ਦੁੱਧ ਤੁਹਾਡੀ ਸਿਹਤ ਲਈ ਕਿੰਨਾ ਜ਼ਰੂਰੀ ਹੈ?
1 ਜੂਨ ਨੂੰ ਵਿਸ਼ਵ ਦੁੱਧ ਦਿਵਸ ‘ਤੇ ਵਿਸ਼ੇਸ਼।
ਮਾਂ ਬਚਪਨ ਤੋਂ ਹੀ ਹਰ ਰੋਜ਼ ਦੁੱਧ ਪੀਣ ਦੀ ਸਲਾਹ ਦਿੰਦੀ ਹੈ। ਦੁੱਧ ਨੂੰ ਸੰਪੂਰਨ ਖੁਰਾਕ ਮੰਨਿਆ ਜਾਂਦਾ ਹੈ। ਦੁੱਧ ਸਾਡੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਹੀ ਕਾਰਨ ਹੈ ਕਿ ਬਜ਼ੁਰਗਾਂ ਤੋਂ ਲੈ ਕੇ ਡਾਕਟਰਾਂ ਤੱਕ ਹਰ ਕੋਈ ਦੁੱਧ ਪੀਣ ਦੀ ਸਲਾਹ ਦਿੰਦਾ ਹੈ। ਕੈਲਸ਼ੀਅਮ ਭਰਪੂਰ ਦੁੱਧ ਸਰੀਰ ਦੇ ਸਰਵਪੱਖੀ ਵਿਕਾਸ ਲਈ ਬਹੁਤ ਜ਼ਰੂਰੀ ਹੈ। ਦੁੱਧ ਦੇ ਲਾਭਾਂ ਨੂੰ ਲੋਕਾਂ ਤੱਕ ਪਹੁੰਚਾਉਣ ਦੇ ਉਦੇਸ਼ ਨਾਲ ਹਰ ਸਾਲ 1 ਜੂਨ ਨੂੰ ਵਿਸ਼ਵ ਦੁੱਧ ਦਿਵਸ ਮਨਾਇਆ ਜਾਂਦਾ ਹੈ। ਆਓ ਜਾਣਦੇ ਹਾਂ ਦੁੱਧ ਦਾ ਕੀ ਹੈ ਮਹੱਤਵ? ਦੁੱਧ ਵਿੱਚ ਕੈਲਸ਼ੀਅਮ ਹੁੰਦਾ ਹੈ। ਇਸ ਨਾਲ ਹੱਡੀਆਂ ਅਤੇ ਦੰਦ ਮਜ਼ਬੂਤ ਹੁੰਦੇ ਹਨ। ਦੁੱਧ ਵਿੱਚ ਵਿਟਾਮਿਨ ਡੀ ਭਰਪੂਰ ਮਾਤਰਾ ਵਿੱਚ ਹੁੰਦਾ ਹੈ। ਦੁੱਧ ਪੀਣ ਨਾਲ ਥਕਾਵਟ ਦੂਰ ਹੁੰਦੀ ਹੈ ਅਤੇ ਦਿਮਾਗ ਵਧੀਆ ਕੰਮ ਕਰਦਾ ਹੈ। ਦੁੱਧ ਦੇ ਕਈ ਫਾਇਦਿਆਂ ਬਾਰੇ ਲੋਕਾਂ ਨੂੰ ਜਾਗਰੂਕ ਕਰਨਾ ਜ਼ਰੂਰੀ ਹੈ। ਇਸ ਉਦੇਸ਼ ਨਾਲ ਵਿਸ਼ਵ ਦੁੱਧ ਦਿਵਸ ਹਰ ਸਾਲ 1 ਜੂਨ ਨੂੰ ਦੁਨੀਆ ਭਰ ਵਿੱਚ ਮਨਾਇਆ ਜਾਂਦਾ ਹੈ । ਇਸ ਸਾਲ 2024 ਦੀ ਥੀਮ ਵਿਸ਼ਵ ਭਰ ਦੇ ਲੋਕਾਂ ਨੂੰ ਗੁਣਵੱਤਾ ਭਰਪੂਰ ਪੋਸ਼ਣ ਪ੍ਰਦਾਨ ਕਰਨ ਵਿੱਚ ਡੇਅਰੀ ਉਤਪਾਦਾਂ ਦੁਆਰਾ ਨਿਭਾਈ ਜਾਣ ਵਾਲੀ ਮਹੱਤਵਪੂਰਨ ਭੂਮਿਕਾ ‘ਤੇ ਕੇਂਦਰਿਤ ਹੋਵੇਗੀ। ਦੁੱਧ ਅਤੇ ਡੇਅਰੀ ਉਤਪਾਦ ਇੱਕ ਕਿਫਾਇਤੀ ਅਤੇ ਪੌਸ਼ਟਿਕ ਤੱਤਾਂ ਨਾਲ ਭਰਪੂਰ ਭੋਜਨ ਹੈ ਅਤੇ ਦੁਨੀਆ ਭਰ ਵਿੱਚ ਸੰਤੁਲਿਤ ਆਹਾਰ ਦਾ ਇੱਕ ਜ਼ਰੂਰੀ ਹਿੱਸਾ ਹਨ। ਸੰਯੁਕਤ ਰਾਸ਼ਟਰ ਖੁਰਾਕ ਅਤੇ ਖੇਤੀਬਾੜੀ ਸੰਗਠਨ ਨੇ ਸਾਲ 2001 ਵਿੱਚ ਵਿਸ਼ਵ ਦੁੱਧ ਦਿਵਸ ਮਨਾਉਣਾ ਸ਼ੁਰੂ ਕੀਤਾ ਸੀ। ਪ੍ਰੈਸ ਇਨਫੋਰਮੇਸ਼ਨ ਬਿਊਰੋ ਮੁਤਾਬਕ ਭਾਰਤ ਦੁਨੀਆ ਦਾ ਸਭ ਤੋਂ ਵੱਡਾ ਦੁੱਧ ਉਤਪਾਦਕ ਹੈ। ਦੁਨੀਆ ਦੇ ਦੁੱਧ ਉਤਪਾਦਨ ਦਾ ਲਗਭਗ 25 ਫੀਸਦੀ ਹਿੱਸਾ ਭਾਰਤ ਦਾ ਹੈ। ਫੂਡ ਐਂਡ ਐਗਰੀਕਲਚਰ ਆਰਗਨਾਈਜੇਸ਼ਨ ਦੇ ਅਨੁਸਾਰ ਦੁਨੀਆ ਭਰ ਵਿੱਚ 6 ਬਿਲੀਅਨ ਤੋਂ ਵੱਧ ਲੋਕ ਡੇਅਰੀ ਉਤਪਾਦਾਂ ਦਾ ਸੇਵਨ ਕਰਦੇ ਹਨ। ਇਸ ਦਿਨ ਨੂੰ ਮਨਾਉਣ ਦਾ ਮਕਸਦ ਲੋਕਾਂ ਨੂੰ ਦੁੱਧ ਦੇ ਫਾਇਦਿਆਂ ਬਾਰੇ ਸਮਝਾਉਣਾ ਅਤੇ ਡੇਅਰੀ ਉਦਯੋਗ ਨੂੰ ਉਤਸ਼ਾਹਿਤ ਕਰਨਾ ਹੈ। ਦੁੱਧ ਨੂੰ ਸੰਪੂਰਨ ਖੁਰਾਕ ਮੰਨਿਆ ਜਾਂਦਾ ਹੈ। ਦੁੱਧ ਵਿੱਚ ਪੋਟਾਸ਼ੀਅਮ, ਵਿਟਾਮਿਨ ਏ, ਵਿਟਾਮਿਨ ਬੀ12, ਫਾਸਫੋਰਸ ਅਤੇ ਪ੍ਰੋਟੀਨ ਵਰਗੇ ਪੋਸ਼ਕ ਤੱਤ ਪਾਏ ਜਾਂਦੇ ਹਨ। ਦੁੱਧ ਪੀਣ ਨਾਲ ਸਰੀਰ ਨੂੰ ਊਰਜਾ ਮਿਲਦੀ ਹੈ। ਦੁੱਧ ਵਿੱਚ ਫੋਲੇਟ ਹੁੰਦਾ ਹੈ। ਸਰੀਰ ਦੀ ਇਮਿਊਨਿਟੀ ਵਧਾਉਣ ਲਈ ਦੁੱਧ ਦਾ ਸੇਵਨ ਫਾਇਦੇਮੰਦ ਮੰਨਿਆ ਜਾਂਦਾ ਹੈ। ਵਿਸ਼ਵ ਦੁੱਧ ਦਿਵਸ ਲਈ ਹਰ ਸਾਲ ਇੱਕ ਥੀਮ ਵੀ ਤੈਅ ਕੀਤੀ ਜਾਂਦੀ ਹੈ। ਵਿਸ਼ਵ ਦੁੱਧ ਦਿਵਸ ਦੀ ਥੀਮ ਇਸ ਗੱਲ ਨੂੰ ਉਜਾਗਰ ਕਰਦੀ ਹੈ ਕਿ ਕਿਵੇਂ ਡੇਅਰੀ ਪੌਸ਼ਟਿਕ ਭੋਜਨ ਅਤੇ ਰੋਜ਼ੀ-ਰੋਟੀ ਪ੍ਰਦਾਨ ਕਰਦੇ ਹੋਏ ਵਾਤਾਵਰਣ ਦੀ ਰੱਖਿਆ ਕਰਦੀ ਹੈ। ਵਿਸ਼ਵ ਦੁੱਧ ਦਿਵਸ ਦੇ ਨਾਲ ਭਾਰਤ ਵਿੱਚ ਰਾਸ਼ਟਰੀ ਦੁੱਧ ਦਿਵਸ ਵੀ ਮਨਾਇਆ ਜਾਂਦਾ ਹੈ। 26 ਨਵੰਬਰ ਡਾ. ਵਰਗੀਸ ਕੁਰੀਅਨ ਦਾ ਜਨਮ ਦਿਨ ਹੈ। ਉਸ ਨੂੰ ਭਾਰਤ ਵਿਚ ਸਫ਼ੇਦ ਕ੍ਰਾਂਤੀ ਦਾ ਪਿਤਾਮਾ ਜਾਂ ‘ਮਿਲਕ ਮੈਨ’ ਵੀ ਕਿਹਾ ਜਾਂਦਾ ਹੈ। ਉਸ ਦੇ ਜਨਮ ਦਿਨ ਦੇ ਮੌਕੇ ਨੂੰ ਭਾਰਤ ਵਿੱਚ ਰਾਸ਼ਟਰੀ ਦੁੱਧ ਦਿਵਸ ਵਜੋਂ ਮਨਾਇਆ ਜਾਂਦਾ ਹੈ। ਕੁਰੀਅਨ ਨੇ ਸਾਲ 1970 ਵਿੱਚ ਸਫ਼ੇਦ ਕ੍ਰਾਂਤੀ ਦੀ ਸ਼ੁਰੂਆਤ ਕੀਤੀ ਸੀ। ਇਸਦਾ ਉਦੇਸ਼ ਭਾਰਤ ਵਿੱਚ ਦੁੱਧ ਉਤਪਾਦਨ ਨੂੰ ਉਤਸ਼ਾਹਿਤ ਕਰਨਾ ਸੀ। 1965 ਤੋਂ 1998 ਤੱਕ ਡਾ. ਵਰਗੀਸ ਕੁਰੀਅਨ ਨੈਸ਼ਨਲ ਡੇਅਰੀ ਵਿਕਾਸ ਬੋਰਡ ਦੇ ਚੇਅਰਮੈਨ ਰਹੇ। ਇਸ ਦੌਰਾਨ ਉਨ੍ਹਾਂ ਨੇ ਦੇਸ਼ ਦੇ ਹਰ ਕੋਨੇ ਤੱਕ ਦੁੱਧ ਉਤਪਾਦਨ ਨੂੰ ਉਤਸ਼ਾਹਿਤ ਕਰਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਦੇ ਯਤਨਾਂ ਸਦਕਾ ਅੱਜ ਭਾਰਤ ਦੁਨੀਆ ਵਿੱਚ ਸਭ ਤੋਂ ਵੱਧ ਦੁੱਧ ਪੈਦਾ ਕਰਨ ਵਾਲੇ ਦੇਸ਼ਾਂ ਵਿੱਚ ਨੰਬਰ ਇੱਕ ਬਣ ਗਿਆ ਹੈ। ਸਿਹਤਮੰਦ ਖੁਰਾਕ ਨਾ ਲੈਣ ਕਾਰਨ ਜਾਂ ਜੈਨੇਟਿਕ ਕਾਰਨਾਂ ਕਰਕੇ ਲੋਕਾਂ ਦੇ ਸਰੀਰ ਵਿੱਚ ਵਿਟਾਮਿਨਾਂ ਦੀ ਕਮੀ ਹੋ ਜਾਂਦੀ ਹੈ। ਇਸ ਕਮੀ ਨੂੰ ਦੂਰ ਕਰਨ ਲਈ ਕਈ ਵਾਰ ਡਾਇਟੀਸ਼ੀਅਨ ਜਾਂ ਨਿਊਟਰੀਸ਼ਨਿਸਟ ਦੁੱਧ ਪੀਣ ਦੀ ਸਲਾਹ ਦਿੰਦੇ ਹਨ। ਦੁੱਧ ਵਿੱਚ ਵਿਟਾਮਿਨ ਏ ਹੁੰਦਾ ਹੈ। ਵਿਟਾਮਿਨ ਏ ਦੀ ਮਦਦ ਨਾਲ ਅੱਖਾਂ ਦੀ ਰੋਸ਼ਨੀ ਅਤੇ ਰੋਗ ਪ੍ਰਤੀਰੋਧਕ ਸ਼ਕਤੀ ਵਧਦੀ ਹੈ। ਦੁੱਧ ਵਿੱਚ ਥਾਈਮਿਨ ਜਾਂ ਵਿਟਾਮਿਨ-ਬੀ1 ਪਾਇਆ ਜਾਂਦਾ ਹੈ। ਇਸ ਨਾਲ ਮਾਸਪੇਸ਼ੀਆਂ ਨੂੰ ਤਾਕਤ ਮਿਲਦੀ ਹੈ। ਦੁੱਧ ਵਿੱਚ ਵਿਟਾਮਿਨ-ਬੀ 2, ਵਿਟਾਮਿਨ-ਬੀ 3, ਵਿਟਾਮਿਨ-ਬੀ5, ਵਿਟਾਮਿਨ-ਬੀ6 ਅਤੇ ਵਿਟਾਮਿਨ-ਬੀ12 ਵੀ ਪਾਏ ਜਾਂਦੇ ਹਨ। ਦੁੱਧ ਵਿੱਚ ਵਿਟਾਮਿਨ ਸੀ ਵੀ ਹੁੰਦਾ ਹੈ। ਇਹ ਚਮੜੀ ਅਤੇ ਵਾਲਾਂ ਦੀ ਸਿਹਤ ਨੂੰ ਬਣਾਈ ਰੱਖਣ ਲਈ ਜ਼ਰੂਰੀ ਵਿਟਾਮਿਨ ਹੈ। ਦੁੱਧ ਵਿੱਚ ਵਿਟਾਮਿਨ ਡੀ ਅਤੇ ਵਿਟਾਮਿਨ ਈ ਮੌਜੂਦ ਹੁੰਦਾ ਹੈ। ਵਿਟਾਮਿਨ ਈ ਦਿਲ ਦੀ ਬਿਹਤਰ ਸਿਹਤ ਨੂੰ ਬਣਾਈ ਰੱਖਣ ਵਿੱਚ ਮਦਦ ਕਰਦਾ ਹੈ। ਦੁੱਧ ਵਿੱਚ ਵਿਟਾਮਿਨ ਕੇ ਹੁੰਦਾ ਹੈ ਜੋ ਹੱਡੀਆਂ ਦੀ ਘਣਤਾ ਨੂੰ ਵਧਾਉਂਦਾ ਹੈ ਅਤੇ ਹੱਡੀਆਂ ਨੂੰ ਮਜ਼ਬੂਤ ਬਣਾਉਂਦਾ ਹੈ। ਦੁੱਧ ਦੇ ਫਾਇਦਿਆਂ ਅਤੇ ਵਿਸ਼ਵ ਦੁੱਧ ਦਿਵਸ ਦੀ ਮਹੱਤਤਾ ਨੂੰ ਜਾਣਨ ਤੋਂ ਬਾਅਦ ਮੈਨੂੰ ਉਮੀਦ ਹੈ ਕਿ ਤੁਸੀਂ ਵੀ ਦੁੱਧ ਦੀ ਮਹੱਤਤਾ ਨੂੰ ਸਮਝੋਗੇ ਅਤੇ ਇਸਦੀ ਨਿਯਮਤ ਵਰਤੋਂ ਸ਼ੁਰੂ ਕਰੋਗੇ।

ਲੈਕਚਰਾਰ ਲਲਿਤ ਗੁਪਤਾ
ਮੰਡੀ ਅਹਿਮਦਗੜ੍ਹ।
9781590500