ਰੱਜੋ ਨੇ ਬੀ.ਐੱਡ. ਕਰਨ ਤੋਂ ਬਾਅਦ ਸ਼ਹਿਰ ਦੇ ਕਿਸੇ ਪ੍ਰਾਈਵੇਟ ਸਕੂਲ ਵਿਚ ਪੜਾਉਣਾ ਸ਼ੁਰੂ ਕਰ ਦਿੱਤਾ। ਬੱਚਿਆਂ ਨੂੰ ਪੜਾਉਣਾ, ਕਿਸੇ ਮਜਬੂਰੀ ਵਸ ਨਹੀਂ ਸਗੋਂ ਉਸਦਾ ਸ਼ੋਕ ਸੀ। ਉਹ ਆਪਣੇ ਤੋਂ ਛੋਟੀਆਂ ਤਿੰਨ ਭੈਣਾਂ ਵਿਚੋਂ ਉਹ ਸਭ ਤੋਂ ਵੱਡੀ ਸੀ। ਉਹ ਇੱਕ ਚੰਗੇ ਸਰਦੇ ਘਰ ਦੀ ਧੀ ਸੀ। ਉਸਦੇ ਪਿਤਾ ਸ਼ਮਸ਼ੇਰ ਸਿੰਘ ਦਾ ਕਾਫ਼ੀ ਵੱਡਾ ਕਾਰੋਬਾਰ ਸੀ। ਚੰਗੀ ਜਮੀਨ-ਜਾਇਦਾਦ ਦਾ ਮਾਲਕ ਅਤੇ ਇਕ ਚੰਗਾ ਇਨਸਾਨ ਹੋਣ ਦੀ ਖਾਤਿਰ ਇਲਾਕੇ ਦੇ ਲੋਕ ਉਸਦਾ ਬਹੁਤ ਸਤਿਕਾਰ ਸਰਦੇ ਸਨ। ਸ਼ਮਸ਼ੇਰ ਸਿੰਘ ਆਪਣੀਆਂ ਧੀਆਂ ਨੂੰ ਰਾਜਕੁਮਾਰੀਆਂ ਵਾਂਗ ਰੱਖਦਾ ਅਤੇ ਸਮਝਦਾ ਸੀ।
ਇਕ ਦਿਨ ਸ਼ਮਸ਼ੇਰ ਸਿੰਘ ਨੇ ਆਪਣੀ ਪਤਨੀ ਅਤੇ ਬੇਟੀਆਂ ਨੂੰ ਆਪਣੇ ਕਮਰੇ ਵਿਚ ਬੁਲਾਇਆ। ਆਪਣੀਆਂ ਧੀਆਂ ਨੂੰ ਜਵਾਨ ਹੁੰਦੇ ਦੇਖ ਉਹ ਆਪਣੇ ਜਜ਼ਬਾਤ ਸਾਰਿਆਂ ਨਾਲ ਸਾਂਝੇ ਕਰਨਾ ਚਾਹੁੰਦਾ ਸੀ। ਰੱਜੋ ਦੀ ਮਾਂ ਅਤੇ ਉਸਦੀਆਂ ਭੈਣਾਂ ਆਪਣੇ ਪਿਤਾ ਦੇ ਕਮਰੇ ਵਿਚ ਉਹਨਾਂ ਦੇ ਕਹੇ ਅਨੁਸਾਰ ਜਾ ਕੇ ਬੈਠ ਜਾਂਦੀਆਂ ਹਨ। ਸ਼ਮਸ਼ੇਰ ਸਿੰਘ ਨੇ ਮੁਸਕਰਾਉਂਦੇ ਹੋਏ ਕਿਹਾ, “ਬਈ ਕਿਵੇਂ ਚਲ ਰਹੀ ਹੈ ਮੇਰੀ ਰਾਜਕੁਮਾਰੀਆਂ ਦੀ ਪੜ੍ਹਾਈ-ਲਿਖਾਈ।”
“ਬਹੁਤ ਵਧੀਆ ਪਾਪਾ ਜੀ” ਸਾਰੀਆਂ ਨੇ ਇਕੋ ਵਾਰ ਕੱਠਾ ਉੱਤਰ ਦਿੱਤਾ। ਆਪਣੀਆਂ ਧੀਆਂ ਦੇ ਮੂੰਹੋਂ ਇਹ ਗੱਲ ਸੁਣ ਕੇ ਰੱਜੋ ਦੀ ਮਾਂ ਅਤੇ ਸ਼ਮਸ਼ੇਰ ਸਿੰਘ ਦੋਵੇ ਬਹੁਤ ਖੁਸ਼ ਹੋਏ। ਸ਼ਮਸ਼ੇਰ ਸਿੰਘ ਨੇ ਗਲ ਨੂੰ ਜਾਰੀ ਰੱਖਦੇ ਹੋਏ ਕਿਹਾ, “ਦਰਅਸਲ ਗੱਲ ਇਹ ਹੈ ਬੇਟਾ ਜੀ ਕਿ ਤੁਸੀਂ ਇਕ-ਨਾ-ਇਕ ਦਿਨ ਸਾਰੀਆਂ ਨੇ ਆਪੋ-ਆਪਣੇ ਘਰਾਂ ਨੂੰ ਤੁਰ ਜਾਣਾ। ਸੋ, ਮੈਂ ਚਹੁੰਦਾ ਹਾਂ ਕਿ ਮੇਰੀਆਂ ਰਾਜਕੁਮਾਰੀਆਂ ਇੰਨ੍ਹੀ ਕੁ ਕਾਬਲੀਅਤ ਹਾਸਿਲ ਕਰਨ ਕਿ ਤੁਹਾਨੂੰ ਬਿਬੇਕ ਬੁੱਧ ਵਾਲੇ, ਗੁਣਵਾਨ ਵਰ ਪ੍ਰਾਪਤ ਹੋਣ।”
ਬੇਟਾ ਜੀ, ਪੁਰਾਤਨ ਸਮੇਂ ਵਿਚ ਰਾਜਕੁਮਾਰੀਆਂ ਆਪਣਾ ਸਵੰਬਰ ਰਚਾਉਂਦੀਆਂ ਸਨ। ਜਿਸ ਕਲਾ ਵਿਚ ਉਹਨਾਂ ਨੂੰ ਬਹੁਤ ਵੱਡੀ ਮੁਹਾਰਤ ਹਾਸਲ ਹੁੰਦੀ ਸੀ, ਉਹ ਉਸੇ ਕਲਾ ਦੀ ਸ਼ਰਤ ਰੱਖ ਕੇ ਸਵੰਬਰ ਰਚਾਉਂਦੀਆਂ ਸਨ। ਬਈ ਜਿਹੜਾ ਸਾਨੂੰ ਹਰਾ ਦੂੰ ਗਾ, ਉਸ ਦੇ ਗਲ ਵਿਚ ਵਰਮਾਲਾ ਪੈ ਜੂੰਗੀ। ਸੋ ਮੇਰੇ ਕਹਿਣ ਤੋਂ ਭਾਵ ਹੈ ਕਿ ਤੁਸੀਂ ਇੰਨੀ ਕ ਤਰੱਕੀ ਹਾਸਿਲ ਕਰੋ ਅਤੇ ਸ਼ਮਸ਼ੇਰ ਸਿੰਘ ਬੋਲਦਾ-ਬੋਲਦਾ ਚੁੱਪ ਹੋ ਗਿਆ।
