ਫਰੀਦਕੋਟ , 21 ਜੂਨ (ਵਰਲਡ ਪੰਜਾਬੀ ਟਾਈਮਜ਼)
ਪਾਵਰਕਾਮ ਟਰਾਂਸਕੋ ਆਊਟਸੋਰਸ ਵਰਕਰਜ ਯੂਨੀਅਨ, ਪੰਜਾਬ ਸਬੰਧਤ ਏਟਕ ਦੇ ਸੂਬਾ ਪ੍ਰਧਾਨ ਹਰਵਿੰਦਰ ਸ਼ਰਮਾ ਫਰੀਦਕੋਟ ਤੇ ਜਨਰਲ ਸਕੱਤਰ ਸੰਦੀਪ ਖੱਤਰੀ ਪਟਿਆਲਾ ਨੇ ਚੇਅਰਮੈਨ, ਪੰਜਾਬ ਸਟੇਟ ਪਾਵਰਕਾਮ ਕਾਰਪੋਰੇਸ਼ਨ ਲਿਮਿਟਡ ਤੋਂ ਮੰਗ ਕੀਤੀ ਹੈ ਕਿ ਆਊਟ ਸੋਰਸ ਅਧੀਨ ਵੱਖ-ਵੱਖ ਕੈਟਾਗਰੀਆਂ ’ਚ ਕੰਮ ਕਰਦੇ ਮੁਲਾਜਮਾਂ ਦੀਆਂ ਲੰਮੇ ਸਮੇਂ ਤੋਂ ਲਟਕ ਰਹੀਆਂ ਹੱਕੀ ਅਤੇ ਜਾਇਜ ਮੰਗਾਂ ਦਾ ਤੁਰਤ ਨਿਪਟਾਰਾ ਕੀਤਾ ਜਾਵੇ ਅਤੇ ਪਿਛਲੇ ਸਮੇਂ ਦੌਰਾਨ ਪੰਜਾਬ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ. ਸਮੇਤ ਹੋਰ ਉੱਚ ਅਧਿਕਾਰੀਆਂ ਅਤੇ ਜਥੇਬੰਦੀ ਦੇ ਆਗੂਆਂ ਵਿਚਕਾਰ ਹੋਈਆਂ ਮੀਟਿੰਗਾਂ ਦੇ ਫੈਸਲੇ ਤੁਰਤ ਲਾਗੂ ਕੀਤੇ ਜਾਣ। ਆਗੂਆਂ ਨੇ ਚੇਅਰਮੈਨ ਸਾਹਿਬ ਤੋਂ ਮੰਗ ਕੀਤੀ ਕਿ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ’ਚ ਕੰਮ ਕਰਦੇ ਸਮੂਹ ਆਊਟਸੋਰਸ ਮੁਲਾਜਮਾਂ ਨੂੰ ਠੇਕੇਦਾਰੀ ਪ੍ਰਥਾ ’ਚੋਂ ਬਾਹਰ ਕਰਕੇ ਤੇ ਵਿਭਾਗ ਅਧੀਨ ਮਰਜ ਕਰਕੇ ਰੈਗੂਲਰ ਕੀਤਾ ਜਾਵੇ, ਮਾਨਯੋਗ ਸੁਪਰੀਮ ਕੋਰਟ ਦੇ ਫੈਸਲੇ ਅਨੁਸਾਰ ਬਰਾਬਰ ਕੰਮ ਬਰਾਬਰ ਤਨਖਾਹ ਦਾ ਸਿਧਾਂਤ ਲਾਗੂ ਕੀਤਾ ਜਾਵੇ, ਪਾਵਰਕਾਮ ਤੇ ਟਰਾਂਸਕੋ ’ਚ ਕੰਮ ਕਰਦੇ ਆਊਟਸੋਰਸ ਮੁਲਾਜਮਾਂ ਨੂੰ ਸਵਾਵਾਂ ਰੈਗੂਲਰ ਹੋਣ ਤੱਕ ਗੁਜਾਰੇ ਜੋਗੀ ਘੱਟ ਤੋਂ ਘੱਟ 30000 ਰੁਪਏ ਮਹੀਨਾ ਤਨਖਾਹ ਦਿੱਤੀ ਜਾਵੇ, ਕੇਂਦਰੀ ਸਾਸ਼ਿਤ ਪ੍ਰਦੇਸ਼ ਚੰਡੀਗੜ ਅਤੇ ਦਿੱਲੀ ਦੇ ਡੀ.