ਮਿੱਟੀ ਨੂੰ ਤਰਾਸ਼ ਕੇ ਸੋਨਾ ਬਣਾਉਣ ਵਾਲਾ ਖੁਦ ਸਹੂਲਤਾਂ ਤੋਂ ਵਾਂਝਾ : ਹੰਸਰਾਜ ਪ੍ਰਜਾਪਤੀ
ਕੋਟਕਪੂਰਾ, 9 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਪ੍ਰਜਾਪਤੀ ਕੁੰਮਹਾਰ ਮਹਾਂਸੰਘ ਜਲਾਲਾਬਾਦ ਦੇ ਯੂਥ ਚੇਅਰਮੈਨ ਸ਼੍ਰੀ ਹੰਸਰਾਜ ਪ੍ਰਜਾਪਤੀ ਸਮਾਜਸੇਵੀ ਨੇ ਇਸ ਅਖਬਾਰ ਦੇ ਪੱਤਰਕਾਰ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਦੱਸਿਆ ਕਿ ਦੇਸ਼ ਭਰ ’ਚ ਦੀਵਾਲੀ ਦੇ ਤਿਉਹਾਰ ਮੌਕੇ ਮਿੱਟੀ ਦੇ ਦੀਵੇ ਸਰੋਂ ਦੇ ਤੇਲ ਨਾਲ ਜਗਾਉਣ ਦੀ ਪਰੰਪਰਾ ਪੁਰਾਤਨ ਕਾਲ ਤੋਂ ਚੱਲੀ ਆ ਰਹੀ ਹੈ ਤੇ ਦੀਵਾਲੀ ਦੇ ਇਸ ਪਵਿੱਤਰ ਤਿਉਹਾਰ ਮੌਕੇ ਚਾਈਨਿਸ ਲੜੀਆਂ ਨੂੰ ਛੱਡ ਕੇ ਵੱਧ ਤੋਂ ਵੱਧ ਮਿੱਟੀ ਦੇ ਦੀਵੇ ਜਗਾਉ, ਕਿਉਂਕਿ ਇਸ ਨਾਲ ਬਹੁਤ ਸਾਰੇ ਬੈਕਟੀਰੀਆ ਖਤਮ ਹੋਣਗੇ ਤੇ ਨਾਲ ਹੀ ਡੇਂਗੂ ਜਿਹੀਆਂ ਬਿਮਾਰੀਆਂ ਤੇ ਕੁਝ ਹੱਦ ਤੱਕ ਰੋਕਥਾਮ ਲੱਗੇ। ਉਨਾਂ ਆਖਿਆ ਕਿ ਪਹਿਲਾਂ ਹੀ ਮੰਦੀ ਦੀ ਮਾਰ ਝੱਲ ਰਹੇ ਦੀਵੇ ਬਣਾਉਣ ਵਾਲੇ ਕਾਰੀਗਰਾਂ ਨੂੰ ਹੁਣ ਚਾਈਨਿਸ ਲੜੀਆਂ ਦੇ ਆ ਜਾਣ ਕਾਰਨ ਹੋ ਜਿਆਦਾ ਮੰਦਹਾਲੀ ਦੇ ਦੌਰ ’ਚ ਧਕੇਲ ਦਿੱਤਾ ਹੈ। ਹੰਸ ਰਾਜ ਨੇ ਦੱਸਿਆ ਕਿ ਮਿੱਟੀ ਦੇ ਬਣੇ ਦੀਵੇ, ਪਾਣੀ ਵਾਲੇ ਵਾਟਰ ਕੂਲਰ, ਘੜੇ, ਤਵੇ, ਗਿਲਾਸ ਆਦਿ ਦੀ ਵੱਧ ਤੋਂ ਵੱਧ ਵਰਤੋਂ ਕਰੋ ਤਾਂ ਕਿ ਆਪਣਾ ਸਰੀਰ ਬਿਮਾਰੀਆਂ ਰਹਿਤ ਬਣਿਆ ਰਹੇ। ਇਸ ਨਾਲ ਹੱਥੀਂ ਕਿਰਤ ਕਰਨ ਵਾਲਿਆਂ ਦਾ ਮੁੱਲ ਪੈਣਾ ਵੀ ਸੁਭਾਵਿਕ ਹੈ। ਹੰਸਰਾਜ ਨੇ ਅਪੀਲ ਕੀਤੀ ਕਿ ਇਸ ਵਾਰ 100 ਫੀਸਦੀ ਨਹੀਂ ਤਾਂ ਘੱਟੋ ਘੱਟੋ 50 ਫੀਸਦੀ ਹੀ ਦੀਵੇ ਜਰੂਰ ਜਗਾਏ ਜਾਣ ਤਾਂ ਜੋ ਹੱਥੀਂ ਕਿਰਤ ਕਰਨ ਵਾਲਿਆਂ ਦਾ ਮਨੋਬਲ ਹੋ ਵੱਧ ਸਕੇ। ਉਨਾਂ ਆਪਣੇ ਪ੍ਰਜਾਪਤ ਭਰਾਵਾਂ ਨੂੰ ਵੀ ਸੁਨੇਹਾ ਦਿੱਤਾ ਕਿ ਆਪਣੇ ਮਿੱਟੀ ਦੇ ਕੰਮ ਨੂੰ ਖਤਮ ਹੋਣ ਤੋਂ ਬਚਾਉਣ ਤਾਂ ਕਿ ਜੋ ਆਪਣੇ ਮਿੱਟੀ ਦੇ ਬਣੇ ਭਾਂਡੇ ਦੁਬਾਰਾ ਵੱਧ ਤੋਂ ਵੱਧ ਵਰਤੇ ਜਾ ਜਾਣ, ਜਿਵੇਂ ਕਿ ਪਾਣੀ ਦੇ ਵਾਟਰ ਕੂਲਰ, ਤਵੇ, ਗਿਲਾਸ, ਘੜੇ, ਕੁੰਡੇ, ਗਮਲੇ ਅਤੇ ਮਿੱਟੀ ਦੀਆਂ ਹੋਰ ਫੈਨਸੀ ਆਈਟਮਾਂ ਆਦਿ ਜਿਸ ਨਾਲ ਹੱਥੀਂ ਕੰਮ ਕਰਨ ਵਾਲੇ ਮੇਰੇ ਪ੍ਰਜਾਪਤ ਭਰਾਵਾਂ ਦਾ ਮਨੋਬਲ ਹੋ ਵੱਧ ਸਕੇ। ਹੰਸ ਰਾਜ ਨੇ ਆਖਿਆ ਕਿ ਅੱਜ ਮਿੱਟੀ ਨੂੰ ਤਰਾਸ਼ ਕੇ ਸੋਨਾ ਬਣਾਉਣ ਵਾਲਾ ਖੁਦ ਸਹੂਲਤਾਂ ਤੋਂ ਵਾਂਝਾ ਹੁੰਦਾ ਦਿਖਾਈ ਦੇ ਰਿਹਾ ਹੈ, ਜਿਸ ਵੱਲ ਸਰਕਾਰ ਦਾ ਬਿਲਕੁਲ ਵੀ ਧਿਆਨ ਨਹੀਂ। ਉਹਨਾ ਸਰਕਾਰ ਨੂੰ ਵੀ ਅਪੀਲ ਕੀਤੀ ਕਿ ਉਹ ਲੋਕਾਂ ਨੂੰ ਵੱਧ ਤੋਂ ਵੱਧ ਮਿੱਟੀ ਦੇ ਬਣੇ ਦੀਵੇ ਜਗਾੳਣ ਲਈ ਪੇ੍ਰਰਿਤ ਜਰੂਰ ਕਰਨ ਤਾਂ ਜੋ ਮਿੱਟੀ ਦੇ ਬਣੇ ਬਰਤਨਾ ਵੱਲ ਲੋਕਾਂ ਦੀ ਰੁਝਾਨ ਵੱਧ ਸਕੇ।