ਜੇ, ਕਿਸੇ ਦੀ ਨਜ਼ਰ ਵਿਚ ਕੋਈ ਰਾਜਕੁਮਾਰ ਹੋਵੇ ਤਾਂ ਤੁਸੀਂ ਬੇਝਿਜਕ ਮੈਨੂੰ ਦਸ ਸਕਦੇ ਹੋ। ਸ਼ਮਸ਼ੇਰ ਸਿੰਘ ਨੇ ਲਾਡ-ਪਿਆਰ ਨਾਲ ਆਪਣੀਆਂ ਧੀਆਂ ਨੂੰ ਕਿਹਾ। ਆਪਣੇ ਪਿਤਾ ਦੇ ਮੂੰਹੋਂ ਇਹ ਸ਼ਬਦ ਸੁਣ ਕੇ ਰੱਜੋ ਮਨ ਹੀ ਮਨ ਮੁਸਕਰਾਈ। ਉਸਨੇ ਥੋੜਾ ਝਿਜਕਦੇ ਹੋਏ ਕਿਹਾ, “ਪਾਪਾ ਜੀ ਮੇਰੀ ਨਿਗ੍ਹਾਂ ਵਿਚ ਇਕ ਮੁੰਡਾ ਹੈ।” ਦੱਸੋ ਕੌਣ ਹੈ ਬੇਟਾ ਜੀ? ਸ਼ਮਸ਼ੇਰ ਸਿੰਘ ਨੇ ਪੁੱਛਿਆ। ਪਾਪਾ, ਉਹ ਡਰਾਈਵਰ ਦੀ ਨੌਕਰੀ ਕਰਦਾ। ਨਾਮ ਕੀ ਹੈ ਉਸਦਾ ਬੇਟਾ?
ਜੀਤਾ, ਰੱਜੋ ਨੇ ਸ਼ਰਮਾਉਂਦੇ ਹੋਏ ਉੱਤਰ ਦਿੱਤਾ।
ਉਸਦਾ ਪੂਰਾ ਬਾਇਓਡਾਟਾ ਮੈਨੂੰ ਲਿਖ ਕੇ ਦਿਓ, ਮੈਂ ਪਤਾ ਕਰਦਾ ਉਸ ਮੁੰਡੇ ਬਾਰੇ। ਸ਼ਮਸ਼ੇਰ ਸਿੰਘ ਨੇ ਰੱਜੋ ਦੀ ਗੱਲ ਤੇ ਗੋਰ ਕਰਦਿਆ ਕਿਹਾ।
ਰੱਜੋ ਨੇ ਕਾਗਜ਼ ਤੇ ਜੀਤੇ ਦਾ ਨਾਮ ਪਤਾ ਲਿਖ ਕੇ ਆਪਣੇ ਪਾਪਾ ਨੂੰ ਫੜਾ ਦਿੱਤਾ ਅਤੇ ਸਾਰੀਆਂ ਭੈਣਾਂ ਰਾਜਕੁਮਾਰੀਆਂ ਦੀ ਤਰ੍ਹਾਂ ਹਸਦੀਆਂ ਖੇਡਦੀਆਂ ਆਪੋ-ਆਪਣੇ ਕਮਰਿਆਂ ਵਿਚ ਚਲੀਆਂ ਗਈਆਂ।
ਕੁਝ ਦਿਨਾਂ ਬਾਅਦ ਸ਼ਮਸ਼ੇਰ ਸਿੰਘ ਨੇ ਆਪਣੇ ਪਰਿਵਾਰ ਨੂੰ ਦੁਬਾਰਾ ਕਮਰੇ ਵਿਚ ਬੁਲਾਇਆ। ਉਸਨੇ ਆਪਣੀ ਪਤਨੀ ਅਤੇ ਰੱਜੋ ਨੂੰ ਸੰਬੋਧਨ ਕਰਦੇ ਹੋਏ ਕਿਹਾ, “ਅੱਜ ਤੋਂ ਬਾਅਦ, ਬੇਟਾ ਜੀ, ਤੁਸੀਂ ਉਸ ਮੁੰਡੇ ਨਾਲ ਕੋਈ ਗਲਬਾਤ ਨਹੀਂ ਰੱਖੋਗੇ, ਮੈਂ ਸਭ ਪਤਾ ਕਰ ਲਿਆ ਉਸ ਬਾਰੇ…। ਉਹ ਡਰਾਈਵਰ ਪਹਿਲਾਂ ਵਿਆਹਿਆ ਹੋਇਆ ਹੈ। ਉਸਦੇ ਪੰਜ ਸਾਲ ਦਾ ਇਕ ਬੇਟਾ ਵੀ ਹੈ ਜੋ ਆਪਣੇ ਨਾਨਕਿਆਂ ਤੇ ਪਲ ਰਿਹਾ। ਗੱਲ ਇੱਥੇ ਹੀ ਨਹੀਂ ਮੁੱਕਦੀ, ਬੇਟਾ ਜੀ, ਉਸਦੀ ਪਤਨੀ ਨੇ ਆਤਮ-ਹੱਤਿਆ ਕੀਤੀ ਹੋਈ ਹੈ।”
ਪਾਪਾ, ਮੈਨੂੰ ਸਭ ਪਤਾ ਹੈ, ਜ਼ਰੂਰੀ ਤਾਂ ਨਹੀਂ ਹਰ ਵਾਰ ਮਰਦ ਹੀ ਗਲਤ ਹੋਵੇ। ਹੋ ਸਕਦਾ ਉਸਦੀ ਪਤਨੀ ਦੀ ਕੋਈ ਆਪਣੀ ਗਲਤੀ ਹੋਵੇ। ਰੱਜੋ ਨੇ ਫੌਰਨ ਉੱਤਰ ਦਿੱਤਾ।
