ਸਰੀ, 19 ਜੂਨ (ਹਰਦਮ ਮਾਨ/ਵਰਲਡ ਪੰਜਾਬੀ ਟਾਈਮਜ਼)
ਸਰੀ ਸ਼ਹਿਰ ਦੇ ਵਸਨੀਕ ਅਤੇ ਪੰਜਾਬੀ ਦੇ ਨਾਮਵਰ ਸ਼ਾਇਰ ਜਸਵਿੰਦਰ ਨੂੰ ਅਰਪਨ ਲਿਖਾਰੀ ਸਭਾ ਕੈਲਗਰੀ ਵੱਲੋਂ ਸਾਲ 2024 ਦੇ ‘ਇਕਬਾਲ ਅਰਪਨ ਯਾਦਗਾਰੀ ਪੁਰਸਕਾਰ’ ਨਾਲ ਸਨਮਾਨਿਤ ਕੀਤਾ ਗਿਆ ਹੈ। ਇਹ ਐਵਾਰਡ ਸਭਾ ਵੱਲੋਂ ਬੀਤੇ ਦਿਨ ਟੈਂਪਲ ਕਮਿਊਨਿਟੀ ਹਾਲ, ਕੈਲਗਰੀ ਵਿਚ ਕਰਵਾਏ ਗਏ ਸਾਲਾਨਾ ਸਾਹਿਤਕ ਸਮਾਗਮ ਦੌਰਾਨ ਪ੍ਰਦਾਨ ਕੀਤਾ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਸਭਾ ਦੇ ਪ੍ਰਧਾਨ ਡਾ. ਜੋਗਾ ਸਿੰਘ ਸਹੋਤਾ, ਸ਼ਾਇਰ ਜਸਵਿੰਦਰ ਅਤੇ ਪ੍ਰਸਿੱਧ ਸ਼ਾਇਰ ਕੇਸਰ ਸਿੰਘ ਨੀਰ ਨੇ ਕੀਤੀ।
ਇਸ ਮੌਕੇ ਸ਼ਾਇਰ ਜਸਵਿੰਦਰ ਬਾਰੇ ਜਾਣਕਾਰੀ ਦਿੰਦਿਆਂ ਕੇਸਰ ਸਿੰਘ ਨੀਰ ਨੇ ਕਿਹਾ ਕਿ ਭਾਰਤੀ ਸਾਹਿਤ ਅਕੈਡਮੀ ਦਾ ਵਡੇਰਾ ਐਵਾਰਡ ਹੁਣ ਤੱਕ ਪੰਜਾਬੀ ਦੀਆਂ ਦੋ ਗ਼ਜ਼ਲ ਪੁਸਤਕਾਂ ਨੂੰ ਹੀ ਮਿਲਿਆ ਹੈ – ਡਾ. ਜਗਤਾਰ ਦੀ ਪੁਸਤਕ ‘ਜੁਗਨੂੰ, ਦੀਵਾ ਤੇ ਦਰਿਆ’ ਅਤੇ ਜਸਵਿੰਦਰ ਦੇ ਗ਼ਜ਼ਲ ਸੰਗ੍ਰਹਿ ‘ਅਗਰਬੱਤੀ ਨੂੰ। ਜਸਵਿੰਦਰ ਨੂੰ ਭਾਸ਼ਾ ਵਿਭਾਗ ਪੰਜਾਬ ਵੱਲੋਂ ਸਾਲ 2012 ਲਈ ‘ਸ਼ਰੋਮਣੀ ਕਵੀ ਐਵਾਰਡ’ ਵੀ ਮਿਲ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਅੱਜ ਅਰਪਨ ਲਿਖਾਰੀ ਸਭਾ ਨਾਮਵਰ ਸ਼ਾਇਰ ਜਸਵਿੰਦਰ ਨੂੰ ‘ਇਕਬਾਲ ਅਰਪਨ ਯਾਦਗਾਰੀ ਪੁਰਸਕਾਰ’ ਨਾਲ ਸਨਮਾਨਿਤ ਕਰ ਕੇ ਬੇਹੱਦ ਫ਼ਖ਼ਰ ਮਹਿਸੂਸ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜਸਵਿੰਦਰ ਦੀਆਂ ਤਿੰਨ ਗ਼ਜ਼ਲ ਪੁਸਤਕਾਂ ‘ਕਾਲੇ ਹਰਫ਼ਾਂ ਦੀ ਲੋਅ’, ‘ਕੱਕੀ ਰੇਤ ਦੇ ਵਰਕੇ’ ਅਤੇ ‘ਅਗਰਬੱਤੀ’ ਹਨ। ਉਸ ਦੀ ਸ਼ਾਇਰੀ ਸਰਲ ਵੀ ਹੈ, ਗਹਿਰੀ ਵੀ ,ਪਰ ਬੜੀ ਸੰਵੇਦਨਾ ਭਰਪੂਰ ਹੈ। ਨਵੀਂ ਪੰਜਾਬੀ ਗਜ਼ਲ ਵਿਚ ਉਸ ਦੀ ਸ਼ਾਇਰੀ ਵਿਸ਼ੇਸ਼ ਮੁਕਾਮ ਰੱਖਦੀ ਹੈ। ਉਸ ਦੇ ਸ਼ਿਅਰਾਂ ਵਿਚਲੀ ਪੁਖ਼ਤਗੀ, ਰਵਾਨੀ, ਸੁਹਜ, ਸਹਿਜ ਤੇ ਸਵੱਛਤਾ ਉਸ ਦੇ ਵਡੇਰਾ ਸ਼ਾਇਰ ਹੋਣ ਦੇ ਪ੍ਰਮਾਣ ਹਨ। ਪੇਂਡੂ ਪੰਜਾਬੀ ਕਿਰਸਾਣੀ ਦੇ ਬਿੰਬ ਪ੍ਰਤੀਕ ਉਸ ਦੇ ਸ਼ਿਅਰਾਂ ਵਿਚ ਨਗੀਨੇ ਵਾਂਗ ਜੜੇ ਹੋਏ ਮਿਲਦੇ ਹਨ। ਸਭਾ ਦੇ ਪ੍ਰਧਾਨ ਡਾ. ਜੋਗਾ ਸਿੰਘ ਸਹੋਤਾ, ਸਕੱਤਰ ਜਰਨੈਲ ਸਿੰਘ ਤੱਗੜ, ਕੇਸਰ ਸਿੰਘ ਨੀਰ, ਸਤਨਾਮ ਢਾਅ, ਜਸਵੰਤ ਸਿੰਘ ਸੇਖੋਂ ਅਤੇ ਸਭਾ ਦੇ ਅਹੁਦੇਦਾਰਾਂ ਵੱਲੋਂ ਇਸ ਮੌਕੇ ਜਸਵਿੰਦਰ ਨੂੰ ਸਨਮਾਨਿਤ ਕਰਨ ਦੀ ਰਸਮ ਅਦਾ ਕੀਤੀ।
ਸ਼ਾਇਰ ਜਸਵਿੰਦਰ ਨੇ ਕਿਹਾ ਕਿ ਮਰਹੂਮ ਇਕਬਾਲ ਅਰਪਣ ਬਹੁਤ ਸੰਵੇਦਨਸ਼ੀਲ ਸ਼ਾਇਰ ਸਨ ਅਤੇ ਉਨ੍ਹਾਂ ਦੀਆਂ ਰਚਨਾਵਾਂ ਹਮੇਸ਼ਾ ਜ਼ਿੰਦਾ ਰਹਿਣਗੀਆਂ। ਉਨ੍ਹਾਂ ਕਿਹਾ ਕਿ ਇਹ ਸਭਾ ਮੁਬਾਰਕਬਾਦ ਦੀ ਹੱਕਦਾਰ ਹੈ ਕਿ ਪੰਜਾਬੀ ਅਦਬ ਦੇ ਹਸਤਾਖਰ ਇਕਬਾਲ ਅਰਪਨ ਦੇ ਨਾਮ ‘ਤੇ ਸਾਹਿਤ ਸਭਾ ਕਾਇਮ ਕਰ ਕੇ ਪੰਜਾਬੀ ਸਾਹਿਤਕ ਹਲਕਿਆਂ ਵਿਚ ਇਕ ਮਿਸਾਲ ਪੇਸ਼ ਕੀਤੀ ਹੈ ਅਤੇ ਉਹ ਵੀ ਪੰਜਾਬ ਤੋਂ ਬਾਹਰ ਵਿਦੇਸ਼ ਵਿਚ। ਇਹ ਸਨਮਾਨ ਦੇਣ ਲਈ ਸਭਾ ਦੇ ਸਾਰੇ ਅਹੁਦੇਦਾਰਾਂ ਦਾ ਧੰਨਵਾਦ ਕਰਦਿਆਂ ਜਸਵਿੰਦਰ ਨੇ ਕਿਹਾ ਕਿ ਉਹ ਹਮੇਸ਼ਾ ਅਰਪਨ ਲਿਖਾਰੀ ਸਭਾ ਅਤੇ ਕੈਲਗਰੀ ਵਾਸੀਆਂ ਦੇ ਰਿਣੀ ਰਹਿਣਗੇ। ਉਨ੍ਹਾਂ ਸਭਾ ਵੱਲੋਂ ਸਮਾਗਮ ਦੌਰਾਨ ਨਵੀਂ ਪੀੜ੍ਹੀ ਨੂੰ ਪੰਜਾਬੀ ਭਾਸ਼ਾ ਅਤੇ ਸਾਹਿਤ ਨਾਲ ਜੋੜਣ ਅਤੇ ਉਤਸ਼ਾਹਿਤ ਕਰਨ ਦੇ ਉੱਦਮ ਦੀ ਸ਼ਲਾਘਾ ਕੀਤੀ ਅਤੇ ਆਪਣੀਆਂ ਕੁਝ ਗ਼ਜ਼ਲਾਂ ਸਰੋਤਿਆਂ ਦੇ ਰੂਬਰੂ ਪੇਸ਼ ਕੀਤੀਆਂ।
ਸਮਾਗਮ ਵਿਚ ਸੁਖਵਿੰਦਰ ਤੂਰ ਤੇ ਡਾ. ਜੋਗਾ ਸਿੰਘ ਅਤੇ ਰਵੀ ਨੇ ਜਸਵਿੰਦਰ ਦੀਆਂ ਕੁਝ ਗ਼ਜ਼ਲਾਂ ਤਰੰਨੁਮ ਵਿਚ ਪੇਸ਼ ਕੀਤੀਆਂ। ਗ਼ਜ਼ਲ ਮੰਚ ਸਰੀ ਤੋਂ ਪੁੱਜੇ ਸ਼ਾਇਰ ਕ੍ਰਿਸ਼ਨ ਭਨੋਟ, ਹਰਦਮ ਮਾਨ ਤੇ ਪ੍ਰੀਤ ਮਨਪ੍ਰੀਤ ਨੇ ਆਪਣੀ ਸ਼ਾਇਰੀ ਪੇਸ਼ ਕਰਦਿਆਂ ਇਸ ਸਨਮਾਨ ਲਈ ਜਸਵਿੰਦਰ ਨੂੰ ਮੁਬਾਰਕਬਾਦ ਦਿੱਤੀ ਅਤੇ ਅਰਪਨ ਲਿਖਾਰੀ ਸਭਾ ਦਾ ਧੰਨਵਾਦ ਕੀਤਾ। ਸ਼ਾਇਰਾ ਸੁਰਿੰਦਰ ਗੀਤ, ਪਾਲ ਢਿੱਲੋਂ, ਜਸਵੀਰ ਚਾਹਲ, ਕੇਵਲ ਪਰਵਾਨਾ, ਜਸਵੰਤ ਸਿੰਘ ਸੇਖੋਂ, ਗੁਰਚਰਨ ਕੌਰ ਥਿੰਦ ਅਤੇ ਹੋਰ ਹਾਜਰ ਸ਼ਾਇਰਾਂ ਨੇ ਵੀ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਅੰਤ ਵਿਚ ਸਭਾ ਦੇ ਪ੍ਰਧਾਨ ਡਾ. ਜੋਗਾ ਸਿੰਘ ਸਹੋਤਾ ਨੇ ਸਭਨਾਂ ਦਾ ਧੰਨਵਾਦ ਕੀਤਾ। ਸਟੇਜ ਦਾ ਸੰਚਾਲਨ ਜਸਵੰਤ ਸਿੰਘ ਸੇਖੋਂ ਨੇ ਬੜੇ ਰੌਚਕ ਅੰਦਾਜ਼ ਵਿਚ ਕੀਤਾ।
Leave a Comment
Your email address will not be published. Required fields are marked with *