ਬਰੈਂਪਟਨ 13 ਅਗਸਤ ( ਸੁਰਜੀਤ ਕੌਰ ਟੋਰਾਂਟੋ/ਵਰਲਡ ਪੰਜਾਬੀ ਟਾਈਮਜ਼)
ਲੰਘੇ ਸ਼ਨਿੱਚਰਵਾਰ, ਮਿਤੀ 10 ਅਗਸਤ 2024 ਨੂੰ ਵਿਸ਼ਵ ਪੰਜਾਬੀ ਭਵਨ, ਬਰੈਂਪਟਨ ਵਿਖੇ ‘ਦਾ ਲਿਟਰੇਰੀ ਰਿਫਲੈਕਸ਼ਨਜ਼’ ਸੰਸਥਾਂ ਵੱਲੋਂ ‘ਕੈਨੇਡਾ ਵਿਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਮਸਲਿਆਂ’ ’ਤੇ ਇਕ ਸੈਮੀਨਾਰ ਕਰਵਾਇਆ ਗਿਆ। ਯਾਦ ਰਹੇ ਕਿ ਇਹ ਸੰਸਥਾ ਬਰੈਂਟਫੋਰਡ ਦੀ ਕਹਾਣੀਕਾਰ ਗੁਰਮੀਤ ਪਨਾਗ ਅਤੇ ਬਰੈਂਪਟਨ ਦੀ ਸਾਹਿਤਕਾਰ ਸੁਰਜੀਤ ਕੌਰ ਦੀ ਅਗਵਾਈ ਹੇਠ ਕੰਮ ਕਰਦੀ ਹੈ। ਪਿਆਰਾ ਸਿੰਘ ਕੁੱਦੋਵਾਲ, ਜੰਗ ਸਿੰਘ ਪਨਾਗ, ਡਾ ਅਮਰਦੀਪ ਬਿੰਦਰਾ ਅਤੇ ਜਗੀਰ ਸਿੰਘ ਕਾਹਲੋਂ ਇਸ ਦੇ ਕੋਆਰਡੀਨੇਟਰ ਦੀ ਭੂਮਿਕਾ ਨਿਭਾਉਂਦੇ ਹਨ। ਇਸ ਸੈਮੀਨਾਰ ਵਿਚ ਹੋਈ ਵਿਚਾਰ- ਚਰਚਾ ਵਿਚ ਦੇਸੋਂ ਆਏ ਬੁੱਧੀਜੀਵੀਆਂ ਪ੍ਰੋ. ਬਾਵਾ ਸਿੰਘ, ਡਾ. ਕੁਲਦੀਪ ਸਿੰਘ, ਇੱਥੋਂ ਦੀ ਮੰਨੀ ਪ੍ਰਮੰਨੀ ਸਮਾਜਸੇਵੀ ਮਿਸ ਸੁੰਦਰ ਸਿੰਘ ਅਤੇ ਸ. ਨਿਰਲੇਪ ਸਿੰਘ ਨੇ ਭਾਗ ਲਿਆ। ਵਿਦਿਆਰਥੀ ਆਗੂ ਵਰਿੰਦਰ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੇ ਵੀ ਆਪਣੇ ਪੱਖ ਦੀ ਗੱਲ ਰੱਖੀ।
ਪ੍ਰੋ. ਬਾਵਾ ਸਿੰਘ ਅਤੇ ਡਾ. ਕੁਲਦੀਪ ਸਿੰਘ ਨੇ ਕਿਹਾ ਕਿ ਪੰਜਾਬ ਵਿਚ ਉੱਨੀਵੀਂ ਸਦੀ ਤੋਂ ਲੋਕਾਂ ਨੇ ਪੈਸਾ ਕਮਾਉਣ ਲਈ ਬਾਹਰ ਜਾਣਾ ਸ਼ੁਰੂ ਕੀਤਾ। ਅੱਜ ਦੇ ਨੌਜਵਾਨ ਨੇ ਵੀ ਜ਼ਮੀਨ ਵੇਚ ਜਾਂ ਕਰਜ਼ਾ ਚੁੱਕ ਕੇ ਚੰਗੇ ਭੱਵਿਖ ਲਈ ਇੱਥੇ ਆਉਣਾ ਸ਼ੁਰੂ ਕੀਤਾ। ਪੰਜਾਬ ਵਿਚ ਵੀ ਵਿਦਿਅਕ ਅਦਾਰਿਆਂ ਦਾ ਪੱਧਰ ਬਹੁਤ ਨੀਵਾਂ ਹੈ ਅਤੇ ਕੈਨੇਡਾ ਵਿਚ ਵੀ ਉਹੀ ਹਾਲ ਹੋ ਗਿਆ। ਪੰਜਾਬ ਦਾ ਬਰੇਨ ਇੱਧਰ ਲੇਬਰ ਕਰਨ ਲਈ ਆ ਰਿਹਾ ਹੈ। ਇੱਥੇ ਆ ਕੇ ਉਹ ਹਾਲਾਤ ਦੇ ਹੱਥੋਂ ਮਜਬੂਰ ਹੋ ਗਏ। ਪੜ੍ਹਾਈ ਅਤੇ ਕੰਮ ਵਿਚ ਬੈਲੰਸ ਨਾ ਬਣਾ ਸਕਣ ਕਾਰਣ ਉਹ ਪੜ੍ਹਾਈ ਛੱਡ ਗਏ। ਕੁਝ ਨਸ਼ਿਆਂ ਵਿਚ ਪੈ ਗਏ ਕੁਝ ਚੋਰੀਆਂ ਕਰਨ ਲੱਗੇ। ਵਾਪਸ ਉਹ ਜਾਣਾ ਨਹੀਂ ਚਾਹੁੰਦੇ। ਮਿਸ ਸੁੰਦਰ ਸਿੰਘ ਨੇ ਦੱਸਿਆ ਕਿ ਬਹੁਤ ਸਾਰੀਆਂ ਕੁੜੀਆਂ ਜੋ ਕਿ ਦੇਹ ਵਪਾਰ ਵਿਚ ਧਕੇਲ ਦਿਤੀਆਂ ਜਾਂਦੀਆਂ ਹਨ ਜਾਂ ਉਨ੍ਹਾਂ ਦੇ ਇੰਪਲਾਇਰ ਉਨ੍ਹਾਂ ਨਾਲ ਜਬਰਦਸਤੀ ਕਰਦੇ ਹਨ, ਉਨ੍ਹਾਂ ਨੂੰ ਬਚਾਉਣ ਦਾ ਕਾਰਜ ਉਹਨਾਂ ਦੀ ਸੰਸਥਾ ਕਰਦੀ ਹੈ। ਸ. ਨਿਰਲੇਪ ਸਿੰਘ ਜੋ ਕਿ ਜੇਲ੍ਹਾਂ ਵਿਚ ਫਸੇ ਹੋਏ ਵਿਦਿਆਰਥੀਆਂ ਨਾਲ ਕੰਮ ਕਰਦੇ ਹਨ, ਨੇ ਦੱਸਿਆ ਕਿ ਇਹਨਾਂ ਵਿਦਿਆਰਥੀ ਨੂੰ ਮਾਂਪਿਆਂ ਵੱਲੋਂ ਖੁਦਮੁਖਤਿਆਰ ਨਹੀਂ ਬਣਾਇਆ ਜਾਂਦਾ। ਮਾਂ ਬਾਪ ਇਨ੍ਹਾਂ ਦੇ ਫੈਸਲੇ ਖੁਦ ਕਰਦੇ ਹਨ ਇਸ ਲਈ ਇੱਥੇ ਆਕੇ ਇਹ ਆਪਣੇ ਲਈ ਸਹੀ ਰਾਸਤੇ ਦੀ ਚੋਣ ਨਹੀਂ ਕਰ ਸਕਦੇ। ਉਨ੍ਹਾਂ ਦੱਸਿਆ ਕਿ ਜੋ ਅਸੀਂ ਸੁਣਦੇ ਹਾਂ ਕਿ ਫਲਾਂ ਬੱਚੇ ਨੂੰ ਹਾਰਟ ਅਟੈਕ ਹੋ ਗਿਆ ਅਸਲ ਵਿਚ ਉਹ ਡਰੱਗ ਓਵਰਡੋਜ਼ ਨਾਲ ਮੌਤ ਹੋਈ ਹੁੰਦੀ ਹੈ। ਅੱਜ ਬਹੁਤ ਸਾਰੇ ਬੱਚੇ ਲਾਪਤਾ ਹਨ। ਬਹੁਤ ਸਾਰੇ ਹੋਮ-ਲੈੱਸ ਹੋ ਗਏ ਹਨ। ਜਿਹੜਾ ਕੁਛ ਉਹ ਲੈ ਕੇ ਆਏ ਹੁੰਦੇ ਹਨ ਉਹ ਵੀ ਗੁਆ ਚੁੱਕੇ ਹੁੰਦੇ ਹਨ। ਡਰੱਗ ਬਹੁਤ ਮਹਿੰਗੀ ਆਉਂਦੀ ਹੈ ਅਤੇ ਉਹ ਇਸਦੇ ਆਦੀ ਹੋ ਗਏ ਹੁੰਦੇ ਹਨ। ਨਾ ਮਿਲਣ ਤੇ ਨਤੀਜਾ ਬਹੁਤ ਮਾੜਾ ਹੁੰਦਾ ਹੈ। ਬਹੁਤ ਸਾਰੇ ਬੱਚੇ ਨਾਈਨ ਵੰਨ ਵੰਨ ਕਰਕੇ ਫਸੇ ਰਹੇ ਹਨ। ਨਿਰਲੇਪ ਸਿੰਘ ਖੁਦ ਇਹੋ ਜਿਹੇ ਕਈ ਬੱਚਿਆਂ ਨੂੰ ਪੰਜਾਬ ਛੱਡ ਕੇ ਆਏ ਹਨ। ਉੱਥੇ ਸ. ਨਿਰਲੇਪ ਨੇ ਉਨ੍ਹਾਂ ਦੇ ਮਾਪਿਆਂ ਦੀ ਵੀ ਕੌਂਸਲਿੰਗ ਕੀਤੀ। ਸਾਰੀ ਗੱਲ ਦਾ ਸਾਰ ਇਹ ਹੈ ਕਿ ਬਿਨਾਂ ਸੋਚੇ ਸਮਝੇ ਵਿਦੇਸ਼ ਆਉਣਾ ਸਹੀ ਨਹੀਂ ਹੈ। ਵਿਦਿਆਰਥੀਆਂ ਨੂੰ ਪੂਰਣ ਰੂਪ ਵਿਚ ਸਿਖਲਾਈ ਲੈ ਕੇ ਇੱਥੇ ਆਉਣਾ ਚਾਹੀਦਾ ਹੈ। ਉਨ੍ਹਾਂ ਨੂੰ ਇੱਥੋਂ ਦੇ ਕਾਨੂੰਨ ਅਤੇ ਸਮਾਜਿਕ ਵਰਤਾਰਿਆਂ ਦੀ ਜਾਣਕਾਰੀ ਹੋਣੀ ਚਾਹੀਦੀ ਹੈ ਤਾਂ ਕਿ ਉਹ ਕਿਸੇ ਮੰਦਭਾਗੀ ਘਟਨਾ ਦਾ ਸ਼ਿਕਾਰ ਨਾ ਹੋਣ। ਕਈ ਵਿਦਿਆਰਥੀ ਸਿਖਿਆ ਪ੍ਰਾਪਤ ਕਰਕੇ ਵਾਪਿਸ ਵੀ ਗਏ ਹਨ ਅਤੇ ਵਧੀਆ ਸੈਟਲ ਹਨ ਉਨ੍ਹਾਂ ਬਾਰੇ ਵੀ ਦੱਸਣਾ ਚਾਹੀਦਾ ਹੈ ਕਿ ਜੇ ਇੱਥੇ ਮੁਸ਼ਕਿਲਾਂ ਆਉਂਦੀਆਂ ਹਨ ਤਾਂ ਵਾਪਿਸ ਪਰਤਣ ਵਿਚ ਵੀ ਕੋਈ ਹਰਜ ਨਹੀਂ ਹੈ। ਕੁਝ ਵਿਦਿਆਰਥੀ ਵੀ ਸ਼ਾਮਿਲ ਸਨ ਉਨ੍ਹਾਂ ਨੇ ਆਪਣੇ ਪੱਖ ਦੀ ਗੱਲ ਦੱਸੀ। ਇਸ ਸੈਮੀਨਾਰ ਵਿਚ 50-55 ਸਰੋਤਿਆਂ ਨੇ ਹਾਜ਼ਰੀ ਭਰੀ। ਪ੍ਰਬੰਧਕਾਂ ਨੇ ਵਾਇਦਾ ਕੀਤਾ ਕਿ ਉਹ ਇਸ ਗੱਲ ਨੂੰ ਚੱਲਦੀ ਰੱਖਣਗੇ। ਇਸ ਤਰ੍ਹਾਂ ਇਹ ਸੈਮੀਨਾਰ ਸਫ਼ਲਤਾ ਪੂਰਵਕ ਸੰਪੰਨ ਹੋਇਆ।