ਕੋਟਕਪੂਰਾ, 30 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਥਾਨਕ ਨਵੀਂ ਦਾਣਾ ਮੰਡੀ ’ਚ ਝੋਨੇ ਦੀ ਫਸਲ ਦੀ ਆਮਦ ਤੇਜੀ ਨਾਲ ਵੱਧ ਰਹੀ ਹੈ, ਜਿਸ ਨਾਲ ਕਿਸਾਨਾਂ ਨੂੰ ਅਨਾਜ ਮੰਡੀ ’ਚ ਫਸਲ ਲਾਉਣੀ ਵੀ ਔਖੀ ਹੋ ਰਹੀ ਹੈ, ਜਿਸ ਦਾ ਮੁੱਖ ਕਾਰਨ ਕਈ ਵਾਰ ਅਨਾਜ ਮੰਡੀ ਵਿਚਲੀਆਂ ਸੜਕਾਂ ’ਤੇ ਬੇਤਰਕੀਬੇ ਖੜੇ ਵਾਹਨਾਂ ਨਾਲ ਅਜਿਹਾ ਹੋ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਆੜਤੀਆ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਬਸੰਤ ਸਿੰਘ ਢਿੱਲੋ ਦੇ ਸਪੁੱਤਰ ਜਸਵੀਰ ਸਿੰਘ ਢਿੱਲੋਂ ਨੇ ਦੱਸਿਆ ਕਿ ਕਿਸਾਨਾਂ ’ਤੇ ਪਿਛਲੇ ਸਮੇਂ ਪਈ ਹੜਾਂ ਦੀ ਮਾਰ ਨੇ ਉਨ੍ਹਾਂ ਦੀ ਫਸਲ ਨੂੰ ਕਾਫੀ ਨੁਕਸਾਨ ਪਹੁੰਚਾਇਆ ਹੈ, ਜਿਸ ਸਬੰਧੀ ਸਰਕਾਰਾਂ ਨੇ ਕਿਸਾਨਾਂ ਨੂੰ ਅਨਾਜ ਮੰਡੀਆਂ ’ਚ ਜਲਦ ਫਸਲ ਦੀ ਵਿਕਰੀ ਅਤੇ ਉਨਾਂ ਦੀ ਰਕਮ ਜਲਦ ਉਹਨਾਂ ਦੇ ਖਾਤਿਆਂ ’ਚ ਪਾਉਣ ਲਈ ਪੂਰੀ ਤੇਜੀ ਨਾਲ ਕੰਮ ਕੀਤਾ ਹੈ, ਭਾਵੇਂ ਕਿਸਾਨਾਂ ਨੂੰ ਅਨਾਜ ਮੰਡੀ ’ਚ ਝੋਨੇ ਦੀ ਫਸਲ ਵੇਚਣ ਸਬੰਧੀ ਕੋਈ ਮੁਸ਼ਕਿਲ ਨਹੀਂ ਆ ਰਹੀ ਹੈ ਪਰ ਫਸਲ ਲਾਹੁਣ ਸਮੇਂ ਉਹਨਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨਾਂ ਦੱਸਿਆ ਕਿ ਅਨਾਜ ਮੰਡੀ ’ਚ ਟਰੈਕਟਰ-ਟਰਾਲੀਆਂ ਦੀ ਲੋਡਿੰਗ ਨਾਲ ਹੁਣ ਦੇ ਦਿਨਾਂ ’ਚ ਲਿਫਟਿੰਗ ਦੇ ਕੰਮ ’ਚ ਤੇਜੀ ਆਈ ਹੈ, ਜਦਕਿ ਇਹ ਪਹਿਲਾਂ ਠੰਡੀ ਕਾਰਵਾਈ ਤਹਿਤ ਚੱਲ ਰਿਹਾ ਸੀ। ਉਹਨਾਂ ਕਿਸਾਨ ਵੀਰਾਂ ਨੂੰ ਵੀ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੀ ਫਸਲ ਦੀ ਵਿਕਰੀ ਤੱਕ ਮੰਡੀ ’ਚ ਫਸਲ ਪਾਸ ਹੀ ਰਹਿਣ ਤਾਂ ਜੋ ਉਹਨਾਂ ਦੀ ਫਸਲ ਦਾ ਕੋਈ ਨੁਕਸਾਨ ਨਾ ਹੋਵੇ।