ਸੀ. ਰੇਟਾਂ ਅਨੁਸਾਰ ਆਊਟਸੋਰਸ ਮੁਲਾਜਮਾਂ ਨੂੰ ਤਨਖਾਹ ਦੇਣੀ ਯਕੀਨੀ ਬਣਾਈ ਜਾਵੇ, ਸਾਰੇ ਮੁਲਾਜਮਾਂ ਨੂੰ ਰਿਸਕ ਭੱਤਾ, ਸ਼ਿਫਟ ਭੱਤਾ, ਪੈਟਰੋਲ ਭੱਤਾ, ਮੋਬਾਈਲ ਭੱਤਾ, ਸਕਿਲ ਅਲਾਉਂਸ ਅਤੇ ਓਵਰ ਟਾਈਮ ਆਦਿ ਦੇਣੇ ਯਕੀਨੀ ਬਣਾਏ ਜਾਣ, ਆਊਟਸੋਰਸ ਮੁਲਾਜਮਾਂ ਨੂੰ ਡਿਊਟੀ ਦੌਰਾਨ ਹਾਦਸੇ ਦਾ ਸ਼ਿਕਾਰ ਹੋਣ ਤੇ ਸਰਕਾਰੀ ਖਰਚੇ ਤੇ ਇਲਾਜ ਕਰਵਾਇਆ ਜਾਵੇ ਅਤੇ ਮੌਤ ਹੋ ਜਾਣ ਦੀ ਸੂਰਤ ਵਿੱਚ ਸਰਕਾਰੀ ਮੁਲਾਜਮਾਂ ਵਾਂਗ ਐਕਸਗਰੇਸ਼ੀਆ ਸਮੇਤ ਹੋਰ ਸਹੂਲਤਾਂ ਦੇਣੀਆਂ ਯਕੀਨੀ ਬਣਾਈਆਂ ਜਾਣ। ਆਗੂਆਂ ਨੇ ਅਫਸੋਸ ਪ੍ਰਗਟ ਕੀਤਾ ਕਿ ਪੰਜਾਬ ਸਰਕਾਰ ਦੇ ਕਿਰਤ ਵਿਭਾਗ ਵਲੋਂ ਮਹੀਨਾ ਮਾਰਚ 2024 ਤੋਂ ਠੇਕੇਦਾਰੀ ਪ੍ਰਥਾ ਅਤੇ ਆਊਟ ਸੋਰਸ ਮੁਲਾਜਮਾਂ ਦੀਆਂ ਉਜਰਤਾਂ ’ਚ ਕੀਤੇ ਜਾਣ ਵਾਲਾ ਵਾਧੇ ਦਾ ਅਜੇ ਤੱਕ ਨੋਟੀਫਿਕੇਸਨ ਜਾਰੀ ਨਹੀਂ ਕੀਤਾ ਗਿਆ ਜਿਸ ਕਰਕੇ ਇਹਨਾਂ ਮੁਲਾਜਮਾਂ ’ਚ ਪੰਜਾਬ ਸਰਕਾਰ ਦੇ ਖਿਲਾਫ ਭਾਰੀ ਰੋਸ ਤੇ ਗੁੱਸਾ ਪਾਇਆ ਜਾ ਰਿਹਾ ਹੈ। ਆਗੂਆਂ ਨੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਅੱਗੇ ਕਿਹਾ ਕਿ ਇਹ ਮੁਲਾਜਮ ਆ ਰਹੀਆਂ ਜਿਮਨੀ ਚੋਣਾਂ ’ਚ ਪੰਜਾਬ ਸਰਕਾਰ ਦੇ ਖਿਲਾਫ ਆਪਣਾ ਰੋਸ ਪ੍ਰਗਟ ਕਰਨ ਲਈ ਮਜਬੂਰ ਹੋਣਗੇ।