ਬੁਢਾਪਾ ਕਿਸੇ ਵੀ ਵਰਗ ਦਾ ਹੋਵੇ ਬੁਢਾਪਾ ਤਾਂ ਬੁਢਾਪਾ ਹੀ ਹੈ। ਕੇਵਲ ਸਹੂਲਤਾਂ ਦਾ ਫ਼ਰਕ ਹੁੰਦਾ ਹੈ, ਭੌਤਿਕ ਤੌਰ ’ਤੇ ਫ਼ਰਕ ਹੈ ਲੇਕਿਨ ਸਰੀਰਕ ਤੌਰ ਦੀਆਂ ਮਜ਼ਬੂਰੀਆਂ, ਮੁਸ਼ਕਿਲਾਂ, ਕਮੀਆਂ ਸਭ ਬਰਾਬਰ ਹੁੰਦੀਆਂ ਹਨ। ਬੱਚੇ ਅਮੀਰ ਦੇ ਹੋਣ ਜਾਂ ਗ਼ਰੀਬ ਦੇ ਬੁਢਾਪਾ ਸਭ ਰੋਲਦੇ ਹਨ। ਕੁਝ ਕੁ ਉਦਾਹਰਣਾਂ ਛੱਡ ਕੇ। ਅੱਜ-ਕੱਲ੍ਹ ਦੇ ਬੱਚੇ ਜੋ ਬਹੁਤ ਸੁਵਿਧਾਵਾਦੀ ਹਨ, ਉਥੇ ਮਾਤਾ-ਪਿਤਾ ਦੇ ਬੁਢਾਪੇ ਦੇ ਸਮੇਂ ਸਾਥ ਨਹੀਂ ਦਿੰਦੇ। ਸਾਡੇ ਦੇਸ਼ ਵਿਚ ਬੁਢਾਪਾ ਨਾ ਮਾਤਰ ਲੋਕਾਂ ਦੇ ਲਈ ਹੀ ਸੁਵਿਧਾਜਨਕ ਹੈ ਜਦਕਿ ਗ਼ਰੀਬ ਲੋਕਾਂ ਦਾ ਬੁਢਾਪਾ ਅਤਿਅੰਤ ਨਿਰਸ਼ਾਜਨਕ ਹੁੰਦਾ ਹੈ। ਸਮੇਂ ’ਤੇ ਦਵਾਈ ਨਾ ਮਿਲਣਾ, ਸਮੇਂ ’ਤੇ ਭੋਜਨ ਨਾ ਮਿਲਣਾ, ਸਹੀ ਖ਼ੁਰਾਕ ਨਾ ਮਿਲਣਾ, ਸਹੀ ਸੌਣ ਦੀ ਜਗ੍ਹਾ ਨਾ ਮਿਲਣਾ ਆਦਿ ਦੇ ਕਾਰਨ ਬੁਢਾਪਾ ਕਈ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦਾ ਹੈ ਅਤੇ ਉਮਰ ਤੋਂ ਪਹਿਲਾਂ ਹੀ ਜਵਾਬ ਦੇ ਦਿੰਦਾ ਹੈ।
ਬੁਢਾਪੇ ਵਿਚ ਸਹੀ ਸਹੂਲਤਾਂ ਨਾ ਮਿਲਣ ਦੇ ਕਾਰਨ ਨਿਰਧਨ ਬੁਢਾਪਾ ਨਹੀਂ ਝੇਲ ਸਕਦਾ, ਜਿਸਦੀ ਵਜ੍ਹਾ ਨਾਲ ਉਨ੍ਹਾਂ ਦੀ ਮੌਤ ਜਲਦੀ ਹੋ ਜਾਂਦੀ ਹੈ। ਲੱਖਾਂ ਹੀ ਨਿਰਧਨ ਬੁਢਾਪੇ ਦਾ ਇਲਾਜ ਨਾ ਹੋਣ ਦੀ ਵਜ੍ਹਾ ਕਰਕੇ ਜਲਦੀ ਮਰ ਜਾਂਦੇ ਹਨ। ਬੱਚੇ ਉਨ੍ਹਾਂ ਦਾ ਖ਼ਰਚ ਬਰਦਾਸ਼ਤ ਨਹੀਂ ਕਰ ਸਕਦੇ।
ਮੱਧ ਵਰਗ ਦਾ ਬੁਢਾਪਾ 75 ਪ੍ਰਤੀਸ਼ਤ ਦੇ ਕਰੀਬ ਕਰਜ਼ੇ ਵਿਚ ਦੱਬਿਆ ਹੁੰਦਾ ਹੈ। ਮਕਾਨ ਦੇ ਲਈ ਕਰਜ਼ਾ, ਵਿਆਹ-ਸ਼ਾਦੀ ਲਈ ਕਰਜ਼ਾ, ਬੱਚਿਆਂ ਦੀ ਪੜ੍ਹਾਈ ਦੇ ਲਈ ਕਰਜ਼ਾ, ਵਿਦੇਸ਼ ਭੇਜਣ ਲਈ ਕਰਜ਼ਾ ਆਦਿ ਕਈ ਕਰਜ਼ ਮੱਧ ਵਰਗ ਦੇ ਲੋਕਾਂ ਨੂੰ ਦੇਖਾ-ਦੇਖੀ ਲੈਣੇ ਪੈਂਦੇ ਹਨ। ਜਿਸ ਨਾਲ ਕ੍ਰਿਸ਼ ਅਤੇ ਅਕ੍ਰਿਸ਼ ਤਣਾਅ ਵਧ ਜਾਂਦਾ ਹੈ।
ਸਮੇਂ ਦੀ ਤੇਜ਼ ਰਫ਼ਤਾਰ ਨਾਲ ਬਦਲਦਾ ਬਾਜ਼ਾਰੀਕਰਨ (ਭੂੰ ਮੰਡਲੀ ਕਰਨ) ਆਦਿ ਬਹੁਤ ਕੁਝ ਬੁਢਾਪੇ ਦੇ ਲਈ ਘਾਤਕ ਸਿੱਧ ਹੋ ਰਿਹਾ ਹੈ। ਪੱਛਮ ਦੇ ਕਲਚਰ ਨੂੰ ਜ਼ਿਆਦਾ ਅਪਣਾਇਆ ਜਾ ਰਿਹਾ ਹੈ। ਕੱਚੀ ਉਮਰ ਦੀ ਕੱਚੀ ਸੋਚ ਜਲਦੀ ਗੁੰਮਰਾਹ ਹੋ ਜਾਂਦੀ ਹੈ। ਬੱਚੇ ਮਾਤਾ-ਪਿਤਾ ਦੀ ਪਰਵਾਹ ਕੀਤੇ ਬਗੈਰ ਹੀ ਏਧਰ-ਉਧਰ ਤੋਂ ਸਭ ਕੁਝ ਵੇਖ ਰਹੇ ਹਨ। ਮਾਪਿਆਂ ਦਾ ਤੇਜ਼ ਰਕਤਚਾਪ, ਹਾਰਟ ਅਟੈਕ, ਸ਼ੂਗਰ ਆਦਿ ਬਿਮਾਰੀਆਂ ਦਾ ਕਾਰਨ 75 ਪ੍ਰਤੀਸ਼ਤ ਬੇਕਾਬੂ ਬੱਚੇ ਹੀ ਹਨ। ਇਹ ਬੇਕਾਬੂ ਲਾਪਰਵਾਹ ਬੱਚੇ ਮਾਪਿਆਂ ਨੂੰ ਠੋਕਰਾਂ ਮਾਰਦੇ ਹੀ ਮਾਰਦੇ ਹਨ।
