ਭੈ ਕਾਹੂ ਕਉ ਦੇਤਨਹਿ,
ਨਹਿ ਭੈ ਮਾਨਤ ਆਨ।।
ਦੇ ਬੋਲਾਂ ਤਹਿਤ ਆਦਰਸ਼ਕ ਤੇ ਬਰਾਬਰੀ ਵਾਲੇ ਸਮਾਜ ਦੀ ਸਥਾਪਤੀ ਲਈ ਖਾਲਸਾ ਸਾਜਨਾ ਮਹੱਤਵਪੂਰਨ ਤੇ ਇਤਿਹਾਸਕ ਘਟਨਾ ਹੈ। ਜਿਸ ਨੇ ਦੁਨੀਆਂ ਭਰ ਦੇ ਧਾਰਮਿਕ ਇਤਿਹਾਸ ਨੂੰ ਇੱਕ ਕ੍ਰਾਂਤੀਕਾਰੀ ਮੋੜ ਦਿੱਤਾ। ਇਹ ਘਟਨਾ ਕੋਈ ਇੱਕ ਦਿਨ,ਇੱਕ ਮਹੀਨੇ ਜਾਂ ਇੱਕ ਸਾਲ ਦੀ ਤਿਆਰੀ ਨਹੀਂ ਸੀ ,ਸਗੋਂ ਇਸ ਨੂੰ ਲੱਗਭੱਗ ਢਾਈ ਸੌ ਸਾਲ ਲੱਗੇ। ਗੁਰੂ ਨਾਨਕ ਸਾਹਿਬ ਜੀ ਨੂੰ ਇਸ ਖਾਤਰ ਦਸ ਜਾਮੇ ਧਾਰਨ ਕਰਨੇ ਪਏ। ਕਿਉਂਕਿ ਸਮਾਜ ਵਿੱਚ ਸਦੀਆਂ ਤੋਂ ਚੱਲੀ ਆ ਰਹੀ ਜਾਤ-ਪਾਤ,ਊਚ-ਨੀਚ ਤੇ ਵਰਣ-ਵੰਡ ਦੀ ਪ੍ਰਥਾ ਨੂੰ ਤੋੜਨ ਲਈ ਉਹਨਾਂ ਨੂੰ ਵੱਖ-ਵੱਖ ਸਮਿਆਂ ਤੇ ਵੱਖ-ਵੱਖ ਵਿਚਾਰਧਾਰਕ ਲੜਾਈਆਂ ਦਾ ਸਾਹਮਣਾ ਕਰਨਾ ਪਿਆ। ਕਿਉਂਕਿ ਕੁਝ ਧਰਮਾਂ ਦੇ ਪੁਜਾਰੀਆਂ ਨੇ ਆਮ ਲੋਕਾਂ ਨੂੰ ਜਨਮ-ਮਰਨ ਦੇ ਚੱਕਰਾਂ ਚ ਪਾ ਕੇ ਵੱਖ-ਵੱਖ ਕਰਮ-ਕਾਂਡਾਂ ਚ ਅਜਿਹਾ ਉਲਝਾਇਆ ਹੋਇਆ ਸੀ ਕਿ ਉਹਨਾਂ ਦਾ ਜਿਉਣਾ ਦੁੱਭਰ ਕੀਤਾ ਪਿਆ ਸੀ । ਇਹਨਾਂ ਜਾਤ-ਪਾਤ,ਊਚ-ਨੀਚ ਤੇ ਵਰਣ-ਵੰਡ ਦੀਆਂ ਭਿਆਨਕ ਬਿਮਾਰੀਆਂ ਚੰਬੜੇ ਸਮਾਜ ਨੂੰ ਸਵੈਮਾਣ ਨਾਲ ਜਿਉਣਾ ਸਿਖਾਉਣਾ ਹੀ ਖਾਲਸਾ ਸਾਜਣ ਦਾ ਅਸਲ ਮਕਸਦ ਸੀ। ਜਿਸ ਨੂੰ ਦਸਵੇਂ ਜਾਮੇ ਚ ਆ ਦਸਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪੂਰਿਆਂ ਕੀਤਾ।
