ਨਰਮੇ ਦੀ ਸਫਲ ਕਾਸਤ ਲਈ ਬਿਜਾਈ ਦਾ ਕੰਮ ਜਲਦ ਮੁਕੰਮਲ ਕਰ ਲਿਆ ਜਾਵੇ : ਡਾ. ਅਮਰੀਕ ਸਿੰਘ
ਫਰੀਦਕੋਟ , 19 ਮਈ (ਵਰਲਡ ਪੰਜਾਬੀ ਟਾਈਮਜ਼)
ਜ਼ਿਲਾ ਫਰੀਦਕੋਟ ’ਚ ਨਰਮੇ ਦੀ ਫਸਲ ਦੀ ਪੁਨਰ ਸੁਰਜੀਤੀ ਲਈ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਚਲਾਈ ਜਾ ਰਹੀ ਮੁਹਿੰਮ ਤਹਿਤ ਕਿਸਾਨਾਂ ਨੂੰ ਨਰਮੇ ਦੀ ਕਾਸ਼ਤਕਾਰੀ ਤਕਨੀਕਾਂ ਸਬੰਧੀ ਜਾਣਕਾਰੀ ਦੇਣ ਲਈ ਜਾਗਰੂਕਤਾ ਕੈਂਪ ਅਤੇ ਪ੍ਰਦਰਸ਼ਨੀਆਂ ਲਾਈਆਂ ਜਾ ਰਹੀਆਂ ਹਨ। ਬਲਾਕ ਕੋਟਕਪੂਰਾ ਦੇ ਪਿੰਡ ਖਾਰਾ ’ਚ ਨਰਮੇ ਦੇ ਲਾਏ ਜਾ ਰਹੇ ਪ੍ਰਦਰਸ਼ਨੀ ਪਲਾਟਾਂ ਅਤੇ ਕਿਸਾਨਾਂ ਵੱਲੋਂ ਕੀਤੀ ਜਾ ਰਹੀ ਬਿਜਾਈ ਦਾ ਜਾਇਜਾ ਲੈਣ ਲਈ ਮੁੱਖ ਖੇਤੀਬਾੜੀ ਅਫਸਰ ਡਾ. ਅਮਰੀਕ ਸਿੰਘ ਨੇ ਦੌਰਾ ਕੀਤਾ। ਦੌਰੇ ਦੌਰਾਨ ਉਨਾਂ ਦੇ ਨਾਲ ਪਰਮਿੰਦਰ ਸਿੰਘ, ਲਖਵੀਰ ਸਿੰਘ, ਹਰਜਿੰਦਰ ਸਿੰਘ ਖੇਤੀ ਉਪ ਨਿਰੀਖਕ ਸਨ। ਕਿਸਾਨਾਂ ਨੂੰ ਝੋਨੇ ਹੇਠੋਂ ਰਕਬਾ ਕੱਢ ਕੇ ਨਰਮੇ ਦੀ ਕਾਸਤ ਕਰਨ ਲਈ ਪ੍ਰੇਰਿਤ ਕਰਦਿਆਂ ਡਾ. ਅਮਰੀਕ ਸਿੰਘ ਨੇ ਕਿਹਾ ਕਿ ਨਰਮੇ ਦੀ ਕਾਸ਼ਤ ਘਟ ਪਾਣੀ ਇਲਾਕਿਆਂ ’ਚ ਕੀਤੀ ਜਾ ਸਕਦੀ ਹੈ। ਉਨਾਂ ਕਿਹਾ ਕਿ ਝੋਨੇ ਦੀ ਕਾਸ਼ਤ ਲਈ ਬਹੁਤ ਵੱਡੀ ਮਾਤਰਾ ’ਚ ਪਾਣੀ ਦੀ ਜਰੂਰਤ ਪੈਂਦੀ ਹੈ ਜਦ ਕਿ ਨਰਮਾ ਘੱਟ ਪਾਣੀ ਨਾਲ ਵੀ ਹੋ ਜਾਂਦਾ ਹੈ। ਉਹਨਾਂ ਕਿਹਾ ਕਿ ਪਿਛਲੇ ਸਾਲ ਮੌਸਮੀ ਖਰਾਬੀ ਦੇ ਕਾਰਨ ਨਰਮੇ ਦੀ ਫਸਲ ਦੀ ਪੈਦਾਵਰ ਘੱਟ ਮਿਲੀ ਸੀ, ਜਿਸ ਕਾਰਨ ਕਿਸਾਨਾਂ ਨੂੰ ਕਾਫੀ ਨੁਕਸਾਨ ਝੱਲਣਾ ਪਿਆ ਸੀ। ਉਹਨਾਂ ਕਿਹਾ ਕਿ ਨਰਮੇ ਦੀ ਫਸਲ ਨੂੰ ਮੁੱਖ ਤੌਰ ’ਤੇ ਗੁਲਾਬੀ ਸੁੰਡੀ ਅਤੇ ਚਿੱਟੀ ਮੱਖੀ ਨਾਮੀ ਕੀਟ ਨੁਕਸਾਨ ਪਹੁੰਚਾਉਂਦੇ ਹਨ, ਜਿਨਾਂ ਦੀ ਰੋਕਥਾਮ ਲਈ ਸਮੇਂ ਸਿਰ ਨਿਗਰਾਨੀ ਕਰਨੀ ਬਹੁਤ ਜਰੂਰੀ ਹੁੰਦੀ ਹੈ। ਉਹਨਾਂ ਕਿਹਾ ਕਿ ਨਰਮੇ ਦੀ ਕਾਸ਼ਤ ਲਈ ਸਿਫਾਰਸ਼ਸ਼ੁਦਾ ਕਿਸਮਾਂ ਦੀ ਹੀ ਕਾਸ਼ਤ ਕਰਨੀ ਚਾਹੀਦੀ ਹੈ। ਉਨਾਂ ਕਿਹਾ ਕਿ ਨਰਮੇ ਦੀ ਬਿਜਾਈ 15 ਮਈ ਤੱਕ ਕਰ ਲੈਣ ਲਈ ਸਿਫਾਰਸ ਕੀਤੀ ਜਾਂਦੀ ਹੈ ਪਰ ਇਸ ਵਾਰ ਕਣਕ ਦੀ ਕਟਾਈ ਪਿਛੇਤੀ ਹੋਣ ਕਾਰਨ ਨਰਮੇ ਦੀ ਬਿਜਾਈ ਵੀ ਪੱਛੜ ਗਈ ਹੈ। ਉਨਾਂ ਕਿਹਾ ਕਿ ਕਿਸੇ ਕਿਸਮ ਦੀ ਸਮੱਸਿਆ ਤੋਂ ਬਚਣ ਲਈ ਨਰਮੇ ਦੀ ਬਿਜਾਈ ਜਲਦ ਤੋਂ ਜਲਦ ਮੁਕੰਮਲ ਕਰ ਲੈਣੀ ਚਾਹੀਦੀ ਹੈ। ਉਹਨਾਂ ਦੱਸਿਆ ਕਿ ਨਰਮੇ ਦੀ ਕਾਸ਼ਤ ਲਈ ਖਾਦਾਂ ਦੀ ਵਰਤੋਂ ਮਿੱਟੀ ਪਰਖ ਰਿਪੋਰਟ ਦੇ ਅਧਾਰ ਤੇ ਹੀ ਕਰਨੀ ਚਾਹੀਦੀ ਹੈ। ਉਹਨਾਂ ਕਿਹਾ ਕਿ ਨਰਮੇ ਦੀ ਕਾਸ਼ਤ ਨੂੰ ਉਤਸਾਹਿਤ ਕਰਨ ਲਈ ਪਿੰਡ ਖਾਰਾ ਨੂੰ ਨਰਮੇ ਦੀ ਕਾਸਤ ਲਈ ਨਮੂਨੇ ਦੇ ਪਿੰਡ ਵਜੋਂ ਵਿਕਸਤ ਕੀਤਾ ਜਾਵੇਗਾ। ਉਹਨਾਂ ਦੱਸਿਆ ਕਿ ਇਨਾਂ ਪਿੰਡਾਂ ’ਚ ਨਰਮੇ ਦੀ ਕਾਸਤ ਕਰਨ ਵਾਲੇ ਕਿਸਾਨਾਂ ਨੂੰ ਤਕਨੀਕ ਪਖੋ ਹਰ ਮਦਦ ਕੀਤੀ ਜਾਵੇਗੀ। ਉਨਾਂ ਦੱਸਿਆ ਕਿ ਇਨਾਂ ਪਿੰਡਾਂ ਦੇ ਖੇਤਾਂ ਦੀ ਮਿੱਟੀ ਦੇ ਨਮੂਨੇ ਲਏ ਗਏ ਹਨ ਅਤੇ ਪ੍ਰਯੋਗਸ਼ਾਲਾ ’ਚ ਪਰਖ ਕਰਕੇ ਕਿਸਾਨਾਂ ਨੂੰ ਰਿਪੋਰਟ ਦੇ ਅਧਾਰ ’ਤੇ ਖਾਦਾਂ ਦੀ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ ਜਾਵੇਗਾ। ਉਨਾਂ ਦੱਸਿਆ ਕੀ ਆਤਮਾ ਤਹਿਤ ਪਿੰਡ ਖਾਰਾ ’ਚ ਫਾਰਮ ਸਕੂਲ ਲਾਏ ਜਾ ਰਹੇ ਹਨ ਤਾਂ ਜੋ ਨਰਮੇ ਦੀ ਕਾਸਤ ਨੂੰ ਪੁਨਰਸੁਰਜੀਤ ਕੀਤਾ ਜਾ ਸਕੇ। ਉਹਨਾਂ ਕਿਹਾ ਕਿ ਬਿਜਾਈ ਤੋਂ ਲੈ ਕੇ ਛੱਟੀਆਂ ਦੀ ਸੰਭਾਲ ਤੱਕ ਲਾਈਆਂ ਜਾਣ ਵਾਲੀਆਂ ਛੇ ਕਲਾਸਾਂ ’ਚ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਅਤੇ ਕਿ੍ਰਸ਼ੀ ਵਿਗਿਆਨ ਕੇਂਦਰ ਦੇ ਖੇਤੀਬਾੜੀ ਮਾਹਿਰਾਂ ਵੱਲੋਂ ਹਰ ਪੱਖੋਂ ਤਕਨੀਕੀ ਜਾਣਕਾਰੀ ਦਿੱਤੀ ਜਾਵੇਗੀ। ਡਾ. ਗੁਰਪ੍ਰੀਤ ਸਿੰਘ ਨੇ ਕਿਹਾ ਕਿ ਨਰਮੇ ਦੀ ਫਸਲ ਵਿੱਚ ਨਦੀਨਾਂ ਦੀ ਰੋਕਥਾਮ ਲਈ ਇੱਕ ਲਿਟਰ ਪੈਂਡੀਮੈਥਾਲੀਨ ਪ੍ਰਤੀ ਏਕੜ ਨੂੰ 200 ਲਿਟਰ ਪਾਣੀ ਦੇ ਘੋਲ ’ਚ ਬਿਜਾਈ ਤੋਂ 24 ਘੰਟਿਆਂ ’ਚ ਛਿੜਕਾਅ ਕਰ ਦੇਣਾ ਚਾਹੀਦਾ। ਡਾ. ਗੁਰਮਿੰਦਰ ਸਿੰਘ ਬਰਾੜ ਨੇ ਨਰਮੇ ਦੀ ਕਾਸ਼ਤ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ। ਹੋਰਨਾਂ ਤੋਂ ਇਲਾਵਾ ਡਾ. ਨਿਸ਼ਾਨ ਸਿੰਘ, ਡਾ. ਜਸਵੰਤ ਸਿੰਘ, ਰਾਜਾ ਸਿੰਘ, ਕਿਸਾਨ ਗੁਰਬਚਨ ਸਿੰਘ ਸਮੇਤ ਹੋਰ ਕਿਸਾਨ ਹਾਜਰ ਸਨ।