ਅਮੀਰ ਬੁਢਾਪਾ ਸੁਵਿਧਾ ਪੂਰਵਕ ਤਾਂ ਹੁੰਦਾ ਹੈ ਪਰ ਹੁੰਦਾ ਤਾਂ ਆਖ਼ਿਰ ਬੁਢਾਪਾ ਹੀ ਹੈ। ਬੁਢਾਪੇ ਵਾਲੇ ਸਾਰੇ ਦੁਖਾਂਤ ਅਮੀਰਾਂ ਵਿਚ ਵੀ ਹੁੰਦੇ ਹਨ। ਸਿਰਫ਼ ਫ਼ਰਕ ਬਸ ਏਨਾ ਹੈ ਕਿ ਅਮੀਰ ਬੁਢਾਪੇ ਵਿਚ ਬਿਮਾਰੀਆਂ ਦਾ ਇਲਾਜ ਚੰਗੇ ਢੰਗ ਨਾਲ ਕਰਵਾ ਸਕਦੇ ਹਨ।
ਅਮੀਰ ਬੁਢਾਪੇ ਵਿਚ ਵੀ ਸਰੀਰਕ ਤੌਰ ’ਤੇ ਬੱਚੇ ਘੱਟ ਹੀ ਸਾਥ ਦਿੰਦੇ ਹਨ। ਸਾਰੇ ਪਾਸੇ ਹਨੇਰਾ ਹੀ ਨਈਂ ਕਿਤੇ ਕਿਤੇ ਦੂਰ ਟਾਂਵਾਂ ਟਾਂਵਾਂ ਸੁਵਿਧਾ, ਪਿਆਰ-ਮੁਹੱਬਤ ਦਾ ਦੀਵਾ ਤਾਂ ਜਗਦਾ ਹੀ ਹੈ। ਜਿਨ੍ਹਾਂ ਬਜ਼ੁਰਗਾਂ ਕੋਲ ਧਨ-ਦੌਲਤ ਹੈ ਜਾਂ ਦੋਵੇਂ ਦੰਪਤੀ ਕਮਾਂਦੇ ਹਨ, ਉਹ ਤਾਂ ਬੁਢਾਪੇ ਵਿਚ ਵੀ ਬੱਚਿਆਂ ਦੀ ਪਰਵਾਹ ਨਹੀਂ ਕਰਦੇ ਕਿਉਂਕਿ ਉਨ੍ਹਾਂ ਦੇ ਕੋਲ ਸੁੱਖ-ਸੁਵਿਧਾ ਦੇ ਲਈ ਪੈਨਸ਼ਨ ਆਦਿ ਦੀ ਸਹੂਲਤ ਹੁੰਦੀ ਹੈ।
ਬਜ਼ੁਰਗ ਪੋਤਰੇ-ਪੋਤਰੀਆਂ, ਨੂੰਹ ਬੇਟੀ ਦੀ ਮਿਜਾਜ਼ ਨੂੰ, ਮਜ਼ਬੂਰ ਨੂੰ ਵੀ ਸਮਝਦੇ ਹਨ। ਨੌਕਰੀ ਪੇਸ਼ੇ ਦੀ ਮਜ਼ਬੂਰੀ, ਛੋਟੇ ਬੱਚਿਆਂ ਦੀ ਮਜ਼ਬੂਰੀ ਆਦਿ। ਕਈ ਬਜ਼ੁਰਗ ਕੇਵਲ ਆਪਣੀਆਂ ਆਦਤਾਂ ਦੀ ਹੀ ਡਫਲੀ ਵਜਾਈ ਜਾਂਦੇ ਹਨ ਉਹ ਹੋਰ ਕਿਸੇ ਦੀ ਸੁਣਦੇ ਹੀ ਨਹੀਂ। ਉਹ ਆਪਣਾ ਮਨੋਰੰਜਨ ਆਦਿ ਅਤੇ ਬਾਹਰੀ-ਸੁਸਾਇਟੀ ਤੋਂ ਬਾਜ਼ ਨਹੀਂ ਆਉਂਦੇ। ਘਰ ਦੇ ਪੈਸੇ ਦੀ ਚੋਰੀ-ਚੋਰੀ ਬਾਹਰੀ ਅੱਯਾਸ਼ੀ ਦੇ ਲਈ ਪ੍ਰਯੋਗ ਕਰਨ ਲਈ ਨਹੀਂ ਕਤਰਾਂਦੇ। ਬਾਜ਼ ਨਹੀਂ ਆਉਂਦੇ। ਬਾਹਰੀ ਕ੍ਰਿਆਵਾਂ ਉਪੱਰ ਧਨ ਬਰਬਾਦ ਕਰਕੇ ਆਪਣਾ ਸਮਾਂ ਬਤੀਤ ਕਰਦੇ ਹਨ, ਜਿਸਦੀ ਵਜ੍ਹਾ ਨਾਲ ਪਰਿਵਾਰ ਵਿਚ ਤਕਰਾਰ ਖੜ੍ਹੀ ਹੋ ਜਾਂਦੀ ਹੈ ਤੇ ਨੂੰਹ-ਬੇਟੀਆ, ਧੀਆਂ ਪੁੱਤਰਾਂ ਵਿਚ ਆਪਣੀ ਇੱਜ਼ਤ ਗਵਾਅ ਲੈਂਦੇ ਹਨ। ਫਿਰ ਵੀ ਦੇਖਿਆ ਜਾਏ ਤਾਂ ਬਜ਼ੁਰਗਾਂ ਦੇ ਇਲਾਵਾ ਘਰਾਂ ਦੀ ਕੋਈ ਕਦਰ ਨਹੀਂ ਹੁੰਦੀ। ਜਿਨ੍ਹਾਂ ਘਰਾਂ ਵਿਚ ਬਜ਼ੁਰਗ ਨਹੀਂ ਓਨਾ ਤੋਂ ਪੁੱਛ ਕੇ ਵੇਖੋ।
ਬਜ਼ੁਰਗਾਂ ਦੀ ਬੋਹੜ ਵਰਗੀ ਠੰਡੀ ਛਾਂ ਦੀ ਕੀ ਕੀਮਤ ਹੁੰਦੀ ਹੈ। ਬਜ਼ੁਰਗਾਂ ਦੇ ਇਲਾਵਾ ਘਰ ਅਧੂਰੇ ਹਨ, ਸਭ ਰਿਸ਼ਤੇ ਨਾਤੇ ਅਧੂਰੇ। ਬਜ਼ੁਰਗਾਂ ਦੇ ਨਾਲ ਸਮਝੌਤਾ ਕਰਕੇ ਘਰਾਂ ਦੀ ਜ਼ਿੰਦਗੀ ਨੂੰ ਚਲਾਉਣਾ ਹੀ ਸਮਝਦਾਰੀ ਅਤੇ ਦੂਰਦਰਸ਼ਿਤਾ ਦੀ ਗੱਲ ਹੈ। ਬਜ਼ੁਰਗਾਂ ਦੀਆਂ ਆਦਤਾਂ ਚੰਗੀਆਂ ਹਨ ਜਾਂ ਮਾੜੀਆਂ, ਉਨ੍ਹਾਂ ਨੂੰ ਹਰ ਹਾਲ ਵਿਚ ਅਪਣਾਉਣਾ ਹੀ ਪਵੇਗਾ ਨਹੀਂ ਤਾ ਸਮਾਜ ਬੱਚਿਆਂ ਨੂੰ ਹੀ ਬੁਰਾ ਕਵੇਗਾ। ਪੱਕਿਆ ਹੋਇਆ ਫ਼ਲ ਕਦੀ ਵੀ ਕੱਚਾ ਨਹੀਂ ਹੋ ਸਕਦਾ। ਢਲਦਾ ਸੂਰਜ ਕਦੀ ਪਿੱਛੇ ਨਹੀਂ ਜਾ ਸਕਦਾ।
ਬਜ਼ੁਰਗ ਤਾਂ ਸੁਗੰਧਿਤ ਗੁਲਾਬ ਹਨ ਜਿਨ੍ਹਾਂ ਦੀਆਂ ਪੰਖੜੀਆਂ (ਪੱਤੀਆਂ) ਸ਼ਾਖ਼ (ਟਹਿਣੀਆਂ) ਉਪੱਰ ਪੱਕ ਚੁੱਕੀਆਂ ਹਨ। ਇਹਨਾਂ ਦਾ ਸਹੀ ਪ੍ਰਯੋਗ ਗੁਲਕੰਦ ਬਣਾ ਕੇ ਹੀ ਕੀਤਾ ਜਾ ਸਕਦਾ ਹੈ। ਬਜ਼ੁਰਗਾਂ ਨਾਲ ਕਿਸੇ ਸੀਮਾ ਤੱਕ ਸਹਿਮਤ ਹੋ ਜਾਣਾ ਚਾਹੀਦਾ ਏ ਤਾਂਕਿ ਗੁਲਕੰਦ ਦਾ ਮਜ਼ਾ ਬਣਿਆ ਰਵੇ।
ਜ਼ਿੰਦਗੀ ਇਕ ਖੇਡ ਹੈ, ਕੋਈ ਜਿੱਤ ਰਿਹਾ ਹੈ ਕੋਈ ਹਾਰ ਰਿਹਾ ਏ। ਕਈ ਲੋਕ ਹਾਰ ਕੇ ਵੀ ਜ਼ਿੰਦਗੀ ਵਿਚ ਖ਼ੂਬਸੂਰਤੀਆਂ ਪੈਦਾ ਕਰ ਲੈਂਦੇ ਹਨ। ਕਈ ਲੋਕ ਜਿੱਤ ਕੇ ਵੀ ਜ਼ਿੰਦਗੀ ਤੋਂ ਸੰਤੁਸ਼ਟ ਨਹੀਂ ਹੁੰਦੇ।
ਮੇਰਾ ਇਕ ਦੋਸਤ ਅਖ਼ਬਾਰ ਵੇਚਣ ਦਾ ਕੰਮ ਕਰਦਾ ਹੈ। ਉਸਦਾ ਪਿਤਾ ਸਖ਼ਤ ਸੁਭਾਅ ਦਾ ਸੀ। ਇਮਾਨਦਾਰ ਅਤੇ ਮਿਹਨਤੀ ਸੀ ਪਰ ਬੋਲਚਾਲ ਦਾ ਥੋੜ੍ਹਾ ਟੇਢਾ ਸੀ। ਕੱਬਾ, ਮੂੰਹ ਫੁੱਟ, ਮੂੰ ਜ਼ੋਰ ਪਰ ਦਿਲ ਦਾ ਸੱਚਾ ਸੀ ਨੇਕ ਸੀ। ਜੋ ਮੂੰਹ ਵਿਚ ਆਏ ਬਕ ਦਿੰਦਾ। ਆਂਢ-ਗੁਆਂਢ ਕੁਝ ਨਈਂ ਸੀ ਵੇਖਦਾ। ਪਰ ਬੰਦਾ ਬਹੁਤ ਸੱਚਾ ਸੁੱਚਾ ਸੀ। ਗ਼ਰੀਬੀ ਵਿਚ ਉਸਨੇ ਪਰਿਵਾਰ ਮੈਟ ਕੀਤਾ। ਦੋਸਤ ਦਾ ਪਿਤਾ ਸਵੇਰੇ ਸਵੇਰੇ ਹੀ ਅਖ਼ਬਾਰਾਂ ਦੀ ਦੁਕਾਨ ਉਤੇ ਹੀ ਉਸਨੂੰ ਗਾਲੀਆਂ ਬਦਕਾ ਸੀ। ਉਨ੍ਹਾਂ ਦੀ ਤਕਰਾਰ ਵਿਚ ਮੈਂ ਵੀ ਮਸ਼ਵਰੇ ਦੇ ਤੌਰ ’ਤੇ ਸ਼ਾਮਿਲ ਹੋ ਜਾਂਦਾ ਪਿਤਾ ਨੂੰ ਦੋਸਤ ਵੀ ਕੁਝ ਬੋਲ ਦਿੰਦਾ। ਬਾਪ ਬੇਟੇ ਦੀ ਤੂੰ ਤੂੰ ਮੈਂ ਮੈਂ ਵੀ ਹੋ ਜਾਂਦੀ।
