ਲੰਬੇ ਸਮੇਂ ਤੋਂ, ਹੰਸਪਾਲ ਜੀ ਮੇਰੇ ਵੱਡੇ ਵਿਰੋਧੀ ਬਣੇ ਹੋਏ ਹਨ। ਵਿਰੋਧ ਆਪਣੀ ਥਾਂ, ਪ੍ਰੰਤੂ ਉਨ੍ਹਾਂ ਦੇ ਇੱਕ ਵਿਸ਼ੇਸ਼ ਗੁਣ ਕਾਰਨ ਸਮੁੱਚੇ ਸਿੱਖ ਪੰਥ ਨੂੰ ਜੋ ਲਾਭ ਹੋਇਆ ਹੈ; ਇਸ ਸਮੇਂ, ਮੈਂ ਉਸ ਪੰਥਕ ਲਾਭ ਨੂੰ ਮੁੱਖ ਰੱਖਦਾ ਹਾਂ। ਉਨ੍ਹਾਂ ਵੱਲੋਂ ਤਿੱਖਾ ਵਿਰੋਧ ਹੁੰਦਿਆਂ ਹੋਇਆਂ ਵੀ, ਹੰਸਪਾਲ ਜੀ ਦੁਆਰਾ, ਪੂਰਨ ਗੁਰਮੁਖੀ ਪਹਿਰਾਵੇ ਰਾਹੀਂ, ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਉੱਤੇ, ਸਿੱਖ ਪੰਥ ਦੀ ਸ਼ਾਨ ਵਧਾਉਣ ਕਰਕੇ; ਉਹਨਾਂ ਦੀ ਸੋਭਾ ਵਿੱਚ ਮੈਂ ਇਹ ਲੇਖ ਲਿਖ ਰਿਹਾ ਹਾਂ। ਉਹਨਾਂ ਨੂੰ ਖੁਸ਼ ਕਰਨ ਵਾਸਤੇ ਨਹੀਂ ਲਿਖ ਰਿਹਾ। ਇਸ ਲੇਖ ਵਿਚ ਉਹਨਾਂ ਦਾ ਪੂਰਨ ਗੁਰਮੁਖੀ ਪਹਿਰਾਵੇ ਵਾਲਾ ਇੱਕੋ ਹੀ ਪੱਖ ਉਜਾਗਰ ਕਰ ਰਿਹਾ ਹਾਂ। ਪੂਰਨ ਗੁਰਮੁਖੀ ਪਹਿਰਾਵੇ ਵਿੱਚ: ਰਾਜ ਸਭਾ ਵਿੱਚ ਅਤੇ ਹੋਰ ਬਹੁਤ ਸਾਰੀਆਂ ਉੱਚ ਪਦਵੀਆਂ ਉੱਤੇ ਸੁਸ਼ੋਭਿਤ ਹੋਣ ਵਾਲੇ, ਅੱਜ ਤੱਕ ਦੇ ਇੱਕੋ ਇੱਕ ਗੁਰਸਿੱਖ; ਹੰਸਪਾਲ ਜੀ ਹਨ।
ਪੂਰਨ ਸਿੱਖੀ ਸਰੂਪ ਵਿੱਚ, ਭਾਵ: ਸਾਬਤ ਸੂਰਤ ਕੇਸ, ਖੁੱਲ੍ਹੀ ਦਾੜ੍ਹੀ, ਸਫੇਦ
ਗੋਲ ਦਸਤਾਰ, ਕੁੜਤਾ, ਪਜਾਮਾ ਆਦਿ ਪਹਿਨ ਕੇ; ਭਾਰਤ ਦੀ “ਰਾਜ ਸਭਾ” ਵਿੱਚ ਪਹੁੰਚਣ ਵਾਲੇ, ਪਹਿਲੇ ਅੰਮ੍ਰਿਤਧਾਰੀ ਖਾਲਸਾ ਅਤੇ ਗੁਰਸਿੱਖ ਹਰਵਿੰਦਰ ਸਿੰਘ ਹੰਸਪਾਲ ਹਨ। ਭਾਵੇਂ ਭਾਰਤ ਦੀ ਲੋਕ ਸਭਾ ਵਿੱਚ ਅਤੇ ਰਾਜ ਸਭਾ ਵਿੱਚ ਬਹੁਤ ਸਾਰੇ ਕੇਸਾਧਾਰੀ ਸਿੱਖ ਪਹੁੰਚੇ, ਗਿਆਨੀ ਜੈਲ ਸਿੰਘ ਰਾਸ਼ਟਰਪਤੀ ਬਣੇ, ਲੋਕ ਸਭਾ ਦੇ ਸਪੀਕਰ ਡਾਕਟਰ ਹੁਕਮ ਸਿੰਘ ਬਣੇ, ਸਰਦਾਰ ਸਵਰਨ ਸਿੰਘ ਵਿਦੇਸ਼ ਮੰਤਰੀ ਬਣੇ ਅਤੇ ਹੋਰ ਵੀ ਉੱਚ ਪਦਵੀਆਂ ਉੱਪਰ, ਕੇਂਦਰੀ ਸਰਕਾਰ ਵਿੱਚ; ਬਹੁਤ ਸਾਰੇ ਕੇਸਾਧਾਰੀ ਸਿੱਖ ਸੁਸ਼ੋਭਿਤ ਹੋਏ। ਜੋ ਕਿ ਸਿੱਖ ਪੰਥ ਵਾਸਤੇ ਇਕ ਵੱਡੇ ਮਾਣ ਦੀ ਗੱਲ ਹੈ। ਭਾਰਤ ਦੀ ਜਨ ਸੰਖਿਆ ਦਾ ਕੇਵਲ 1.5 ਹੁੰਦਿਆਂ ਵੀ ਇਤਨੀ ਵੱਡੀ ਗਿਣਤੀ ਵਿੱਚ, ਇਤਨੀਆਂ ਉੱਚ ਪਦਵੀਆਂ ਉੱਤੇ (ਆਪਣੀ ਯੋਗਤਾ ਕਰਕੇ) ਸੁਸ਼ੋਭਿਤ ਹੋਣਾ; ਸਿੱਖ ਪੰਥ ਦੀ ਇਕ ਅਤਿਅੰਤ ਵਿਲੱਖਣ ਅਤੇ ਨਿਵੇਕਲੀ ਪ੍ਰਾਪਤੀ ਹੈ। ਜੋ ਕੇਵਲ ਸਤਿਗੁਰੂ ਨਾਨਕ ਦੇਵ ਜੀ ਦੀ ਕਿਰਪਾ ਦੁਆਰਾ ਹੀ ਸੰਭਵ ਹੈ। ਵਰਣਨਯੋਗ ਹੈ ਕਿ ਬਹੁਤ ਸਾਰੇ ਸਿੱਖ ਪੂਰੀ ਤਰ੍ਹਾਂ ਅਸਲੀ ਗੁਰਮੁਖੀ ਸਿੱਖੀ ਸਰੂਪ ਵਿੱਚ ਨਹੀਂ ਸਨ। ਕਿਸੇ ਦੀ ਦਾੜ੍ਹੀ ਬੰਨ੍ਹੀ ਹੋਈ ਸੀ, ਕਿਸੇ ਦੀ ਦਸਤਾਰ ਗੋਲ ਨਹੀਂ ਸੀ : ਨੁੱਕਰ ਵਾਲੀ ਸੀ, ਕਿਸੇ ਨੇ ਕੁੜਤਾ ਪਜਾਮਾ ਨਹੀਂ ਪਾਇਆ ਸੀ: ਪੈਂਟ ਅਤੇ ਸ਼ਰਟ ਜਾਂ ਕੋਟ ਪਾਇਆ ਸੀ। ਇਸ ਕਰਕੇ, ਉਹਨਾਂ ਵਿੱਚੋਂ ਕਿਸੇ ਵੀ ਸੱਜਣ ਦਾ ਪਹਿਰਾਵਾ ਪੂਰਨ ਰੂਪ ਵਿੱਚ ਗੁਰਸਿੱਖਾਂ ਵਾਲਾ ਨਹੀਂ ਸੀ। ਸੋ ਪੂਰਨ ਸਿੱਖੀ ਸਰੂਪ ਵਿੱਚ; ਖੁੱਲ੍ਹੇ ਦਾੜ੍ਹੇ ਨਾਲ, ਕੁੜਤਾ ਪਜਾਮਾ ਅਤੇ ਸਫੇਦ ਵਸਤਰ ਪਹਿਨ ਕੇ ਗੁਰੂ ਸਾਹਿਬਾਨ ਦੇ ਦਿੱਤੇ ਹੋਏ ਪਰੰਪਰਾਗਤ ਗੁਰਮੁਖੀ ਪਹਿਰਾਵੇ ਅਨੁਸਾਰ: ਰਾਜ ਸਭਾ ਵਿੱਚ ਪਹੁੰਚਣ ਵਾਲੇ ਅਤੇ ਹੋਰ ਵੀ ਕਈ ਉੱਚ ਪਦਵੀਆਂ ਉੱਤੇ ਸੁਸ਼ੋਭਿਤ ਹੋਣ ਵਾਲੇ ਪਹਿਲੇ ਗੁਰਸਿੱਖ: ਹਰਵਿੰਦਰ ਸਿੰਘ ਹੰਸਪਾਲ ਹਨ।
ਹੰਸਪਾਲ ਜੀ ਨੂੰ ਐਸੀ ਵੱਡੀ ਪ੍ਰਾਪਤੀ ਨਾਮਧਾਰੀ ਸਤਿਗੁਰੂ ਜਗਜੀਤ ਸਿੰਘ ਜੀ ਦੀ ਕਿਰਪਾ ਨਾਲ ਹੀ ਹੋਈ, ਕਿਉਂਕਿ ਉਹ ਸਤਿਗੁਰੂ ਜੀ ਦੇ ਅਨਿਨ ਸ਼ਰਧਾਲੂ ਹਨ। ਇਤਨੀਆਂ ਉੱਚ ਪਦਵੀਆਂ ਉੱਪਰ ਪਹੁੰਚ ਕੇ ਵੀ ਸਤਿਗੁਰੂ ਜੀ ਦੇ ਅਨਿਨ ਸ਼ਰਧਾਲੂ ਰਹਿਣਾ ਹੰਸਪਾਲ ਜੀ ਦੀ ਬਹੁਤ ਵੱਡੀ ਵਿਸ਼ੇਸ਼ਤਾ ਹੈ।
ਸਤਿਗੁਰੂ ਜਗਜੀਤ ਸਿੰਘ ਜੀ ਦੀ ਕਿਰਪਾ ਨਾਲ ਹੰਸਪਾਲ ਜੀ, ਕਾਂਗਰਸ ਪਾਰਟੀ ਵੱਲੋਂ ਜਿੱਤ ਕੇ, ਦੋ ਵਾਰੀ ਰਾਜ ਸਭਾ ਦੇ ਮੈਂਬਰ ਰਹੇ। ਇਸ ਤਰ੍ਹਾਂ ਹੰਸਪਾਲ ਜੀ 12 ਸਾਲ ਵਾਸਤੇ, ਰਾਜ ਸਭਾ ਵਿੱਚ ਪੂਰਨ ਗੁਰਸਿੱਖੀ ਸਰੂਪ ਵਿੱਚ ਰਹੇ। ਉਸ ਤੋਂ ਬਿਨਾਂ; ਪੰਜਾਬ ਪ੍ਰਦੇਸ਼ ਕਾਂਗਰਸ ਦੀ ਪ੍ਰਧਾਨਗੀ ਕਈ ਸਾਲ ਕੀਤੀ ਅਤੇ ਹੋਰ ਵੀ ਬਹੁਤ ਸਾਰੀਆਂ ਉੱਚ ਪਦਵੀਆਂ ਉੱਤੇ ਸੁਸ਼ੋਭਿਤ ਹੋਏ। ਕੇਵਲ ਕੁਛ ਵਿਸ਼ੇਸ਼ ਪਦਵੀਆਂ ਦਾ ਉੱਲੇਖ ਇਥੇ ਕਰ ਰਿਹਾ ਹਾਂ। ਵਿਕੀਪੀਡੀਆ ਅਨੁਸਾਰ 1981 ਵਿੱਚ (ਯੂ਼.