ਕੋਟਕਪੂਰਾ, 9 ਅਗਸਤ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਨੇੜਲੇ ਪਿੰਡ ਔਲਖ ਵਿਖੇ ਅੱਜ ਦਿਨ ਚੜਦੇ ਹੀ ਇੱਕ ਵਿਅਕਤੀ ਵੱਲੋਂ ਤੇਜਧਾਰ ਹਥਿਆਰ ਨਾਲ ਕਈ ਵਾਰ ਕਰਕੇ ਇੱਕ ਔਰਤ ਦਾ ਕਤਲ ਕਰ ਦਿੱਤੇ ਜਾਣ ਦੀ ਦੁਖਦਾਇਕ ਖਬਰ ਮਿਲੀ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਸ਼ਮਸ਼ੇਰ ਸਿੰਘ ਸ਼ੇਰਗਿੱਲ ਡੀ.ਐਸ.ਪੀ. ਫਰੀਦਕੋਟ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਮੌਕੇ ’ਤੇ ਪੁੱਜੀ। ਇਸ ਸਬੰਧ ’ਚ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਸੁਖਪ੍ਰੀਤ ਕੌਰ (45) ਪਤਨੀ ਤਾਰਾ ਸਿੰਘ ਵਾਸੀ ਪਿੰਡ ਔਲਖ ਸਵੇਰੇ 7:00 ਵਜੇ ਦੇ ਕਰੀਬ ਕੰਮਕਾਜ ਸਬੰਧੀ ਜਾ ਰਹੀ ਸੀ, ਕਿ ਇਸ ਦੌਰਾਨ ਜਦ ਉਹ ਪਿੰਡ ਵਿੱਚ ਬਲਜਿੰਦਰ ਸਿੰਘ ਦੇ ਘਰ ਕੋਲ ਪੁੱਜੀ ਤਾਂ ਗੁਰਪ੍ਰੀਤ ਸਿੰਘ ਗੋਰਾ ਵਾਸੀ ਕੋਟਕਪੂਰਾ ਨੇ ਇਸਨੂੰ ਘੇਰ ਕੇ ਇਸ ’ਤੇ ਤੇਜਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਉਕਤ ਔਰਤ ਬੁਰੀ ਤਰਾਂ ਜਖਮੀ ਹੋ ਗਈ, ਜਿਸ ਨੂੰ ਪਹਿਲਾਂ ਬਾਬਾ ਦਿਆਲ ਸਿੰਘ ਸਿਵਲ ਹਸਪਤਾਲ ਕੋਟਕਪੂਰਾ ਲਿਆਂਦਾ ਗਿਆ, ਜਿਸ ਤੋਂ ਬਾਅਦ ਇਸਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਫਰੀਦਕੋਟ ਭੇਜ ਦਿੱਤਾ ਗਿਆ, ਜਿੱਥੇ ਡਾਕਟਰਾਂ ਨੇ ਇਸਨੂੰ ਮਿ੍ਰਤਕ ਐਲਾਨ ਦਿੱਤਾ। ਇਸ ਸਬੰਧ ’ਚ ਤਫਤੀਸ਼ੀ ਅਧਿਕਾਰੀ ਥਾਣਾ ਸਦਰ ਕੋਟਕਪੂਰਾ ਦੇ ਏ.ਐਸ.ਆਈ. ਬਲਵਿੰਦਰ ਸਿੰਘ ਨੇ ਦੱਸਿਆ ਕਿ ਪਰਿਵਾਰ ਅਨੁਸਾਰ ਮਿ੍ਰਤਕ ਔਰਤ ਦਾ ਪਤੀ 7-8 ਸਾਲਾਂ ਤੋਂ ਵਿਦੇਸ਼ ’ਚ ਰਹਿੰਦਾ ਹੈ। ਉਨਾਂ ਦੱਸਿਆ ਕਿ ਇਸ ਸਬੰਧ ’ਚ ਮਿ੍ਰਤਕ ਔਰਤ ਦੇ ਲੜਕੇ ਜੀਵਨ ਸਿੰਘ ਦੇ ਬਿਆਨਾਂ ’ਤੇ ਗੁਰਪ੍ਰੀਤ ਸਿੰਘ ਉਰਫ ਗੋਰਾ ਵਾਸੀ ਕੋਟਕਪੂਰਾ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਉਹਨਾਂ ਦੱਸਿਆ ਕਿ ਮਿ੍ਰਤਕ ਔਰਤ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਹਵਾਲੇ ਕਰ ਦਿੱਤਾ ਗਿਆ ਹੈ।