ਮੇਰੀ ਸੋਚ ਤੋਂ ਵੱਧ ਕਾਮਯਾਬ ਰਿਹਾ ਪਹਿਲਾ ਖੇਡ ਮੇਲਾ : ਜਗਤਾਰ ਸਿੰਘ ਸੋਖੀ

ਕੋਟਕਪੂਰਾ, 7 ਅਪ੍ਰੈਲ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ)
ਪੰਜਾਬ ਦੇ ਮੌਜੂਦਾ ਹਾਲਾਤਾਂ ਪ੍ਰਤੀ ਪੰਜਾਬ ਪ੍ਰੇਮੀਆਂ ਵਿੱਚ ਡਾਢੀ ਚਿੰਤਾ ਹੈ। ਹਰ ਪਾਸੇ ਨਿਰਾਸਾ ਦਾ ਆਲਮ ਛਾਇਆ ਹੋਇਆ ਹੈ ਪਰ ਕੁੱਝ ਕੁ ਬੁੱਧੀਜੀਵੀ ਅਤੇ ਉੱਦਮੀ ਇਨਸਾਨ ਪੰਜਾਬ ਨੂੰ ਆਏ ਨਿਘਾਰ ਵਿੱਚੋਂ ਕੱਢਣ ਲਈ ਯਤਨਸ਼ੀਲ ਹਨ। ਜਦੋਂ ਉਹਨਾਂ ਦੇ ਨਿੱਘਰ ਉੱਪਰਾਲੇ ਸਾਡੇ ਧਿਆਨ ਵਿੱਚ ਆਉਂਦੇ ਹਨ ਤਾਂ ਕਿਤੇ ਕਿਤੇ ਆਸ ਦੀ ਕਿਰਨ ਨਜ਼ਰ ਪੈਂਦੀ ਹੈ। ਅਜਿਹੇ ਹੀ ਇੱਕ ਉੱਦਮੀ ਅਤੇ ਵਿਦਵਾਨ ਇਨਸਾਨ ਹਨ ਜਗਤਾਰ ਸਿੰਘ ਸੋਖੀ ਜੀ। ਜੋ ਸਕੂਲ ਵਿੱਚ ਵਿਦਿਆ ਦਾ ਚਾਨਣ ਵੰਡਣ ਦੇ ਨਾਲ ਨਾਲ ਪੰਜਾਬੀ ਮਾਂ ਬੋਲੀ ਲਈ ਅਤੇ ਪੰਜਾਬ ਦੀ ਵਿਰਾਸਤ ਸਾਂਭਣ ਲਈ ਪੁਰਜੋਰ ਯਤਨ ਕਰ ਰਹੇ ਹਨ। ਪਿਛਲੇ ਦਿਨੀਂ ਉਨਾਂ ਨੇ ਪਹਿਲਕਦਮੀ ਕਰਦਿਆਂ ਆਪਣੇ ਸਕੂਲ ਸਟਾਫ,ਪਿੰਡ ਦੀ ਪੰਚਾਇਤ ਅਤੇ ਭਾਸ਼ਾ ਵਿਭਾਗ ਫਿਰੋਜ਼ਪੁਰ ਦੇ ਸਹਿਯੋਗ ਨਾਲ਼ ਪਿੰਡ ਕੱਬਰਵੱਛਾ ਵਿਖੇ ਵਿਦਿਅਕ ਮੁਕਾਬਲੇ ਅਤੇ ਵਿਰਾਸਤੀ ਖੇਡਾਂ ਕਰਵਾ ਕੇ ਮਾਲਵੇ ਵਿੱਚ ਇਹ ਨਵੀਂ ਪਿਰਤ ਪਾਈ ਹੈ। ਇਸ ਸ਼ੁਭ ਮੌਕੇ ‘ਤੇ ਸਿੱਖਿਆ ਵਿਭਾਗ ਦੇ ਆਹਲਾ ਅਫ਼ਸਰ ਸਾਹਿਬਾਨ ਮੈਡਮ ਨੀਲਮ ਕੁਮਾਰੀ, ਚਮਕੌਰ ਸਿੰਘ ਸਰਾਂ, ਪਰਗਟ ਸਿੰਘ ਬਰਾੜ, ਗੁਰਬੀਰ ਸਿੰਘ ਪ੍ਰਿੰਸੀਪਲ, ਬੀ.