ਤੁਹਾਡੀ ਗੱਲ ਨਾਲ ਮੈਂ ਸਹਿਮਤ ਹਾਂ ਕਿ ਮਰਦ ਹਮੇਸ਼ਾਂ ਗਲਤ ਨਹੀਂ ਹੁੰਦਾ ਪਰ ਜਦ ਧੀ ਵਿਆਹੀ ਜਾਂਦੀ ਤਾਂ ਛੇਤੀ ਕਿਤੇ ਉਹ ਆਪਣਾ ਘਰ ਛੱਡ ਕੇ ਨਹੀਂ ਜਾਂਦੀ। ਬੱਚਿਆਂ ਦੀ ਖਾਤਿਰ ਉਹ ਮਰਦੇ-ਦਮ ਤੱਕ ਸੰਘਰਸ਼ ਕਰਦੀ ਹੈ। ਆਪਣੀ ਮਮਤਾ ਵਾਸਤੇ ਉਹ ਹਰ ਚੀਜ਼ ਨਾਲ ਟਕਰਾਉਣ ਲਈ ਤਿਆਰ ਰਹਿੰਦੀ ਹੈ। ਤੂੰ ਅਜੇ ਨਿਆਣੀ ਹੈ ਰੱਜੋ, ਇਹਨਾਂ ਗੱਲਾਂ ਨੂੰ ਅਜੇ ਤੂੰ ਸਮਝ ਨਹੀਂ ਸਕਦੀ। ਬਸ ਗੱਲ ਮੁੱਕਦੀ, ਅੱਜ ਤੋਂ ਬਾਅਦ ਉਸ ਡਰਾਈਵਰ ਦਾ ਨਾਂ ਕਿਸੇ ਦੀ ਜਬਾਨ ਤੇ ਨਹੀਂ ਹੋਣਾ ਚਾਹੀਦਾ।
ਰੱਜੋ ਹੁਣ ਸਮਝ ਗਈ ਸੀ ਕਿ ਮੇਰਾ ਵਿਆਹ ਜੀਤੇ ਨਾਲ ਤਾਂ ਨਹੀਂ ਹੋ ਸਕਦਾ।
ਕੁਝ ਦਿਨ ਗੁੰਮ-ਸੁੰਮ ਰਹਿਣ ਮਗਰੋਂ ਇਕ ਰਾਤ ਰੱਜੋ ਨੇ ਇਕ ਚਿੱਠੀ ਲਿਖ ਕੇ ਆਪਣੇ ਪਾਪਾ ਦੇ ਕਮਰੇ ਵਿਚ ਰੱਖੀ, ਘਰੋਂ ਕੁਝ ਨਕਦੀ ਅਤੇ ਗਹਿਣੇ ਲੈ ਕੇ ਰਾਤੋ-ਰਾਤ ਜੀਤੇ ਨਾਲ ਫਰਾਰ ਹੋ ਗਈ।
ਸਵੇਰੇ ਸ਼ਮਸ਼ੇਰ ਦੇ ਹੱਥ ਜਦ ਉਹ ਚਿੱਠੀ ਲੱਗੀ ਤਾਂ ਉਸਨੇ ਬਹੁਤ ਦੁਖੀ ਹਿਰਦੇ ਨਾਲ ਆਪਣੀ ਪਤਨੀ ਅਤੇ ਦੂਜੀਆਂ ਧੀਆਂ ਨੂੰ ਪੁੱਛਿਆ ਕਿ ਰੱਜੋ ਕਿੱਥੇ ਹੈ।
ਰੱਜੋ ਦੀ ਮਾਂ ਅਤੇ ਭੈਣਾਂ ਨੇ ਕਿਹਾ ਕਿ ਉਹ ਰਾਤ ਆਪਣੀ ਸਹੇਲੀ ਦੇ ਘਰ ਕਿਸੇ ਫੰਕਸ਼ਨ ‘ਚ ਗਈ ਹੈ ਬਸ ਆਉਣ ਹੀ ਵਾਲੀ ਹੈ। ਸ਼ਮਸ਼ੇਰ ਸਿੰਘ ਨੇ ਚੁੱਪ-ਚਾਪ ਉਹ ਚਿੱਠੀ ਰੱਜੋ ਦੀ ਮਾਂ ਵੱਲ ਵਧਾਈ ਅਤੇ ਕਿਹਾ, ਅੱਜ ਤੋਂ ਬਾਅਦ ਰੱਜੋ ਨਾਲ ਸਾਡਾ ਕੋਈ ਨਾਤਾ ਨਹੀਂ ਰਿਹਾ। ਜੇਕਰ ਤੁਹਾਡੇ ਵਿਚੋਂ ਕੋਈ ਉਸ ਨਾਲ ਰਿਸ਼ਤਾ ਰੱਖਣਾ ਚਾਹੁੰਦਾ ਤਾਂ ਉਹ ਹੁਣੇ ਇਸ ਘਰ ਨੂੰ ਛੱਡ ਕੇ ਜਾ ਸਕਦਾ ਹੈ। ਉਸਨੇ ਘਰ ਦੇ ਮੇਨ ਗੇਟ ਵੱਲ ਇਸ਼ਾਰਾ ਕੀਤਾ।
ਸਾਰਾ ਪਰਿਵਾਰ ਦੁਖੀ ਹੋ ਕੇ ਚੁੱਪ ਕਰ ਗਿਆ।
ਉੱਧਰ ਰੱਜੋ ਤੇ ਜੀਤਾ ਕਿੱਥੇ ਭਜ ਨਿਕਲੇ ਕਿਸੇ ਨੂੰ ਕੋਈ ਪਤਾ ਨਹੀਂ ਸੀ। ਸ਼ਮਸ਼ੇਰ ਸਿੰਘ ਨੇ ਨਾ ਕੋਈ ਭਾਲ, ਇਤਲਾਹ ਅਤੇ ਨਾ ਹੀ ਕੀ ਪਰਵਾਹ ਕੀਤੀ ਸਿਵਾਏ ਅੰਦਰੋਂ ਅੰਦਰੀ ਦੁਖੀ ਹੋਣ ਤੋਂ।
ਮਹੀਨਾ-ਡੇਢ ਘੁੰਮਣ ਤੋਂ ਬਾਅਦ ਜੀਤਾ ਰੱਜੋ ਨੂੰ ਆਪਣੇ ਰੈਣ ਬਸੇਰੇ ਵਿਚ ਵਾਪਸ ਲੈ ਆਇਆ। ਉਸਦੀ ਢਾਣੀ ਆਪਣੇ ਪਿੰਡ ਤੋਂ ਦੋ ਕਿਲੋਮੀਟਰ ਪਾਸੇ ਸੀ। ਉਸਦਾ ਘਰ ਇਕ ਕੱਚਾ ਕੋਠਾ, ਢੱਠਿਆ ਜਿਹਾ ਚੌਕਾਂ ਅਤੇ ਟੁੱਟੀ-ਭੱਜੀ ਚਾਰ-ਦੀਵਾਰੀ। ਰੱਜੋ ਨੇ ਆਪਣਾ ਕੋਈ ਗਹਿਣਾ ਵੇਚ ਕੇ ਕੱਚੇ ਕੋਠੇ ਨੂੰ ਪੱਕਾ ਕੀਤਾ। ਚੌਂਕੇ ਨੂੰ ਲਿਪਿਆ ਸੰਵਾਰਿਆ ਅਤੇ ਘਰ ਵਿਚ ਵਰਤੋਂ ਯੋਗ ਚੀਜਾਂ ਦੀ ਖਰੀਦਦਾਰੀ ਕਰਕੇ ਘਰ ਨੂੰ ਰਹਿਣ ਯੋਗ ਬਣਾਇਆ।
ਚਲੋ ਜੀ, ਜੀਤੇ ਦਾ ਘਰ ਤਾਂ ਵਸ ਗਿਆ ਪਰੰਤੂ ਨੇੜੇ-ਤੇੜੇ ਦੁਬਾਰਾ ਉਸਨੂੰ ਨੌਕਰੀ ਨਾ ਮਿਲੀ। ਹੁਣ ਉਹ ਘਰ ਵਿਚ ਵਿਹਲਾ ਪਿਆ ਰਹਿੰਦਾ। ਉਸਦੇ ਕਰੀਬੀ ਸੱਜਣ ਉਸਨੂੰ ਆ ਕੇ ਮਿਲ ਜਾਂਦੇ। ਆਪਣੇ ਹਾਸੇ-ਠੱਠੇ ਵਿਚ ਉਹ ਦਾਰੂ-ਪਿਆਲਾ ਵੀ ਪੀਂਦੇ ਰਹਿੰਦੇ।
ਜੀਤੇ ਨੂੰ ਘਰ ਵਿਚ ਵਿਹਲਾ ਬੈਠਾ ਦੇਖ ਰੱਜੋ ਨੇ ਆਪਣੀ ਕੁੱਖ ਵਿਚ ਪਲ ਰਹੇ ਬੱਚੇ ਦੇ ਭਵਿੱਖ ਨੂੰ ਸੋਚ ਕੇ ਆਪਣੇ ਨਜ਼ਦੀਕ ਪੈਂਦੇ ਇਕ ਪ੍ਰਾਈਵੇਟ ਸਕੂਲ ਵਿਚ ਪੜਾਉਣਾ ਸ਼ੁਰੂ ਕਰ ਦਿੱਤਾ। ਜਿਸ ਨਾਲ ਘਰ ਦਾ ਗੁਜਾਰਾ ਚੱਲਣ ਲੱਗ ਪਿਆ। ਕੁਝ ਮਹੀਨਿਆਂ ਬਾਦ ਰੱਜੋ ਨੇ ਇਕ ਪੁੱਤਰ ਨੂੰ ਜਨਮ ਦਿੱਤਾ। ਬੱਚਾ ਅਜੇ ਦੋ ਕੁ ਮਹੀਨਿਆਂ ਦਾ ਹੀ ਹੋਇਆ ਕਿ ਰੱਜੋ ਨੇ ਸਕੂਲੀ ਬੱਚਿਆਂ ਦੀ ਪੜ੍ਹਾਈ ਅਤੇ ਆਪਣੀ ਨੌਕਰੀ ਨੂੰ ਦੇਖਦੇ ਹੋਏ ਫਿਰ ਸਕੂਲ ਜਾਣਾ ਆਰੰਭ ਕਰ ਲਿਆ। ਹੁਣ ਆਪਣੇ ਬੱਚੇ ਨੂੰ ਵੀ ਉਹ ਨਾਲ ਲੈ ਜਾਂਦੀ। ਉਹਨਾਂ ਦਿਨਾਂ ‘ਚ ਜੀਤੇ ਨੂੰ ਕਿਤੇ ਕੰਮ ਮਿਲ ਗਿਆ। ਪਰ ਹੁਣ ਉਹ ਰੋਜ ਘਰ ਨਾ ਆ ਸਕਦਾ।
ਰੱਜੋ ਬੜੀ ਸਮਝਦਾਰੀ ਅਨੁਸਾਰ ਜੀਤੇ ਦੇ ਘਰ ਨਾ ਹੋਣ ਕਿਸੇ ਨੂੰ ਨਹੀਂ ਸੀ ਦਸਦੀ। ਉਹ ਹਰ ਰੋਜ਼ ਵਿਹੜੇ ਵਿਚ ਮੰਜੇ ਤੇ ਬਿਸਤਰਾ ਵਿਛਾ ਕੇ, ਕੋਲ ਜੀਤੇ ਦੀ ਪੁਰਾਣੀ ਜੁੱਤੀ ਅਤੇ ਇਕ ਮੋਟੀ ਸੋਟੀ ਕੋਲ ਰੱਖ ਦਿੰਦੀ ਤਾਂ ਜੋ ਕਿਸੇ ਨੂੰ ਜੀਤੇ ਘਰ ਨਾ ਹੋਣ ਦਾ ਅਹਿਸਾਸ ਨਾ ਹੋ ਸਕੇ।
ਖ਼ੈਰ ਆਪਣੀ ਸਮਝ ਅਨੁਸਾਰ ਰੱਜੋ ਨੇ ਆਪਣੇ ਤਰੀਕੇ ਨਾਲ ਘਰ ਚਲਾ ਲਿਆ। ਦੂਜੇ ਪਾਸੇ ਜੀਤਾ ਆਪਣੇ ਪੁਰਾਣੇ ਲੱਛਣਾਂ ਤੇ ਆ ਗਿਆ। ਜਿਸਦੀ ਰੱਜੋ ਨੂੰ ਕੋਈ ਭਿਣਕ ਤੱਕ ਨਹੀਂ ਸੀ। ਉਹ ਰੱਜ ਕੇ ਸ਼ਰਾਬ-ਪੀਂਦਾ ਜੂਆ ਖੇਡਦਾ ਅਤੇ ਆਪਣੀ ਤਨਖਾਹ ਦੇ ਸਾਰੇ ਪੈਸੇ ਉਡਾ ਦਿੰਦਾ।
ਇਕ ਦਿਨ ਜੀਤਾ ਆਪਣੇ ਇਕ ਮਿੱਤਰ ਨੂੰ ਘਰ ਨਾਲ ਲੈ ਆਇਆ। ਦੋਹਾਂ ਨੇ ਪੀਤੀ ਖਾਧੀ। ਰੱਜੋ ਦੋਹਾਂ ਲਈ ਖਾਣਾ ਬਣਾ ਕੇ ਕਮਰੇ ਵਿਚ ਆਪਣੇ ਬੱਚੇ ਨਾਲ ਜਾ ਕੇ ਸੌ ਗਈ। ਸਵੇਰੇ ਤੜਕੇ ਉਸਨੇ ਫਿਰ ਘਰ ਦਾ ਕੰਮ-ਕਾਜ ਨਿਬੇੜ ਸਕੂਲ ਜਾਣਾ ਸੀ।
