“ਰਾਜ ਤੁਹਾਨੂੰ ਜਦੋਂ ਪਤਾ ਹੈ ਕਿ ਮੇਰਾ ਚਾਰ ਦਿਨ ਤੋਂ ਟਫੀ ਕਰਕੇ ਮੂਡ ਠੀਕ ਨਹੀਂ ਹੈ ਤੇ ਤੁਸੀਂ ਉਤੋਂ ਵਰਿੰਦਰ ਨੂੰ ਫੈਮਲੀ ਸਮੇਤ ਖਾਣੇ ਉੱਤੇ ਸੱਦ ਲਿਆ ਹੈ।”ਰਾਜ ਦੀ ਪਤਨੀ ਰੂਬੀ ਗੁੱਸਾ ਦਿਵਾਉਂਦੇ ਹੋਏ ਬੋਲਦੀ ਹੈ।
“ਯਾਰ ਮੂਡ ਤਾਂ ਮੇਰਾ ਵੀ ਬਿਲਕੁਲ ਨਹੀਂ ਸੀ ਪਰ ਕੀ ਕਰਦਾ ਕਿੰਨੇ ਹੀ ਦਿਨਾਂ ਦਾ ਮਗਰ ਜੋ ਪਿਆ ਹੋਇਆ ਸੀ।”
“ਤੁਸੀਂ ਬੁਰਾ ਤਾਂ ਮੰਨਣਾ ਨਾ ਪਰ ਸੱਚੀ ਯਾਰ ਮੇਰਾ ਤਾਂ ਕੁਝ ਵੀ ਬਨਾਉਣ ਨੂੰ ਦਿਲ ਨਹੀਂ ਕਰ ਰਿਹਾ।”
“ਰੂਬੀ ਹੁਣ ਤੂੰ ਇੰਝ ਨਾ ਕਹਿ ਯਾਰ ਜਦੋਂ ਆਪਾਂ ਉਹਨਾਂ ਦੇ ਘਰ ਡਿਨਰ ਉੱਤੇ ਜਾਂਦੇ ਹਾਂ ਤਾਂ ਰਜਨੀ ਭਾਬੀ ਕਿੰਨੀਆਂ ਡਿਸ਼ਾਂ ਬਣਾਉਂਦੀ ਹੈ।”
“ਯਾਰ ਮੈਂ ਪਹਿਲਾਂ ਕਿਹੜਾ ਕਦੇ ਕੁਝ ਨਹੀਂ ਬਣਾਇਆ ਉਹਨਾਂ ਲਈ। ਇਹ ਤਾਂ ਮੇਰਾ ਟਫੀ ਕਰਕੇ ਕੋਈ ਕੰਮ ਕਰਨ ਨੂੰ ਦਿਲ ਹੀ ਨਹੀਂ ਕਰ ਰਿਹਾ। “
“ਰੂਬੀ ਤੂੰ ਬਿਲਕੁਲ ਵੀ ਟੈਂਸ਼ਨ ਨਾ ਲੈ, ਮੈਂ ਦਾਲ ਸ਼ਬਜੀ ਤਾਂ ਸਵੀਗੀ ਤੋਂ ਆਰਡਰ ਕਰ ਲੈਂਦਾ ਹਾਂ।ਤੂੰ ਬਸ ਫੁਲਕੇ ਬਣਾ ਲਈ।”
“ਲਵ ਯੂ ਰਾਜ… ਸੱਚੀ ਮੈਂ ਕੋਈ ਮੋਤੀ ਹੀ ਦਾਨ ਕੀਤੇ ਸੀ ਪਿਛਲੇ ਜਨਮ ਵਿੱਚ ਜੋ ਤੁਹਾਡੇ ਵਰਗਾ ਕੇਅਰਿੰਗ ਤੇ ਪਿਆਰ ਕਰਨ ਵਾਲਾ ਸਾਥੀ ਮਿਲਿਆ ਹੈ।ਥੈਕਯੂ….. ਥੈਕਯੂ।”
