ਚੰਡੀਗੜ੍ਹ ,1 ਦਸੰਬਰ (ਅੰਜੂ ਅਮਨਦੀਪ ਗਰੋਵਰ/ ਵਰਲਡ ਪੰਜਾਬੀ ਟਾਈਮਜ)
ਪੁੰਗਰਦੇ ਹਰਫ਼ ਵਿਸ਼ਵ ਸਾਹਿਤਕ ਮੰਚ ਵੱਲੋਂ ਲੜੀਵਾਰ ਪ੍ਰੋਗਰਾਮ “ਸੁਖ਼ਨ ਸਾਂਝ” ਦੇ ਤਹਿਤ ਲਹਿੰਦੇ ਪੰਜਾਬ ਦੇ ਨਾਮਵਰ ਲੇਖਕ ਤੇ ਸ਼ਾਇਰ ਪ੍ਰੋ. ਅਮਾਨਤ ਅਲੀ ਮੁਸਾਫ਼ਿਰ ਗਿੱਲ ਜੀ ਦੇ ਵਿਚਾਰਾਂ ਤੋਂ ਪ੍ਰਭਾਵਿਤ ਹੋ ਕੇ ਉਹਨਾਂ ਨਾਲ ਦੂਜੀ ਵਾਰ ਵਿਸ਼ੇਸ਼ ਮੁਲਾਕਾਤ ਕਰਵਾਈ ਗਈ। ਮੰਚ ਦੇ ਸੰਸਥਾਪਕ ਰਮਨਦੀਪ ਕੌਰ ਰੰਮੀ ਜੀ ਨੇ ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ ਪ੍ਰੋਫੈਸਰ ਸਾਹਿਬ ਨੂੰ ਸਵਾਗਤ ਆਖਿਆ। ਮੰਚ ਦੇ ਪ੍ਰਬੰਧਕ ਤੇ ਪ੍ਰੋਗਰਾਮ ਦਾ ਸੰਚਾਲਨ ਕਰ ਰਹੇ ਅਮਨਬੀਰ ਸਿੰਘ ਧਾਮੀ ਜੀ ਨੇ ਪ੍ਰੋਫ਼ੈਸਰ ਸਾਹਿਬ ਤੋਂ ਬਹੁਤ ਭਾਵਪੂਰਨ ਸਵਾਲ ਪੁੱਛੇ ਜਿਹਨਾਂ ਨੂੰ ਅਮਾਨਤ ਅਲੀ ਜੀ ਨੇ ਬਹੁਤ ਹੀ ਸਾਦੇ ਢੰਗ ਨਾਲ ਆਪਣੀ ਗੱਲਬਾਤ ਦੌਰਾਨ ਪੇਸ਼ ਕੀਤਾ। ਉਹਨਾਂ ਨੇ ਆਪਣੀਆਂ ਰਚਨਾਵਾਂ ਰਾਹੀਂ ਦੋਵਾਂ ਪੰਜਾਬਾਂ ਨੂੰ ਇਕ ਕਰਦਿਆਂ ਆਪਣੀ ਮੁਹੱਬਤ ਜ਼ਾਹਿਰ ਕੀਤੀ। ਉਹਨਾਂ ਇਸ ਮੁਲਾਕਾਤ ਦੌਰਾਨ ਆਪਣੇ ਜੀਵਨ ਦੇ ਤਜ਼ਰਬਿਆਂ ਬਾਰੇ ਵੀ ਸਰੋਤਿਆਂ ਨੂੰ ਜਾਣਕਾਰੀ ਦਿੱਤੀ । ਆਪਣੀਆਂ ਰਚਨਾਵਾਂ ਦੇ ਬੋਲਾਂ ਨਾਲ ਵੰਡ ਦੇ ਹੰਢਾਏ ਦਰਦਾਂ ਨੂੰ ਬਿਆਨ ਕੀਤਾ । ਉਹਨਾਂ ਆਪਣੇ ਚੜ੍ਹਦੇ ਵੱਲ ਵੱਸਦੇ ਭੈਣ ਭਰਾਵਾਂ ਨੂੰ ਮਿਲਣ ਦੀ ਇੱਛਾ ਰੱਖੀ ਤੇ ਤਾਰਾਂ ਦੇ ਪਾਰ ਹਰ ਇਕ ਦੇ ਦਿਲਾਂ ਵਿੱਚ ਵੱਸਦੀ ਮੁਹੱਬਤ ਨੂੰ ਆਪਣੇ ਸ਼ਬਦਾਂ ਦੇ ਰੂਪ ਵਿੱਚ ਸਰੋਤਿਆਂ ਦੇ ਰੁਬਰੂ ਪੇਸ਼ ਕੀਤਾ। ਉਹਨਾਂ ਆਪਣੇ ਲਿਖਣ ਦੇ ਸਫ਼ਰ ਬਾਰੇ ਦੱਸਦਿਆਂ ਆਪਣੇ ਛਪੇ ਕਾਵਿ ਸੰਗ੍ਰਹਿਆਂ ਦਾ ਵੀ ਜ਼ਿਕਰ ਕੀਤਾ।
ਲਗਾਤਾਰ ਹੋਈ ਇਸ ਗੱਲਬਾਤ ਤੋਂ ਇਕ ਉਦੇਸ਼ ਆਪਣੇ ਸਰੋਤਿਆਂ ਨੂੰ ਦਿੱਤਾ ਕਿ ਪੰਜਾਬੀਓ ਪਿਆਰ ਕਰੋ ਤੇ ਨਫ਼ਰਤਾਂ ਭੁੱਲ ਕੇ ਇੱਕ ਹੋ ਜਾਓ। ਅਖੀਰ ਅਮਨਬੀਰ ਸਿੰਘ ਧਾਮੀ ਜੀ ਨੇ ਆਪਣੇ ਵੱਡਮੁਲੇ ਸ਼ਬਦਾਂ ਨਾਲ ਅਮਾਨਤ ਅਲੀ ਜੀ ਦਾ ਧੰਨਵਾਦ ਕਰਦਿਆਂ ਪ੍ਰੋਗਰਾਮ ਨੂੰ ਸਮਾਪਤ ਕੀਤਾ । ਪ੍ਰੋਗਰਾਮ ਵਿੱਚ ਮਨਦੀਪ ਕੌਰ ਭਦੌੜ ਜੀ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਨ ਆਪਣੇ ਵਿਚਾਰ ਸਾਂਝੇ ਕੀਤੇ ਤੇ ਪ੍ਰੋਗਰਾਮ ਵਿੱਚ ਚੇਅਰਮੈਨ ਬਲਿਹਾਰ ਸਿੰਘ ਲੇਲ੍ਹ (ਅਮਰੀਕਾ )ਸੀਨੀਅਰ ਮੀਤ ਪ੍ਰਧਾਨ ਹਰਮੀਤ ਕੌਰ ਮੀਤ(ਗੁਰਦਾਸਪੁਰ )ਤੇ ਮੀਡੀਆ ਇੰਚਾਰਜ ਸਿਮਰਨਜੀਤ ਕੌਰ ਸਿਮਰ ਨੇ ਪ੍ਰੋਗਰਾਮ ਨੂੰ ਟੈਕਨੀਕਲੀ ਸੰਭਾਲਿਆ।
Leave a Comment
Your email address will not be published. Required fields are marked with *