ਰੂਸ ਦੇ ਆਰਥੋਡੌਕਸ ਚਰਚ ਦੇ ਪਾਦਰੀ ਨੂੰ ਇਹ ਪਤਾ ਲੱਗਿਆ ਕਿ ਉਹਦੇ ਨਿਯਮਿਤ ਪ੍ਰਵਚਨ ਵਿੱਚ ਹਿੱਸਾ ਲੈਣ ਵਾਲੇ ਬਹੁਤ ਸਾਰੇ ਲੋਕ ਇੱਕ ਝੀਲ ਕੋਲ ਜਾਣ ਲੱਗ ਪਏ ਹਨ। ਉਸ ਝੀਲ ਵਿੱਚ ਇੱਕ ਛੋਟਾ ਜਿਹਾ ਟਾਪੂ ਸੀ, ਜਿੱਥੇ ਇੱਕ ਰੁੱਖ ਹੇਠਾਂ ਤਿੰਨ ਬੁੱਢੇ ਰਹਿੰਦੇ ਸਨ। ਪਿੰਡ ਵਾਲਿਆਂ ਦਾ ਕਹਿਣਾ ਸੀ ਕਿ ਉਹ ਤਿੰਨੇ ਸੰਤ ਹਨ। ਪਾਦਰੀ ਨੂੰ ਇਹ ਗੱਲ ਬੜੀ ਅਜੀਬ ਲੱਗੀ, ਕਿਉਂਕਿ ਈਸਾਈ ਧਰਮ ਵਿੱਚ ਸੰਤ ਸਿਰਫ ਉਨ੍ਹਾਂ ਨੂੰ ਹੀ ਮੰਨਿਆ ਜਾਂਦਾ ਸੀ ਜਿਨ੍ਹਾਂ ਨੂੰ ਵੈਟੀਕਨ ਵੱਲੋਂ ਪ੍ਰਮਾਣਿਕ ਤੌਰ ਤੇ ਸੰਤ ਘੋਸ਼ਿਤ ਕੀਤਾ ਗਿਆ ਹੋਵੇ।
ਪਾਦਰੀ ਗੁੱਸੇ ਵਿੱਚ ਬੋਲਿਆ, “ਉਹ ਸੰਤ ਕਿਵੇਂ ਹੋ ਸਕਦੇ ਹਨ? ਮੈਂ ਸਾਲਾਂ ਤੋਂ ਕਿਸੇ ਨੂੰ ਵੀ ਸੰਤਤਾਈ ਦੀ ਪਦਵੀ ਲਈ ਐਲਾਨ ਨਹੀਂ ਕੀਤਾ ਹੈ। ਉਹ ਕੌਣ ਹਨ ਤੇ ਕਿੱਥੋਂ ਆਏ ਹਨ?” ਪਰ ਆਮ ਲੋਕ ਉਨ੍ਹਾਂ ਦੇ ਦਰਸ਼ਨਾਂ ਲਈ ਜਾਂਦੇ ਰਹੇ ਅਤੇ ਚਰਚ ਵਿੱਚ ਆਉਣ ਵਾਲਿਆਂ ਦੀ ਗਿਣਤੀ ਘੱਟ ਹੁੰਦੀ ਗਈ।
ਆਖਰਕਾਰ ਪਾਦਰੀ ਨੇ ਇਹ ਫੈਸਲਾ ਕੀਤਾ ਕਿ ਉਹ ਉਨ੍ਹਾਂ ਤਿੰਨਾਂ ਨੂੰ ਵੇਖਣ ਜਾਵੇਗਾ। ਉਹ ਕਿਸ਼ਤੀ ਵਿੱਚ ਬੈਠ ਕੇ ਟਾਪੂ ਵੱਲ ਗਿਆ। ਉਹ ਤਿੰਨੇ ਉੱਥੇ ਮਿਲ ਗਏ। ਉਹ ਬਹੁਤ ਸਧਾਰਨ, ਅਨਪੜ੍ਹ ਅਤੇ ਪੇਂਡੂਆਂ ਵਰਗੇ ਸਨ। ਦੂਜੇ ਪਾਸੇ ਪਾਦਰੀ ਬਹੁਤ ਸ਼ਕਤੀਸ਼ਾਲੀ ਆਦਮੀ ਸੀ। ਰੂਸ ਦੇ ਜ਼ਾਰ (ਬਾਦਸ਼ਾਹ) ਪਿੱਛੋਂ ਉਸ ਖੇਤਰ ਦਾ ਸਭ ਤੋਂ ਮਹੱਤਵਪੂਰਣ ਆਦਮੀ ਸੀ ਉਹ। ਉਨ੍ਹਾਂ ਤਿੰਨਾਂ ਨੂੰ ਵੇਖ ਕੇ ਉਹ ਖਿਝ ਗਿਆ, “ਤੁਹਾਨੂੰ ਸੰਤ ਕੀਹਨੇ ਬਣਾਇਐ?” ਉਹਨੇ ਪੁੱਛਿਆ। ਉਹ ਤਿੰਨੇ ਇੱਕ-ਦੂਜੇ ਦਾ ਮੂੰਹ ਵੇਖਣ ਲੱਗੇ। ਉਨ੍ਹਾਂ ‘ਚੋਂ ਇੱਕ ਨੇ ਕਿਹਾ, “ਕਿਸੇ ਨੇ ਨਹੀਂ। ਅਸੀਂ ਖੁਦ ਨੂੰ ਸੰਤ ਨਹੀਂ ਮੰਨਦੇ। ਅਸੀਂ ਤਾਂ ਸਧਾਰਨ ਬੰਦੇ ਹਾਂ।”
“ਤਾਂ ਫਿਰ ਤੁਹਾਨੂੰ ਵੇਖਣ ਲਈ ਇੰਨੇ ਸਾਰੇ ਲੋਕ ਕਿਉਂ ਆ ਰਹੇ ਹਨ?”
“ਇਹ ਤਾਂ ਤੁਸੀਂ ਉਨ੍ਹਾਂ ਤੋਂ ਹੀ ਪੁੱਛੋ।” ਉਹ ਬੋਲੇ।
“ਕੀ ਤੁਹਾਨੂੰ ਚਰਚ ਦੀ ਪ੍ਰਮਾਣਿਕ ਪ੍ਰਾਰਥਨਾ ਆਉਂਦੀ ਹੈ?”
“ਨਹੀਂ, ਅਸੀਂ ਤਾਂ ਅਨਪੜ੍ਹ ਹਾਂ ਤੇ ਉਹ ਪ੍ਰਾਰਥਨਾ ਬਹੁਤ ਲੰਮੀ ਹੈ। ਅਸੀਂ ਉਹਨੂੰ ਯਾਦ ਨਹੀਂ ਕਰ ਸਕੇ।”
“ਤਾਂ ਫਿਰ ਤੁਸੀਂ ਕਿਹੜੀ ਪ੍ਰਾਰਥਨਾ ਪੜ੍ਹਦੇ ਹੋ?”
ਉਨ੍ਹਾਂ ਤਿੰਨਾਂ ਨੇ ਇੱਕ-ਦੂਜੇ ਵੱਲ ਵੇਖਿਆ। “ਤੂੰ ਦੱਸ ਦੇ।” ਇੱਕ ਨੇ ਕਿਹਾ।
“ਤੂੰ ਹੀ ਦੱਸ ਦੇ ਯਾਰ!” ਉਹ ਆਪਸ ਵਿੱਚ ਕਹਿੰਦੇ ਰਹੇ।
ਪਾਦਰੀ ਖਿਝ ਗਿਆ। ‘ਇਨ੍ਹਾਂ ਲੋਕਾਂ ਨੂੰ ਪ੍ਰਾਰਥਨਾ ਕਰਨੀ ਵੀ ਨਹੀਂ ਆਉਂਦੀ। ਕਿਹੋ ਜਿਹੇ ਸੰਤ ਹਨ ਇਹ!’ ਉਹਨੇ ਮਨ ਵਿੱਚ ਸੋਚਿਆ। ਉਹ ਬੋਲਿਆ, “ਤੁਹਾਡੇ ‘ਚੋਂ ਕੋਈ ਵੀ ਸੁਣਾ ਸਕਦਾ ਹੈ! ਛੇਤੀ ਬੋਲੋ।”
ਉਹ ਬੋਲੇ, “ਅਸੀਂ ਤੁਹਾਡੇ ਸਾਹਮਣੇ ਬਹੁਤ ਹੀ ਸਧਾਰਨ ਆਦਮੀ ਹਾਂ। ਅਸੀਂ ਆਪ ਹੀ ਇੱਕ ਪ੍ਰਾਰਥਨਾ ਬਣਾਈ ਹੈ ਪਰ ਸਾਨੂੰ ਇਹ ਨਹੀਂ ਪਤਾ ਕਿ ਇਸ ਪ੍ਰਾਰਥਨਾ ਲਈ ਚਰਚ ਦੀ ਮਨਜ਼ੂਰੀ ਲੈਣੀ ਵੀ ਜ਼ਰੂਰੀ ਹੈ? ਸਾਡੀ ਪ੍ਰਾਰਥਨਾ ਬਹੁਤ ਹੀ ਸਧਾਰਨ ਹੈ। ਸਾਨੂੰ ਮਾਫ਼ ਕਰ ਦੇਣਾ ਕਿ ਅਸੀਂ ਤੁਹਾਡੀ ਮਨਜ਼ੂਰੀ ਨਹੀਂ ਲੈ ਸਕੇ। ਅਸੀਂ ਇੰਨੇ ਸੰਕੋਚੀ ਹਾਂ ਕਿ ਅਸੀਂ ਆ ਹੀ ਨਹੀਂ ਸਕੇ।”
“ਸਾਡੀ ਪ੍ਰਾਰਥਨਾ ਹੈ- ‘ਈਸ਼ਵਰ ਤਿੰਨ ਹਨ ਅਤੇ ਅਸੀਂ ਵੀ ਤਿੰਨ ਹਾਂ। ਤੁਸੀਂ ਤਿੰਨ ਹੋ ਅਤੇ ਅਸੀਂ ਤਿੰਨ ਹਾਂ। ਸਾਡੇ ਤੇ ਦਇਆ ਕਰੋ।’ ਬਸ ਇਹੋ ਹੈ ਸਾਡੀ ਪ੍ਰਾਰਥਨਾ।”
ਪਾਦਰੀ ਗੁੱਸੇ ਵਿੱਚ ਬੋਲਿਆ, “ਇਹ ਪ੍ਰਾਰਥਨਾ ਨਹੀਂ ਹੈ। ਮੈਂ ਅਜਿਹੀ ਪ੍ਰਾਰਥਨਾ ਕਦੇ ਨਹੀਂ ਸੁਣੀ।”
ਉਹ ਬੋਲੇ, “ਤੁਸੀਂ ਸਾਨੂੰ ਸੱਚੀ ਪ੍ਰਾਰਥਨਾ ਕਰਨੀ ਸਿਖਾ ਦਿਓ। ਅਸੀਂ ਤਾਂ ਹੁਣ ਤੱਕ ਇਹੋ ਸਮਝਦੇ ਸਾਂ ਕਿ ਸਾਡੀ ਪ੍ਰਾਰਥਨਾ ਵਿੱਚ ਕੋਈ ਕਮੀ ਨਹੀਂ ਹੈ- ‘ਈਸ਼ਵਰ ਤਿੰਨ ਹਨ ਅਤੇ ਅਸੀਂ ਵੀ ਤਿੰਨ ਹਾਂ’- ਹੋਰ ਭਲਾ ਕੀ ਚਾਹੀਦਾ ਹੈ? ਬਸ ਈਸ਼ਵਰ ਦੀ ਕਿਰਪਾ ਹੀ ਤਾਂ ਚਾਹੀਦੀ ਹੈ।”
ਉਨ੍ਹਾਂ ਦੇ ਕਹਿਣ ਤੇ ਪਾਦਰੀ ਨੇ ਉਨ੍ਹਾਂ ਨੂੰ ਚਰਚ ਦੀ ਪ੍ਰਵਾਣਿਤ ਪ੍ਰਾਰਥਨਾ ਦੱਸੀ ਅਤੇ ਉਹਨੂੰ ਪੜ੍ਹਨ ਦਾ ਤਰੀਕਾ ਵੀ ਦੱਸਿਆ। ਪ੍ਰਾਰਥਨਾ ਕਾਫੀ ਲੰਮੀ ਸੀ ਅਤੇ ਉਹਦੇ ਖਤਮ ਹੋਣ ਤੇ ਉਨ੍ਹਾਂ ‘ਚੋਂ ਇੱਕ ਨੇ ਕਿਹਾ, “ਅਸੀਂ ਸ਼ੁਰੂ ਦਾ ਹਿੱਸਾ ਭੁੱਲ ਗਏ ਹਾਂ।” ਪਾਦਰੀ ਨੇ ਉਨ੍ਹਾਂ ਨੂੰ ਦੁਬਾਰਾ ਦੱਸਿਆ। ਫਿਰ ਉਹ ਆਖਰੀ ਹਿੱਸਾ ਭੁੱਲ ਗਏ।
ਪਾਦਰੀ ਖਿਝ ਗਿਆ ਅਤੇ ਬੋਲਿਆ, “ਤੁਸੀਂ ਕਿਹੋ ਜਿਹੇ ਬੰਦੇ ਹੋ? ਤੁਸੀਂ ਇੱਕ ਛੋਟੀ ਜਿਹੀ ਪ੍ਰਾਰਥਨਾ ਵੀ ਯਾਦ ਨਹੀਂ ਕਰ ਸਕਦੇ!”
ਉਹ ਬੋਲੇ, “ਮਾਫ਼ ਕਰਨਾ। ਪਰ ਅਸੀਂ ਅਨਪੜ੍ਹ ਹਾਂ। ਅਤੇ ਸਾਡੇ ਲਈ ਇਹਨੂੰ ਯਾਦ ਕਰਨਾ ਕੁਝ ਮੁਸ਼ਕਿਲ ਹੈ। ਇਸ ਵਿੱਚ ਵੱਡੇ ਵੱਡੇ ਸ਼ਬਦ ਹਨ, ਕਿਰਪਾ ਕਰਕੇ ਧੀਰਜ ਨਾਲ ਸਮਝਾਓ। ਜੇ ਤੁਸੀਂ ਇਹਨੂੰ ਦੋ-ਤਿੰਨ ਵਾਰੀ ਸੁਣਾ ਦਿਓਗੇ ਤਾਂ ਸ਼ਾਇਦ ਇਹ ਸਾਨੂੰ ਯਾਦ ਹੋ ਜਾਏ।” ਪਾਦਰੀ ਨੇ ਉਨ੍ਹਾਂ ਨੂੰ ਤਿੰਨ ਵਾਰੀ ਪ੍ਰਾਰਥਨਾ ਸੁਣਾਈ। ਉਹ ਬੋਲੇ, “ਠੀਕ ਹੈ, ਹੁਣ ਅਸੀਂ ਇਹੋ ਪ੍ਰਾਰਥਨਾ ਕਰਾਂਗੇ। ਹਾਲਾਂਕਿ ਹੋ ਸਕਦਾ ਹੈ ਕਿ ਅਸੀਂ ਇਹਦਾ ਕੁਝ ਹਿੱਸਾ ਬੋਲਣਾ ਭੁੱਲ ਜਾਈਏ, ਪਰ ਅਸੀਂ ਪੂਰੀ ਕੋਸ਼ਿਸ਼ ਕਰਾਂਗੇ।”