ਜੀਤਾ ਅਤੇ ਉਸਦਾ ਮਿੱਤਰ ਦੇਰ ਰਾਤ ਤੱਕ ਦਾਰੂ ਪੀਂਦੇ ਰਹੇ। ਅੱਧੀ ਕੁ ਰਾਤ ਨੂੰ ਉਹਨਾਂ ਦੋਹਾਂ ਦੀ ਆਵਾਜ਼ ਨੂੰ ਸੁਣ ਕੇ ਰੱਜੋ ਅੱਬੜਵਾਹੇ ਉੱਠੀ। ਉਸਦੇ ਅੱਖਾਂ ਖੋਲ ਦੇਖਿਆ ਤਾਂ ਜੀਤਾ ਅਤੇ ਉਸਦਾ ਦੋਸਤ ਰੱਜੋ ਦੇ ਬੈੱਡ ਕੋਲ ਖੜੇ ਸਨ। ਜੀਤਾ ਆਪਣੇ ਮਿੱਤਰ ਨੂੰ ਕੁਝ ਕਹਿ ਰਿਹਾ ਸੀ। ਜੀਤੇ ਦੇ ਮੂੰਹੋਂ ਇਹੋ ਜਿਹੇ ਸ਼ਬਦ ਸੁਣ ਕੇ ਰੱਜੋ ਨੇ ਹੈਰਾਨੀ ਦੇ ਭਾਵ ਜਿਤਾਉਂਦੇ ਹੋਏ ਕਿਹਾ, “ਇਹ ਕੀ ਹੋ ਰਿਹਾ ਹੈ।”
ਦੇਖ ਰੱਜੋ ਇਹ ਮੇਰਾ ਭਰਾ ਹੈ, ਮੇਰਾ ਮਿੱਤਰ, ਸਾਡੇ ਵਿਚ ਕੋਈ ਤੇਰ-ਮੇਰ ਨਹੀਂ, ਇਸ ਕਰਕੇ ਇਹ ਇਥੇ ਤੇਰੇ ਨਾਲ ਹੀ ਬੈੱਡ ਤੇ ਸੌ ਜੂਗਾ। ਮੈਂ ਬਾਹਰ ਵਿਹੜੇ ਵਿਚ ਪੈ ਜਾਨਾ। ਨਾਲੇ ਸਾਡੇ ਵਿਚ ਇਹ ਸਭ ਕੁਝ ਪਹਿਲਾਂ ਤੋਂ ਹੀ ਚੱਲਦਾ ਆ ਰਿਹੈ। ਸ਼ਰਾਬੀ ਜੀਤੇ ਨੇ ਆਪਣੇ ਮਨ ਦੇ ਰਾਜ ਇਕ ਮਿੰਟ ਵਿਚ ਬਿਆਨ ਕਰ ਦਿੱਤੇ। ਰੱਜੋ ਨੇ ਜੀਤੇ ਨੂੰ ਧੱਕਾ ਮਾਰਿਆ। ਜੀਤਾ ਹੇਠਾਂ ਡਿਗਣੋ ਬਚਦਾ-ਬਚਦਾ ਬਚ ਗਿਆ। ਜੀਤੇ ਨੇ ਰੱਜੋ ਦੇ ਲਗਾਤਾਰ ਕਈ ਥੱਪੜ ਮਾਰੇ।
ਮੈਂ ਤੈਨੂੰ ਅੱਜ ਜੂਏ ਵਿਚ ਹਾਰਿਆ। ਤੂੰ ਉਹੀ ਕਰੇਗੀ ਜੋ ਮੈਂ ਕਹਾਂਗਾ। ਤੇਰੀ ਭੈਣ ਦੀ ਕਦੇ ਹਿੰਮਤ ਨਹੀਂ ਸੀ ਹੋਈ ਕਿ ਉਹ ਮੇਰੀ ਕੋਈ ਗਲ ਟਾਲਦੀ। ਜੋ ਮੈਂ ਚਹੁੰਦਾ ਸੀ ਉਹ ਉਹੀ ਕਰਦੀ ਸੀ ਪਰ ਪਤਾ ਨਹੀਂ ………. ਜੀਤਾ ਬੋਲਦਾ ਬੋਲਦਾ ਚੁੱਪ ਕਰ ਗਿਆ। ਉਹ ਆਪਣੀ ਮਰ ਚੁੱਕੀ ਘਰ ਵਾਲੀ ਬਾਰੇ ਸਭ ਕੁਝ ਬਿਆਨ ਕਰ ਗਿਆ ਸੀ।
ਰੱਜੋ ਜਿਵੇਂ ਸੁੰਨ ਹੋ ਗਈ। ਉਸਨੂੰ ਲੱਗਿਆ ਜਿਵੇਂ ਉਸਦੀ ਦੁਨੀਆਂ ਲੁੱਟੀ ਗਈ ਹੋਵੇ। ਉਸਦੇ ਜਿਊਣ ਦਾ ਵਜੂਦ ਹੀ ਖਤਮ ਹੋ ਗਿਆ ਹੋਏ। ਉਹ ਉੱਚੀ-ਉੱਚੀ ਰੋਣ ਲੱਗ ਪਈ। ਉਸਨੂੰ ਸਮਝ ਨਹੀਂ ਸੀ ਆ ਰਿਹਾ ਕਿ ਉਹ ਕਰੇ ਤਾਂ ਕੀ ਕਰੇ। ਰੋਂਦੀ-ਰੋਂਦੀ ਉਹ ਕੰਬਣ ਲੱਗੀ। ਪਰੰਤੂ ਜੀਤੇ ਨੂੰ ਉਸਦੀ ਰਤਾ ਵੀ ਪਰਵਾਹ ਨਾ ਹੋਈ। ਉਸਨੂੰ ਸਿਰਫ ਇੰਨ੍ਹਾਂ ਹੀ ਪਤਾ ਸੀ ਕਿ ਰੱਜੋ ਨੂੰ ਉਸਨੇ ਜੂਏ ‘ਚ ਹਾਰਿਆ ਹੈ। ਰੱਜੋ ਨੇ ਸੋਚਿਆ ਕਿ ਕੋਈ ਵੀ ਉਸਦਾ ਨਹੀਂ ਰਿਹਾ। ਜੇਰ ਉਸਦਾ ਕੋਈ ਹੈ ਤਾਂ ਉਸਦਾ ਮਸੂਮ ਪੁੱਤ, ਜਿਹੜਾ ਆਪਣੀ ਮਾਂ ਨੂੰ ਦੇਖ ਰੋ ਰਿਹਾ ਸੀ। ਰੱਜੋ ਨੇ ਆਪਣੇ ਰੋਂਦੇ ਬੱਚੇ ਵੱਲ ਦੇਖਿਆ। ਬਸ ਇਕ ਝਾਤ ਦੀ ਦੇਰ ਸੀ ਕਿ ਉਸਨੇ ਨਜ਼ਦੀਕ ਪਈ ਇਕ ਲੋਹੇ ਦੀ ਰਾੜ ਚੱਕ ਲਈ। ਉਸਨੇ ਗੁੱਸੇ ਵਿਚ ਇੰਨੀ ਤੇਜ਼ੀ ਨਾਲ ਜੀਤੇ ਤੇ ਉਸਦੇ ਦੋਸਤ ਤੇ ਅਜਿਹਾ ਵਾਰ ਕੀਤਾ ਕਿ ਉਹ ਦੋਵੇਂ ਬੇਹੋਸ਼ ਹੋ ਕੇ ਡਿੱਗ ਪਏ। ਉਸਨੇ ਆਪਣੇ ਮਸੂਮ ਬੱਚੇ ਨੂੰ ਚੁੱਕ ਕੇ ਕਮਰੇ ਵਿਚੋਂ ਬਾਹਰ ਨਿਕਲ ਕੇ ਬਾਹਰੋਂ ਦਰਵਾਜੇ ਦਾ ਕੁੰਡਾ ਲਾ ਦਿੱਤਾ। ਪਾਗਲਾਂ ਵਾਲੀ ਹਾਲਤ ਵਿਚ ਉਹ ਆਪਣਾ ਸਮਾਨ ਇੱਕਠਾ ਕਰਨ ਲੱਗੀ। ਉਸਨੇ ਤਾਰ ਤੋਂ ਆਪਣੇ ਤੇ ਬੱਚੇ ਦੇ ਕੱਪੜੇ ਲਾਹ ਕੇ ਇਕ ਥੈਲੇ ਵਿਚ ਪਾਏ। ਚੌਂਕੇ ਵਿਚ ਕਿੱਲੀ ਤੇ ਟੰਗਿਆ ਨਿੱਕਾ ਜਿਹਾ ਪਰਸ, ਜਿਸ ਵਿਚ ਦੋ-ਚਾਰ ਸੋ ਨਕਦੀ, ਛੋਟਾ ਜਿਹਾ ਮੋਬਾਇਲ ਸੀ ਚੁੱਕ ਲਿਆ। ਕੰਧੋਲੀ ਉੱਪਰ ਰੱਖੀ ਬੈਟਰੀ ਅਤੇ ਲੋਹੇ ਦੀ ਰਾੜ ਸਭ ਚੀਜਾਂ ਕੱਠੀਆਂ ਕਰਕੇ ਆਪਣੇ ਬੱਚੇ ਨੂੰ ਗੋਦ ਵਿਚ ਲੈ ਕੇ ਦਰਵਾਜੇ ਦੀ ਕੰਧ ਨਾਲ ਢੋਹ ਲਾ ਕੇ ਬੈਠ ਗਈ। ਉਸਦੇ ਦਿਲ-ਦਿਮਾਗ ਵਿਚ ਚਲ ਰਹੇ ਵਿਚਾਰਾਂ ਦਾ ਭੂਚਾਲ ਮੱਚਿਆ ਹੋਇਆ ਸੀ। ਆਪਣੇ ਹੱਥੀ ਵਸਾਇਆ ਹੋਇਆ ਘਰ ਅੱਜ ਉਸ ਲਈ ਖੌਫਨਾਕ ਬਣ ਚੁੱਕਾ ਸੀ। ਆਪਣੇ ਬੱਚੇ ਨੂੰ ਥਪ-ਥਪਾਉਂਦੇ ਹੋਏ ਉਸਨੇ ਸਮਾਂ ਦੇਖਿਆ ਤਾਂ ਅਜੇ ਡੇਢ ਵੱਜਿਆ ਸੀ। ਅੱਧੀ ਰਾਤ ਨੂੰ ਘਰੋਂ ਨਿਕਲਣਾ ਵੀ ਖਤਰੇ ਤੋਂ ਖਾਲੀ ਨਹੀਂ ਸੀ। ਇਹ ਸੋਚ ਕੇ ਨਾ ਚਹੁੰਦਿਆ ਹੋਇਆ ਵੀ ਉਹ ਰੁਕ ਗਈ। ਕੁਝ ਸਮੇਂ ਬਾਅਦ ਉਸਨੂੰ ਬਾਹਰੋਂ ਕਿਸੇ ਹਾਲੀ ਦੇ ਗੁਣ-ਗਣਾਉਣ ਦੀ ਆਵਾਜ਼ ਆਈ ਜੋ ਆਪਣੇ ਖੇਤਾਂ ਨੂੰ ਪਾਣੀ ਲਾ ਰਿਹਾ ਸੀ। ਰੱਜੋ ਨੂੰ ਹੌਸਲਾ ਹੋ ਗਿਆ। ਉਸਨੇ ਆਪਣੇ ਬੱਚੇ ਨੂੰ ਚੰਗੀ ਤਰ੍ਹਾਂ ਆਪਣੇ ਕੰਧੇ ਉਪਰ ਬੰਨ ਲਿਆ। ਸਿਰ ਤੋਂ ਆਪਣੀ ਚੁੰਨੀ ਲਾਹ ਕੇ ਉਸਨੇ ਮਰਦਾਂ ਵਾਂਗ ਸਿਰ ਤੇ ਪਰਨਾ ਬੰਨਿਆ। ਆਪਣੇ ਇੱਕ ਹੱਥ ਵਿਚ ਕੱਪੜਿਆਂ ਵਾਲਾ ਥੈਲਾ ਅਤੇ ਲੋਹੇ ਦੀ ਰਾੜ ਫੜ ਲਈ। ਦੂਸਰੇ ਹੱਥ ਵਿਚ ਬੈਟਰੀ ਚੱਕ ਉੱਪਰ ਖੇਸ ਦੀ ਬੁੱਕਲ ਮਾਰ ਉਹ ਘਰੋਂ ਤੁਰ ਪਈ। ਉਸਨੇ ਆਪਣੇ ਘਰ ਨੂੰ ਇਕ ਵਾਰ ਮੁੜ ਕੇ ਦੇਖਿਆ। ਉਸਦੇ ਸੀਨੇ ਵਿਚ ਇਕ ਚੀਸ ਉੱਠੀ ਤੇ ਮੂੰਹੋ ਆਪ-ਮੁਹਾਰੇ ਨਿਕਲਿਆ, “ਜ਼ਿੰਦਗੀ ਦੇ ਸਜਾਏ ਹੋਏ ਸੁਪਨੇ ਇਸ ਤਰ੍ਹਾਂ ਬਿਖਰ ਕੇ ਰਹਿ ਜਾਣਗੇ ਇਹ ਕਦੇ ਉਸਨੇ ਸੁਪਨੇ ਵਿਚ ਵੀ ਨਹੀਂ ਸੀ ਸੋਚਿਆ।” ਰੋਂਦੀ-ਰੋਂਦੀ ਦੇ ਕਦਮ ਘਰ ਤੋਂ ਹਨੇਰੇ ਵਲ ਵਧਣ ਲੱਗੇ। ਉਸਦੀ ਢਾਣੀ ਵੀ ਪਿੰਡੋਂ ਦੂਰ ਹੋਣ ਕਰਕੇ ਪੈਂਡਾ ਵੀ ਉਸਨੇ ਕਾਫੀ ਤੈਹ ਕਰਨਾ ਸੀ। ਰਾਤ ਦੇ ਗੂੜੇ ਹਨੇਰੇ ਵਿਚ ਕੱਚੇ ਰਾਹ ਤੇ ਉੱਗੇ ਸਰ-ਕਾਨੇ ਵੀ ਬਹੁਤ ਡਰਾਉਣਾ ਰੂਪ ਧਾਰੀ ਖੜੇ ਸੀ। ਪਰ ਰੱਜੋ ਬੇਪਰਵਾਹ ਹੋ ਕੇ ਵਗੀ ਜਾ ਰਹੀ ਸੀ। ਦੂਰੋਂ ਉਸ ਹਾਲੀ ਨੇ ਰੱਜੋ ਨੂੰ ਦੇਖ ਆਵਾਜ਼ ਦਿੱਤੀ, “ਓ ਕਹਿੜਾ ਬਈ।” ਰੱਜੋ ਨੇ ਅੱਗੋ ਮਰਦਾਂ ਵਰਗੀ ਆਵਾਜ਼ ਕੱਢ ਕੇ ਗੋਲਮੋਲ ਉੱਤਰ ਵਿਚ ਕਿਹਾ, “ਕਿਵੇਂ ਆ ਬਈ, ਸਭ ਠੀਕ ਹੈ।” “ਸਭ ਠੀਕ ਆ, ਚੜਦੀ ਕਲਾ।” ਅੱਗੋਂ ਆਵਾਜ਼ ਆਈ।
ਰੱਜੋ ਆਪਣੀ ਢਾਣੀ ਤੋਂ ਪਿੰਡ ਪਹੁੰਚ ਕੇ ਬਸ ਅੱਡੇ ਤੇ ਰੁਕ ਗਈ। ਉਸਨੂੰ ਸਾਹ ਚੜਿਆ ਹੋਇਆ ਸੀ। ਥੋੜਾ ਦਮ ਲੈਣ ਤੋਂ ਬਾਅਦ ਉਸਨੇ ਇਕ ਲੰਮਾ ਸਾਹ ਲਿਆ। ਉਸਨੇ ਆਪਣੇ ਚਾਰ-ਚੁਫੇਰੇ ਦੇਖਿਆ ਤਾਂ ਸੁੰਨਸਾਨ ਸੀ। ਬਸ ਅੱਡੇ ਵਿਚਲੀ ਬਣੀ ਥੜੀ ਉਪਰ ਕੁਝ ਮਿੰਟ ਉਸਨੇ ਤੜਕਾ ਹੋਣ ਦਾ ਇੰਤਜਾਰ ਕੀਤਾ। ਹੁਣ ਸਮਾਂ ਦੇਖਿਆ ਤਾਂ ਤਿੰਨ ਵਜ ਚੁੱਕੇ ਸਨ। ਉਸਨੇ ਅਜੇ ਪਿੰਡੋਂ ਤਿੰਨ ਕਿਲੋਮੀਟਰ ਦੂਰ ਪੈਂਦੀ ਮੰਡੀ ਵਿਚ ਪਹੁੰਚਣਾ ਸੀ ਜਿੱਥੋਂ ਉਸਨੂੰ ਸ਼ਹਿਰ ਨੂੰ ਜਾਂਦੀ ਬੱਸ ਪੰਜ ਵਜੇ ਦੇ ਕਰੀਬ ਹੀ ਮਿਲ ਜਾਣੀ ਸੀ। ਕੁਝ ਪਲ ਸੋਚਣ ਤੋਂ ਬਾਅਦ ਰੱਬ ਨੂੰ ਧਿਆ ਕੇ ਰੱਜੋ ਨੇ ਅਗਲਾ ਪੈਂਡਾ ਤੈਹ ਕਰਨਾ ਸ਼ੁਰੂ ਕੀਤਾ। ਤੁਰੀ ਜਾਂਦੀ ਨੂੰ ਉਸਨੂੰ ਆਪਣੇ ਬੱਚੇ ਦਾ ਸਾਹ ਸਾਫ਼ ਸੁਣਾਈ ਦੇ ਰਹੇ ਸਨ, ਬੱਚਾ ਘੂਕ ਸੁੱਤਾ ਹੋਇਆ ਸੀ। ਉਸ ਮਸੂਮ ਦੇ ਨਿੱਕੇ-ਨਿੱਕੇ ਸਾਹ ਰੱਜੋ ਨੂੰ ਹੋਂਸਲਾ ਦੇ ਰਹੇ ਸੀ। ਉਹਨਾਂ ਸਾਹਾਂ ਨੂੰ ਉਹ ਇਕ ਚੰਗਾਂ ਭਵਿੱਖ ਦੇਣਾ ਚਹੁੰਦੀ ਸੀ। ਵਗੀ ਜਾਂਦੀ ਨੂੰ ਉਸਨੂੰ ਆਪਣੇ ਦੂਰੋ-ਨੇੜਿਓ ਅੰਮ੍ਰਿਤ ਵੇਲੇ ਦੀਆਂ ਗੁਰਬਾਣੀ ਦੀਆਂ ਆਵਾਜਾਂ ਆਉਣ ਲੱਗੀਆ। ਉਸਦਾ ਹੋਂਸਲਾ ਦੁੱਗਣਾ ਹੋ ਗਿਆ। ਬਿਨਾਂ ਕਿਸੇ ਮੁਸੀਬਤ ਤੋਂ ਉਸਨੇ ਆਪਣਾ ਪੰਧ ਮੁਕਾ ਲਿਆ ਸੀ। ਉਹ ਆਪਣੀ ਹਿੰਮਤ ਅਤੇ ਦਲੇਰੀ ਨਾਲ ਮੰਡੀ ਪਹੁੰਚ ਗਈ। ਉਸਨੂੰ ਨਹੀਂ ਸੀ ਪਤਾ ਕਿ ਉਸਨੇ ਕਿਥੇ ਜਾਣਾ। ਨਾ ਕੋਈ ਰਾਹ, ਨਾ ਕੋਈ ਮੰਜਿਲ ਪਰੰਤੂ ਰਾਤ ਹੋਣ ਤੋਂ ਪਹਿਲਾਂ ਆਪਣੇ ਬੱਚੇ ਨੂੰ ਲੈ ਕੇ ਉਸਨੇ ਕਿਸੇ ਸੁਰੱਖਿਅਤ ਥਾਂ ਤੇ ਜ਼ਰੂਰ ਪਹੁੰਚਣਾ ਸੀ। ਮੰਡੀ ਬਸ ਸਟੈਂਡ ਆ ਕੇ ਉਸਨੇ ਦੇਖਿਆ ਕਿ ਅਜੇ ਉਹ ਉਥੇ ਕੱਲੀ ਹੀ ਖੜੀ ਸੀ। ਉਸਨੇ ਨਲਕੇ ਤੋਂ ਰੱਜ ਕੇ ਪਾਣੀ ਪੀਤਾ, ਆਪਣਾ ਮੂੰਹ ਹੱਥ ਧੋ ਕੇ ਹੁਲੀਆ ਸੰਵਾਰਿਆ। ਉਸਨੇ ਆਪਣੇ ਬੱਚੇ ਨੂੰ ਆਪਣੀ ਪਿੱਠ ਤੋਂ ਖੋਲ ਕੇ ਆਪਣੀ ਬੁੱਕਲ ਵਿਚ ਲਿਆ। ਉਸਦਾ ਮਨ ਥੋੜਾ ਸ਼ਾਂਤ ਹੋਇਆ। ਅੱਜ ਉਸਨੂੰ ਆਪਣੇ ਨਾਲੋਂ ਆਪਣੇ ਬੱਚੇ ਦੀ ਚਿੰਤਾਂ ਜਿਆਦਾ ਸਤਾ ਰਹੀ ਸੀ। ਕੁਝ ਸੋਚਣ ਤੋਂ ਬਾਅਦ ਉਸਨੇ ਇਕ ਫੈਸਲਾ ਲਿਆ ਕਿ ਉਹ ਕਿਸੇ ਇਤਿਹਾਸਿਕ ਗੁਰਦੁਆਰਾ ਸਾਹਿਬ ‘ਚ ਕੁਝ ਦਿਨ ਸ਼ਰਨ ਲਵੇਗੀ ਜਿਥੇ ਕਿ ਉਸਨੂੰ ਭੁੱਖ-ਪਿਆਸ ਦੀ ਕੋਈ ਚਿੰਤਾ ਨਹੀਂ ਰਹੇਗੀ। ਉਹ ਆਪਣੇ ਬੱਚੇ ਨਾਲ ਪੂਰੀ ਸੁਰੱਖਿਅਤ ਵੀ ਹੋਵੇਗੀ। ਉਸਤੋਂ ਬਾਅਦ ਉਹ ਆਪਣੇ ਰਹਿਣ ਦੀ ਵਿਵਸਥਾ ਜੁਟਾ ਕੇ ਖੂਬ ਮਿਹਨਤ ਕਰੇਗੀ ਤਾਂ ਜੋ ਉਹ ਆਪਣੇ ਬੱਚੇ ਦੀ ਜ਼ਿੰਦਗੀ ਸੰਵਾਰ ਸਕੇ।
ਇਹ ਸਭ ਸੋਚਣ ਤੋਂ ਬਾਅਦ ਉਸਨੇ ਬੱਚੇ ਨੂੰ ਆਪਣਾ ਦੁੱਧ ਪਿਲਾਇਆ। ਇਨੇ ਨੂੰ ਉਥੇ ਇਕ ਦੋ ਸਵਾਰੀਆਂ ਹੋਰ ਆ ਗਈਆਂ। ਰੱਜੋ ਨੇ ਬੱਚੇ ਦਾ ਮੂੰਹ ਪੂੰਝਿਆ। ਦੂਰੋਂ ਆਉਂਦੀ ਬਸ ਨੇ ਹਾਰਨ ਦਿੱਤਾ। ਉਹ ਤੇਜ਼ੀਨਾਲ ਅੱਗੇ ਹੋ ਕੇ ਬਸ ਦੇ ਰੁਕਣ ਦਾ ਇੰਤਜਾਰ ਕਰਨ ਲੱਗੀ। ਬਸ ਨੇੜੇ ਕੇ ਰੁਕ ਗਈ। ਕੰਡਕਟਰ ਸੀਟੀ ਮਾਰ ਕੇ ਹੇਠਾਂ ਉਤਰਿਆ। ਰੱਜੋ, ਬਸ ਵਿਚ ਜਾ ਕੇ ਸੀਟ ਤੇ ਬੈਠ ਗਈ। ਉਸਦੇ ਮਨ ਦੇ ਵਿਚਾਰ ਆਪਣੇ ਹੀ ਸੁਆਲ-ਜੁਆਬ ਕਰੀ ਜਾ ਰਹੇ ਸਨ। ਹੁਣ, ਆਪਣੇ ਮਾਂ-ਬਾਪ ਦੀਆਂ ਗੱਲਾਂ ਉਸਨੂੰ ਬੜੀ ਸਹਿਜਤਾ ਨਾਲ ਸਮਝ ਆ ਗਈਆਂ ਸਨ। ਪਰ ਹੁਣ ਕੁਝ ਵੀ ਤਾਂ ਨਹੀਂ ਹੋ ਸਕਦਾ।
ਉਸਦੇ ਵਿਚਾਰਾਂ ਦੀ ਲੜੀ ਲੰਬੀ ਹੁੰਦੀ ਗਈ। ਅਚਾਨਕ, ਬਸ ਤੁਰਨ ਦੇ ਇਸ਼ਾਰੇ ‘ਚ ਕੰਡਕਟਰ ਵੱਲੋਂ ਵੱਜੀ ਸੀਟੀ ਨੇ ਉਸਦੇ ਮਨ ਨੂੰ ਇਕ ਵਾਰ ਜ਼ਰੂਰ ਠੱਲ ਪਾਈ। ਉਸਨੇ ਬਸ ਦੀ ਖਿੜਕੀ ਵਿਚੋਂ ਬਾਹਰ ਵੱਲ ਝਾਤੀ ਮਾਰੀ ਤਾਂ ਸੰਘਣੇ ਹਨੇਰੇ ਨੂੰ ਚੀਰਦੀ ਹੋਈ ਸੂਰਜ ਦੀ ਲਾਲੀ ਇਕ ਨਵੀਂ ਸਵੇਰ ਲੈ ਕੇ ਹਾਜ਼ਰ ਹੋ ਰਹੀ ਸੀ। ਜੋ ਉਹਨਾਂ ਦੀ ਜ਼ਿੰਦਗੀ ਨੂੰ ਜ਼ਰੂਰ ਉਜਾਲੇ ਨਾਲ ਭਰ ਦੇਵੇਗੀ। ਇਹ ਸੋਚ ਕੇ ਉਸਨੇ ਆਪਣੇ ਅੱਥਰੂ ਪੂੰਝ ਲਏ ਅਤੇ ਬੱਚੇ ਵੱਲ ਦੇਖ ਮੁਸਕਰਾਈ। ਉਸਦੇ ਨੰਨੇ ਬੱਚੇ ਵੱਲੋਂ ਪਾਈ ਹੋਈ ਨਿੱਕੀ ਗਲਵੱਕੜੀ ਨੇ ਉਸਨੂੰ ਪਿਆਰ ਦਾ ਅਹਿਸਾਸ ਦਿੱਤਾ। ਉਸਨੇ ਦੇਖਿਆ ਕਿ ਬਸ ਆਪਣੀ ਅਗਲੀ ਮੰਜਿਲ ਤੇ ਪਹੁੰਚਣ ਲਈ ਪੂਰੀ ਸਪੀਡ ਤੇ ਜਾ ਰਹੀ ਸੀ। ਰੱਜੋ ਨੇ ਆਪਣੇ ਬੱਚੇ ਨੂੰ ਹੋਰ ਘੁੱਟ ਕੇ ਸੀਨੇ ਨਾਲ ਲਾ ਲਿਆ।
ਕਰਮਜੀਤ ਕੌਰ ਮੁਕਤਸਰ
89685-94379