ਇਕ ਦਿਨ ਮੈਂ ਆਪਣੇ ਦੋਸਤ ਨੂੰ ਸਮਝਾਉਣ ਲੱਗਾ, ”ਵੇਖ ਯਾਰ, ਤੇਰੇ ਪਿਤਾ ਜੀ ਬਹੁਤ ਇਮਾਨਦਾਰ ਹਨ ਅਤੇ ਮਿਹਨਤੀ ਵਿਅਕਤੀ ਹਨ। ਤੁਸੀਂ ਉਨ੍ਹਾਂ ਦੇ ਅੱਗੇ ਨਾ ਬੋਲਿਆ ਕਰੋ।”
ਦੋਸਤ ਨੇ ਕਿਹਾ, ”ਕੀ ਕਰਾਂ ਫਿਰ ਇਨ੍ਹਾਂ ਦਾ ਘਰ ਬਾਰ ਇਹੋ ਹੀ ਹਾਲ ਹੈ। ਦੁਖੀ ਕਰ ਦਿੱਤਾ ਸਾਨੂੰ, ਬੋਲਦਾ ਬਹੁਤ ਏ।”
ਮੈਂ ਦੋਸਤ ਨੂੰ ਨਿਮਰਤਾ ਨਾਲ ਕਿਹਾ, ”ਬਜ਼ੁਰਗਾਂ ਦੀਆਂ ਆਦਤਾਂ ਬੱਚਿਆਂ ਵਰਗੀਆਂ ਹੋ ਜਾਂਦੀਆਂ ਹਨ। ਉਨ੍ਹਾਂ ਨਾਲ ਸਹਿਮਤ ਹੋਣਾ ਜ਼ਰੂਰੀ ਨਈਂ। ਵੇਖ ਯਾਰ ਇਹ ਬਜ਼ੁਰਗ ਲੋਕ ਇਸ ਦੁਨੀਆਂ ਤੋਂ ਚਲੇ ਗਏ ਤਾਂ ਫਿਰ ਲੱਭਿਆਂ ਵੀ ਨਹੀਂ ਲੱਭਣੇ। ਲੱਖਾਂ ਆਵਾਜ਼ਾਂ ਮਾਰਨ ’ਤੇ ਵੀ ਨਈਂ ਲੱਭਣਗੇ। ਤੂੰ ਇਨ੍ਹਾਂ ਦਾ ਗੁੱਸਾ ਨਾ ਕਰਿਆ ਕਰ ਯਾਰ।”
ਸਭ ਨੂੰ ਪਤਾ ਹੈ ਕਿ ਤੇਰੇ ਪਿਤਾ ਤੈਨੂੰ ਸਮਝਾ ਰਹੇ ਹਨ, ਗਾਲੀਆਂ ਦੇ ਰਹੇ ਹਨ। ਜਦ ਇਹ ਬਜ਼ੁਰਗ। ਜਦੋਂ ਇਹ ਬਜ਼ੁਰਗ ਇਸ ਦੁਨੀਆਂ ਤੋਂ ਦੂਰ ਚਲੇ ਗਏ ਤਾਂ ਅਰਥੀ ਦੇ ਨਾਲ ਲੱਗ ਕੇ ਉਚੀ-ਉਚੀ ਰੋਣ ਦਾ ਕੀ ਫਾਇਦਾ? ਪਾਪਾ ਜੀ ਤੁਸੀਂ ਸਾਨੂੰ ਛੱਡ ਕੇ ਚਲੇ ਗਏ। ਤਦ ਅਰਥੀ ਨਾਲ ਰੋਣ ਦਾ ਕੀ ਫਾਇਦਾ?
