ਨੂੰ ਹੋਇਆ ਸੀ ਅਤੇ ਸਾਲ 2001 ’ਚ ਉਹ ਬੀ.ਐਸ.ਐਫ਼. ਵਿੱਚ ਬਤੌਰ ਸਿਪਾਹੀ ਭਰਤੀ ਹੋਏ ਸਨ। ਰਾਜਵੀਰ ਸਿੰਘ (12), ਏਕਮ ਸਿੰਘ (8) ਉਨ੍ਹਾਂ ਦੇ ਬੇਟੇ ਅਤੇ ਭਰਪੂਰ ਸਿੰਘ ਅਤੇ ਚਮਕੌਰ ਸਿੰਘ ਉਨ੍ਹਾਂ ਦੇ ਵੱਡੇ ਭਰਾ ਹਨ। ਅੰਤਿਮ ਸਸਕਾਰ ਮੌਕੇ ਵਿਧਾਇਕ ਅਮੋਲਕ ਸਿੰਘ ਜੈਤੋ, ਐਸ.ਡੀ.ਐਮ ਜੈਤੋ ਸਮੇਤ ਨਗਰ ਦੇ ਪਤਵੰਤੇ ਅਤੇ ਰਿਸ਼ਤੇਦਾਰ ਵੱਡੀ ਗਿਣਤੀ ’ਚ ਮੌਜੂਦ ਸਨ। ਸਭਨਾਂ ਨੇ ਗਮਗੀਨ ਮਾਹੌਲ ’ਚ ਫ਼ੌਜੀ ਨਗਿੰਦਰ ਸਿੰਘ ਨੂੰ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ।