(ਚਾਰਲਸ ਬੁਕੋਵਸਕੀ, ਅਸਲ ਨਾਂ ਹੈਨਰੀਕ ਕਾਰਲ ਬੁਕੋਵਸਕੀ, 16.8.1920-9.3.1994, ਇੱਕ ਜਰਮਨ-ਅਮਰੀਕੀ ਕਵੀ, ਨਾਵਲਕਾਰ ਅਤੇ ਮਿੰਨੀ ਕਹਾਣੀਕਾਰ ਸੀ। ਉਹਨੇ ਹਜ਼ਾਰਾਂ ਕਵਿਤਾਵਾਂ, ਸੈਂਕੜੇ ਮਿੰਨੀ ਕਹਾਣੀਆਂ ਅਤੇ ਛੇ ਨਾਵਲ ਲਿਖੇ। ਆਪਣੇ ਕੈਰੀਅਰ ਦੌਰਾਨ ਉਹਨੇ ਸੱਠ ਤੋਂ ਵੱਧ ਕਿਤਾਬਾਂ ਪ੍ਰਕਾਸ਼ਿਤ ਕੀਤੀਆਂ। ਉਹਨੇ ਪਹਿਲੀ ਕਹਾਣੀ 24 ਸਾਲ ਦੀ ਉਮਰ ਵਿੱਚ ਲਿਖੀ ਅਤੇ 35 ਸਾਲ ਦੀ ਉਮਰ ਵਿੱਚ ਕਵਿਤਾ ਲਿਖਣੀ ਸ਼ੁਰੂ ਕੀਤੀ। ਇੱਥੇ ਪੇਸ਼ ਹੈ ਉਹਦੀ ਲਿਖੀ ਇੱਕ ਬਹੁਚਰਚਿਤ ਕਵਿਤਾ ਦਾ ਪੰਜਾਬੀ ਅਨੁਵਾਦ)
ਜੇ ਫੁੱਟ ਕੇ ਬਾਹਰ ਨਾ ਨਿਕਲੇ
ਬਿਨਾਂ ਕਿਸੇ ਵਜਾਹ ਤੋਂ
ਨਾ ਲਿਖੋ।
ਜੇ ਬਿਨਾਂ ਪੁੱਛੇ-ਪੁਛਾਏ ਨਾ ਵਰ੍ਹ ਪਏ
ਤੁਹਾਡੇ ਦਿਲ ਅਤੇ ਦਿਮਾਗ਼
ਜ਼ਬਾਨ ਅਤੇ ਢਿੱਡ ਤੋਂ
ਨਾ ਲਿਖੋ।
ਜੇ ਘੰਟਿਆਂ ਬੱਧੀ ਬਹਿਣਾ ਪਵੇ
ਆਪਣੇ ਕੰਪਿਊਟਰ ਨੂੰ ਵਿੰਹਦਿਆਂ
ਜਾਂ ਟਾਈਪਰਾਈਟਰ ਤੇ ਭਾਰ ਬਣਿਆਂ
ਲੱਭਦੇ ਘਟੀਆ ਸ਼ਬਦਾਂ ਨੂੰ
ਨਾ ਲਿਖੋ।
ਜੇ ਪੈਸੇ ਲਈ
ਜਾਂ ਸ਼ੋਹਰਤ ਲਈ ਲਿਖ ਰਹੇ ਹੋ
ਨਾ ਲਿਖੋ।
ਜੇ ਲਿਖ ਰਹੇ ਹੋ
ਕਿ ਇਹ ਰਾਹ ਹੈ
ਕਿਸੇ ਔਰਤ ਨਾਲ ਹਮ-ਬਿਸਤਰ ਹੋਣ ਲਈ
ਤਾਂ ਨਾ ਲਿਖੋ।
ਜੇ ਬੈਠ ਕੇ ਤੁਹਾਨੂੰ
ਵਾਰ-ਵਾਰ ਕਰਨੀ ਪੈਂਦੀ ਹੈ ਸੁਧਾਈ
ਜਾਣ ਦਿਓ।
ਜੇ ਲਿਖਣ ਦੀ ਗੱਲ ਸੋਚਦਿਆਂ ਹੀ
ਹੋਣ ਲੱਗਦਾ ਹੈ ਤਣਾਓ
ਛੱਡ ਦਿਓ।
ਜੇ ਕਿਸੇ ਹੋਰ ਵਾਂਗ
ਲਿਖਣ ਬਾਰੇ ਸੋਚ ਰਹੇ ਹੋ
ਤਾਂ ਭੁੱਲ ਹੀ ਜਾਓ
ਜੇ ਸਮਾਂ ਲੱਗਦਾ ਹੈ
ਕਿ ਚਿੰਘਾੜੇ ਤੁਹਾਡੀ ਆਪਣੀ ਆਵਾਜ਼
ਤਾਂ ਉਹਨੂੰ ਸਮਾਂ ਦਿਓ
ਪਰ ਨਾ ਚਿੰਘਾੜੇ ਤਾਂ ਫਿਰ ਵੀ
ਤਾਂ ਸਮਾਨ ਬੰਨ੍ਹ ਲਓ।
ਜੇ ਪਹਿਲਾਂ ਪੜ੍ਹ ਕੇ ਸੁਣਾਉਣੀ ਪੈਂਦੀ ਹੈ
ਆਪਣੀ ਪਤਨੀ ਜਾਂ ਪ੍ਰੇਮਿਕਾ ਜਾਂ ਪ੍ਰੇਮੀ
ਜਾਂ ਮਾਂ-ਪਿਓ ਜਾਂ ਅਜਨਬੀ ਆਲੋਚਕ ਨੂੰ
ਤਾਂ ਤੁਸੀਂ ਕੱਚੇ ਹੋ ਅਜੇ।
ਅਣਗਿਣਤ ਲੇਖਕਾਂ ਨਾਲ ਨਾ ਬਣੋ
ਉਨ੍ਹਾਂ ਹਜ਼ਾਰਾਂ ਵਰਗਾ
ਜੋ ਕਹਿੰਦੇ ਨੇ ਖ਼ੁਦ ਨੂੰ ‘ਲੇਖਕ’
ਉਦਾਸ ਅਤੇ ਖੋਖਲੇ ਅਤੇ ਨਕਸ਼ੇਬਾਜ਼
ਸਮਲਿੰਗੀ-ਸੰਭੋਗ ਦੇ ਮਾਰੇ ਹੋਏ
ਦੁਨੀਆਂ-ਭਰ ਦੀਆਂ ਲਾਇਬ੍ਰੇਰੀਆਂ
ਭੈਅਭੀਤ ਹੋ ਚੁੱਕੀਆਂ ਹਨ
ਤੁਹਾਡੀ ਕੌਮ ਨਾਲ
ਨਾ ਵਧਾਓ ਇਹਨੂੰ।
ਦੁਹਾਈ ਹੈ, ਨਾ ਵਧਾਓ
ਜਦੋਂ ਤੱਕ ਤੁਹਾਡੀ ਆਤਮਾ ਦੀ ਜ਼ਮੀਨ ਰਾਹੀਂ
ਲੰਮੀ ਦੂਰੀ ਦੇ ਮਾਰਕ ਰਾਕੇਟ ਵਰਗੇ
ਨਹੀਂ ਮਿਲਦੇ ਲਫ਼ਜ਼
ਜਦੋਂ ਤੱਕ ਚੁੱਪ ਰਹਿਣਾ
ਤੁਹਾਨੂੰ ਪੂਰਨਮਾਸ਼ੀ ਦੀ ਰਾਤ ਦੇ ਭੇੜੀਏ ਜਿਹਾ
ਨਹੀਂ ਕਰ ਦਿੰਦਾ ਪਾਗਲ ਜਾਂ ਹੱਤਿਆਰਾ
ਜਦ ਤੱਕ ਕਿ ਤੁਹਾਡੀ ਨਾਭੀ ਦਾ ਸੂਰਜ
ਤੁਹਾਡੇ ਕਮਰੇ ਵਿੱਚ ਅੱਗ ਨਹੀਂ ਲਾ ਦਿੰਦਾ
ਨਾ ਨਾ ਨਾ ਲਿਖੋ।
ਕਿਉਂਕਿ ਜਦੋਂ ਵਕਤ ਆਏਗਾ
ਅਤੇ ਤੁਹਾਨੂੰ ਮਿਲਿਆ ਹੋਵੇਗਾ ਉਹ ਵਰਦਾਨ
ਤੁਸੀਂ ਲਿਖੋਗੇ ਅਤੇ ਲਿਖਦੇ ਰਹੋਗੇ
ਜਦੋਂ ਤੱਕ ਭਸਮ ਨਹੀਂ ਹੋ ਜਾਂਦੇ
ਤੁਸੀਂ ਜਾਂ ਇਹ ਹਵਸ।
ਕੋਈ ਹੋਰ ਤਰੀਕਾ ਨਹੀਂ
ਕੋਈ ਹੋਰ ਤਰੀਕਾ ਨਹੀਂ ਸੀ ਕਦੇ।
****

- ਮੂਲ : ਚਾਰਲਸ ਬੁਕੋਵਸਕੀ
- ਅਨੁ : ਪ੍ਰੋ. ਨਵ ਸੰਗੀਤ ਸਿੰਘ