ਹੁਣ ਜੇਕਰ ਖਾਲਸਾ ਸਾਜਨਾ ਦੇ ਇਤਿਹਾਸ ਵੱਲ ਝਾਤ ਮਾਰੀਏ ਤਾਂ ਵੱਖ-ਵੱਖ ਲੇਖਕ/ਵਿਦਵਾਨਾਂ ਨੇ ਆਪੋ-ਆਪਣੇ ਵਿਚਾਰਾਂ ਤੇ ਫਲਸਫੇ ਅਨੁਸਾਰ ਇਸ ਦਾ ਜਿਕਰ ਕੀਤਾ ਹੈ। ਦੱਸਿਆ ਜਾਂਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ 1699 ਦੀ ਵਿਸਾਖੀ ਵਾਲੇ ਦਿਨ ਅਨੰਦਾਂ ਦੀ ਪੁਰੀ ਸ਼੍ਰੀ ਆਨੰਦਪੁਰ ਸਾਹਿਬ ਵਿੱਚ ਇੱਕ ਵੱਡਾ ਇਕੱਠ ਕਰਨ ਲਈ ਪਹਿਲਾਂ ਤੋਂ ਹੀ ਸਿੱਖ ਸੰਗਤ ਨੂੰ ਸੁਨੇਹੇ ਲਗਾ ਦਿੱਤੇ ਸਨ। ਵਿਦਵਾਨ ਦੱਸਦੇ ਹਨ ਕਿ 1699 ਦੀ ਵਿਸਾਖੀ ਵਾਲੇ ਦਿਨ ਲੱਗਭਗ ਅੱਸੀ ਹਜਾਰ ਦੇ ਇਕੱਠ ਵਿੱਚ ਜਦੋਂ ਗੁਰੂ ਸਾਹਿਬ ਨੇ ਇੱਕ ਸਿਰ ਦੀ ਮੰਗ ਕੀਤੀ ਤਾਂ ਚਾਰੇ ਪਾਸੇ ਸੰਨਾਟਾ ਛਾ ਗਿਆ। ਪਰ ਗੁਰੂ ਸਾਹਿਬ ਦੀ ਇਹ ਮੰਗ ਵੱਖ-ਵੱਖ ਜਾਤਾਂ ਚੋਂ ਆਏ ਪੰਜ ਮਰਜੀਵੜਿਆਂ ਨੇ ਪੂਰੀ ਕੀਤੀ। ਗੁਰੂ ਜੀ ਉਹਨਾਂ ਨੂੰ ਵਾਰੋ-ਵਾਰੀ ਤੰਬੂ ਵਿੱਚ ਲਿਜਾਂਦੇ ਤੇ ਖੂਨ ਨਾਲ ਭਿੱਜੀ ਤਲਵਾਰ ਉਠਾ ਕੇ ਅਗਲੇ ਸਿਰ ਦੀ ਮੰਗ ਕਰਦੇ। ਇਸ ਤਰ੍ਹਾਂ ਜਦੋਂ ਪੰਜ ਸਿਰ ਪੂਰੇ ਹੋ ਗਏ ਤਾਂ ਗੁਰੂ ਸਾਹਿਬ ਜੀ ਨੇ ਤੰਬੂ ਦਾ ਪਰਦਾ ਹਟਾਇਆ ਤਾਂ ਅੱਗੋਂ ਭਾਈ ਦਇਆ ਸਿੰਘ,ਭਾਈ ਹਿੰਮਤ ਸਿੰਘ,ਭਾਈ ਧਰਮ ਸਿੰਘ,ਭਾਈ ਸਾਹਿਬ ਸਿੰਘ ਤੇ ਭਾਈ ਮੋਹਕਮ ਸਿੰਘ ਦੇ ਰੂਪ ਵਿੱਚ ਪੰਜ ਪਿਆਰੇ ਮੁਸਕਰਾਉਂਦੇ ਹੋਏ ਦਿਖਾਈ ਦਿੱਤੇ। ਇਸ ਕੌਤਕ ਦਾ ਅਸਲ ਮਕਸਦ ਤਾਂ ਆਮ ਦੱਬੇ-ਕੁਚਲੇ ਲੋਕਾਂ ਦੇ ਮਨਾਂ ਚੋਂ ਮੌਤ ਦਾ ਡਰ ਕੱਢਣ ਤੇ ਬੇਖੌਫ ਕਰਨਾਂ ਸੀ। ਗੁਰੂ ਜੀ ਨੇ ਉਹਨਾਂ ਨੂੰ ਇੱਕੋ ਬਾਟੇ ਵਿੱਚ ਅੰਮ੍ਰਿਤ ਛਕਾ ਕੇ ਜਾਤ-ਪਾਤ ਦਾ ਖਾਤਮਾ ਕਰ ਬਰਾਬਰੀ ਦਾ ਸੰਦੇਸ਼ ਦਿੱਤਾ। ਕਿਉਂਕਿ
ਮਾਨਸ ਕੀ ਜਾਤ,ਸਬੈ ਏਕੈ ਪਹਿਚਾਨਬੋ। ।
ਦੇ ਸਿਧਾਂਤ ਨੂੰ ਅਮਲ ਵਿੱਚ ਲਿਆ ਕੇ ਸਮਾਜਿਕ ਬਰਾਬਰੀ ਦੀ ਮਿਸਾਲ ਪੈਦਾ ਕਰਨਾ ਹੀ ਅਸਲ ਵਿਚ ਖਾਲਸਾ ਸਾਜਨਾ ਸੀ। ਇਸ ਤੋਂ ਬਾਅਦ ਗੁਰੂ ਜੀ ਨੇ ਉਹਨਾਂ ਦੇ ਨਾਂ ਨਾਲ ਸਦਾ ਲਈ “ਸਿੰਘ” ਸ਼ਬਦ ਲਾਇਆ। ਬਾਅਦ ਵਿੱਚ ਗੁਰੂ ਜੀ ਨੇ ਖੁਦ ਉਹਨਾਂ ਪੰਜ ਪਿਆਰਿਆਂ ਤੋਂ ਅੰਮ੍ਰਿਤ ਛਕਿਆ ਤੇ
ਇਨਹੀ ਕੀ ਕ੍ਰਿਪਾ ਸੇ ਸਜੇ ਹਮ ਹੈਂ,
ਨਹੀਂ ਮੋ ਸੋ ਗਰੀਬ ਕ੍ਰੋਰ ਪਰੇਂ।।
ਰਾਹੀਂ ਪੰਜ ਪਿਆਰਿਆਂ ਨੂੰ ਮਾਣ ਦਿੱਤਾ। ਇਸ ਦੇ ਨਾਲ ਹੀ ਸਿੱਖ ਸੰਗਤ ਨੂੰ ਹੁਕਮੀ ਰੂਪ ਵਿੱਚ
ਖਾਲਸਾ ਮੇਰੋ ਰੂਪ ਹੈ ਖਾਸ
ਖਾਲਸੇ ਮੇਂ ਹੳਂ ਕਰਹੂੰ ਨਿਵਾਸ। ।