“ਲਵ ਯੂ ਟੂ ਡੀਅਰ ਹੁਣ ਤੂੰ ਨਾ ਜਲਦੀ ਨਾਲ ਮੂਡ ਠੀਕ ਕਰ ਤੇ ਉਹਨਾਂ ਦੇ ਆਉਣ ਤੋਂ ਪਹਿਲਾਂ ਤਿਆਰ ਹੋ ਜਾਹ।”
“ਜਰੂਰ ਜਰੂਰ ਮੈਂ ਹੁਣੇ ਹੀ ਚੇਂਜ਼ ਕਰਕੇ ਆਉਂਦੀ ਹਾਂ। ਤੁਸੀਂ ਪਲੀਜ਼ ਟੇਬਲ ਲਗਾ ਲੈਣਾ।”
“ਓਕੇ… ਓਕੇ ਡੀਅਰ ਆਈ ਵਿਲ ਮਨੇਜ਼।”ਰੂਬੀ ਚੇਂਜ਼ ਕਰਨ ਲਈ ਚਲੀ ਜਾਂਦੀ ਹੈ ਤੇ ਰਾਜ ਡਾਇਨਿੰਗ ਟੇਬਲ ਸੈੱਟ ਕਰਨ ਲੱਗ ਜਾਂਦਾ ਹੈ। ਇੰਨੀ ਦੇਰ ਵਿੱਚ ਡੋਰ ਬੈਲ ਵੱਜਦੀ ਹੈ।ਰਾਜ ਦੇਖਦਾ ਹੈ ਤਾਂ ਸਵੀਗੀ ਵਾਲਾ ਆਰਡਰ ਡਲਿਵਰੀ ਕਰਨ ਲਈ ਆਇਆਂ ਹੁੰਦਾ ਹੈ।
“ਸਰ ਤੁਹਾਡਾ ਆਰਡਰ ਜੀ।” ਡਲਿਵਰੀ ਬੁਆਏ ਰਾਜ ਨੂੰ ਦੇਖਦੇ ਹੀ ਬੋਲਦਾ ਹੈ। ਰਾਜ ਸਮਾਨ ਫੜ ਲੈਂਦਾ ਹੈ ਤੇ ਪੇਮੈਂਟ ਕਰ ਦਿੰਦਾ ਹੈ।
“ਥੈਕਯੂ ਸਰ। “ਆਖ ਡਲਿਵਰੀ ਬੁਆਏ ਚਲਾ ਜਾਂਦਾ ਹੈ। ਰਾਜ ਨੇ ਅਜੇ ਦਰਵਾਜ਼ਾ ਬੰਦ ਹੀ ਕੀਤਾ ਹੁੰਦਾ ਹੈ ਕਿ ਡੋਰ ਬੈਲ ਫੇਰ ਵੱਜਦੀ ਹੈ।
“ਰਾਜ ਦੇਖਣਾ ਪਲੀਜ਼ ਮੈਨੂੰ ਲੱਗਦਾ ਹੈ ਵਰਿੰਦਰ ਤੇ ਰੂਬੀਨਾ ਆ ਗਏ ਲੱਗਦੇ ਹਨ। ਮੈਂ ਜਰਾ ਕੌਫ਼ੀ ਵਾਲੇ ਕੱਪ ਕੱਢ ਲਵਾਂ। “ਅੰਦਰੋਂ ਰੂਬੀ ਰਾਜ ਨੂੰ ਆਖਦੀ ਹੈ।
“ਜਰੂਰ ਡਾਰਲਿੰਗ ਜਰੂਰ ਮੈਂ ਹੁਣੇ ਹੀ ਦੇਖਦਾ ਹਾਂ।”
“ਹਾਂ ਜੀ ਵੈਲਕਮ… ਵੈਲਕਮ । ਆਉ ਜੀ ਆਉ।”
“ਥੈਕਯੂ… ਥੈਕਯੂ ਡਿਅਰ।”ਵਰਿੰਦਰ ਰਾਜ ਨੂੰ ਜਵਾਬ ਦਿੰਦਾ ਹੈ। ਵਰਿੰਦਰ ਤੇ ਰੂਬੀਨਾ ਅੰਦਰ ਆ ਜਾਂਦੇ ਹਨ। )
