ਸ਼ਹੀਦਾ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਲਾਸਾਨੀ ਕੁਰਬਾਨੀ ਨੂੰ ਕੋਟ-ਕੋਟ ਪ੍ਰਣਾਮ।ਸਿੱਖ ਧਰਮ ਵਿੱਚ ਸ਼ਹੀਦੀ ਦੀ ਪਹਿਲੀ ਅਤੇ ਲਾਸਾਨੀ ਮਿਸਾਲ ਪੇਸ਼ ਕਰਨ ਵਾਲੇ ਗੁਰੂ ਸਾਹਿਬਾਨ ਜੀ ਜਿੰਨਾਂ ਨੇ ਦੇਸ਼ ,ਕੌਮ, ਹੱਕ-ਸੱਚ ਲਈ ਕੁਰਬਾਨੀ ਦੀ ਐਸੀ ਪਿਰਤ ਪਾਈ, ਕਿ ਫਿਰ ਸਿੱਖ ਧਰਮ ਵਿੱਚ ਦਿੱਤੀਆ ਜਾਣ ਵਾਲੀਆ ਕੁਰਬਾਨੀਆਂ ਨੂੰ ਪੋਟਿਆਂ ਤੇ ਵੀ ਨਹੀਂ ਗਿਣਿਆ ਜਾ ਸਕਿਆ। ਸਿੱਖ ਧਰਮ ਵਿੱਚ ਹਰ ਇੱਕ ਉਮਰ ਦੀ ਕੁਰਬਾਨੀ ਦੀ ਮਿਸਾਲ ਮਿਲ ਜਾਂਦੀ ਹੈ।
ਸ੍ਰੀ ਸੁਖਮਨੀ ਸਾਹਿਬ ਜੀ ਦੇ ਰਚਨਹਾਰੇ,ਸ਼ਾਤੀ ਦੇ ਪੁੰਜ, ਮਹਾਨ ਵਿਦਵਾਨ, ਬਾਣੀ ਦੇ ਬੋਹਿਥ ਹਨ। ਸ੍ਰੀ ਗੁਰੂ ਅਮਰਦਾਸ ਜੀ ਨੇ “ਦੋਹਿਤਾ ਬਾਣੀ ਕਾ ਬੋਹਿਥਾ” ਦਾ ਵਰ ਦੇ ਕੇ ਨਿਵਾਜਿਆ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕਰਕੇ ਬਾਣੀ ਅਤੇ ਗਿਆਨ ਦੇ ਅਥਾਹ ਸਾਗਰ ਨਾਲ ਜੋੜਨ ਵਾਲੇ, ਮਹਾਨ ਗੁਰੂ ਸਾਹਿਬਾਨ ਜੀ ਨੂੰ ਉਹਨਾਂ ਦੀ ਸ਼ਹਾਦਤ ਉੱਤੇ ਸਿਜਦਾ।
ਅੱਜ ਵੀ ਜਦੋਂ ਇਹਨਾਂ ਦਿਨਾਂ ਵਿੱਚ ਸ਼ਹੀਦੀ ਦਿਹਾੜਾ ਮਨਾਉਂਦੇ ਹਾਂ ਤਾਂ ਰੂਹ ਕੰਬ ਉੱਠਦੀ ਹੈ। ਸ਼ਾਤੀ ਅਤੇ ਸਬਰ ਦੀ ਇਸ ਤੋਂ ਵੱਡੀ ਹੋਰ ਮਿਸਾਲ ਕੀ ਹੋ ਸਕਦੀ ਹੈ? ਉਹਨਾਂ ਦੀ ਕੁਰਬਾਨੀ ਨੂੰ ਦਿਲੋਂ ਮਹਿਸੂਸ ਕਰੀਏ। ਅੱਜ ਦੇ ਦਿਨ ਗੁਰੂ ਸਾਹਿਬਾਨ ਜੀ ਨੂੰ ਲਾਹੌਰ ਵਿਖੇ ਤੱਤੀ ਤਵੀ ਉੱਤੇ ਬਿਠਾ ਕੇ ਸ਼ਹੀਦ ਕਰ ਦਿੱਤਾ ਸੀ। ਧੰਨ ਮੇਰੇ ਗੁਰੂ ਸਾਹਿਬਾਨ ਹਨ ਜਿੰਨਾਂ ਨੇ ‘ਸੀ’ ਤੱਕ ਨਹੀਂ ਕੀਤੀ ਅਤੇ “ਤੇਰਾ ਭਾਣਾ ਮੀਠਾ ਲਾਗੇ।” ਸਵੀਕਾਰ ਕਰਕੇ ਸ਼ਹੀਦੀ ਦੇ ਦਿੱਤੀ।
ਆਉ ਆਪਣੇ ਬੱਚਿਆਂ ਨੂੰ ਉਹਨਾਂ ਬਾਰੇ ਚੰਗੀ ਤਰ੍ਹਾਂ ਜਾਣੂ ਕਰਵਾਈਏ। ਉਹਨਾਂ ਦੀ ਕੁਰਬਾਨੀ ਮਨੁੱਖਤਾ ਦੀ ਭਲਾਈ ਲਈ ਮਿਸਾਲ ਹੈ। ਗੁਰੂ ਸਾਹਿਬਾਨ ਜੀ ਦੁਆਰਾ ਰਚੀ ਬਾਣੀ ਨਾਲ ਜੋੜ ਕੇ ਆਪਣੀਆ ਆਉਣ ਵਾਲੀਆ ਪੀੜੀਆਂ ਨੂੰ ਹੱਕ-ਸੱਚ ਉੱਤੇ ਤੋਰੀਏ, ਚੰਗਾ ਸਮਾਜ ਸਿਰਜਨ ਵਿੱਚ ਆਪਣਾ-ਆਪਣਾ ਥੋੜਾ ਜਿਹਾ ਯੋਗਦਾਨ ਪਾਈਏ। ਧੰਨਵਾਦ ਜੀਉ।
ਪਰਵੀਨ ਕੌਰ ਸਿੱਧੂ
8146536200
Leave a Comment
Your email address will not be published. Required fields are marked with *