ਸਰੀ, 24 ਅਪ੍ਰੈਲ (ਹਰਦਮ ਮਾਨ/ਵਰਲਡ ਪੰਜਾਬੀ ਟਾਈਮਜ਼)
ਪੈਸੇਫਿਕ ਅਕੈਡਮੀ ਦੇ ਗਿਆਰਵੀ ਕਲਾਸ ਦੇ ਵਿਦਿਆਰਥੀ ਆਪਣੇ ਅਧਿਆਪਕ ਕਰਿਸ ਵੈਨਜ਼ੂਰਾ ਦੀ ਅਗਵਾਈ ਹੇਠ ਗੁਰਦੁਆਰਾ ਸਾਹਿਬ ਬਰੁੱਕਸਾਈਡ, ਸਰੀ ਵਿਖੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਅਤੇ ਸਿੱਖ ਧਰਮ ਬਾਰੇ ਜਾਣਕਾਰੀ ਹਾਸਲ ਕਰਨ ਲਈ ਨਤਮਸਤਕ ਹੋਏ। ਇਹ ਸਾਰੇ ਵਿਦਿਆਰਥੀ ਪਹਿਲੀ ਵਾਰ ਕਿਸੇ ਗੁਰਦੁਆਰਾ ਸਾਹਿਬ ਵਿਚ ਹਾਜ਼ਰੀ ਭਰਨ ਆਏ ਸਨ।
ਕੈਨੇਡੀਅਨ ਰਾਮਗੜ੍ਹੀਆ ਸੁਸਾਇਟੀ ਵੱਲੋਂ ਵਿਦਿਆਰਥੀਆਂ ਨੂੰ ਜੀ ਆਇਆਂ ਕਿਹਾ ਗਿਆ ਤੇ ਗੁਰਦੁਆਰਾ ਸਾਹਿਬ ਦੀ ਮਰਿਆਦਾ ਅਤੇ ਸਿਖ ਧਰਮ ਸੰਬੰਧੀ ਮੁਢਲੀ ਜਾਣਕਾਰੀ ਦਿੱਤੀ ਗਈ। ਵਿਦਿਆਰਥੀਆਂ ਨੇ ਵਾਰੋ ਵਾਰੀ ਸਿੱਖ ਧਰਮ ਬਾਰੇ ਅਤੇ ਗੁਰਦੁਆਰਾ ਸਾਹਿਬ ਵਿਚ ਦਿਖਾਈ ਦੇ ਰਹੇ ਪਹਿਲੂਆਂ ਬਾਰੇ ਆਪੋ ਆਪਣੇ ਸੁਆਲ ਵੀ ਪੁੱਛੇ। ਤੀਜੀ ਮੰਜ਼ਿਲ ‘ਤੇ ਤਕਰੀਬਨ ਇਕ ਘੰਟੇ ਦੇ ਵਿਚਾਰ ਵਟਾਂਦਰੇ ਬਾਅਦ ਦਰਬਾਰ ਹਾਲ ਵਿਚ ਪਹੁੰਚ ਕੇ ਵਿਦਿਆਰਥੀਆਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਰੋਜ਼ਾਨਾ ਪ੍ਰਕਾਸ਼, ਸੁੱਖਆਸਨ, ਕੀਰਤਨ ਤੇ ਦਰਬਾਰ ਹਾਲ ਵਿਚ ਗੁਰੂ ਜੀ ਦੀ ਹਜ਼ੂਰੀ ਵਿਚ ਸੰਗਤ ਦੇ ਬੈਠਣ ਦੀ ਪ੍ਰਥਾ ਤੋਂ ਵੀ ਜਾਣੂੰ ਹੋਏ। ਉੋਪਰੰਤ ਸਾਰਿਆਂ ਨੇ ਲੰਗਰ ਛਕਿਆ ਅਤੇ ਸੇਵਾਦਾਰਾਂ ਤੇ ਪ੍ਰਬੰਧਕਾਂ ਦਾ ਧੰਨਵਾਦ ਕਰਦੇ ਹੋਏ ਆਪਣੇ ਸਕੂਲ ਲਈ ਵਾਪਸੀ ਕੀਤੀ।
ਵਰਨਣਯੋਗ ਹੈ ਕਿ ਪੈਸੇਫਿਕ ਅਕੈਡਮੀ ਸਰੀ ਵਿਚ ਇਕ ਪ੍ਰਾਈਵੇਟ ਸਕੂਲ ਹੈ ਤੇ ਇਸ ਦੇ ਅਧਿਆਪਕ ਕਰਿਸ ਵੈਨਜ਼ੂਰਾ ਵਿਦਿਆਰਥੀਆਂ ਨੂੰ ਗੁਰਦੁਆਰਾ ਸਾਹਿਬ ਬਰੁੱਕਸਾਈਡ ਵਿਚ ਅਕਸਰ ਹੀ ਲਿਆਇਆ ਕਰਦੇ ਹਨ। ਉਨ੍ਹਾਂ ਵੱਲੋਂ ਵਿਦਿਆਰਥੀਆਂ ਨੂੰ ਆਪਣੇ ਆਂਢੀਆਂ ਗੁਆਂਢੀਆਂ ਦੇ ਧਰਮ ਤੇ ਸੱਭਿਆਚਾਰ ਤੋਂ ਜਾਣੂੰ ਹੋਣ ਦੇ ਮੌਕੇ ਪ੍ਰਦਾਨ ਕਰਵਾਉਣ ਦਾ ਇਹ ਬਹੁਤ ਸ਼ਲਾਘਾਯੋਗ ਕਦਮ ਹੈ।
Leave a Comment
Your email address will not be published. Required fields are marked with *