ਦਾ ਸੰਦੇਸ਼ ਵੀ ਦਿੱਤਾ। ਵਿਦਵਾਨ ਦੱਸਦੇ ਹਨ ਕਿ ਇਸ ਇੱਕੋ ਦਿਨ ਚ ਹੀ ਲੱਗਭਗ ਵੀਹ ਹਜ਼ਾਰ ਦੇ ਕਰੀਬ ਲੋਕਾਂ ਨੇ ਅੰਮ੍ਰਿਤ ਛਕਿਆ ਸੀ। ਕਿਉਂਕਿ ਗੁਰੂ ਸਾਹਿਬ ਜੀ ਦਾ ਅਸਲ ਮਨੋਰਥ ਇੱਕ ਨਿਆਰੀ ਕੌਮ ਦੀ ਸਾਜਨਾ ਕਰਨ ਦਾ ਸੀ,ਜਿਸ ਵਿਚ ਕੋਈ ਖੋਟ ਨਾਂ ਹੋਵੇ। ਕਿਉਂਕਿ ਖਾਲਸ ਹੋਣ ਦਾ ਅਸਲ ਅਰਥ ਹੀ ਸ਼ੁੱਧਤਾ ਚ ਅਭੇਦ ਹੋਣਾ ਹੈ। ਇਸ ਤੋਂ ਇਲਾਵਾ ਖਾਲਸੇ ਨੂੰ ਮਜਲੂਮਾਂ ਦੀ ਰੱਖਿਆ ਕਰਨ ਦਾ ਜਰੀਆ ਬਣਾਇਆ ਤੇ
ਚੂੰ ਕਾਰ ਅਜ ਹਮਹ ਹੀਲਤੇ ਦਰ ਗੁਜ਼ਸਤ।।
ਹਲਾਲ ਅਸਤ ਬੁਰਦਨ ਬ-ਸ਼ਮਸ਼ੀਰ ਦਸਤ।। ( ਜਫਰਨਾਮਾ)
ਭਾਵ ਜਦੋਂ ਨੇਕ ਕੰਮ ਕਰਨ ਵਿੱਚ ਪ੍ਰੇਮ-ਪਿਆਰ ਵਾਲੇ ਸਾਧਨ ਫੇਲ੍ਹ ਹੋ ਜਾਣ ਤਾਂ ਵਿਅਕਤੀ ਨੂੰ ਹੱਕ ਹੈ ਕਿ ਉਹ ਸ਼ਸ਼ਤਰ ਹੱਥ ਵਿਚ ਲੈ ਕੇ ਮਜ਼ਲੂਮ ਦੀ ਰੱਖਿਆ ਕਰੇ। ਇਸੇ ਮਕਸਦ ਤਹਿਤ ਹੀ ਖਾਲਸਾ ਸਾਜਨਾ ਮੌਕੇ ਗੁਰੂ ਜੀ ਨੇ ਸਿੱਖਾਂ ਦਾ ਨਾਤਾ ਸਦੀਵੀ ਤੌਰ ਤੇ ਸ਼ਸ਼ਤਰ ਨਾਲ ਜੋੜ ਦਿੱਤਾ। ਪਰ ਅੱਜ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਆਟੇ ਚ ਲੂਣ ਬਰਾਬਰ ਖਾਲਸੇ ਨੂੰ ਛੱਡ ਬਹੁਤਾਤ ਰੂਪ ਵਿੱਚ ਖਾਲਸਾ ਊਚ-ਨੀਚ,ਜਾਤ-ਪਾਤ ਤੇ ਕਰਮ-ਕਾਂਡਾਂ ਵਿੱਚ ਫਿਰ ਤੋਂ ਫਸ ਚੁੱਕਾ ਹੈ। ਗੁਰ ਸਿਧਾਤਾਂ ਨੂੰ ਤਿਲਾਂਜਲੀ ਦੇ ਤੇ ਸਿਰਫ਼ ਬਾਣੇ ਤੇ ਦਿੱਖ ਨੂੰ ਅੱਗੇ ਰੱਖ ਉਹ
ਮਾਨਸ ਕੀ ਜਾਤ
ਸਬੈ ਏਕੈ ਪਹਿਚਾਨਬੋ। ।
