‘ਨਾ ਹਮ ਹਿੰਦੂ ਨਾ ਮੁਸਲਮਾਨ’ ਪੰਕਤੀ ਵਾਲੇ ਸ਼ਬਦ ਦਾ ਇਹ ਅਰਥ ਕਿਸੇ ਤਰ੍ਹਾਂ ਵੀ ਨਹੀਂ ਬਣਦਾ ਕਿ ਗੁਰੂ ਜੀ ਨੇ ਹਿੰਦੂ ਮੁਸਲਮਾਨਾਂ ਤੋਂ ਵੱਖਰਾ, ‘ਸਿੱਖਾਂ ਦਾ ਤੀਸਰਾ ਪੰਥ’ ਬਣਾਇਆ ਹੈ। ਇਸ ਸ਼ਬਦ ਦੇ ਸ਼ੁਰੂ ਵਿੱਚ ‘ਭੈਰਉ ਮਹਲਾ ੫’ ਲਿਖਿਆ ਹੋਇਆ ਹੈ। ਪਰੰਤੂ, ਇਹ ਸ਼ਬਦ ਸਤਿਗੁਰੂ ਅਰਜਨ ਦੇਵ ਜੀ ਦਾ ਉਚਾਰਿਆ ਹੋਇਆ ਨਹੀਂ ਹੈ। ਕਿਉਂਕਿ, ਇਸ ਸ਼ਬਦ ਦੀ ਅਖੀਰਲੀ ਤੁਕ ਵਿੱਚ ਲੇਖਕ ਦੇ ਰੂਪ ਵਿੱਚ ‘ਕਬੀਰ ਜੀ’ ਦਾ ਨਾਮ ਹੈ। ਵਿਚਾਰਨ ਦੀ ਲੋੜ ਹੈ: ਜੇ ਸਤਿਗੁਰੂ ਅਰਜਨ ਦੇਵ ਜੀ ਦੇ ਉਚਾਰੇ ਹੋਰ ਕਿਸੇ ਵੀ ਸ਼ਬਦ ਵਿੱਚ ਲੇਖਕ ਦੇ ਰੂਪ ਵਿੱਚ, ਕਬੀਰ ਜੀ ਦਾ ਨਾਮ ਨਹੀਂ ਆਉਂਦਾ; ਤਾਂ ਇਸ ਸ਼ਬਦ ਵਿੱਚ ਕਿਉਂ ਆ ਗਿਆ?
ਵਾਸਤਵ ਵਿੱਚ, ਸਤਿਗੁਰੂ ਜੀ ਨੇ ਤਾਂ ਕਬੀਰ ਜੀ ਦੇ ਉਚਾਰੇ ਹੋਏ ਇਸ ਸ਼ਬਦ ਉੱਤੇ ਮੋਹਰ ਲਾਈ ਹੈ “ਜੋ ਕਬੀਰ ਜੀ ਨੇ ਕਿਹਾ ਹੈ, ਉਹ ਠੀਕ ਹੈ”। ਇਸ ਸ਼ਬਦ ਬਾਰੇ ਕਿਸੇ ਨੂੰ ਵੀ ਇਸ ਭੁਲੇਖੇ ਵਿੱਚ ਨਹੀਂ ਪੈਣਾ ਚਾਹੀਦਾ ਕਿ ਇਹ ਸ਼ਬਦ ਸਤਿਗੁਰੂ ਜੀ ਦਾ ਉਚਾਰਿਆ ਹੋਇਆ ਹੈ। ਕਬੀਰ ਜੀ, ਸਤਿਗੁਰੂ ਨਾਨਕ ਦੇਵ ਜੀ ਤੋਂ ਵੀ ਪਹਿਲੋਂ ਹੋਏ ਹਨ। ਇਸ ਸ਼ਬਦ ਦੀ ਸ਼ਬਦਾਵਲੀ, ਪੰਜਵੇਂ ਪਾਤਸ਼ਾਹ ਜੀ ਜਾਂ ਕਿਸੇ ਵੀ ਸਤਿਗੁਰੂ ਸਹਿਬਾਨ ਦੀ ਸ਼ਬਦਾਵਲੀ ਨਾਲ ਨਹੀਂ ਮਿਲਦੀ। ਪਰੰਤੂ, ਕਬੀਰ ਜੀ ਦੀ ਸ਼ਬਦਾਵਲੀ ਦੇ ਨਾਲ, ਇਸ ਸ਼ਬਦ ਦੀ ਸ਼ਬਦਾਵਲੀ ਮਿਲਦੀ ਹੈ।
ਜੋ ਸੱਜਣ, ‘ਨਾ ਹਮ ਹਿੰਦੂ ਨਾ ਮੁਸਲਮਾਨ’ ਪੰਕਤੀ ਵਾਲੇ ਸ਼ਬਦ ਦਾ ਇਹ ਅਰਥ ਕਰਦੇ ਹਨ ਕਿ ਇਸ ਸ਼ਬਦ ਕਰਕੇ ਸਿੱਖ ਪੰਥ: ਹਿੰਦੂ ਅਤੇ ਮੁਸਲਮਾਨ ਦੋਵਾਂ ਤੋਂ ਵੱਖਰਾ ਹੈ। ਉਹਨਾਂ ਨੂੰ ਵਿਚਾਰਨ ਦੀ ਲੋੜ ਹੈ ਕਿ ਇਸ ਸਾਰੇ ਸ਼ਬਦ ਵਿੱਚ ਕਿਤੇ ਵੀ ਨਹੀਂ ਲਿਖਿਆ “ਮੈਂ ਸਿੱਖ ਹਾਂ। ਮੇਰਾ ਤੀਸਰਾ ‘ਸਿੱਖ’ ਪੰਥ ਹੈ”। ਇਸ ਕਰਕੇ, ਇਹ ਸ਼ਬਦ ਭਾਵੇਂ ਕਿਸੇ ਨੇ ਵੀ ਉਚਾਰਿਆ ਹੋਵੇ; ਇਸ ਦਾ ਅਰਥ ਇਹ ਬਿਲਕੁਲ ਵੀ ਨਹੀਂ ਬਣਦਾ ਕਿ ਗੁਰੂ ਜੀ ਨੇ ਹਿੰਦੂ ਮੁਸਲਮਾਨਾਂ ਤੋਂ ਵੱਖਰਾ, ‘ਸਿੱਖਾਂ ਦਾ ਨਵਾਂ ਪੰਥ’ ਬਣਾਇਆ ਹੈ।
ਇਸ ਸ਼ਬਦ ਵਿੱਚ ਤਾਂ, ਇੱਕ ਅਵਸਥਾ ਵਿੱਚ ਪਹੁੰਚੀ ਹੋਈ ਹਸਤੀ ਦਾ, ਆਪਣੀ ਅਵਸਥਾ ਦੇ ਅਨੁਸਾਰ ਵਖਿਆਨ ਹੈ; ਜਿਸ ਦੇ ਵਿੱਚ ਉਹ ਇਹ ਕਹਿੰਦੇ ਹਨ “ਨਾ ਮੈਂ ਵਰਤ ਰੱਖਦਾ ਹਾਂ, ਨਾ ਮੈਂ ਪੂਜਾ ਕਰਦਾ ਹਾਂ, ਨਾ ਮੈਂ ਤੀਰਥ ਜਾਂਦਾ ਹਾਂ ਅਤੇ ਨਾ ਹੀ ਮੈਂ ਮੱਕੇ ਜਾਂਦਾ ਹਾਂ”। ਇੱਥੇ ਸੋਚਣ ਵਾਲੀ ਗੱਲ ਇਹ ਹੈ: ਜਿਹੜਾ ਤੀਰਥ ਅਤੇ ਮੱਕੇ ਨਹੀਂ ਜਾਂਦਾ; ਉਹ ਗੁਰਦੁਆਰੇ ਵੀ ਨਹੀਂ ਜਾਂਦਾ ਅਤੇ ਨਾ ਹੀ ਜਾਵੇਗਾ। ਕਿਉਂਕਿ, ਇਸ ਸ਼ਬਦ ਵਿੱਚ ਹਿੰਦੂ ਅਤੇ ਮੁਸਲਮਾਨ ਦੋਵੇਂ ਪੰਥਾਂ ਦੀਆਂ ਗੱਲਾਂ ਤੋਂ ਹਟ ਕੇ, ਕਬੀਰ ਜੀ ਦੀ ਆਪਣੀ ਉੱਚੀ ਅਵਸਥਾ ਦਾ ਵਖਿਆਨ ਹੈ।
ਇਸ ਸ਼ਬਦ ਦਾ ਸੰਖੇਪ ਅਰਥ ਹੈ:-
