ਰੱਖੜੀ ਵਾਲਾ ਧਾਗਾ ਬੜਾ ਹੀ ਕੀਮਤੀ ਹੁੰਦਾ ਵੀਰਾ ਵੇ,
ਇਸਨੂੰ ਸੁੱਖ ਤੇਰੀ ਮੰਗ… ਚਾਵਾਂ ਦੇ ਨਾਲ਼ ਗੁੰਦਿਆ ਵੇ।
ਪਿਆਰ ਤੇਰੇ ਦੀ ਭੁੱਖੀ ਭੈਣ, ਹੋਰ ਕੁਝ ਵੀ ਨਾ ਲੋਚੇ ਵੇ,
ਅਸੀਸਾਂ ਭੈਣ ਦੀਆਂ ਸਾਂਭ ਕੇ ਰੱਖੀਂ, ਹੱਸਦਾ-ਵੱਸਦਾ ਰਹੀ ਵੇ।
ਵਿਹੜਾ ਬਾਬਲ ਦਾ ਰਹੇ ਖਿੜਿਆ, ਮਨਾਉ ਸਭ ਤਿਉਹਾਰ ਵੇ,
ਪਰ ਕਦੇ-ਕਦੇ ਭੈਣ ਦਾ ਵੀ ਕਰ ਲਿਆ ਕਰਿਉ ਇੰਤਜ਼ਾਰ ਵੇ।
ਬੁਰੀਆਂ ਨਜ਼ਰਾਂ ਤੋਂ ਸਦਾ ਬਚਾਵੇ, ਮੇਰਾ ਮਾਲਕ ਸੱਚਾ ਤੈਨੂੰ ਵੇ,
ਨਿੱਤ ਸੁੱਖ ਮੰਗਾ ਤੇਰੇ ਘਰ ਦੀ, ਆਉਣ ਠੰਡੀਆਂ ਹਵਾਵਾਂ ਵੇ।
ਫੁੱਲਾਂ ਦੀਆਂ ਮਹਿਕਾਂ ਹੀ ਬਸ.. ਲੋਚੇ ਤੇਰੀ ਭੈਣ ਨਦਾਨ ਵੇ,
ਕਦੀ ਆ ਜਾਇਆ ਕਰ ਮਿਲਣ਼, ਬਣ ਕੇ ਹਵਾ ਦਾ ਬੁੱਲ੍ਹਾ ਵੇ।
ਰੱਖੜੀ ਲੈ ਕੇ ਮੈਂ ਚਾਈਂ-ਚਾਈਂ.. ਜਾਵਾਂ ਤੇਰੇ ਨਿੱਤ ਵਿਹੜੇ ਵੇ,
ਝੋਲੀ ਭਰਿਆ ਕਰ ਪਿਆਰ ਨਾਲ਼,ਗਲ ਲੱਗ ਜਾਇਆ ਕਰ ਵੇ।
ਰੱਖੜੀ ਦਾ ਇਹ ਕੱਚਾ ਧਾਗਾ, ਬਣਾਵੇ ਪੱਕਾ ਰਿਸ਼ਤਾ ਵੇ,
ਤੈਨੂੰ ਮਿਲ ਕੇ ਸੀਨੇ ਠੰਡ ਪੈਂਦੀ, ਵੱਸਣ ਚਾਹੇ ਲੋਕ ਅਨੇਕਾਂ ਵੇ।
ਮਾਂ ਦੀ ਕੁੱਖ ਤੋਂ ਸਾਡਾ ਸਾਂਝਾ ਰਿਸ਼ਤਾ, ਸਭ ਤੋਂ ਉੱਚਾ-ਸੁੱਚਾ ਵੇ,
ਗੁੱਸੇ ਗਿਲੇ ਛੱਡ ਵੀਰਾ, ਆਖ਼ਰੀ ਸਾਹ ਤੱਕ ਪਿਆਰ ਨਿਭਾਈ ਵੇ।

ਪਰਵੀਨ ਕੌਰ ਸਿੱਧੂ
8146536200
ਲਿਖਤ ਨੂੰ ਜਗਾਂ ਦੇਣ ਲਈ ਬਹੁਤ ਸ਼ੁਕਰੀਆ ਅਤੇ ਸਤਿਕਾਰ ਜੀਉ