ਐਨ.ਓ.) ਸੰਯੁਕਤ ਰਾਸ਼ਟਰ ਸੰਘ ਵਿੱਚ ਭਾਰਤ ਸਰਕਾਰ ਦੀ ਪ੍ਰਤੀਨਿਧਤਾ ਕੀਤੀ। 1988 ਤੋਂ 1992 ਤੱਕ ਰਾਜ ਸਭਾ ਦੀ, ਸਭਾ ਸਮਿਤੀ ਦੇ ਪ੍ਰਧਾਨ ਰਹੇ। 1990 ਵਿੱਚ ਰਾਜ ਸਭਾ ਦੇ ਮੁੱਖ ਸੁਚੇਤਕ ਨਿਯੁਕਤ ਕੀਤੇ ਗਏ, 2009-2012 ਰਾਸ਼ਟਰੀ ਘੱਟ ਗਿਣਤੀ ਕਮਿਸ਼ਨ ਦੇ ਮੈਂਬਰ ਰਹੇ। ਅੱਜ ਕੱਲ, “ਪੰਜਾਬ ਊਰਜਾ ਵਿਕਾਸ ਏਜੰਸੀ” ਦੇ ਪ੍ਰਧਾਨ ਹਨ ਅਤੇ “ਵਿਸ਼ਵ ਪੰਜਾਬੀ ਕਾਨਫਰੰਸ” ਦੇ ਵੀ ਪ੍ਰਧਾਨ ਹਨ। ਇਹਨਾਂ ਸਾਰੀਆਂ ਪਦਵੀਆਂ ਉੱਤੇ ਪੂਰਨ ਸਿੱਖੀ ਸਰੂਪ ਵਿੱਚ ਸੁਸ਼ੋਭਿਤ ਹੋਣ ਵਾਲੇ ਇੱਕੋ ਇੱਕ ਅਤੇ ਪਹਿਲੇ ਗੁਰਸਿੱਖ: ਹਰਵਿੰਦਰ ਸਿੰਘ ਹੰਸਪਾਲ ਹਨ।
ਕਈ ਸੱਜਣ ਨਾਮਧਾਰੀਆਂ ਨੂੰ ਸਿੱਖ ਹੀ ਪ੍ਰਵਾਨ ਨਹੀਂ ਕਰਦੇ। ਸਿੱਖ ਬਣਨ ਵਾਸਤੇ ਅਸਾਂਨੂੰ ਕਿਸੇ ਦੇ ਪ੍ਰਮਾਣ ਪੱਤਰ ਦੀ ਲੋੜ ਨਹੀਂ। ਅਕਾਲ ਤਖਤ ਸਾਹਿਬ ਸਮੇਤ, ਕਿਸੇ ਗੁਰੂ ਸਾਹਿਬਾਨ ਨੇ, ਕਿਸੇ ਨੂੰ ਵੀ ਇਹ ਅਧਿਕਾਰ ਨਹੀਂ ਦਿੱਤਾ ਕਿ ਤੁਸੀਂ ਕਿਸੇ ਸ਼ਰਧਾਲੂ ਨੂੰ ਕਹੋ “ਤੂੰ ਸਿੱਖ ਹੀ ਨਹੀਂ”। ਇਸ ਕਰਕੇ ਮੈਂ ਇੱਥੇ ਸਪੱਸ਼ਟ ਕਰ ਰਿਹਾ ਹਾਂ ਕਿ “ਅਸੀਂ ਨਾਮਧਾਰੀਏ ਪੂਰਨ ਰੂਪ ਵਿੱਚ ਅੰਮ੍ਰਿਤਧਾਰੀ ਖਾਲਸੇ ਹਾਂ ਅਤੇ “ਗੁਰੂ ਨਾਨਕ ਪੰਥੀ” ਸਿੱਖ ਹਾਂ।

ਠਾਕੁਰ ਦਲੀਪ ਸਿੰਘ