‘ਏਕੁ ਗੁਸਾਈ ਅਲਹੁ ਮੇਰਾ’ ਮੇਰਾ ਪਰਮਾਤਮਾ ਉਹ ਹੈ, ਜਿਸਨੂੰ ਹਿੰਦੂ ‘ਗੁਸਾਈਂ’ ਆਖਦੇ ਹਨ ਅਤੇ ਮੁਸਲਮਾਨ ‘ਅੱਲ੍ਹਾ’ ਆਖਦੇ ਹਨ। ਇਹ ਦੋਵੇਂ ਨਾਮ ਇੱਕੋ ਸ਼ਕਤੀ ਦੇ ਹਨ।”
‘ਹਿੰਦੂ ਤੁਰਕ ਦੁਹਾਂ ਨਿਬੇਰਾ’ ਭਾਵ: ਮੈਂ ਹਿੰਦੂ ਅਤੇ ਮੁਸਲਮਾਨ, ਦੋਹਾਂ ਨਾਲੋਂ ਆਪਣੀ ਸਾਂਝ ਮੁਕਾ ਲਈ ਹੈ।
‘ਹਜੁ ਕਾਬੇ ਜਾਉ ਨ ਤੀਰਥ ਪੂਜਾ’ ਭਾਵ: ਨਾ ਮੈਂ ਮੁਸਲਮਾਨਾਂ ਦੇ ਕਾਬੇ ਦੀ ਯਾਤਰਾ ਕਰਨ ਜਾਂਦਾ ਹਾਂ ਅਤੇ ਨਾ ਹਿੰਦੂਆਂ ਦੇ ਤੀਰਥਾਂ ਉੱਤੇ ਪੂਜਾ ਕਰਨ ਜਾਂਦਾ ਹਾਂ। (ਇੱਥੇ ਇਹ ਨਹੀਂ ਲਿਖਿਆ ਗਿਆ “ਮੈਂ ਸਿੱਖਾਂ ਦੇ ਗੁਰਦੁਆਰਿਆਂ ਵਿੱਚ ਪੂਜਾ ਕਰਨ ਜਾਂਦਾ ਹਾਂ, ਜਾਂ ਜਾਵਾਂਗਾ”। -ਲੇਖਕ ਵੱਲੋਂ)
‘ਏਕੋ ਸੇਵੀ ਅਵਰੁ ਨ ਦੂਜਾ’ ਭਾਵ: ਮੈਂ ਇੱਕੋ ਨਿਰਾਕਾਰ ਪ੍ਰਭੂ ਨੂੰ ਹੀ ਅਰਾਧਦਾ ਹਾਂ, ਹੋਰ ਕਿਸੇ ਦੂਸਰੇ ਨੂੰ ਨਹੀਂ ਅਰਾਧਦਾ।
‘ਪੂਜਾ ਕਰਉ ਨ ਨਿਵਾਜ ਗੁਜਾਰਉ’ ਭਾਵ: ਨਾ ਮੈਂ ਹਿੰਦੂਆਂ ਵਾਂਗ ਪੂਜਾ ਕਰਦਾ ਹਾਂ ਅਤੇ ਨਾ ਹੀ ਮੈਂ ਮੁਸਲਮਾਨਾਂ ਵਾਂਗ ਨਮਾਜ਼ ਪੜ੍ਹਦਾ ਹਾਂ। (ਇੱਥੇ ਲੇਖਕ ਨੇ ਇਹ ਨਹੀਂ ਆਖਿਆ “ਮੈਂ ਸਿੱਖਾਂ ਵਾਂਗ ਅਰਦਾਸ ਕਰਦਾ ਹਾਂ, ਜਾਂ ਸਿੱਖਾਂ ਵਾਂਗ ਕੀਰਤਨ ਕਰਦਾ ਹਾਂ”। -ਲੇਖਕ ਵੱਲੋਂ)
ਇਸ ਤੋਂ ਉਪਰੰਤ, ਇਹ ਵੀ ਲਿਖਿਆ ਹੈ ਕਿ ਮੈਂ ਕਿਸ ਨੂੰ ਆਪਣਾ ‘ਅਰਾਧਯ੍’ ਮੰਨ ਕੇ, ਨਮਸਕਾਰ ਕਰਦਾ ਹਾਂ? ‘ਏਕ ਨਿਰੰਕਾਰ ਲੈ ਰਿਦੈ ਨਮਸਕਾਰਉ’ ਭਾਵ: ਮੈਂ ਨਿਰਾਕਾਰ ਪਰਮਾਤਮਾ ਨੂੰ ਹਿਰਦੇ ਵਿੱਚ ਵਸਾ ਕੇ, ਉਸ ਦੇ ਅੱਗੇ ਨਮਸਕਾਰ ਕਰਦਾ ਹਾਂ।
‘ਨਾ ਹਮ ਹਿੰਦੂ ਨਾ ਮੁਸਲਮਾਨ’ ਭਾਵ: ਨਾ ਮੈਂ ਹਿੰਦੂ ਹਾਂ ਅਤੇ ਨਾ ਮੁਸਲਮਾਨ ਹਾਂ।
‘ਅਲਹ ਰਾਮ ਕੇ ਪਿੰਡੁ ਪਰਾਨ’ ਪਿੰਡ ਤੋਂ ਭਾਵ ‘ਦੇਹ’ ਅਤੇ ਪਰਾਣ ਤੋਂ ਭਾਵ ‘ਸੁਆਸ’ ਹੈ। ਭਾਵ: ਮੇਰਾ ਸਰੀਰ ਅਤੇ ਮੇਰੇ ਸੁਆਸ ਓਸ ਪ੍ਰਭੂ ਦੇ ਹਨ, ਜਿਸਨੂੰ ਮੁਸਲਮਾਨ ‘ਅੱਲ੍ਹਾ’ ਆਖਦੇ ਹਨ ਅਤੇ ਹਿੰਦੂ ‘ਰਾਮ’ ਆਖਦੇ ਹਨ।
‘ਕਹੁ ਕਬੀਰ ਇਹੁ ਕੀਆ ਵਖਾਨਾ’ ਕਬੀਰ ਜੀ ਕਹਿੰਦੇ ਹਨ ਕਿ ਮੈਂ ਇਹ ਵਖਿਆਨ ਕੀਤਾ ਹੈ ਕਿ ‘ਗੁਰ ਪੀਰ ਮਿਲਿ ਖੁਦ ਖਸਮੁ ਪਛਾਨਾ’ ਭਾਵ: ਜਿਸ ਮਹਾਨ ਪੁਰਸ਼ ਨੂੰ ਹਿੰਦੂ ‘ਗੁਰੂ’ ਕਹਿੰਦੇ ਹਨ ਅਤੇ ਮੁਸਲਮਾਨ ‘ਪੀਰ’ ਕਹਿੰਦੇ ਹਨ; ਉਸ ਮਹਾਨ ਪੁਰਸ਼ ਨੂੰ ਮਿਲ ਕੇ, ਉਸ ਦੀ ਸਿੱਖਿਆ ਰਾਹੀਂ, ਮੈਂ ਨਿਰਾਕਾਰ ਪ੍ਰਭੂ ਨੂੰ ਆਪਣੇ ਅੰਦਰ ਹੀ ਲੱਭ ਕੇ, ਪ੍ਰਾਪਤ ਕਰ ਲਿਆ ਹੈ।
ਇਸ ਸਾਰੇ ਸ਼ਬਦ ਵਿੱਚ ਕੇਵਲ ਕਬੀਰ ਜੀ ਦੀ ਆਪਣੀ ਪਹੁੰਚੀ ਹੋਈ ਅਵਸਥਾ ਦਾ ਵਖਿਆਨ ਹੈ। ਇਹ ਸ਼ਬਦ ਹਿੰਦੂ ਅਤੇ ਮੁਸਲਮਾਨਾਂ ਨਾਲੋਂ ਸਿੱਖ ਪੰਥ ਨੂੰ, ਵੱਖਰਾ ਕਰਨ ਵਾਸਤੇ ਜਾਂ ਇੱਕ ‘ਤੀਸਰਾ ਨਵਾਂ ਪੰਥ’ ਸਿੱਧ ਕਰਨ ਵਾਸਤੇ: ਨਹੀਂ ਉਚਾਰਿਆ ਗਿਆ। ਇਸ ਸ਼ਬਦ ਵਿੱਚ ਗੁਰਦੁਆਰੇ ਜਾਣ ਸੰਬੰਧੀ ਕੁਝ ਨਹੀਂ ਲਿਖਿਆ। ‘ਸਿੱਖ ਪੰਥ’ ਦਾ ਨਾਮ ਨਹੀਂ ਲਿਖਿਆ, ਕਿਸੇ ਗੁਰੂ ਜੀ ਦਾ ਨਾਮ ਨਹੀਂ ਲਿਖਿਆ, ਫਿਰ ਇਹ ਸ਼ਬਦ ‘ਸਿੱਖ ਪੰਥ’ ਦਾ ਵੱਖਰਾ ਪਣ ਦਰਸਾਉਣ ਲਈ ਕਿਵੇਂ ਵਰਤਿਆ ਜਾ ਸਕਦਾ ਹੈ? ਜਦੋਂ ਕਿ ਪੰਜਵੇਂ ਪਾਤਸ਼ਾਹ ਜੀ ਤਾਂ ਆਪਣੀ ਬਾਣੀ ਵਿੱਚ, ਥਾਂ-ਥਾਂ ਉੱਤੇ ਲੇਖਕ ਦੇ ਰੂਪ ਸਤਿਗੁਰੂ ਨਾਨਕ ਜੀ ਦਾ ਨਾਮ ਲਿਖਦੇ ਹਨ; ਤਾਂ ਇਸ ਸ਼ਬਦ ਵਿੱਚ ਗੁਰੂ ਜੀ ਨੇ ‘ਨਾਨਕ’ ਨਾਮ ਕਿਉਂ ਨਹੀਂ ਵਰਤਿਆ? ਇਸ ਸ਼ਬਦ ਵਿੱਚ ‘ਸਿੱਖ ਪੰਥ’ ਦਾ ਨਾਮ ਕਿਉਂ ਨਹੀਂ ਦੇ ਦਿੱਤਾ? ਗੁਰਬਾਣੀ ਵਿੱਚ ਤਾਂ ਗੁਰੂ ਜੀ ਨੇ ਆਪਣੇ ਸ਼ਰਧਾਲੂਆਂ ਦੇ ਪੰਥ ਨੂੰ ‘ਗੁਰਮੁਖਾਂ ਦਾ ਪੰਥ’ ਲਿਖਿਆ ਹੈ “ਗੁਰਮੁਖਾ ਨੋ ਪੰਥੁ ਪਰਗਟਾ” (ਪੰਨਾ 41)। ਇਸ ਤਰ੍ਹਾਂ, ਇਹ ਸ਼ਬਦ ਪੰਜਵੇਂ ਪਾਤਸ਼ਾਹ ਜੀ ਵੱਲੋਂ ਸਿੱਖ ਪੰਥ ਨੂੰ, ਹਿੰਦੂਆਂ ਅਤੇ ਮੁਸਲਮਾਨ ਨਾਲੋਂ ਤੀਸਰਾ ‘ਵੱਖਰਾ ਪੰਥ’ ਦੱਸਣ ਵਾਸਤੇ ਨਹੀਂ ਰਚਿਆ। ਜੋ ਸੱਜਣ, ਇਸ ਸ਼ਬਦ ਨੂੰ ਆਧਾਰ ਬਣਾ ਕੇ, ਹਿੰਦੂ ਮੁਸਲਮਾਨਾਂ ਨਾਲੋਂ, ਸਿੱਖ ਪੰਥ ਨੂੰ ਵੱਖਰਾ ਸਿੱਧ ਕਰਨ ਲਈ ਵਰਤਦੇ ਹਨ; ਉਹਨਾਂ ਨੂੰ ਨਵੇਂ ਸਿਰੇ ਤੋਂ ਵਿਚਾਰਨ ਦੀ ਲੋੜ ਹੈ।
ਡਾ. ਸਾਹਿਬ ਸਿੰਘ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਜੋ ਟੀਕਾ ਕੀਤਾ ਹੈ, ਉਸ ਦੇ ਵਿੱਚ ਉਹਨਾਂ ਨੇ ਇਸ ਸ਼ਬਦ ਦੇ ਅਰਥਾਂ ਨੂੰ ਮਰੋੜ-ਤਰੋੜ ਕੇ ਇਹ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਸਤਿਗੁਰੂ ਜੀ ਨੇ ਆਪਣਾ ਮੱਤ, ਭਾਵ ਆਪਣੇ ਪੰਥ ਦਾ ਵੱਖਰਾ ਪਣ ਦਰਸਾਉਣ ਵਾਸਤੇ ਇਹ ਸ਼ਬਦ ਉਚਾਰਿਆ ਹੈ। ਆਪਣੀ ਗੱਲ ਨੂੰ ਸਿੱਧ ਕਰਨ ਵਾਸਤੇ, ਡਾਕਟਰ ਸਾਹਿਬ ਨੇ ਕਬੀਰ ਜੀ ਦੇ ਸ਼ਬਦ ਦੀ ਇੱਕ ਹੋਰ ਟੂਕ ਦਿੱਤੀ ਹੈ, “ਹਮਰਾ ਝਗਰਾ ਰਹਾ ਨ ਕੋਊ॥ ਪੰਡਿਤ ਮੁਲਾਂ ਛਾਡੇ ਦੋਊ॥ .. ਪੰਡਿਤ ਮੁਲਾਂ ਜੋ ਲਿਖਿ ਦੀਆ॥ ਛਾਡਿ ਚਲੇ ਹਮ ਕਛੂ ਨ ਲੀਆ” (ਪੰਨਾ 1158)। ਧਿਆਨ ਕਰਨ ਦੀ ਲੋੜ ਹੈ: ਇਸ ਸ਼ਬਦ ਦੇ ਆਰੰਭ ਵਿੱਚ ‘ਮਹਲਾ ੫’ ਨਹੀਂ ਲਿਖਿਆ ਹੋਇਆ ਅਤੇ ਅਖੀਰਲੀ ਤੁਕ ਵਿੱਚ ਲੇਖਕ ਦਾ ਨਾਮ ‘ਨਾਨਕ’ ਵੀ ਨਹੀਂ ਲਿਖਿਆ ਹੋਇਆ। ਇਸ ਟੂਕ ਨੂੰ ਪੜ੍ਹ ਕੇ ਡਾਕਟਰ ਜੀ ਦੀ ਗੱਲ ਆਪਣੇ ਆਪ ਹੀ ਕੱਟੀ ਜਾਂਦੀ ਹੈ। ਕਿਉਂਕਿ, ‘ਨਾ ਹਮ ਹਿੰਦੂ ਨਾ ਮੁਸਲਮਾਨ’ ਪੰਕਤੀ ਵਾਲੇ ਸ਼ਬਦ ਦੀ ਸ਼ਬਦਾਵਲੀ ਅਤੇ ਇਸ ਸ਼ਬਦ ਦੀ ਸ਼ਬਦਾਵਲੀ ਮਿਲਦੀ ਹੈ। ਪਰੰਤੂ, ਜੋ ਤੱਥ ਇੱਥੇ ਮੈਂ ਪੇਸ਼ ਕੀਤੇ ਹਨ, ਇਹਨਾਂ ਵਾਸਤੇ ਡਾਕਟਰ ਸਾਹਿਬ ਸਿੰਘ ਜੀ ਨੇ ਕੁਝ ਵੀ ਨਹੀਂ ਲਿਖਿਆ ਕਿ ਜੇ ਸਤਿਗੁਰੂ ਜੀ ਨੇ ਇਹ ਉਚਾਰਿਆ ਸੀ “ਅਸੀਂ ਹਿੰਦੂ ਅਤੇ ਮੁਸਲਮਾਨ ਦੋਵੇਂ ਨਹੀਂ”; ਕੀ ਫਿਰ ਗੁਰੂ ਜੀ ਨੇ ਲਿਖਿਆ? “ਅਸੀਂ ਸਿੱਖ ਹਾਂ। ਅਸੀਂ ਹਿੰਦੂ ਮੁਸਲਮਾਨਾਂ ਦੇ ਤੀਰਥ ਸਥਾਨਾਂ ਉੱਤੇ ਨਾ ਜਾ ਕੇ, ਗੁਰਦੁਆਰੇ ਜਾਵਾਂਗੇ”। ਨਹੀਂ… ਗੁਰੂ ਜੀ ਨੇ ਇਹ ਕਿਤੇ ਵੀ ਨਹੀਂ ਲਿਖਿਆ ਹੋਇਆ।