“ਬੈਠੋ… ਹੋਰ ਸੁਣਾਉ ਸਭ ਠੀਕ ਠਾਕ ਹੈ।”ਰਾਜ ਵਰਿੰਦਰ ਨੂੰ ਪੁੱਛਦਾ ਹੈ।
“ਹਾਂ ਹਾਂ ਸਭ ਵਧੀਆ। ਤੁਸੀਂ ਦੱਸੋ।” ਵਰਿੰਦਰ ਜਵਾਬ ਦਿੰਦਾ ਹੈ।
“ਭਾਈ ਸਾਹਿਬ ਨਮਸਤੇ ਜੀ। ਕਿਵੇਂ ਆਉਣ ਵਿੱਚ ਬੜੀ ਦੇਰ ਕਰ ਦਿੱਤੀ?” ਪਾਣੀ ਵਾਲੀ ਟਰੇਅ ਰੱਖਦੀ ਰੂਬੀ ਵਰਿੰਦਰ ਤੇ ਰੂਬੀਨਾ ਨੂੰ ਪੁੱਛਦੀ ਹੈ।
“ਕੀ ਦੱਸਾਂ ਯਾਰ… ਬਸ।”ਰੂਬੀਨਾ ਜਵਾਬ ਦਿੰਦੀ ਹੈ)
“ਤੁਸੀਂ ਦੋਵੇਂ ਹੀ ਬੜੇ ਅਪਸੈੱਟ ਲੱਗ ਰਹੇ ਹੋ, ਆਖੀਰ ਕੀ ਗੱਲ ਹੈ?” ਰੂਬੀ ਉਹਨਾਂ ਕੋਲੋਂ ਪੁੱਛਦੀ ਹੈ।
“ਬਸ ਯਾਰ ਘਰੋਂ ਨਿਕਲਣ ਲੱਗੇ ਤਾਂ ਪਾਪਾ ਜੀ ਲੱਗ ਗਏ ਰੌਲਾ ਪਾਉਣ।” ਵਰਿੰਦਰ ਗੱਲ ਸ਼ੁਰੂ ਕਰਦਾ ਹੈ।)
“ਕੀ ਗੱਲ ਹੋ ਗਈ?ਅੰਕਲ ਜੀ ਦੀ ਤਬੀਅਤ ਤਾਂ ਠੀਕ ਹੈ।” ਰੂਬੀ ਉਹਨਾਂ ਨੂੰ ਪੁੱਛਦੀ ਹੈ।
“ਕੀ ਹੋਣਾ ਹੈ ਉਹਨਾਂ ਦੀ ਤਬੀਅਤ ਨੂੰ ਯਾਰ… ਬਸ ਐਵੇਂ ਨਿੱਕੀ ਨਿੱਕੀ ਗੱਲ ਤੋ ਖਿੱਝ ਜਾਂਦੇ ਹਨ। ਜੇ ਰੋਟੀ ਪੁੱਛ ਲਵੋ ਤਾਂ ਅਜੇ ਨਹੀਂ ਖਾਣੀ, ਜੇ ਦੋ ਮਿੰਟ ਲੇਟ ਹੋ ਜਾਵੋ ਤਾਂ ਲੱਗ ਜਾਂਦੇ ਨੇ ਰੌਲਾ ਪਾਉਣ।ਇੱਕ ਇੱਕ ਕਰਕੇ ਦਿਉ ਤਾਂ ਔਖੇ ਜੇ ਦੋ ਇਕੱਠੀਆਂ ਰੱਖ ਦਾ ਤਾਂ ਬੋਲਣ ਲੱਗ ਜਾਂਦੇ ਹਨ। “
“ਐਵੇਂ ਗੁੱਸਾ ਨਹੀਂ ਕਰਦੇ। ਇਸ ਉਮਰ ਵਿੱਚ ਬਜੁਰਗ ਬੱਚਿਆਂ ਵਰਗੇ ਹੋ ਜਾਂਦੇ ਹਨ ।”