ਜੀਉਂਦੇ ਜੀ ਉਨ੍ਹਾਂ ਦੀ ਗੱਲ ਬਰਦਾਸ਼ਤ ਨਹੀਂ ਕਰ ਸਕਦੇ ਤਾਂ ਲੋਕ ਕਹਿਣਗੇ, ”ਉਹ ਹੀ ਪੁੱਤਰ ਹੈ ਜੋ ਬਾਪ ਦੇ ਅੱਗੇ ਬਰਾਬਰ ਹੋ ਕੇ ਬੋਲਦਾ ਸੀ। ਅੱਜ ਉਹ ਮਰ ਗਿਆ ਤਾਂ ਸੁਬਕ-ਸੁਬਕ ਕੇ ਰੋ ਰਿਹਾ ਹੈ। ਝੂਠਾ ਰੋ ਰਿਹਾ ਹੈ। ਜੀਉਂਦੇ ਜੀ ਤਾ ਉਸਦੇ ਬੋਲ-ਕੁਬੋਲ ਸਵੀਕਾਰ ਨਹੀਂ ਕਰਦੇ ਰਹੇ, ਅੱਜ ਰੋਣ ਕਿਸ ਗੱਲ ਦਾ ਆ ਗਿਆ।
ਮੇਰੇ ਦੋਸਤ ਲੱਖ ਆਵਾਜ਼ਾਂ ਮਾਰਨ ਨਾਲ ਵੀ ਨਹੀਂ ਬੋਲਣਗੇ ਬਜ਼ੁਰਗ, ਜਿੰਨੀ ਉਮਰ ਹੋਵੇਗੀ ਇਨ੍ਹਾਂ ਬਜ਼ੁਰਗਾਂ ਦੀ ਜ਼ਿਆਦਾ ਤੋਂ ਜ਼ਿਆਦਾ ਦਸ ਸਾਲ ਹੋਰ ਹੋਵੇਗੀ, ਕਿਉਂਕਿ ਉਸਦੇ ਪਿਤਾ ਦੀ ਉਮਰ ਉਸ ਸਮੇਂ 70 ਸਾਲ ਦੇ ਕਰੀਬ ਸੀ।
ਉਸ ਦੋਸਤ ਨੇ ਮੇਰੀ ਗੱਲ ਮੰਨ ਲਈ ਅਤੇ ਆਪਣੀ ਪਤਨੀ ਨੂੰ ਕਿਹਾ, ”ਭਾਗਵਾਨੇ ਸੁਣ ਭਲੀਏ ਲੋਕੇ ਸੁਣ, ਬਜ਼ੁਰਗਾਂ ਦੀ ਕਿਸੇ ਵੀ ਗੱਲ ਦਾ ਗੁੱਸਾ ਨਾ ਕਰਨਾ। ਇਨ੍ਹਾਂ ਨੂੰ ਖਿਡੌਣੇ ਦੀ ਤਰ੍ਹਾਂ ਸਮਝਣਾ। ਇਨ੍ਹਾਂ ਨੇ ਕਿਹੜਾ ਹਜ਼ਾਰ ਸਾਲ ਜੀਣਾ ਏ ਹੋਰ। ਜੋ ਮਰਜ਼ੀ ਕਹਿਣ ਸੱਤ ਬਦਨ ਕਹਿ ਕੇ ਸਮਾਂ ਕੱਢੀ ਚੱਲ। ਰਿਸ਼ਤੇਦਾਰਾਂ ਨੂੰ ਆਂਢ-ਗੁਆਂਢ ਇਨ੍ਹਾਂ ਦੇ ਸੁਭਾਅ ਦਾ ਪਤਾ ਹੈ।”
ਏਨੀ ਗੱਲ ਨਾਲ ਬਜ਼ੁਰਗ ਵੀ ਖ਼ੁਸ਼ ਅਤੇ ਬੱਚੇ ਵੀ।