ਡਾਕਟਰ ਸਾਹਿਬ ਸਿੰਘ ਜੀ ਨੇ ਸਿੰਘ ਸਭਾ ਤੋਂ ਪ੍ਰਭਾਵਿਤ ਹੋਣ ਕਰਕੇ, ਸਿੱਖ ਪੰਥ ਨੂੰ ਵੱਖਰਾ ਦਰਸਾਉਣ ਲਈ, ਇਸ ਸ਼ਬਦ ਦੀ ਵਿਆਖਿਆ ਜਿਸ ਰੂਪ ਵਿੱਚ ਕੀਤੀ ਹੈ, ਉਹ ਸਹੀ ਨਹੀਂ ਹੈ। ਉਹ ਮਹਾਨ ਵਿਦਵਾਨ ਹੁੰਦੇ ਹੋਏ ਵੀ, ਇਸ ਸ਼ਬਦ ਦੀ ਗਲਤ ਵਿਆਖਿਆ: ਆਪਣੀ ਸਿੰਘ ਸਭਾਈ ਸੋਚ ਦੇ ਅਧੀਨ ਕਰ ਗਏ ਹਨ। ਪਰੰਤੂ, ਜੇ ਬਾਕੀ ਸਾਰੇ ਟੀਕੇ ਆਪ ਜੀ ਪੜ੍ਹੋਗੇ ਅਤੇ ਸਾਰੇ ਸ਼ਬਦ ਨੂੰ ਪੜ੍ਹ ਕੇ, ਮੇਰੀ ਤੱਤ ਪੂਰਣ ਵਿਆਖਿਆ ਉੱਤੇ ਆਪ ਜੀ ਵਿਚਾਰ ਕਰੋਗੇ; ਤਾਂ ਆਪ ਜੀ ਮੇਰੇ ਵਿਚਾਰਾਂ ਨਾਲ ਸਹਿਮਤ ਹੋ ਜਾਵੋਗੇ। ਵਿਚਾਰ ਕਰਕੇ ਵੇਖੋ। ਕਿਉਂਕਿ, ਸਾਨੂੰ ਸਾਡੇ ਸਤਿਗੁਰੂ ਜੀ ਦਾ ਹੁਕਮ ਹੈ ਕਿ ਵਿਚਾਰਵਾਨ ਬਣੋ। ‘ਥਾਲੁ ਵਿਚਿ ਤਿਨਿ ਵਸਤੂ ਪਈਓ ਸਤੁ ਸੰਤੋਖੁ ਵੀਚਾਰੋ’ (ਪੰਨਾ 1429) ਅਤੇ ‘ਬਿਬੇਕ ਬੁਧਿ ਸਭ ਜਗ ਮਹਿ ਨਿਰਮਲ ਬਿਚਰਿ ਬਿਚਰਿ ਰਸੁ ਪੀਜੈ’ (ਪੰਨਾ 1325)। ਗੁਰੂ ਜੀ ਨੇ ਸਿੱਖ ਪੰਥ: ਹਿੰਦੂ, ਮੁਸਲਮਾਨਾਂ ਤੋਂ ਵੱਖਰਾ ਨਹੀਂ ਬਣਾਇਆ। ਪਰੰਤੂ, ਸਾਰੇ ‘ਗੁਰੂ ਨਾਨਕ ਨਾਮ ਲੇਵਾ’ ਸ਼ਰਧਾਲੂਆਂ ਨੂੰ ਮਿਲਾ ਕੇ ਹੀ; ਵਿਸ਼ਾਲ ‘ਸਿੱਖ ਪੰਥ’ ਬਣਦਾ ਹੈ।
ਠਾਕੁਰ ਦਲੀਪ ਸਿੰਘ
Leave a Comment
Your email address will not be published. Required fields are marked with *