“ਨਾਲੇ ਅਸੀਂ ਤਾਂ ਸੋਚ ਰਹੇ ਸੀ ਕਿ ਤੁਸੀਂ ਉਹਨਾਂ ਨੂੰ ਨਾਲ ਹੀ ਲੈ ਕੇ ਆਵੋਗਾ।” ਰੂਬੀ ਉਹਨਾਂ ਨੂੰ ਪੁੱਛਦੀ ਹੈ।
“ਨਾ ਭਾਬੀ ਨਾ ਨਾਲ ਲਿਆਉਣ ਤਾਂ ਪਰੇਸ਼ਾਨੀ ਸਹੇੜਨਣ ਵਾਲੀ ਗੱਲ ਹੈ।ਖਾਣਾ ਉਹਨਾਂ ਨੂੰ ਨਹੀਂ ਆਉਂਦਾ ਨਹੀਂ। ਖਾਂਦੇ ਘੱਟ ਤੇ ਡੋਲਦੇ ਜਿਆਦਾ ਹਨ। “
“ਰੂਬੀਨਾ ਡਿਅਰ ਬਜ਼ੁਰਗ ਤੇ ਬੱਚੇ ਬਰਾਬਰ ਹੀ ਹੋ ਜਾਂਦੇ ਹਨ। ਕੋਈ ਗੱਲ ਨਹੀਂ ਸੀ ਨਾਲੇ ਇਹ ਕਿਹੜਾ ਕੋਈ ਬੇਗਾਨੀ ਥਾਂ ਹੈ।ਤੁਹਾਡਾ ਆਪਣਾ ਹੀ ਘਰ ਤਾਂ ਹੈ।”
“ਸਹੀ ਬੋਲ ਰਹੀ ਹੈ ਰੂਬੀ ਅੰਕਲ ਨੂੰ ਨਾਲ ਲੈ ਆਉਂਦੇ ਤਾਂ ਉਹਨਾਂ ਦੀ ਵੀ ਆਊਟਿੰਗ ਹੋ ਜਾਂਦੀ। ਸਾਰਾ ਦਿਨ ਘਰੇ ਰਹਿ-ਰਹਿ ਕੇ ਵੀ ਬਜ਼ੁਰਗ ਅੱਕ ਜਾਂਦੇ ਹਨ।” ਰਾਜ ਵੀ ਰੂਬੀਨਾ ਦੇ ਨਾਲ ਹੀ ਲੱਗ ਜਾਂਦਾ ਹੈ।
“ਯਾਰ ਰਾਜ ਤੈਨੂੰ ਨਹੀਂ ਪਤਾ ਉਹਨਾਂ ਨੂੰ ਬਾਹਰ ਨਾਲ ਲੈ ਕੇ ਜਾਣਾ ਤਾਂ ਕੋਈ ਜੰਗ ਜਿੱਤਣ ਦੇ ਬਰਾਬਰ ਹੁੰਦਾ ਹੈ।” ਵਰਿੰਦਰ ਰਾਜ ਨੂੰ ਸਮਝਾਉਣ ਲੱਗ ਜਾਂਦਾ ਹੈ।
“ਚਲੋ ਕੋਈ ਗੱਲ ਨਹੀਂ ਤੁਸੀਂ ਇਹ ਦੱਸੋਂ ਕੌਫੀ ਲਵੋਗੇ ਜਾਂ ਕੁਝ ਹੋਰ। “
“ਨਹੀਂ ਭਾਬੀ ਆਪਣੇ ਵਿੱਚ ਕਿਹੜਾ ਕੋਈ ਫੌਰਮੈਲਟੀ ਹੈ। ਪਹਿਲਾਂ ਹੀ ਕਾਫ਼ੀ ਦੇਰ ਹੋ ਗਈ। ਪਹਿਲਾਂ ਡਿਨਰ ਹੀ ਕਰਦੇ ਹਾਂ।”ਵਰਿੰਦਰ ਰੂਬੀ ਨੂੰ ਡਿਨਰ ਹੀ ਲਗਾਉਣ ਲਈ ਕਹਿੰਦਾ ਹੈ। ਡਿਨਰ ਕਰਕੇ ਉਹ ਕੌਫੀ ਪੀਣ ਲੱਗਦੇ ਹਨ।