ਐਨ.ਓ. ਰਾਜਿੰਦਰ ਕੁਮਾਰ ਅਤੇ ਜ਼ਿਲ੍ਹਾ ਭਾਸ਼ਾ ਅਫ਼ਸਰ ਫ਼ਿਰੋਜ਼ਪੁਰ, ਡਾ. ਜਗਦੀਪ ਸਿੰਘ ਸੰਧੂ ਅਤੇ ਡੀ.ਐੱਮ. ਪੰਜਾਬੀ ਮੈਡਮ ਸਰਬਜੀਤ ਕੌਰ, ਬੀ ਐੱਮ ਪੰਜਾਬੀ ਗੁਰਭੇਜ ਸਿੰਘ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ। ਇਸ ਸਾਰੇ ਮੇਲੇ ਦੀ ਕਵਰੇਜ ਆਵਾਜ਼ ਏ ਪੰਜਾਬ ਚੈੱਨਲ ਦੇ ਸੰਚਾਲਕ ਸੁਖਵਿੰਦਰ ਸੁੱਖ ਅਤੇ ਉਨ੍ਹਾਂ ਦੀ ਟੀਮ ਅਤੇ ਸਰਦਾਰ ਸਰਬਜੀਤ ਸਿੰਘ ਭਾਵੜਾ ਜ਼ਿਲ੍ਹਾ ਮੀਡੀਆ ਕੁਆਰਡੀਨੇਟਰ ਦੁਆਰਾ ਕੀਤੀ ਗਈ। ਅਧਿਆਪਕਾਂ ਦੇ ਫੱਟੀ ਲੇਖਣ ਮੁਕਾਬਲੇ ਕਰਵਾਏ ਗਏ। ਪਿੰਡ ਵਾਸੀਆਂ ਅਤੇ ਇਲਾਕੇ ਦੇ ਅਧਿਆਪਕਾਂ ਵਿਚਾਲੇ ਰੱਸਾਕਸ਼ੀ ਦੇ ਮੁਕਾਬਲੇ ਕਰਵਾਏ ਗਏ। ਨੰਨ੍ਹੇ ਮੁੰਨ੍ਹੇ ਬੱਚਿਆਂ ਦੇ ਵੱਖ-ਵੱਖ ਦੇਸੀ ਖੇਡਾਂ ਦੇ ਮੁਕਾਬਲੇ ਹੋਏ। ਬੱਚਿਆਂ ਨੇ ਖ਼ੂਬ ਆਨੰਦ ਮਾਣਿਆ। ਇਹ ਪੇਂਡੂ ਖੇਡ ਮੇਲਾ ਪੰਜਾਬ ਦੇ ਮਹਿੰਗੇ ਕਬੱਡੀ ਖੇਡ ਮੇਲਿਆਂ ਨੂੰ ਵੀ ਮਾਤ ਪਾ ਗਿਆ। ਸਭ ਬੱਚੇ, ਉਹਨਾਂ ਦੇ ਮਾਪੇ, ਉਹਨਾਂ ਨਾਲ਼ ਆਏ ਹੋਏ ਵੱਖ ਵੱਖ ਸਕੂਲਾਂ ਦੇ ਅਧਿਆਪਕ ਅਤੇ ਇਸ ਖੇਡ ਮੇਲੇ ਨੂੰ ਦੇਖਣ ਆਏ ਦਰਸ਼ਕ ਬਹੁਤ ਖ਼ੁਸ਼ ਨਜ਼ਰ ਆਏ। ਇਸ ਮੌਕੇ ਮਿਡਲ ਸਕੂਲ ਕਬਰਵੱਛਾ ਦੇ ਸਟਾਫ਼ ਵੱਲੋਂ ਆਏ ਹੋਏ ਹਰ ਅਧਿਆਪਕ ਨੂੰ ਉਹਨਾਂ ਦੀਆਂ ਸੇਵਾਵਾਂ ਬਦਲੇ ਸਰਟੀਫ਼ਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਹਰ ਬੱਚੇ ਨੂੰ ਇੱਕ ਇੱਕ ਕਿਤਾਬ ਦਿੱਤੀ ਗਈ ਤਾਂ ਜੋ ਉਹ ਸ਼ਬਦ ਨਾਲ਼ ਜੁੜਨ। ਅਧਿਆਪਕਾਂ ਦੇ 12 ਟਾਹਣੀ ਮੁਕਾਬਲੇ ਵੀ ਹੋਏ। ਸਾਈਕਲ ਟਾਇਰ ਦੌੜ, ਤਿੰਨ ਟੰਗੀ ਦੌੜ, ਬੋਰੀ ਦੌੜ, ਪੀਚੋ ਬੱਕਰੀ, ਸ਼ੇਰ ਬੱਕਰੀ, ਗੁੱਲੀ ਡੰਡਾ ਆਦਿ ਬਹੁਤ ਸਾਰੀਆਂ ਦੇਸੀ ਖੇਡਾਂ ਦੇ ਮੁਕਾਬਲਿਆਂ ਦਾ ਦਰਸ਼ਕਾਂ ਨੇ ਖ਼ੂਬ ਆਨੰਦ ਮਾਣਿਆ। ਇਸ ਮੌਕੇ ਤੇ ਬੂਟੇ ਲਾ ਕੇ ਇਸ ਮੇਲੇ ਦਾ ਉਦਘਾਟਨ ਕੀਤਾ ਗਿਆ। ਮਾਲਵੇ ਦਾ ਇਹ ਪਹਿਲਾ ਵਿਸ਼ਾਲ ਪੇਂਡੂ ਖੇਡ ਮੇਲਾ ਦਰਸ਼ਕਾਂ ਤੇ ਆਪਣੀ ਅਮਿੱਟ ਛਾਪ ਛੱਡ ਗਿਆ। ਇਹ ਸਭ ਪਿੰਡ ਦੇ ਉਹਨਾਂ ਨੌਜਵਾਨਾਂ ਜੋ ਪਿੰਡ ਦੇ ਖੇਡ ਮੈਦਾਨ ਦੀ ਸਾਂਭ ਸੰਭਾਲ਼ ਕਰਦੇ ਨੇ ਦੇ ਉਦਮ, ਪਿੰਡ ਦੇ ਕੁਝ ਪਤਵੰਤੇ ਸੱਜਣ, ਗ੍ਰਾਮ ਪੰਚਾਇਤ, ਬੀੜ ਸੋਸਾਇਟੀ ਜੰਡਵਾਲਾ ਅਤੇ ਮਿਡਲ ਸਕੂਲ ਦੇ ਸਟਾਫ਼ ਦੇ ਸਹਿਯੋਗ ਸਦਕਾ ਹੀ ਸੰਭਵ ਹੋ ਸਕਿਆ। ਇਸ ਸਕੂਲ ਦੇ ਇੰਚਾਰਜ ਜਗਤਾਰ ਸਿੰਘ ਸੋਖੀ ਨੇ ਸਾਰੇ ਦਰਸ਼ਕਾਂ, ਮਿਡਲ ਸਕੂਲ ਦੇ ਸਟਾਫ਼-ਸੰਦੀਪ ਕੁਮਾਰ, ਰਾਮ ਸਿੰਘ, ਸਿਕੰਦਰ ਸਿੰਘ ਮਨੀਸ਼ ਕੁਮਾਰ ਅਤੇ ਮੇਲੇ ਵਿੱਚ ਹਰ ਤਰ੍ਹਾਂ ਦਾ ਸਹਿਯੋਗ ਦੇਣ ਵਾਲ਼ੇ ਸਾਰੇ ਸੱਜਣਾਂ ਦਾ ਧੰਨਵਾਦ ਕੀਤਾ। ਇਸ ਵਿਸ਼ੇਸ਼ ਕਿਸਮ ਦੇ ਮੇਲੇ ਦੀ ਮੀਡੀਆ ਵਿੱਚ ਖੂਬ ਚਰਚਾ ਹੋ ਰਹੀ ਹੈ। ਆਮ ਲੋਕਾਂ ਦਾ ਕਹਿਣਾ ਹੈ ਕਿ ਇਸ ਤਰਾਂ ਦੇ ਸਾਦਾ ਅਤੇ ਸਸਤੇ ਮੇਲੇ ਪਿੰਡ ਪਿੰਡ ਹੋਣੇ ਚਾਹੀਦੇ ਹਨ।