ਦੇ ਸਿਧਾਂਤ ਤੋਂ ਵੀ ਭਟਕਿਆ ਜਾਪ ਰਿਹਾ ਹੈ। ਉਹ ਸ਼ਸ਼ਤਰਧਾਰੀ ਬਣ ਆਮ ਨਿਮਾਣੇ ਵਿਅਕਤੀ ਨੂੰ ਧੌਂਸ ਦਿੰਦਾ ਪ੍ਰਤੀਤ ਹੁੰਦਾ ਹੈ ਤੇ ਮਜ਼ਲੂਮ ਦੀ ਰੱਖਿਆ ਕਰਨ ਲਈ ਗੁਰੂ ਸਾਹਿਬ ਦੁਆਰਾ ਪਹਿਨਾਏ ਸ਼ਸ਼ਤਰ ਕਿਰਪਾਨ ਨੂੰ, ਉਹ ਗੁਰੂ ਘਰਾਂ ਤੇ ਕਬਜੇ ਤੇ ਪ੍ਰਧਾਨਗੀ ਖਾਤਰ ਹੁੰਦੀਆਂ ਲੜਾਈਆਂ ਵਿੱਚ, ਵਰਤਣ ਤੋਂ ਵੀ ਗੁਰੇਜ ਨਹੀਂ ਕਰਦਾ।
ਸੋ ਅੱਜ ਸਾਨੂੰ ਲੋੜ ਹੈ ,ਦੁਨੀਆਂ ਦੇ ਧਾਰਮਿਕ ਖੇਤਰ ਦੇ ਇਸ ਮਹਾਨ ਇਨਕਲਾਬੀ ਵਰਕੇ ਨੂੰ ਫਿਰ ਤੋਂ ਪੜ੍ਹਨ,ਸਮਝਣ ਤੇ ਅਮਲ ਵਿੱਚ ਲਿਆਉਣ ਦੀ,ਜਿਸ ਰਾਹੀਂ ਗੁਰੂ ਸਾਹਿਬ ਜੀ ਨੇ ਇਹ ਇਨਕਲਾਬੀ ਸੰਦੇਸ਼ ਦਿੱਤੇ ਸਨ। ਲੋੜ ਹੈ ਖਾਲਸਾਈ ਜਾਹੋ-ਜਲਾਲ ਤੇ ਕੌਮੀ ਗੌਰਵ ਨੂੰ ਮਹਿਸੂਸ ਕਰਨ ਦੀ ਤੇ ਅਜੋਕੀ ਨੋਜਵਾਨ ਸਿੱਖ ਪੀੜ੍ਹੀ ਨੂੰ ਖਾਲਸਾ ਸਾਜਨਾ ਦੇ ਪਿਛੋਕੜ ਤੇ ਵਿਲੱਖਣਤਾ ਤੋਂ ਜਾਣੂ ਕਰਵਾਉਣ ਦੀ। ਇਹ ਤਾਂ ਹੀ ਹੋਵੇਗਾ ਜੇਕਰ ਅਸੀਂ ਖੁਦ ਗੁਰੂ ਸਾਹਿਬ ਦੇ ਸਿਧਾਂਤਾਂ ਅਨੁਸਾਰ ਸਿੱਖਿਆ ਪ੍ਰਾਪਤ ਕਰਾਂਗੇ। ਖੁਦ ਇਤਿਹਾਸ ਤੋਂ ਜਾਣੂ ਹੋਵਾਂਗੇ। ਇਹੀ ਸਾਡੀ ਅਸਲ ਅਕੀਦਤ ਹੋਵੇਗੀ, ਖਾਲਸਾ ਸਾਜਨਾ ਦਿਵਸ ਮਨਾਉਣ ਲਈ।
ਆਮੀਨ।
ਬਲਵੀਰ ਸਿੰਘ ਬਾਸੀਆਂ
ਪਿੰਡ ਤੇ ਡਾਕ ਬਾਸੀਆਂ ਬੇਟ (ਲੁਧਿ:)
8437600371