“ਅੱਜ ਤੁਹਾਡਾ ਟਫੀ ਨਹੀਂ ਦਿਖਾਈ ਦੇ ਰਿਹਾ ਭਾਬੀ, ਟਫੀ ਕਿੱਥੇ ਹੈ? “ਰੂਬੀਨਾ ਰੂਬੀ ਨੂੰ ਪੁੱਛਦੀ ਹੈ।
“ਕੀ ਦੱਸਾਂ ਯਾਰ ਤਿੰਨ ਦਿਨਾਂ ਤੋਂ ਟਫੀ ਗਾਇਬ ਹੈ? ਉਸਦੇ ਬਾਰੇ ਵਿੱਚ ਕੁਝ ਵੀ ਪਤਾ ਨਹੀਂ ਚੱਲ ਰਿਹਾ। ਮੈਨੂੰ ਤਾਂ ਉਸਦੇ ਬਿਨਾਂ ਸਾਰਾ ਘਰ ਹੀ ਖਾਲੀ-ਖਾਲੀ ਲੱਗਦਾ ਹੈ।”
“ਸੱਚੀ ਯਾਰ ਕਹਿਣ ਨੂੰ ਭਾਵੇਂ ਟਫੀ ਪੈਟ ਹੀ ਹੈ ਪਰ ਹੈ ਤੁਹਾਡੇ ਪਰਿਵਾਰ ਦਾ ਮੈਂਬਰ ਹੀ।”
“ਮੈਬਰ ਮੈਨੂੰ ਤਾਂ ਉਸਦੇ ਬਿਨਾਂ ਕੁਝ ਵੀ ਚੰਗਾ ਨਹੀਂ ਲੱਗ ਰਿਹਾ।”
“ਇਹ ਤਾਂ ਚੰਗਾ ਹੋ ਗਿਆ ਤੁਸੀਂ ਆ ਗਏ ਤਾਂ ਇਸਨੇ ਕੁਝ ਖਾਂਦਾ ਹੈ। ਨਹੀਂ ਤਾਂ ਹਰ ਰੋਜ਼ ਟਫੀ ਲਈ ਖਾਣਾ ਬਣਾਕੇ ਰੱਖ ਲੈਂਦੀ ਹੈ ਤੇ ਕਰਦੀ ਰਹਿੰਦੀ ਹੈ ਉਸਦਾ ਇੰਤਜਾਰ।ਟਫੀ ਆਇਆਂ ਨਹੀਂ ਤੇ ਇਸਨੇ ਕੁਝ ਖਾਇਆਂ ਨਹੀਂ।”ਰਾਜ ਵੀ ਰੂਬੀ ਨਾਲ ਲੱਗ ਜਾਂਦਾ ਹੈ।
“ਅਸੀਂ ਕਿਹੜਾ ਬੇਗਾਨੇ ਸੀ। ਜੇ ਇਹ ਗੱਲ ਸੀ ਤਾਂ ਤੁਸੀਂ ਦੱਸ ਦਿੰਦੇ ਆਪਾਂ ਡਿਨਰ ਕਿਸੇ ਹੋਰ ਦਿਨ ਕਰ ਲੈਂਦੇ। ਸੌਰੀ ਯਾਰ। “ਵਰਿੰਦਰ ਉਹਨਾਂ ਨੂੰ ਆਖਦਾ ਹੈ।
“ਇਸ ਵਿੱਚ ਸੌਰੀ ਵਾਲੀ ਕਿਹੜੀ ਗੱਲ ਹੈ ਮੈ ਤਾਂ… ਤਾਂ ਹਾਂ ਕਰ ਦਿੱਤੀ ਸੀ ਕਿ ਰੂਬੀਨਾ ਭਾਬੀ ਨੂੰ ਮਿਲ ਰੂਬੀ ਦਾ ਥੋੜ੍ਹਾ ਮੂਡ ਹੀ ਬਦਲ ਜਾਵੇਗਾ।”