ਕੁਝ ਮਹੀਨਿਆਂ ਦੇ ਬਾਅਦ ਦੋਸਤ ਦਾ ਪਿਤਾ ਹਾਰਟ ਅਟੈਕ ਦੇ ਕਾਰਨ ਪ੍ਰਭੂ ਚਰਨਾਂ ਵਿਚ ਪਿਆਰਾ ਹੋ ਗਿਆ। ਰਿਸ਼ਤੇਦਾਰਾਂ ਨੇ, ਲੋਕਾਂ ਨੇ ਸਭ ਨੇ ਨੂੰਹ-ਪੁੱਤਰ ਦੀ ਬਹੁਤ ਤਾਰੀਫ਼ ਕੀਤੀ, ”ਭਈ ਇਹ ਬਾਪ ਦੇ ਅੱਗੇ ਨਹੀਂ ਸਨ ਬੋਲਦੇ, ਇਨ੍ਹਾਂ ਦਾ ਬਾਪ ਬੜਾ ਕੱਬਾ ਵਿਅਕਤੀ ਸੀ।”
ਹੁਣ ਜਦ ਵੀ ਮੈਂ ਉਸ ਦੋਸਤ ਦੇ ਕੋਲ ਜਾਂਦਾ ਹਾਂ ਤਾਂ ਉਹ ਆਪਣੇ ਬਾਪ ਨੂੰ ਯਾਦ ਕਰਕੇ ਰੋਂਦਾ ਹੈ। ਉਸ ਨੂੰ ਪਤਾ ਚੱਲ ਗਿਆ ਕਿ ਕਾਰੋਬਾਰ ਕਿੱਦਾਂ ਚੱਲਦਾ ਹੈ? ਹੁਣ ਉਸਨੂੰ ਪਾਪਾ ਨਹੀਂ ਮਿਲਣਗੇ, ਲੱਖ ਆਵਾਜ਼ਾਂ ਮਾਰੇ।
ਦੋਸਤੋ ਘਰ ਵਿਚ ਵੱਡਿਆਂ ਦੇ ਕਹੇ ਸ਼ਬਦਾਂ ਦਾ ਬੁਰਾ ਨਾ ਮਨਾਓ। ਸ਼ਬਦ ਰਿਸ਼ਤੇ ਨਾਲੋਂ ਵੱਡੇ ਨਹੀਂ ਹੁੰਦੇ। ਤਕਰਾਰ ਅਤੇ ਸ਼ਬਦ ਸਮੇਂ ਨਾਲ ਉਗਦੇ ਹਨ ਅਤੇ ਮਰ ਜਾਂਦੇ ਹਨ, ਹਵਾ ਵਿਚ ਗਾਇਬ ਹੋ ਜਾਂਦੇ ਹਨ ਪਰ ਰਿਸ਼ਤੇ ਨਹੀਂ ਮਰਦੇ। ਰਿਸ਼ਤਿਆਂ ਉਪੱਰ ਸ਼ਬਦਾਂ ਨੂੰ ਭਾਰੂ ਨਾ ਹੋਣ ਦਿਓ। ਰਿਸ਼ਤਿਆਂ ਵਿਚ ਸ਼ਬਦਾਂ ਨੂੰ ਅਰਥ ਦੇਵੋ।
ਬਜ਼ੁਰਗ ਅਤੇ ਬੱਚੇ ਜੰਨਤ ਦਾ ਇਕ ਹਿੱਸਾ ਹਨ। ਜੰਨਤ ਕਿਤੇ ਉਪੱਰ ਨਹੀਂ ਹੈ, ਇੱਥੇ ਹੀ ਹੈ, ਤੁਹਾਡੇ ਪਰਿਵਾਰ ਵਿਚ, ਸਮਝੌਤੇ ਦੀ ਨੀਂਹ ਉਪੱਰ, ਜ਼ਿੰਦਗੀ ਦੇ ਖ਼ੂਬਸੂਰਤ ਸੁੰਦਰ ਭਵਨ ਬਣਾਓ, ਤਾ ਜ਼ਿੰਦਗੀ ਸਵਰਗ ਹੈ। ਬੁਢਾਪਾ ਇਕ ਮੰਦਿਰ ਦੀ ਦਹਿਲੀਜ਼ ਹੈ। ਨਤਮਸਤਕ ਹੋ ਜਾਓ।
ਬਲਵਿੰਦਰ ’ਬਾਲਮ’
ਓਂਕਾਰ ਨਗਰ, ਗੁਰਦਾਸਪੁਰ (ਪੰਜਾਬ)
ਮੋ: 98156-25409