ਪਾਦਰੀ ਸੰਤੁਸ਼ਟ ਸੀ ਕਿ ਹੁਣ ਉਹ ਲੋਕਾਂ ਨੂੰ ਜਾ ਕੇ ਦੱਸੇਗਾ ਕਿ ਉਹਦਾ ਵਾਹ ਕਿਹੋ ਜਿਹੇ ਬੇਵਕੂਫ਼ਾਂ ਨਾਲ ਪਿਆ ਸੀ। ਉਹਨੇ ਮਨ ਵਿੱਚ ਸੋਚਿਆ ‘ਹੁਣ ਲੋਕਾਂ ਨੂੰ ਜਾ ਕੇ ਦੱਸਾਂਗਾ ਕਿ ਜਿਨ੍ਹਾਂ ਨੂੰ ਉਹ ਸੰਤ ਕਹਿੰਦੇ ਹਨ, ਉਨ੍ਹਾਂ ਨੂੰ ਤਾਂ ਧਰਮ ਦਾ ੳ, ਅ ਵੀ ਨਹੀਂ ਪਤਾ। ਅਤੇ ਉਹ ਇਹੋ ਜਿਹੇ ਮੂਰਖਾਂ ਦੇ ਦਰਸ਼ਨ ਕਰਨ ਜਾਂਦੇ ਹਨ।’
ਇਹ ਸੋਚ ਕੇ ਉਹ ਕਿਸ਼ਤੀ ਵਿੱਚ ਜਾ ਕੇ ਬਹਿ ਗਿਆ। ਕਿਸ਼ਤੀ ਚੱਲਣ ਲੱਗੀ ਅਤੇ ਉਹ ਅਜੇ ਝੀਲ ਦੇ ਅੱਧ ਵਿੱਚ ਹੀ ਸੀ ਕਿ ਉਹਦੇ ਪਿੱਛੇ ਉਨ੍ਹਾਂ ਤਿੰਨਾਂ ਦੀ ਅਵਾਜ਼ ਸੁਣਾਈ ਦਿੱਤੀ। ਉਹਨੇ ਮੁੜ ਕੇ ਵੇਖਿਆ, ਉਹ ਤਿੰਨੇ ਪਾਣੀ ਤੇ ਦੌੜਦੇ ਹੋਏ ਕਿਸ਼ਤੀ ਵੱਲ ਆ ਰਹੇ ਸਨ। ਉਹਨੂੰ ਆਪਣੀਆਂ ਅੱਖਾਂ ਤੇ ਯਕੀਨ ਨਾ ਹੋਇਆ। ਉਹ ਪਾਣੀ ਤੇ ਦੌੜਦੇ ਹੋਏ ਆਏ ਅਤੇ ਕਿਸ਼ਤੀ ਕੋਲ ਆ ਕੇ ਪਾਣੀ ਵਿੱਚ ਖੜ੍ਹੇ ਹੋ ਕੇ ਬੋਲੇ, “ਖਿਮਾ ਕਰਨਾ, ਅਸੀਂ ਤੁਹਾਨੂੰ ਤਕਲੀਫ਼ ਦਿੱਤੀ। ਕਿਰਪਾ ਕਰਕੇ ਚਰਚ ਦੀ ਪ੍ਰਾਰਥਨਾ ਇੱਕ ਵਾਰ ਫੇਰ ਦੁਹਰਾ ਦਿਓ, ਅਸੀਂ ਕੁਝ ਭੁੱਲ ਗਏ ਹਾਂ।”
ਪਾਦਰੀ ਨੇ ਕਿਹਾ, “ਤੁਸੀਂ ਆਪਣੀ ਪ੍ਰਾਰਥਨਾ ਹੀ ਪੜ੍ਹੋ। ਮੈਂ ਤੁਹਾਨੂੰ ਜੋ ਕੁਝ ਵੀ ਦੱਸਿਆ ਸੀ, ਉਸ ਤੇ ਧਿਆਨ ਨਾ ਦਿਓ। ਮੈਨੂੰ ਮਾਫ਼ ਕਰ ਦਿਓ, ਮੈਂ ਬਹੁਤ ਹੰਕਾਰੀ ਹਾਂ। ਮੈਂ ਤੁਹਾਡੀ ਸਰਲਤਾ ਅਤੇ ਪਵਿੱਤਰਤਾ ਨੂੰ ਛੋਹ ਵੀ ਨਹੀਂ ਸਕਦਾ। ਜਾਓ, ਚਲੇ ਜਾਓ!”
