ਸੜਕਾਂ ਤੇ ਚਲਦਿਆਂ ਕੁਝ ਮੋੜ ਅਜਿਹੇ ਹੁੰਦੇ ਹਨ ਜਿਥੇ ਬਹੁਤ ਹਾਦਸੇ ਹੁੰਦੇ ਨੇ, ਮੋੜ ਤੇ ਲਿਖਿਆ ਵੀ ਹੁੰਦੈ ” ਇਹ ਖਤਰਨਾਕ ਮੋੜ ਹੈ ਹੋਲੀ ਚਲੋ ” | ਸਿਆਣੇ ਬੰਦੇ ਇਹ ਪੜ੍ਹਕੇ , ਦੁਰਘਟਨਾ ਤੋਂ ਬਚਣ ਲਈ ਆਪਣਾ ਵਹੀਕਲ ਹੋਲੀ ਕਰ ਲੈਂਦੇ ਨੇ ਤੇ ਮੋੜ ਕੱਟਣ ਤੋਂ ਬਾਅਦ ਜਿਉਂ ਹੀ ਸਿਧੀ ਸੜਕ ਨਜ਼ਰ ਆਉਂਦੀ ਹੈ ਤਾਂ ਬੇਖੌਫ ਹੋ ਗੱਡੀ ਵੱਡੇ ਗੇਅਰ ਚ ਪਾ ਕੇ ਰਫ਼ਤਾਰ ਵਧਾ, ਅੱਗੇ ਵੱਧਣ ਲੱਗਦੇ ਹਨ | ਜਿਹੜੇ ਮੇਰੇ ਵਰਗੇ ਲਿਖੀ ਇਬਾਰਤ ਤੇ ਅਮਲ ਨਹੀਂ ਕਰਦੇ ਉਹ ਹਾਦਸਾਗ੍ਰਸਤ ਹੋ ਆਪਣਾ ਚੁੱਘਾ ਚੌੜ ਕਰਵਾ ਬਹਿੰਦੇ ਨੇ | ਜੀਵਨ ਸਫ਼ਰ ਦੌਰਾਨ ਵੀ ਸਾਨੂੰ ਕਈ ਬੰਦੇ ਸੜਕਾਂ ਦੇ ਉਸ ਮੋੜ ਵਾਂਗ ਟੱਕਰਦੇ ਰਹਿੰਦੇ ਨੇ ਜਿਨ੍ਹਾਂ ਦੇ ਸੁਭਾਅ ਖਤਰਨਾਕ ਮੋੜ ਵਾਂਗ ਹੀ ਹੁੰਦੇ ਨੇ | ਉਹਨਾਂ ਨੂੰ ,ਜਦੋਂ ਵੀ ਮਿਲੋ ਤਾਂ ਲੱਗਦੈ ਵੀ ਜੇ ਸਾਵਧਾਨੀ ਨਾ ਵਰਤੀ ਤਾਂ ਹਾਦਸਾ ਹੋਇਆ ਹੀ ਲਓ ਭਾਵ ਜੇ ਉਹਨਾਂ ਨਾਲ ਗੱਲਬਾਤ ਦੌਰਾਨ ਠਰੰਮਾ ਨਾ ਵਰਤਿਆ ਤਾਂ ਮੂਡ ਖਰਾਬ ਜਾਂ ਝਗੜਾ ਹੋਇਆ ਹੀ ਸਮਝੋ | ਇਹ ਲੋਕ ਤੁਹਾਡੀ ਜ਼ਿੰਦਗੀ ਦੀ ਰਫ਼ਤਾਰ ਨੂੰ ਹੋਲੀ ਕਰਨ ਵਾਲੇ ਹਾਦਸੇ ਵਾਂਗ ਸਾਬਿਤ ਹੁੰਦੇ ਨੇ | ਇਹੋ ਜਿਹੇ ਬੰਦੇ ਨਾਲ ਇਕ ਔਰਤ ਦੀ ਸ਼ਾਦੀ ਹੋ ਜਾਂਦੀ ਹੈ ਤੇ ਉਹ ਔਰਤ ਠੰਢ ਦੇ ਮੌਸਮ ਵਿਚ ਘਰ ਦੀ ਤਾਕੀ ਚੋਂ ਇੱਕ ਦਿਨ ਬਾਹਰ ਝਾਕਦਿਆਂ ਆਪਣੇ ਉਸ ਪਤੀ ਨੂੰ ਕਹਿੰਦੀ ਹੈ ,” ਅੱਜ ਤਾਂ ਧੁੰਦ ਹੀ ਬੜੀ ਹੈ , ਕੋਈ ਬੰਦਾ ਵੀ ਦਿਖਾਈ ਨੀ ਦਿੰਦਾ ” | ਪਤਨੀ ਦੀ ਗੱਲ ਸੁਣ ਉਸ ਬੰਦੇ ਨੇ ਕਿਹਾ ,” ਸਵੇਰੇ ਹੀ ਬੰਦੇ ਲੱਭਣ ਲੱਗ ਪਈ ਹੈ ? ਪਤਨੀ ਨੇ ਸਪਸ਼ਟੀਕਰਨ ਦਿੰਦਿਆਂ ਮੁੜ ਕਿਹਾ ,” ਮੈਂ ਤਾਂ ਕਹਿੰਦੀ ਸੀ ਵੀ ਧੁੰਦ ਚ ਹੱਥ ਨੂੰ ਹੱਥ ਨੀ ਦਿੰਹਦਾ ” | ਪਤੀ ਨੇ ਫੇਰ ਕੱਬਾ ਜੁਆਬ ਦਿੱਤਾ ,” ਨਾ ਹੱਥਾਂ ਨੂੰ ਕੋਈ ਅੱਗ ਲੱਗੀ ਹੈ ਵੀ ਇਹ ਦਿਸਣਗੇ ” | ਵਿਚਾਰੀ ਪਤਨੀ ਨੇ ਚੁੱਪ ਰਹਿ ਆਪਣਾ ਬਚਾ ਕੀਤਾ |
ਦੂਜੇ ਬੰਨੇ, ਸਾਨੂੰ ਜ਼ਿੰਦਗੀ ਵਿਚ ਕੁਝ ਲੋਕ ਇਹੋ ਜਿਹੇ ਵੀ ਮਿਲਦੇ ਨੇ ਜਿਨ੍ਹਾਂ ਦਾ ਵਤੀਰਾ ਸਿਧੀ ਤੇ ਸਾਫ ਸੜਕ ਵਾਂਗ ਹੁੰਦੈ | ਜ਼ਿੰਦਗੀ ਵਿਚ ਉਹਨਾਂ ਦੀ ਆਮਦ ਅਤੇ ਠਹਿਰਾਓ ਸਾਨੂੰ ਇਉਂ ਮਹਿਸੂਸ ਕਰਵਾ ਦਿੰਦੈ ਜਿਉਂ ਜ਼ਿੰਦਗੀ ਦੀ ਗੱਡੀ ਕਿਸੇ ਤਿੱਖੇ ਅਤੇ ਖਤਰਨਾਕ ਮੋੜ ਤੇ ਹੁੰਦੇ ਹਾਦਸੇ ਤੋਂ ਬੱਚਕੇ ਇੱਕ ਦਮ ਹੀ ਸਿਧੀ ਸੜਕ ਤੇ ਆ ਟਾਪ ਗੇਅਰ ਵਿਚ ਦੌੜਨ ਲੱਗੀ ਹੋਵੇ | ਇਹ ਉਹ ਲੋਕ ਹੁੰਦੇ ਨੇ ਜਿਨ੍ਹਾਂ ਦੀ ਸੰਗਤ ਵਿਚ ਤੁਹਾਨੂੰ ਦੁੱਖ ਅੱਧਾ ਤੇ ਸੁੱਖ ਦੁੱਗਣਾ ਮਹਿਸੂਸ ਹੁੰਦਾ ਨਜ਼ਰ ਆਉਂਦੈ | ਇਹ ਬੰਦੇ ਹਮੇਸ਼ਾ ਸਮੱਸਿਆ ਨੂੰ ਅੱਧਾ ਕਰ ਜਾਣਦੇ ਨੇ ਤੇ ਹਰ ਵੇਲੇ ਖੁਸ਼ ਹੋਣ ਅਤੇ ਖੁਸ਼ ਕਰਨ ਦਾ ਬਹਾਨਾ ਭਾਲਦੇ ਨੇ | ਇਹਨਾਂ ਦਾ ਕਿਰਦਾਰ ਪੰਜਾਬੀ ਦੇ ਪ੍ਰਸਿੱਧ ਕਹਾਣੀਕਾਰ ਗੁਰਬਖਸ਼ ਸਿੰਘ ਪ੍ਰੀਤਲੜੀ ਦੀ ਕਹਾਣੀ ” ਪਹੁਤਾ ਪਾਂਧੀ ” ਦੇ ਉਸ ਮੁੱਖ ਪਾਤਰ ਵਾਂਗ ਹੁੰਦਾ ਹੈ ਜਿਸ ਦੀ ਮੌਜ਼ੂਦਗੀ ਵਿਚ ਰੇਲ ਗੱਡੀ ਦੇ ਡੱਬੇ ਵਿਚ ਰੌਣਕ ਰਹਿੰਦੀ ਹੈ ਤੇ ਜਦੋਂ ਉਹ ਡੱਬੇ ਵਿਚੋਂ ਉੱਤਰ ਜਾਂਦੈ ਤਾਂ ਡੱਬਾ ਭਾਂ ਭਾਂ ਕਰਨ ਲੱਗਦੈ | ਇਹੋ ਜਿਹੇ ਬੰਦਿਆਂ ਦੀ ਇਹ ਖਾਸੀਅਤ ਹੁੰਦੀ ਹੈ ਕਿ ਇਹ ਕਿਸੇ ਨੂੰ ਜ਼ਿੰਦਗੀ ਪ੍ਰਤੀ ਨਿਰਾਸ਼ ਨੀ ਹੋਣ ਦਿੰਦੇ | ਇਹ ਬਿਨਾਂ ਕਿਸੇ ਨੂੰ ਲੰਬਾ ਲੈਕਚਰ ਝਾੜਿਆਂ ਆਪਣੀ ਜੀਵਨ ਜਾਂਚ ਰਾਂਹੀ ਹੀ ਦੂਜੇ ਨੂੰ ਜੀਣ ਦਾ ਵਲ ਦੱਸ ਦਿੰਦੇ ਨੇ | ਬੰਦਾ ਇਹਨਾਂ ਦੇ ਜਿਉਂਣ ਢੰਗ ਅਤੇ ਸਮੱਸਿਆ ਦੇ ਪ੍ਰਬੰਧਨ ਤਰੀਕੇ ਤੋਂ ਪ੍ਰੇਰਿਤ ਹੋ ਜ਼ਿੰਦਗੀ ਪ੍ਰਤੀ ਸਕਾਰਾਤਮਿਕ ਰਵਈਆ ਅਪਣਾ , ਜੀਵਨ ਵਿਚ ਆਈਆਂ ਉਲਝਣਾਂ ਦੇ ਤਾਣੇ ਪੇਟੇ ਨੂੰ ਆਸਾਨੀ ਨਾਲ ਸੁਲਝਾਉਣ ਦਾ ਢੰਗ ਸਿੱਖ ਜਾਂਦਾ ਹੈ |
ਏਦਾਂ ਦਾ ਹੀ ਮੇਰਾ ਇੱਕ ਜਾਣੂ ਬੰਦਾ ਜੋ ਆਪਣੇ ਨਵੇਂ ਘਰ ਦੀ ਉਸਾਰੀ ਕਰਵਾ ਰਿਹਾ ਸੀ,ਦਾ ਐਕਸੀਡੈਂਟ ਹੋ ਗਿਆ ਤੇ ਉਸਦੀ ਸੱਜੀ ਲੱਤ ਟੁੱਟ ਗਈ | ਡਾਕਟਰ ਨੇ ਪਲੱਸਤਰ ਲਗਾ ਕੇ ਘਰ ਭੇਜ ਦਿੱਤਾ ਤੇ ਦੋ ਮਹੀਨੇ ਲਈ ਤੁਰਨ ਫਿਰਨ ਦੀ ਮਨਾਹੀ ਕਰ ਦਿੱਤੀ | ਇੱਕ ਦਿਨ ਮੈਂ ਉਸਦਾ ਪਤਾ ਲੈਣ ਉਸਦੇ ਘਰ ਗਿਆ ਤਾਂ ਉਹ ਉਸਾਰੀ ਵਾਲੇ ਨਵੇਂ ਘਰ, ਪਲੱਸਤਰ ਲੱਗੀ ਟੁੱਟੀ ਲੱਤ ਨੂੰ ਮੰਜੇ ਤੇ ਸਿੱਧਾ ਕਰ ਬੈਠਾ ਮਿਸਤਰੀਆਂ ਨਾਲ ਹੱਸੀ ਜਾਵੇ | ਮੈਂ ਮਸੋਸੇ ਜਿਹੇ ਮੂੰਹ ਨਾਲ ਅਫ਼ਸੋਸ ਜਾਹਿਰ ਕਰਦਿਆਂ ਉਸਨੂੰ ਕਿਹਾ ,” ਵੀਰ ਬੜਾ ਮਾੜਾ ਹੋਇਆ ਤੇਰੀ ਲੱਤ ਟੁੱਟ ਗਈ ” | ਉਸਨੇ ਮੇਰੀ ਗੱਲ ਨੂੰ ਅਣਗੌਲੀ ਕਰਦਿਆਂ ਮਜ਼ਾਕ ਨਾਲ ਕਿਹਾ ,” ਇਹ ਤਾਂ ਚੰਗਾ ਹੋ ਗਿਆ ਮੈਨੂੰ ਦੋ ਮਹੀਨੇ ਘਰੇ ਬੈਠਣ ਦਾ ਮੌਕਾ ਮਿਲ ਗਿਆ, ਹੁਣ ਮੈਂ ਘਰੇ ਬੈਠ ਮਿਸਤਰੀਆਂ/ ਮਜ਼ਦੂਰਾਂ ਨਾਲ ਗੱਲਾਂ ਮਾਰੂੰ ਨਾਲੇ ਨਵੇਂ ਘਰ ਦੀ ਨਜ਼ਰਸਾਨੀ ਕਰੂੰ ” | ਮੈਨੂੰ ਉਸਦੇ ਇਸ ਜੁਆਬ ਵਿਚ ਚੜ੍ਹਦੀ ਕਲਾ ਤੇ ਮੁਸੀਬਤ ਨੂੰ ਤਰੀਕੇ ਨਾਲ ਟਾਲਣ ਦਾ ਵਲ ਨਜ਼ਰ ਆਇਆ |
ਇੱਕ ਚਰਚ ਦਾ ਪਾਦਰੀ ਸਭਾ ਨੂੰ ਸੰਬੋਧਿਤ ਹੁੰਦਾ ਕਹਿ ਰਿਹਾ ਸੀ ਕਿ ਪ੍ਰਮਾਤਮਾ ਦੀ ਬਣਾਈ ਕਿਸੇ ਚੀਜ ਵਿਚ ਨੁਕਸ ਨਹੀਂ | ਇਹ ਸੁਣ ਕੇ ਸਭਾ ਚ ਬੈਠਾ ਇੱਕ ਕੁੱਬਾ ਬੰਦਾ ਉੱਠ ਕੇ ਕਹਿਣ ਲੱਗਾ ” ਕਿਉਂ ਨੁਕਸ ਨੀ, ਮੇਰੇ ਕੁੱਬ ਵੱਲ ਦੇਖੋ ” | ਤਾਂ ਪਾਦਰੀ ਨੇ ਪ੍ਰਸੰਸਾਮਈ ਅੰਦਾਜ਼ ਵਿਚ ਕਿਹਾ ,” ਦੇਖੋ ਰੱਬ ਨੇ ਕਿੰਨਾ ਸੋਹਣਾ ਕੁੱਬਾ ਬਣਾਇਆ ” | ਪਾਦਰੀ ਦੀ ਗੱਲ ਸੁਣ ਕੁੱਬੇ ਨੂੰ ਆਪਣਾ ਕੁੱਬ ਚੰਗਾ ਲੱਗਣ ਲੱਗਾ | ਇੱਕ ਦਿਨ ਇੱਕ ਸੋਹਣੀ ਔਰਤ ਨੇ ਉਸ ਕੁੱਬੇ ਦਾ ਮਜ਼ਾਕ ਉਡਾਇਆ ਤਾਂ ਪਾਦਰੀ ਵਲੋਂ ਭਰੇ ਆਤਮ ਵਿਸ਼ਵਾਸ ਨਾਲ ਉਹ ਕੁੱਬਾ ਉਸ ਔਰਤ ਨੂੰ ਬੋਲਿਆਂ,” ਤੁਹਾਨੂੰ ਨਹੀਂ ਪਤਾ ਅਸਲ ਵਿਚ ਰੱਬ ਨੇ ਇਹ ਕੁੱਬ ਤੁਹਾਡੀ ਕਿਸਮਤ ਵਿਚ ਲਿਖਿਆ ਸੀ | ਰੱਬ ਤੁਹਾਡੇ ਬਾਰੇ ਕਿਸੇ ਨੂੰ ਕਹਿ ਰਿਹਾ ਸੀ ,” ਇਹ ਸੋਹਣੀ ਤਾਂ ਬੜੀ ਹੋਉ ਪਰ ਇਹਦੇ ਵਿਚ ਕੁੱਬ ਹੋਉ | ਮੈਂ ਉਸੇ ਵੇਲੇ ਰੱਬ ਨੂੰ ਕਿਹਾ ਕਿ ਉਹ ਸੋਹਣੀ ਤੁਹਾਨੂੰ ਬਣਾ ਦੇਵੇ ਤੇ ਕੁੱਬ ਮੈਨੂੰ ਦੇ ਦੇਵੇ | ਰੱਬ ਨੇ ਕਿਹਾ,” ਤੱਥਾ ਅਸਤੁ ” ਬਸ ਉਸ ਦਿਨ ਤੋਂ ਮੈਂ ਕੁੱਬਾ ਹੋ ਗਿਆ ਤੇ ਤੁਸੀਂ ਸੋਹਣੇ | ਕੁੱਬੇ ਦੀ ਗੱਲ ਕਰਨ ਦੇ ਇਸ ਸਲੀਕੇ ਤੋਂ ਉਹ ਸੋਹਣੀ ਔਰਤ ਉਸਦੀ ਮੁਰੀਦ ਹੋ ਗਈ | ਉਸ ਸੋਹਣੀ ਔਰਤ ਲਈ ਪਹੁੱਤਾ ਪਾਂਧੀ ਬਣੇ ਉਸ ਕੁੱਬੇ ਬੰਦੇ ਨੇ ਗੱਲਾਂ-ਗੱਲਾਂ ਵਿਚ ਹੀ ਉਸ ਸੋਹਣੀ ਔਰਤ ਨੂੰ ਸਮਝਾਂ ਦਿੱਤਾ ਕਿ ਸੋਹਣੇ ਹੋਣ ਲਈ ਬੰਦੇ ਦੀ ਸਕਲ ਸੋਹਣੀ ਹੋਣੀ ਜ਼ਰੂਰੀ ਨਹੀਂ ਪਰ ਉਸਦੀ ਸੀਰਤ ਸੋਹਣੀ ਚਾਹੀਦੀ ਹੈ |
ਇਸ ਨੂੰ ਸੰਯੋਗ ਕਹੋ ਜਾ ਚੰਗੀ ਕਿਸਮਤ ਕਿ ਜੀਵਨ ਵਿਚ ਜਿਨ੍ਹਾਂ ਜਿਨ੍ਹਾਂ ਨੂੰ ਵੀ ਰੱਜੀ ਰੂਹ ਵਾਲੇ ਬੰਦੇ “ਪਹੁਤੇ ਪਾਂਧੀ” ਦੇ ਰੂਪ ਵਿਚ ਮਿਲੇ ਨੇ ਉਹਨਾਂ ਦੇ ਸਾਰੇ ਕੰਮ ਸਵੱਲੇ ਤੇ ਜ਼ਿੰਦਗੀ ਪੌਅ ਬਾਰਾਂ ਹੋਈ ਹੈ | ਮੁਸੀਬਤਾਂ ਨਾਲ ਜੂਝ ਰਹੇ ਬੰਦੇ ਨੂੰ ਜਦੋਂ ਕੋਈ ਨਿਕਲਣ ਰਾਹ ਨਾ ਲੱਭੇ ਤਾਂ ਉਸਨੂੰ ਖਲਾਸੀ ਲਈ ਹਮੇਸ਼ਾ ਕਿਸੇ ਪਹੁਤੇ ਪਾਂਧੀ ਦੀ ਭਾਲ ਰਹਿੰਦੀ ਹੈ |*
ਪ੍ਰੋ . ਹਰਦੀਪ ਸਿੰਘ ਸੰਗਰੂਰ
ਸਰਕਾਰੀ ਰਣਬੀਰ ਕਾਲਜ ,ਸੰਗਰੂਰ
9417665241
Leave a Comment
Your email address will not be published. Required fields are marked with *