ਦੋਹਾਂ ਪਿੰਡਾਂ ਦੀ ਪੰਚਾਇਤ ਜੁੜੀ ਬੈਠੀ ਸੀ ਭਾਵੇਂ ਉਹਨਾਂ ਦਾ ਤਲਾਕ ਅਦਾਲਤ ਵਿੱਚ ਹੋ ਚੁੱਕਾ ਸੀ। ਹੁਣ ਪੰਚਾਇਤ ਜਾਇਦਾਦ ਦੀ ਵੰਡ ਕਰ ਰਹੀ ਸੀ। ਗੁਰਪਾਲ ਵਿਚਕਾਰ ਨੀਵੀਂ ਭਾਈ ਬੈਠਾ ਸਿਰਫ਼ ਸਿਰ ਹਿਲਾਈ ਜਾ ਰਿਹਾ ਸੀ। ਪੰਚ ਜਿਵੇਂ ਵੀ ਫੈਸਲਾ ਕਰਦੇ ਉਹ ਸਿਰ ਹਿਲਾ ਕੇ ਮਨਜ਼ੂਰ ਕਰ ਲੈਂਦਾ ਕਦੀ ਕਿਸੇ ਫੈਸਲੇ ਦਾ ਮੋੜ ਮਾ ਜਵਾਬ ਨਾ ਦਿੰਦਾ ਜਾਪਦਾ ਸੀ ਜਿਵੇਂ ਉਸਦੇ ਅੰਦਰੋਂ ਪਹਿਲਾਂ ਹੀ ਬਹੁਤ ਕੁਝ ਲੁੱਟਿਆ ਗਿਆ ਹੋਵੇ। ਉਸਦੇ ਸੁਪਨੇ ਸੱਧਰਾਂ ਸਾਰੇ ਖੇਰੂੰ-ਖੇਰੂੰ ਹੋ ਗਏ ਹੋਣ ਤੇ ਹੁਣ ਉਸਨੂੰ ਆਪਣੀ ਜਾਇਦਾਦ ਜਾਂ ਪੈਸਾ ਲੁੱਟੇ ਜਾਣ ਨਾਲ ਕੋਈ ਫ਼ਰਕ ਹੀ ਨਾ ਪੈਂਦਾ ਹੋਵੇ।
ਜਮੀਨ ਦੇ ਪੰਜ ਕਿਲਿਆਂ ਵਿੱਚੋਂ ਦੋ ਕਿੱਲੇ ਅਤੇ ਘਰ ਦੇ ਬਦਲੇ ਸੱਤ ਲੱਖ ਰੁਪਏ ਗੁਰਪਾਲ ਦੁਆਰਾ ਆਪਣੀ ਪੂਰਵ ਪਤਨੀ ਨੂੰ ਦਿੱਤੇ ਜਾਣ ਦਾ ਫੈਸਲਾ ਹੋਇਆ। ਅਜੇ ਹੋਰ ਕਿੰਨਾ ਹੀ ਕੁਝ ਅਜੇ ਬਾਕੀ ਸੀ ਜਿਸ ਦਾ ਫੈਸਲਾ ਹੋਣਾ ਸੀ ਟਰੈਕਟਰ , ਸ਼ਹਿਰ ਦਾ ਪਲਾਟ ਹੋਰ ਸੰਦ ਸੰਦੇੜਾ ਅਤੇ ਨਿੱਕ-ਸੁੱਕ ਇੱਕ ਪਾਸੇ ਅਲਾਣੀ ਜਿਹੀ ਮੰਜੀ ਤੇ ਬੈਠੇ ਉਸ ਦੇ ਬੇਬੇ ਬਾਪੂ ਰੋਈ ਜਾ ਰਹੇ ਸੀ ਜਿੰਨਾ ਆਪਣੀ ਸਾਰੀ ਉਮਰ ਗਾਲ਼ ਕੇ ਮਿਹਨਤਾਂ ਮੁਸ਼ੱਕਤਾਂ ਕਰ ਇਹ ਘਰ ਅਤੇ ਜਾਇਦਾਦ ਬਣਾਈ ਸੀ ਅਤੇ ਅੱਜ ਪਲਾਂ ਛਣਾ ਵਿੱਚ ਹੀ ਉਹਨਾਂ ਦਾ ਸਭ ਕੁਝ ਲੁੱਟਿਆ ਜਾ ਰਿਹਾ ਸੀ।
