ਰਾਤ 10:00 ਵਜੇ ਤੋਂ ਲੈ ਕੇ ਸਵੇਰੇ 6:00 ਵਜੇ ਤੱਕ ਹੋਵੇਗੀ ਮੁਕੰਮਲ ਪਾਬੰਦੀ
ਕੋਟਕਪੂਰਾ, 4 ਜੁਲਾਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਡਿਪਟੀ ਕਮਿਸ਼ਨਰ ਨੇ ਅੱਜ ਸਮੂਹ ਐਸ.ਡੀ.ਐਮਜ਼. ਅਤੇ ਪੁਲਿਸ ਵਿਭਾਗ ਨੂੰ ਲਾਊਡ ਸਪੀਕਰਾਂ ਦੇ ਇਸਤੇਮਾਲ ਸਬੰਧੀ ਸਖਤ ਨਿਰਦੇਸ਼ ਜਾਰੀ ਕਰਦਿਆਂ ਕਿਹਾ ਕਿ ਜਿਲੇ ’ਚ ਕਿਸੇ ਵੀ ਧਾਰਮਿਕ ਸੰਸਥਾ ਜਾਂ ਮੈਰਿਜ ਪੈਲੇਸਾਂ ਅਤੇ ਨਿੱਜੀ ਵਰਤੋਂ ਦੌਰਾਨ ਲਾਊਡ ਸਪੀਕਰ ਰਾਤ 10:00 ਵਜੇ ਤੋਂ ਸਵੇਰੇ 6:00 ਵਜੇ ਤੱਕ ਵਰਤੋਂ ਕਰਨ ’ਤੇ ਮੁਕੰਮਲ ਰੋਕ ਬਣਾਈ ਜਾਣੀ ਯਕੀਨੀ ਬਣਾਈ ਜਾਵੇ। ਉਨਾਂ ਕਿਹਾ ਕਿ ਖਾਸ ਧਾਰਮਿਕ ਸਮਾਗਮਾਂ ਦੌਰਾਨ ਵੀ ਪ੍ਰਵਾਨਗੀ ਜਾਂ ਇਜਾਜ਼ਤ ਲੈ ਕੇ ਲਾਊਡ ਸਪਕੀਰ ਚਲਾਉਣ ’ਚ ਵੀ ਆਵਾਜ਼ 10 ਡੀ.ਬੀ. (ਏ) ਤੋਂ ਵੱਧ ਨਹੀਂ ਹੋਣੀ ਚਾਹੀਦੀ। ਇਸ ਮਾਪਦੰਡ ਦੀ ਨਿਗਰਾਨੀ ਲਈ ਉਨਾਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਨੁਮਾਇੰਦਿਆਂ ਨੂੰ ਤੁਰਤ ਪ੍ਰਭਾਵ ਨਾਲ ਸਰਕਾਰ ਦੇ ਹੁਕਮ ਸਬੰਧੀ ਸ਼ੋਰ ਮਾਨੀਟਰਿੰਗ ਯੰਤਰਾਂ ਦੀ ਖਰੀਦ ਕਰਨ ਦੇ ਹੁਕਮ ਵੀ ਜਾਰੀ ਕੀਤੇ। ਇਨਾਂ ਹੁਕਮਾਂ ਤਹਿਤ ਰਾਤ ਦੇ ਸਮੇਂ ਆਡੀਟੋਰੀਅਮ, ਕਾਨਫਰੰਸ ਰੂਮ, ਕਮਿਊਨਿਟੀ ਹਾਲ, ਬੈਂਕੁਏਟ ਹਾਲਾਂ ਨੂੰ ਛੱਡ ਕੇ ਹੋਰ ਕਿਸੇ ਵੀ ਸਥਾਨ ’ਤੇ ਲਾਊਡ ਸਪੀਕਰ, ਪਬਲਿਕ ਐਡਰੈਸ ਸਿਸਟਮ, ਸੰਗੀਤ ਯੰਤਰ ਅਤੇ ਸਾਊਂਡ ਐਂਪਲੀਫਾਇਰ ਨਾ ਵਜਾਉਣ ਸਬੰਧੀ ਨਿਰਦੇਸ਼ ਦਿੱਤੇ ਗਏ ਹਨ। ਉਨਾਂ ਇਹ ਵੀ ਕਿਹਾ ਕਿ ਕਿਸੇ ਵੀ ਸੱਭਿਆਚਾਰ ਜਾਂ ਧਾਰਮਿਕ ਤਿਉਹਾਰ ਮੌਕੇ, ਜੋਂ 15 ਦਿਨਾਂ ਤੋਂ ਵੱਧ ਨਾ ਹੋਵੇ, ਰਾਤ ਦੇ 10:00 ਵਜੇ ਤੋਂ 12:00 ਵਜੇ ਅੱਧੀ ਰਾਤ ਨੂੰ ਛੱਡ ਕੇ ਅਤੇ ਸ਼ੋਰ ਦਾ ਪੱਧਰ 10 ਡੀ.ਬੀ. (ਏ) ਤੋਂ ਵੱਧ ਨਹੀਂ ਹੋਣਾ ਚਾਹੀਦਾ। ਆਵਾਜ ਪ੍ਰਣਾਲੀ ਜਾਂ ਆਵਾਜ ਪੈਦਾ ਕਰਨ ਵਾਲੇ ਯੰਤਰ ਦਾ ਸ਼ੋਰ ਪੱਧਰ ਵੀ ਨਿੱਜੀ ਸਥਾਨ ’ਤੇ 5 ਡੀ.ਬੀ. (ਏ) ਤੋਂ ਵੱਧ ਨਹੀਂ ਹੋਣਾ ਚਾਹੀਦਾ। ਡਿਪਟੀ ਕਮਿਸ਼ਨਰ ਵੱਲੋਂ ਪੁਲਿਸ ਅਤੇ ਐਸ.ਡੀ.ਐਮਜ਼ ਦਫਤਰਾਂ ਨੂੰ ਇਸ ਸਬੰਧੀ ਕੀਤੀ ਗਈ ਕਾਰਵਾਈ ਦੀ ਹਫਤਾਵਾਰੀ ਰਿਪੋਰਟ ਦਫਤਰ ਡਿਪਟੀ ਕਮਿਸ਼ਨਰ ਵਿਖੇ ਜ੍ਮ੍ਹਾ ਕਰਵਾਉਣ ਦੇ ਹੁਕਮ ਵੀ ਜਾਰੀ ਕੀਤੇ ਗਏ ਹਨ।
Leave a Comment
Your email address will not be published. Required fields are marked with *