ਕੋਟਕਪੂਰਾ, 29 ਅਪ੍ਰੈਲ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਮੋਗਾ-ਫਿਰੋਜਪੁਰ ਜੀ.ਟੀ. ਰੋਡ ਨੇੜੇ ਪੈਂਦਾ ਪਿੰਡ ਸਲੀਣਾ ਓਦੋਂ ਸੁਰਖੀਆਂ ’ਚ ਆਇਆ ਜਦੋਂ ਇਸ ਪਿੰਡ ਦਾ ਜੰਮਪਲ ਖੂਬਸੂਰਤ ਕੁੰਢੀਆਂ ਮੁੱਛਾਂ ਵਾਲਾ ਗੱਭਰੂ ਚਰਨਜੀਤ ਸਲੀਣਾ ਆਪਣੀ ਬੁਲੰਦ ਅਵਾਜ ਅਤੇ ਸੱਭਿਆਚਾਰਕ ਗੀਤਾਂ ਰਾਹੀਂ ਪਿੰਡਾਂ ਵਿੱਚ ਪੰਜਾਬੀ ਸੱਭਿਆਚਾਰ ਦੀ ਖੁਸਬੂ ਖਿਲਾਰਨ ਲੱਗਾ। ਚਾਰ ਭੈਣ-ਭਰਾਵਾਂ ਵਿੱਚੋਂ ਸਭ ਤੋਂ ਛੋਟਾ ਹੋਣ ਕਰਕੇ ਪਿਤਾ ਬੰਤ ਸਿੰਘ ਅਤੇ ਮਾਤਾ ਗੁਰਦੇਵ ਕੌਰ ਦਾ ਤਾਂ ਲਾਡਲਾ ਪੁੱਤ ਹੈ ਹੀ ਸੀ ਪਰ ਦੋ ਭਰਾਵਾਂ ਅਤੇ ਭੈਣ ਦਾ ਵੀ ਲਾਡਲਾ ਵੀਰ ਹੈ। ਚਰਨਜੀਤ ਦੇ ਵੱਡੇ ਭਾਈ ਅਜਮੇਰ ਸਿੰਘ ਨੇ ਸੌਕੀਆ ਗਾਉਣ ਲਈ ਘਰ ’ਚ ਤੂੰਬੀ ਰੱਖੀ ਹੋਈ ਸੀ। ਉਸ ਤੂੰਬੀ ਦੀ ਟੁਣਕਾਰ ਨੇ ਹੀ ਚਰਨਜੀਤ ਨੂੰ ਵੀ ਗੁਣਗਣਾਉਣ ਲਾ ਦਿੱਤਾ। ਚਰਨਜੀਤ ਨੇ ਪੰਜ ਜਮਾਤਾਂ ਪਿੰਡ ਦੇ ਸਕੂਲ ’ਚੋ ਪਾਸ ਕੀਤੀਆਂ। ਮੈਟਿ੍ਰਕ ਡਰੋਲੀ ਭਾਈ ਤੋਂ ਅਤੇ ਹਾਇਰ ਸੈਕੰਡਰੀ ਤਲਵੰਡੀ ਭਾਈ ਤੋਂ ਕੀਤੀ। ਗੁਰੂ ਨਾਨਕ ਕਾਲਜ ਮੋਗਾ ਤੋਂ ਬੀ.ਏ. ਅਤੇ ਡੀ.ਏ.ਵੀ. ਕਾਲਜ ਮੋਗਾ ਤੋਂ ਹੀ ਬੀ.ਐੱਡ. ਕਰਕੇ 1990 ’ਚ ਸਰਕਾਰੀ ਅਧਿਆਪਕ ਤੋਂ ਸ਼ੁਰੂ ਹੋ ਕੇ ਲੈਕਚਰਾਰ ਤੱਕ ਪਹੁੰਚਿਆ। ਵਿਦਿਆ ਪ੍ਰਾਪਤੀ ਦੇ ਨਾਲ ਨਾਲ ਚਰਨਜੀਤ ਨੇ ਬਾਲ ਸਭਾਵਾਂ ’ਚ ਗੀਤ ਗਾਉਣੇ ਸ਼ੁਰੂ ਕਰ ਦਿੱਤੇ ਅਤੇ ਬਾਅਦ ’ਚ ਕਈ ਸਾਹਿਤ ਸਭਾਵਾਂ ਨਾਲ ਵੀ ਜੁੜ ਗਿਆ। ਮੋਗੇ ਕਾਲਜ ਪਹੁੰਚ ਕੇ ਉਸਤਾਦ ਰਣਜੀਤ ਮਾਲਵਾ ਜੀ ਦੀ ਛਤਰ ਛਾਇਆ ਹੇਠ ਜਿੱਥੇ ਬਤੌਰ ਗਾਇਕ ਯੂਥ ਫੈਸਟੀਵਲਾਂ ’ਚ ਹਿੱਸਾ ਲਿਆ ਅਤੇ ਖੂਬ ਇਨਾਮ ਜਿੱਤੇ ਉੱਥੇ ਉਸਤਾਦ ਜਸਵਿੰਦਰ ਜੱਗੀ ਅਤੇ ਮੇਜਰ ਸਿੰਘ ਢੋਲੀ ਤੋਂ ਤੋਂ ਭੰਗੜੇ ਦੇ ਗੁਰ ਸਿੱਖਣੇ ਵੀ ਸ਼ੁਰੂ ਕਰ ਦਿੱਤੇ ਪਰ ਚਰਨਜੀਤ ਦੀ ਸੁਰੀਲੀ ਅਤੇ ਬੁਲੰਦ ਅਵਾਜ ਤੋਂ ਪ੍ਰਭਾਵਿਤ ਹੋ ਕੇ ਉਸਤਾਦ ਜੱਗੀ ਜੀ ਨੇ ਉਸ ਦੀ ਡਿਉਟੀ ਬੋਲੀਆਂ ਪਾਉਣ ’ਤੇ ਲਾ ਦਿੱਤੀ। ਬਤੌਰ ਅਧਿਆਪਕ ਇੱਕ ਪਾਸੇ ਚਰਨਜੀਤ ਵਿਦਿਆ ਦੇ ਚਾਨਣ ਦਾ ਛਿੱਟਾ ਦਿੰਦਾ ਰਿਹਾ ਅਤੇ ਦੂਜੇ ਪਾਸੇ ਆਪਣੀ ਮਿਹਨਤ ਨਾਲ ਆਪਣੀ ਕਲਾ ਨੂੰ ਵੀ ਨਿਖਾਰਦਾ ਰਿਹਾ। ਇੱਕ ਸਧਾਰਨ ਪ੍ਰੀਵਾਰ ’ਚੋਂ ਉੱਠ ਕੇ ਉਹ ਆਪਣੀ ਮਿਹਨਤ ਅਤੇ ਕਲਾ ਦੇ ਸਿਰ ਤੇ ਯੂਨੀਵਰਸਿਟੀ ਦੇ ਯੂਥ ਫੈਸਟੀਵਲਾਂ ਦੇ ਮੁਕਾਬਲਿਆਂ ਦੀ ਜੱਜਮਿੰਟ ਅਤੇ ਦਿੱਲੀ ਦੇ ਅੰਤਰਰਾਸ਼ਟਰੀ ਸਮਾਗਮਾਂ ਤੱਕ ਪਹੁੰਚਿਆ। ਉਹ 1989 ’ਚ 14 ਵੀਂ ਸਾਈਕਲਿੰਗ ਏਸੀਅਨ ਚੈਂਪੀਅਨ, ਜੋ ਇੰਦਰਾ ਗਾਂਧੀ ਸਟੇਡੀਅਮ ਦਿੱਲੀ ’ਚ ਹੋਈ, ਦੇ ਉਦਘਾਟਨੀ ਸਮਾਰੋਹ ਤੇ ਪੰਜਾਬ ਦੀ ਭੰਗੜਾ ਟੀਮ ਨਾਲ ਬਤੌਰ ਗਾਇਕ ਸਾਮਲ ਹੋਇਆ। ਜਨਵਰੀ 1991 ਚੰਡੀਗੜ ਦੇ ਟੈਗੋਰ ਥੀਏਟਰ ਵਿਖੇ ਹੋਏ ਭੰਗੜਾ ਮੁਕਾਬਲਿਆਂ ਵਿੱਚੋਂ ਫਿਲਮੀ ਨਿਰਮਾਤਾ ਭਾਗ ਸਿੰਘ ਨੇ ਉਸ ਨੂੰ ‘ਬਿਸਟ ਪਲੇਅ ਬੈਕ ਸਿੰਗਰ’ ਦਾ ਖਿਤਾਬ ਦਿੱਤਾ, 1994 ਵਿੱਚ ਪੂਨਾ ਵਿਖੇ ਨੈਸਨਲ ਖੇਡਾਂ ਦੇ ਉਦਘਾਟਨ ਸਮੇਂ ਅਤੇ ਇਨਾਮ ਵੰਡ ਸਮਾਗਮ ਸਮੇਂ ਉਸ ਨੇ ਬਤੌਰ ਗਾਇਕ ਪੰਜਾਬ ਦੀ ਭੰਗੜਾ ਟੀਮ ’ਚ ਆਪਣੀ ਕਲਾ ਦੇ ਜੌਹਰ ਦਿਖਾਏ, 1996 ’ਚ ਦੁਨੀਆਂ ਭਰ ਵਿੱਚ ਮਸਹੂਰ ਕੁੱਲੂ ਦੇ ਦੁਸਹਿਰੇ ਸਮੇਂ ਉਸ ਵੇਲੇ ਦੇ ਸੱਭਿਆਚਾਰਕ ਮਾਮਲੇ ਵਿਭਾਗ ਦੇ ਡਾਇਰੈਕਟਰ ਕੈਪਟਨ ਨਰਿੰਦਰ ਸਿੰਘ ਨੇ ਉਸ ਦੀ ਕਲਾ ਦੀ ਕਦਰ ਕਰਦਿਆਂ ਭੰਗੜਾ ਟੀਮ ’ਚ ਸ਼ਾਮਲ ਕੀਤਾ ਅਤੇ ਟੀਮ ਨੇ ਬੱਲੇ ਬੱਲੇ ਕਰਵਾਈ। ਇਸ ਦੇ ਨਾਲ ਨਾਲ ਹੀ ਉਹ ਸਮੇਂ ਸਮੇਂ ਤੇ ਭੰਗੜਾ, ਲੋਕ ਗੀਤ, ਗਰੁੱਪ ਡਾਂਸ ਦੀਆਂ ਟੀਮਾਂ ਦੀ ਤਿਆਰੀ ਵੀ ਕਰਵਾਉਂਦਾ ਰਿਹਾ। ਮੋਗਾ ਜਿਲੇ ਦੇ 26 ਜਨਵਰੀ ਅਤੇ 15 ਅਗਸਤ ਦੇ ਸੱਭਿਆਚਾਰਕ ਪ੍ਰੋਗਰਾਮਾਂ ਦੀ ਤਿਆਰੀ ਲਗਭਗ 20 ਸਾਲ ਕਰਵਾਈ ਅਤੇ ਉਸ ਦੀਆਂ ਟੀਮਾਂ ਨੇ ਖੂਬ ਪ੍ਰਸੰਸਾ ਖੱਟੀ। ਚਰਨਜੀਤ ਸਲੀਣਾ ਦੇ ਜੱਦੀ ਪਿੰਡ ਸਲੀਣਾ ਦੀ ਟੀਮ ਦੋ ਵਾਰ ਨੈਸਨਲ ਪੱਧਰ ਤੱਕ ਪਹੁੰਚੀ। ਇਸ ਤੋਂ ਇਲਾਵਾ 1995 ’ਚ ਪਹਿਲੀ ਟੇਪ ਉੱਘੇ ਗੀਤਕਾਰ ਧਰਮ ਕੰਮੇਆਣਾ ਦੀ ਅਗਵਾਈ ਵਿੱਚ ‘ਮੁੰਡਾ ਨੌ-ਦੋ-ਗਿਆਰਾਂ’ ਆਈ। ਫਿਰ 2005 ’ਚ ਉੱਘੇ ਸਾਹਿਤਕਾਰ/ਵਿਦਵਾਨ ਡਾ: ਨਿਰਮਲ ਜੌੜਾ ਦੀ ਦੇਖ-ਰੇਖ ਹੇਠ ਤਿਆਰ ਹੋਈ ‘ਮੈਂ ਜਾਦੂ ਕਰਦੂੰਗੀ’ ਟੇਪ ਓਦੋਂ ਦੀ ਮਸਹੂਰ ਕੈਸਿਟ ਕੰਪਨੀ ਪੈਰੀਟੋਨ ਨੇ ਪੇਸ ਕੀਤੀ। ਇਨਾਂ ਟੇਪਾਂ ਨੇ ਚਰਨਜੀਤ ਦੀ ਬੁਲੰਦ ਅਵਾਜ ਅਤੇ ਸੱਭਿਆਚਾਰਕ ਗਾਇਕੀ ਨੂੰ ਘਰ-ਘਰ ਪਹੁੰਚਾਇਆ ਤਾਂ ਚਰਨਜੀਤ ਲਈ ਪ੍ਰੋਗਰਾਮਾਂ ਦਾ ਰਾਹ ਖੁੱਲ ਗਿਆ ਅਤੇ ਖੂਬ ਪ੍ਰੋਗਰਾਮ ਕੀਤੇ। ਸਿੰਗਲ ਟਰੈਕ ਦੇ ਦੌਰ ਵਿੱਚ ਬਹੁਤ ਸਾਰੇ ਗੀਤ ਦੂਰਦਰਸਨ ਜਲੰਧਰ ਤੇ ਖੂਬ ਚੱਲੇ ਅਤੇ ਨਾਲ ਨਾਲ ਆਲ ਇੰਡੀਆ ਰੇਡੀਓ ’ਤੇ ਵੀ ਹਾਜਰੀ ਲੱਗਦੀ ਰਹੀ। ਗਾਇਕੀ ਅਤੇ ਭੰਗੜੇ ਦੀ ਕਲਾ ਨੇ ਹੀ ਚਰਨਜੀਤ ਨੂੰ 2014 ਵਿੱਚ ਕੈਨੇਡਾ ਦਾ ਦੌਰਾ ਕਰਵਾਇਆ। ਜਿਸ ਵਿੱਚ ਬਲਜਿੰਦਰ ਸੇਖਾ ਦਾ ਵਿਸੇਸ ਯੋਗਦਾਨ ਰਿਹਾ ਅਤੇ ਪ੍ਰੋਗਰਾਮਾਂ ਤੇ ਮੰਚ ਸੰਚਾਲਕ ਦੀ ਡਿਊਟੀ ਵੀ ਬਲਜਿੰਦਰ ਸੇਖਾ ਨੇ ਨਿਭਾਈ। ਚਰਨਜੀਤ ਸਲੀਣਾ ਦਾ ਪਹਿਲਾ ਹੀ ਟੂਰ ਪੂਰਾ ਸਫਲ ਰਿਹਾ। ਗੀਤਾਂ ਦੀ ਗੱਲ ਚੱਲੀ ਤਾਂ ਉਸ ਨੇ ਦੱਸਿਆ ਕਿ ਮੈਂ ਧਰਮ ਕੰਮੇਆਣਾ, ਅਮਰੀਕ ਸਿੰਘ ਤਲਵੰਡੀ, ਅਮਰਜੀਤ ਘੋਲੀਆ, ਗੋਲੂ ਕਾਲੇਕੇ, ਬਹਾਦਰ ਡਾਲਵੀ, ਜੀਤ ਕੋਟਲੇ ਵਾਲਾ, ਸੁਖਦੇਵ ਬੱਬੀ, ਹਰਚਰਨ ਸਿੰਘ ਸੰਧੂ, ਜੀਤ ਡਰੋਲੀ ਵਾਲਾ, ਦੀਪ ਦਾਖਿਆਂ ਵਾਲਾ, ਨੇਕ ਕੋਟਲੇ ਵਾਲਾ, ਬਲਦੇਵ ਭੱਟੀ ਅਤੇ ਕਈ ਹੋਰ ਗੀਤਕਾਰਾਂ ਦੇ ਗੀਤ ਗਾਏ ਹਨ। ਅੱਜ ਕੱਲ ਚਰਨਜੀਤ ਸਲੀਣਾ ਆਪਣੇ ਬੱਚਿਆਂ ਕੋਲ ਸਰੀ (ਕੈਨੇਡਾ) ’ਚ ਸੁੱਖ ਭਰੀ ਜੰਿਦਗੀ ਨੂੰ ਮਾਣ ਰਿਹਾ ਹੈ। ਸਲੀਣਾ ਨੇ ਕਿਹਾ ਕਿ ਮੇਰੀਆਂ ਪ੍ਰਾਪਤੀਆਂ ਪਿੱਛੇ ਪੂਰੇ ਪ੍ਰੀਵਾਰ ਸਮੇਤ ਮੇਰੀ ਜੀਨਵ ਸਾਥਣ ਸਰਬਜੀਤ ਕੌਰ ਦਾ ਵਿਸੇਸ ਯੋਗਦਾਨ ਹੈ। ਚਰਨਜੀਤ ਅੰਦਰ ਗਾਇਕੀ ਦੀ ਕਲਾ ਅਜੇ ਵੀ ਉਬਾਲੇ ਮਾਰ ਰਹੀ ਹੈ। ਇਸ ਲਈ ਹੁਣ ਕਬੀਲਦਾਰੀ ਤੋਂ ਸੁਰਖਰੂ ਹੋ ਕੇ ਉਹ ਜਸਵੀਰ ਭਲੂਰੀਆ, ਜਸਵਿੰਦਰ ਰੱਤੀਆਂ, ਜਗਵਿੰਦਰ ਸਰਾਂ ਆਦਿ ਗੀਤਕਾਰਾਂ ਦੇ ਗੀਤਾਂ ਰਾਹੀਂ ਦੂਜੀ ਪਾਰੀ ਸੁਰੂ ਕਰਨ ਦੀ ਤਿਆਰੀ ਵਿੱਚ ਹੈ। ਅਸੀਂ ਦੁਆ ਕਰਦੇ ਹਾਂ ਕਿ ਉਸ ਦੀ ਮਿਹਨਤ ਨੂੰ ਭਰਪੂਰ ਬੂਰ ਪਵੇ।
Leave a Comment
Your email address will not be published. Required fields are marked with *