“ਚਲੋ ਠੀਕ ਹੈ ਹੁਣ ਅਸੀਂ ਚੱਲਦੇ ਹਾਂ, ਜਦੋਂ ਵੀ ਟਫੀ ਦਾ ਪਤਾ ਲੱਗਾ ਤਾਂ ਸਾਨੂੰ ਜਰੂਰ ਦੱਸਣਾ।”
“ਬਿਲਕੁਲ ਬਿਲਕੁਲ ਕਿਉਂ ਨਹੀਂ। ਰੂਬੀ ਤਾਂ ਪਾਠ ਵੀ ਸੁਖੀ ਬੈਠੀ ਹੈ। ਬਸ ਇੱਕ ਵਾਰ ਟਫੀ ਮਿਲ ਜਾਵੇ।”
“ਟਫੀ ਦੀਆਂ ਗੱਲਾਂ ਵਿੱਚ ਆਂਟੀ ਜੀ ਬਾਰੇ ਤਾਂ ਪੁੱਛਣਾ ਹੀ ਭੁੱਲ ਗਏ। ਆਂਟੀ ਜੀ ਕਿਵੇਂ ਹਨ? “
“ਉਹਨਾਂ ਨੂੰ ਕੀ ਹੋਣਾ ਵਧੀਆ ਚੰਗੇ ਭਲੇ ਹਨ। “
“ਚਲੋ ਫੇਰ ਠੀਕ ਹੈ।ਅਸੀਂ ਚੱਲਦੇ ਹਾਂ।”ਓਕੇ ਬਾਏ।”
ਉਹ ਚਲੇ ਜਾਂਦੇ ਹਨ।
“ਰਾਜ ਅੱਜ ਚੋਥਾ ਦਿਨ ਹੋ ਗਿਆ ਟਫੀ ਨੂੰ ਘਰੋਂ ਗਏ ਹੋਏ। ਤੁਸੀਂ ਕੁਝ ਕਰੋ ਨਾ। ਉਸਨੂੰ ਦੇਖੇ ਬਿਨਾਂ ਤਾਂ ਮੇਰਾ ਨੋਕਰੀ ਉੱਤੇ ਵੀ ਜਾਣ ਨੂੰ ਦਿਲ ਨਹੀਂ ਕਰ ਰਿਹਾ।ਸਾਰਾ ਖਾਲੀ ਘਰ ਖਾਣ ਨੂੰ ਆਉਂਦਾ ਹੈ।”
“ਰੂਬੀ ਡਾਰਲਿੰਗ ਮੈਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰ ਰਿਹਾ ਹਾਂ ਉਸਨੂੰ ਲੱਭਣ ਦੀ, ਪਰ ਕੁਝ ਪਤਾ ਲੱਗੇ ਤਾਂ ਹੀ ਹੈ। “
“ਮੈਂ ਕੁਝ ਨਹੀਂ ਜਾਣਦੀ ਤੁਸੀਂ ਮੇਰੇ ਟਫੀ ਨੂੰ ਕੱਲ੍ਹ ਤੱਕ ਕਿੱਥੋ ਜਿਵੇਂ ਮਰਜ਼ੀ ਲੱਭ ਕੇ ਲਿਆਉ।”
“ਮੈਂ ਅੱਜ ਦੇ ਅਖਬਾਰ ਵਿੱਚ ਗੁੰਮਸ਼ੁਦਾ ਦੀ ਤਲਾਸ਼ ਵਾਲੇ ਕਾਲਮ ਵਿੱਚ ਉਸਦੀ ਫੋਟੋ ਵੀ ਲਗਵਾਈ ਹੈ। ਆਹ ਦੇਖ… ਸ਼ਾਇਦ ਸਾਨੂੰ ਕੋਈ ਟਫੀ ਦੇ ਬਾਰੇ ਵਿੱਚ ਖਬਰ ਮਿਲ ਹੀ ਜਾਵੇ।”ਉਹ ਦੋਵੇਂ ਗੱਲਾਂ ਕਰ ਹੀ ਰਹੇ ਹੁੰਦੇ ਹਨ ਕਿ ਰਾਜ ਦਾ ਮੋਬਾਇਲ ਵੱਜਦਾ ਹੈ।
“ਨਮਸਕਾਰ ਜੀ, ਤੁਸੀਂ ਮਿਸਟਰ ਰਾਜ ਬੋਲ ਰਹੇ ਹੋ।” ਅੱਗੋ ਅਵਾਜ਼ ਆਉਂਦੀ ਹੈ।
“ਨਮਸਕਾਰ ਜੀ ਹਾਂ ਮੈਂ ਰਾਜ ਹੀ ਬੋਲ ਰਿਹਾ ਹਾਂ, ਪਰ ਮੈਂ ਤੁਹਾਨੂੰ ਪਹਿਚਾਣਿਆ ਨਹੀਂ। “
“ਤੁਸੀਂ ਆਪਣੇ ਕੁੱਤੇ ਟਫੀ ਬਾਰੇ ਅਖਬਾਰ ਵਿੱਚ ਇੱਕ ਖਬਰ ਲਗਵਾਈ ਹੈ”
“ਹਾਂ ਹਾਂ ਜੀ ਕੀ ਤੁਹਾਨੂੰ ਪਤਾ ਹੈ ਸਾਡਾ ਟਫੀ ਕਿੱਥੇ ਹੈ?”
“ਹਾਂ ਜੀ ਉਹ ਤਿੰਨ ਦਿਨਾਂ ਤੋਂ ਤੁਹਾਡੇ ਆਪਣਿਆਂ ਦੇ ਕੋਲ ਹੀ ਹੈ।”
“ਮੇਰੇ ਆਪਣਿਆਂ ਦੇ ਕੋਲ ਮੈਨੂੰ ਕੁਝ ਸਮਝ ਨਹੀਂ ਆ ਰਿਹਾ ਕਿ ਤੁਸੀਂ ਕੀ ਬੋਲ ਰਹੇ ਹੋ”
“ਸਰ ਮੈਂ ਬਿਰਧ ਆਸ਼ਰਮ ਵਿੱਚੋ ਉੱਥੋ ਦੀ ਮੈਨੇਜਰ ਬੋਲ ਰਹੀ ਹਾਂ ਤੇ ਤੁਹਾਡਾ ਪਾਲਤੂ ਕੁੱਤਾ ਤਿੰਨ ਦਿਨਾਂ ਤੋ ਤੁਹਾਡੇ ਮਾਤਾ ਜੀ ਕੋਲ ਬਿਰਧ ਆਸ਼ਰਮ ਵਿੱਚ ਹੀ ਹੈ। ਤੁਸੀਂ ਜਦੋਂ ਚਾਹੋ ਉਸਨੂੰ ਆ ਕੇ ਲੈ ਜਾ ਸਕਦੇ ਹੋ। “
ਰਾਜ ਜਵਾਬ ਸੁਣ ਕੇ ਇੱਕ ਵੀ ਸ਼ਬਦ ਬੋਲ ਨਹੀਂ ਪਾਉਂਦਾ ਤੇ ਉਹ ਮੂਰਤ ਬਣ ਜਾਂਦਾ ਹੈ।
ਸੰਦੀਪ ਦਿਉੜਾ
8437556667
Leave a Comment
Your email address will not be published. Required fields are marked with *