ਪਰ ਉਹ ਅੜ ਗਏ। “ਨਹੀਂ, ਅਜਿਹਾ ਨਾ ਕਹੋ। ਤੁਸੀਂ ਇੰਨੀ ਦੂਰੋਂ ਸਾਡੇ ਲਈ ਆਏ, ਬਸ ਇੱਕ ਵਾਰ ਹੋਰ ਦੁਹਰਾ ਦਿਓ। ਅਸੀਂ ਭੁੱਲ ਗਏ ਹਾਂ। ਪਰ ਐਤਕੀ ਕੋਸ਼ਿਸ਼ ਕਰਾਂਗੇ ਕਿ ਇਹਨੂੰ ਚੰਗੀ ਤਰ੍ਹਾਂ ਯਾਦ ਕਰ ਲਈਏ।”
ਪਰ ਪਾਦਰੀ ਨੇ ਕਿਹਾ, “ਨਹੀਂ ਭਰਾਵੋ! ਮੈਂ ਖੁਦ ਸਾਰੀ ਜ਼ਿੰਦਗੀ ਆਪਣੀ ਪ੍ਰਾਰਥਨਾ ਨੂੰ ਪੜ੍ਹਦਾ ਰਿਹਾ, ਪਰ ਰੱਬ ਨੇ ਉਹਨੂੰ ਕਦੇ ਨਹੀਂ ਸੁਣਿਆ। ਅਸੀਂ ਤਾਂ ਬਾਈਬਲ ਵਿੱਚ ਹੀ ਇਹ ਪੜ੍ਹਦੇ ਸਾਂ ਕਿ ਈਸਾ ਮਸੀਹ ਪਾਣੀ ਤੇ ਚੱਲ ਸਕਦੇ ਸਨ ਪਰ ਅਸੀਂ ਹਮੇਸ਼ਾ ਉਸ ਤੇ ਸ਼ੱਕ ਕਰਦੇ ਰਹੇ। ਅੱਜ ਤੁਹਾਨੂੰ ਪਾਣੀ ਤੇ ਚੱਲਦੇ ਵੇਖ ਕੇ ਮੈਨੂੰ ਹੁਣ ਈਸਾ ਮਸੀਹ ਤੇ ਵਿਸ਼ਵਾਸ ਹੋ ਗਿਆ ਹੈ। ਤੁਸੀਂ ਚਲੇ ਜਾਓ। ਤੁਹਾਡੀ ਪ੍ਰਾਰਥਨਾ ਸੰਪੂਰਨ ਹੈ। ਤੁਹਾਨੂੰ ਕੁਝ ਵੀ ਸਿੱਖਣ ਦੀ ਲੋੜ ਨਹੀਂ ਹੈ।”

* ਮੂਲ : ਲੀਓ ਟਾਲਸਟਾਏ
# ਅਨੁ : ਪ੍ਰੋ. ਨਵ ਸੰਗੀਤ ਸਿੰਘ, ਅਕਾਲ ਯੂਨੀਵਰਸਿਟੀ, ਤਲਵੰਡੀ ਸਾਬੋ-151302 (ਬਠਿੰਡਾ) 9417692015.