ਐਨੇ ਨੂੰ ਦੁਪਹਿਰ ਦੀ ਰੋਟੀ ਲਈ ਪੰਚਾਇਤ ਵਿਛੜ ਗਈ ਅਤੇ ਡੇਢ ਘੰਟੇ ਬਾਅਦ ਦੁਬਾਰਾ ਜੁੜ ਬੈਠਣ ਦਾ ਫੈਸਲਾ ਹੋਇਆ ਗੁਰਪਾਲ ਦਾ ਕੁਝ ਵੀ ਖਾਣ ਜਾਂ ਪੀਣ ਨੂੰ ਦਿਲ ਨਹੀਂ ਸੀ ਕਰ ਰਿਹਾ। ਜਿਸ ਦਾ ਜਹਾਨ ਹੀ ਲੁੱਟਿਆ ਜਾ ਰਿਹਾ ਹੋਵੇ ਉਸਦੇ ਟੁੱਕ ਦੀ ਗਰਾਹੀ ਸੰਘ ਹੇਠੋਂ ਲੰਘ ਵੀ ਕਿੱਦਾਂ ਸਕਦੀ ਹੈ ਇਸ ਲਈ ਉਹ ਚੁਬਾਰੇ ਦੇ ਕਮਰੇ ਵਿੱਚ ਕੁੰਡੀ ਲਾ ਕੇ ਅੱਖਾਂ ਬੰਦ ਕਰਕੇ ਲੇਟ ਗਿਆ। ਉਸਦੀਆਂ ਅੱਖਾਂ ਵਿੱਚੋਂ ਦੋ ਹੰਝੂ ਵਹਿ ਤੁਰੇ ਅਤੇ ਕੰਨਾਂ ਕੋਲ ਜਾ ਕੇ ਰੁਕ ਗਏ। ਉਹ ਪਿਆ-ਪਿਆ ਉਹਨਾਂ ਦਿਨਾਂ ਨੂੰ ਯਾਦ ਕਰਨ ਲੱਗਾ ਜਦੋਂ ਰਾਜਵੀਰ ਨੂੰ ਉਸ ਨੇ ਪਹਿਲੀ ਵਾਰ ਇੱਕ ਵਿਆਹ ਵਿੱਚ ਦੇਖਿਆ ਸੀ ਅਤੇ ਬਸ ਦੇਖਦਾ ਹੀ ਰਹਿ ਗਿਆ ਸੀ।ਉਸ ਨੂੰ ਉਹ ਬੜੀ ਸਾਊ ਸੁਚੱਜੀ ਅਤੇ ਸੁਨੱਖੀ ਲੱਗੀ ਸੀ। ਫਿਰ ਉਸਨੇ ਉਸਦਾ ਪਤਾ ਠਿਕਾਣਾ ਪਤਾ ਕਰਕੇ ਕਿੰਨੀ ਰੀਝ ਨਾਲ ਭੂਆ ਰਾਹੀਂ ਰਿਸ਼ਤਾ ਭੇਜਿਆ ਸੀ। ਭੂਆ ਨੇ ਉਹਨਾਂ ਕੋਲ਼ ਦੇਣ-ਲੈਣ ਨੂੰ ਕੁਝ ਵੀ ਨਹੀਂ ਕਹਿ ਕੇ ਉਸ ਨੂੰ ਸਮਝਾਉਣ ਦੀ ਬੜੀ ਕੋਸ਼ਿਸ਼ ਕੀਤੀ ਸੀ ਪਰ ਗੁਰਪਾਲ ਨੇ ਆਪਾਂ ਕੁਝ ਨਹੀਂ ਲੈਣਾ ਭੂਆ ਜੀ, ਵੈਸੇ ਵੀ ਦਹੇਜ ਲੈਣਾ ਜਾਂ ਦੇਣਾ ਮੇਰੇ ਅਸੂਲਾਂ ਦੇ ਖ਼ਿਲਾਫ਼ ਹੈ ਕਹਿ ਕੇ ਗੱਲ ਅੱਗੇ ਤੋਰਨ ਲਈ ਆਖ ਦਿੱਤਾ ਸੀ।
ਜਲਦੀ ਹੀ ਦੋਵਾਂ ਦਾ ਵਿਆਹ ਬੜੇ ਸਾਦੇ ਤੇ ਸੁਚੱਜੇ ਢੰਗ ਨਾਲ ਹੋਇਆ ਸੀ ਫਿਰ ਵੀ ਜੋ ਜੋ ਵੀ ਖਰਚ ਹੋਇਆ ਸੀ ਉਸ ਵਿੱਚੋਂ ਜ਼ਿਆਦਾਤਰ ਗੁਰਪਾਲ ਨੇ ਆਪ ਹੀ ਕੀਤਾ ਸੀ ਲੋਕ ਖੁਸ਼ ਹੋ ਗਏ ਸੀ ਉਹਨਾਂ ਦਾ ਅਜਿਹਾ ਵਿਆਹ ਲੋਕਾਂ ਲਈ ਮਿਸਾਲ ਬਣ ਗਿਆ ਸੀ।
ਪਹਿਲਾਂ ਪਹਿਲ ਤੇ ਬੜੇ ਸੋਹਣੇ ਦਿਨ ਲੰਘਣ ਲੱਗੇ ਰਾਜਵੀਰ ਵੀ ਭੱਜ- ਭੱਜ ਆਪਣੀ ਸੱਸ ਨਾਲ ਕੰਮ ਕਰਾਉਂਦੀ ਅਤੇ ਸਭ ਦਾ ਸਤਿਕਾਰ ਕਰਦੀ ਬਦਲੇ ਵਿੱਚ ਸਾਰਾ ਪਰਿਵਾਰ ਹੀ ਉਸ ਤੋਂ ਬੜਾ ਪਿਆਰ ਲੁਟਾਉਂਦਾ। ਲੱਗਦੀ ਵਾਹ ਉਸ ਨੂੰ ਕਿਸੇ ਚੀਜ਼ ਦੀ ਕਮੀ ਮਹਿਸੂਸ ਨਾ ਹੋਣ ਦਿੱਤੀ ਜਾਂਦੀ। ਪਰ ਛੇ ਕੁ ਮਹੀਨੇ ਬਾਅਦ ਉਸਦੇ ਰਵੱਈਏ ਵਿੱਚ ਅਚਾਨਕ ਬਦਲਾ ਆਉਣਾ ਸ਼ੁਰੂ ਹੋ ਗਿਆ।ਜਿਵੇਂ ਕੋਈ ਉਸ ਨੂੰ ਸਿਖਾ ਰਿਹਾ ਹੋਵੇ ਸਾਰੇ ਪਰਿਵਾਰ ਅਤੇ ਰਿਸ਼ਤੇਦਾਰਾਂ ਨੇ ਰਾਜਵੀਰ ਨੂੰ ਸਮਝਾਉਣ ਦੀ ਬੜੀ ਕੋਸ਼ਿਸ਼ ਕੀਤੀ ਪਰ ਸਭ ਵਿਅਰਥ ਗੱਲ ਦਿਨੋ ਦਿਨ ਵਿਗੜਦੀ ਗਈ ਹੀ ਚਲੀ ਗਈ ਨਿੱਤ-ਨਿੱਤ ਦੇ ਇਸ ਕਾਟੋ- ਕਲੇਸ਼ ਤੋਂ ਤੰਗ ਆ ਕੇ ਹੁਣ ਗੁਰਪਾਲ ਨੇ ਸ਼ਰਾਬੀ ਪੀਣੀ ਸ਼ੁਰੂ ਕਰ ਦਿੱਤੀ ਤੇ ਇੱਕ ਦਿਨ ਉਹ ਨਸ਼ੇ ਵਿੱਚ ਰਾਜਵੀਰ ਉੱਤੇ ਹੱਥ ਵੀ ਚੁੱਕ ਬੈਠਾ ਸੀ। ਉਸ ਰਾਤ ਉਹ ਸਾਰੀ ਰਾਤ ਖੇਤ ਬੈਠਾ ਰੋਂਦਾ ਰਿਹਾ। ਰਾਜਵੀਰ ਆਪਣੇ ਪੇਕੇ ਜਾ ਕੇ ਬੈਠ ਗਈ। ਗੁਰਪਾਲ ਉਸ ਨੂੰ ਲੈਣ ਵੀ ਗਿਆ, ਮਾਫ਼ੀ ਵੀ ਮੰਗੀ ਪਰ ਸਭ ਵਿਅਰਥ ਉਹ ਨਹੀਂ ਆਈ। ਉਹਨਾਂ ਦੇ ਵਿਚਾਲੇ ਗੱਲ ਸੁਲਝਾਉਣ ਵਾਲਿਆਂ ਵਿੱਚੋਂ ਵੀ ਸਵਾਰਨ ਵਾਲੇ ਘੱਟ ਅਤੇ ਵਿਗਾੜਨ ਵਾਲੇ ਜ਼ਿਆਦਾ ਸਨ। ਸਭ ਆਪਣੇ-ਆਪਣੇ ਹਿਸਾਬ ਨਾਲ ਆਪੋ-ਆਪਣੇ ਲਾਲਚ ਵਿੱਚ ਲੱਗੇ ਹੋਏ ਸੀ ਤੇ ਗੱਲ ਹੁੰਦੀ-ਹੁੰਦੀ ਤਲਾਕ ਤੱਕ ਜਾ ਪਹੁੰਚੀ। ਜੋ ਗੁਰਪਾਲ ਕਦੇ ਵੀ ਨਹੀਂ ਚਾਹੁੰਦਾ ਸੀ aਪਰ ਉਹ ਬੇਵਸ ਸੀ ਚਾਹ ਕੇ ਵੀ ਕੁਝ ਨਹੀਂ ਸੀ ਕਰ ਸਕਿਆ। ਉਸ ਉੱਪਰ ਦਹੇਜ ਲੈਣ,ਘਰੇਲੂ ਹਿੰਸਾ ਤੇ ਹੋਰ ਪਤਾ ਨਹੀਂ ਕੀ ਇਲਜ਼ਾਮ ਲੱਗੇ ਤੇ ਇਹ ਸਭ ਰਾਜਵੀਰ ਨੇ ਅਦਾਲਤ ਵਿੱਚ ਚੀਕ-ਚੀਕ ਕੇ ਕਿਹਾ ਸੀ।ਉਹ ਚੀਕਾਂ ਅਜੇ ਵੀ ਉਸ ਦੇ ਕੰਨਾਂ ਵਿੱਚ ਗੂੰਜ ਰਹੀਆਂ ਸਨ। ਤਦੇ ਹੀ ਬਾਹਰੋਂ ਆਉਂਦੀਆਂ ਆਵਾਜ਼ਾਂ ਨੇ ਉਸ ਦਾ ਧਿਆਨ ਤੋੜਿਆ। ਉਹ ਖਿੜਕੀ ਵਿੱਚ ਜਾ ਕੇ ਖਲੋ ਗਿਆ ਉਸ ਦੇਖਿਆ ਕਿ ਵਿਦਿਆਰਥੀ ਆਪਣੇ ਅਧਿਆਪਕਾਂ ਨਾਲ ਰਲ ਕੇ ਇੱਕ ਰੈਲੀ ਕਰ ਰਹੇ ਸਨ ਅਤੇ ਉੱਚੀ ਉੱਚੀ ਨਾਰੇ ਲਾ ਰਹੇ ਸਨ …ਦਾਜ ਲੈਣਾ ਪਾਪ ਹੈ….. ਦਾਜ ਇਕ ਸ਼ਰਾਪ ਹੈ…. ਦਾਜ ਸਾਡੇ ਸਮਾਜ ਉੱਪਰ ਕਲੰਕ ਹੈ….ਆਓ ਰਲ਼ ਇਸ ਨੂੰ ਜੜ੍ਹੋਂ ਖ਼ਤਮ ਕਰੀਏ….।ਉਹ ਇਹ ਸਭ ਦੇਖ ਕੇ ਉਨੀ ਪੈਰੀਂ ਵਾਪਸ ਮੁੜ ਆਇਆ ਤੇ ਫਿਰ ਆਪਣੇ ਮੰਜੇ ਉੱਪਰ ਲੇਟ ਗਿਆ ਉਸਨੂੰ ਆਪਣੇ ਸਕੂਲ ਦੇ ਦਿਨ ਯਾਦ ਆ ਗਏ ਜਦੋਂ ਮਾਸਟਰ ਜੀ ਨੇ ਉਹਨਾਂ ਨੂੰ ਦੱਸਿਆ ਸੀ ਕਿ ਦਾਜ ਕੀ ਹੁੰਦਾ ਹੈ? ਦਾਜ ਲੈਣਾ ਬੁਰੀ ਗੱਲ ਹੁੰਦੀ ਹੈ… ਤੇ ਕਿਵੇਂ ਇਹ ਕੰਨਿਆ ਭਰੂਣ ਹੱਤਿਆ ਅਤੇ ਦੁਲਹਨਾ ਦੀ ਮੌਤ ਦਾ ਕਾਰਨ ਬਣਦਾ ਹੈ। ਉਸੇ ਦਿਨ ਤੋਂ ਗੁਰਪਾਲ ਨੇ ਪ੍ਰਣ ਕਰ ਲਿਆ ਸੀ ਕਿ ਉਹ ਆਪਣੇ ਵਿਆਹ ਦੇ ਸਮੇਂ ਦਾਜ ਨਹੀਂ ਲਵੇਗਾ ਅਤੇ ਉਸਨੇ ਕੀਤਾ ਵੀ ਇਸੇ ਤਰ੍ਹਾਂ ਪਰ ਉਸ ਨੂੰ ਸਮਝ ਨਹੀਂ ਸੀ ਆ ਰਹੀ ਕਿ ਜੋ ਉਸ ਨਾਲ ਹੋਈ ਤੇ ਜਿਹੜਾ ਇਹ ਨਵਾਂ ਦਹੇਜ ਉਸਦੇ ਮੱਥੇ ਮੜਿਆ ਜਾ ਰਿਹਾ ਸੀ। ਉਸ ਬਾਰੇ ਨਾ ਤਾਂ ਕਿਸੇ ਮਾਸਟਰ ਨੇ ਦੱਸਿਆ ਨਾ ਹੀ ਕਿਸੇ ਕਿਤਾਬ ਨੇ। ਉਸਦੇ ਦਾਜ ਨਾ ਲੈਣ ਦੇ ਬਾਵਜੂਦ ਵੀ ਉਸਦੀ ਪਤਨੀ ਅੱਧੀ ਜਾਇਦਾਦ ਲੈ ਗਈ ਸੀ। ਬਿਨਾਂ ਕਿਸੇ ਕਸੂਰੋਂ ਉਹ ਹਰ ਤਰ੍ਹਾਂ ਨਾਲ ਲੁੱਟਿਆ ਗਿਆ ਸੀ।
ਐਨੇ ਨੂੰ ਬਾਹਰੋਂ ਕੁੰਡੀ ਖੜਕੀ ਜਿਸ ਨੇ ਉਸਦਾ ਉਸਦੇ ਖਿਆਲਾਂ ਦੇ ਵਹਿਣ ਨੂੰ ਤੋੜਿਆ। ਬਾਹਰੋਂ ਆਈ ਆਵਾਜ਼ ਨੇ ਦੱਸਿਆ ਕਿ ਪੰਚਾਇਤ ਆ ਚੁੱਕੀ ਹੈ ਤੇ ਉਸਦੀ ਉਡੀਕ ਹੋ ਰਹੀ ਹੈ… ਆਇਆ….. ਕਹਿ ਕੇ ਉਸ ਅੱਖਾਂ ਪੂੰਜਦਾ ਜੁੱਤੀ ਪਾਉਂਦਾ ਹੋਇਆ ਆਪਣੇ ਆਪ ਨੂੰ ਤੇ ਆਪਣੇ ਮਨ ਨੂੰ ਤਿਆਰ ਕਰਦਾ ਤੁਰਨ ਲੱਗਾ। ਅਜੇ ਵੀ ਉਸਦੇ ਦਿਲੋ ਦਿਮਾਗ ਵਿੱਚ ਨਵਾਂ ਦਹੇਜ…….ਨਵਾਂ ਦਹੇਜ….. ਸ਼ਬਦ ਵਾਰ-ਵਾਰ ਗੂੰਜ ਰਹੇ ਸੀ………।

ਜ..ਦੀਪ ਸਿੰਘ ‘ਦੀਪ’
ਪਿੰਡ- ਕੋਟੜਾ ਲਹਿਲ
ਜ਼ਿਲਾ- ਸੰਗਰੂਰ
ਮੋਬਾ: 98760-04714