– ਪੋਸਟਰ, ਬੈਨਰ, ਪੈਫਲਿਟ ਦੇ ਕੰਟੇਂਟ ਦੀ ਐਮ.ਸੀ.ਐਮ.ਸੀ ਤੋਂ ਪੂਰਵ ਪ੍ਰਵਾਨਗੀ ਦੀ ਨਹੀਂ ਲੋੜ- ਜ਼ਿਲ੍ਹਾ ਚੋਣ ਅਫ਼ਸਰ
– ਆਡੀਓ/ਵੀਡੀਓ ਦੇ ਮਾਮਲੇ ਵਿੱਚ ਪੂਰਵ ਪ੍ਰਵਾਨਗੀ ਲਾਜ਼ਮੀ
ਫ਼ਰੀਦਕੋਟ 06 ਮਈ (ਧਰਮ ਪ੍ਰਵਾਨਾਂ/ਵਰਲਡ ਪੰਜਾਬੀ ਟਾਈਮਜ਼)
ਭਾਰਤ ਚੋਣ ਕਮਿਸ਼ਨ ਵੱਲੋਂ ਲੋਕ ਸਭਾ ਚੋਣਾਂ 2024 ਦੇ ਮੱਦੇਨਜ਼ਰ ਪੋਸਟਰ, ਪੈਫਲਿਟ, ਬੈਨਰ ਆਦਿ ਦੀ ਛਪਾਈ ਵਾਲੇ ਪ੍ਰਿੰਟਰਾਂ ਨੂੰ ਜਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਵੱਲੋਂ ਸਖਤ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਤਾਂ ਜੋ ਚੋਣ ਜਾਬਤੇ ਦੀ ਕਿਸੇ ਪ੍ਰਕਾਰ ਦੀ ਉਲੰਘਣਾ ਨਾ ਹੋਵੇ।
ਉਨਾਂ ਦੱਸਿਆ ਕਿ ਰਾਜਨੀਤਿਕ ਪਾਰਟੀਆਂ ਵੱਲੋਂ ਪ੍ਰਚਾਰ ਸਬੰਧੀ ਪੋਸਟਰ, ਪੈਫਲਿਟ, ਬੈਨਰ, ਵਾਲਪੇਪਰ ਆਦਿ ਛਪਾਉਣ ਵੇਲੇ ਜਿਲਾ ਪੱਧਰੀ ਐਮ.ਸੀ.ਐਮ.ਸੀ (ਮੀਡੀਆ ਸਰਟੀਫਿਕੇਸ਼ਨ ਐਂਡ ਮੋਨੇਟਰਿੰਗ ਕਮੇਟੀ) ਪਾਸੋਂ ਪ੍ਰੀ ਸਰਟੀਫਿਕੇਸ਼ਨ (ਪੂਰਵ ਪ੍ਰਵਾਨਗੀ) ਲੈਣ ਦੀ ਜਰੂਰਤ ਨਹੀਂ ਹੈ, ਪਰ ਉਹਨਾਂ ਤੇ ਆਉਣ ਵਾਲੇ ਖਰਚੇ ਦੀ ਜਾਣਕਾਰੀ ਆਰ.ਓ ਫਰੀਦਕੋਟ ਐਕਸਪੈਂਡੀਚਰ ਸੈਲ ਕਮਰਾ ਨੰ- 165,167 ਬੇਸਮੈਂਟ ( ਦਫ਼ਤਰ ਡੀ.ਸੀ.ਐਫ਼.ਏ) ਵਿਖੇ ਦਿੱਤੀ ਜਾਵੇ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਚੋਣ ਜ਼ਾਬਤੇ ਦੌਰਾਨ ਕਿਸੇ ਵੀ ਤਰ੍ਹਾਂ ਦੀ ਪ੍ਰਚਾਰ ਸਮੱਗਰੀ ਪੈਂਫਲਿਟ ਜਾਂ ਇਸ਼ਤਿਹਾਰ ਛਾਪਣ ਸਮੇਂ ਉਸ ਉਪਰ ਛਾਪਕ ਅਤੇ ਪ੍ਰਕਾਸ਼ਕ ਦਾ ਨਾਮ ਅਤੇ ਪੂਰਾ ਪਤਾ ਛਾਪਣਾ ਲਾਜ਼ਮੀ ਹੋਵੇਗਾ। ਉਨ੍ਹਾਂ ਕਿਹਾ ਕਿ ਉਹ ਪ੍ਰਿੰਟਿਡ ਮਟੀਰੀਅਲ ਦੀਆਂ ਚਾਰ ਕਾਪੀਆਂ ਵੀ ਜਮ੍ਹਾਂ ਕਰਾਉਣਗੇ। ਇਹ ਮੁਕੰਮਲ ਸੂਚਨਾ ਪ੍ਰਿੰਟਿੰਗ ਦੇ ਤਿੰਨ ਦਿਨ ਦੇ ਅੰਦਰ ਅੰਦਰ ਆਉਣੀ ਲਾਜ਼ਮੀ ਹੈ।
ਉਨ੍ਹਾਂ ਇਹ ਵੀ ਹਦਾਇਤ ਕੀਤੀ ਕਿ ਕੋਈ ਵੀ ਪ੍ਰਚਾਰ ਸਮੱਗਰੀ ਛਾਪਣ ਤੋਂ ਪਹਿਲਾਂ ਇਹ ਘੋਸ਼ਣਾ ਪੱਤਰ ਲਿਆ ਜਾਵੇ ਕਿ ਇਹ ਚੋਣ ਸਮੱਗਰੀ ਕਿਸ ਵੱਲੋਂ ਅਤੇ ਕਿੰਨੀ ਗਿਣਤੀ ਵਿੱਚ ਛਪਵਾਈ ਜਾ ਰਹੀ ਹੈ ਅਤੇ ਛਾਪੀ ਗਈ ਪ੍ਰਚਾਰ ਸਮੱਗਰੀ ਦੀ ਖਰਚੇ ਸਮੇਤ ਸੂਚਨਾ ਜ਼ਿਲ੍ਹਾ ਚੋਣ ਅਫ਼ਸਰ-ਕਮ-ਜ਼ਿਲ੍ਹਾ ਮੈਜਿਸਟ੍ਰੇਟ ਨੂੰ ਐਕਸਪੈਂਡੀਚਰ ਸੈਲ ਰਾਹੀਂ ਦੇਣੀ ਲਾਜ਼ਮੀ ਹੋਵੇਗੀ।
ਉਨ੍ਹਾਂ ਕਿਹਾ ਕਿ ਜਿਹੜੀ ਵੀ ਪ੍ਰਿੰਟਿੰਗ ਪ੍ਰੈਸ, ਪ੍ਰਚਾਰ ਸਮੱਗਰੀ ਨੂੰ ਛਾਪੇਗੀ ਉਸ ਵੱਲੋਂ ਬੈਨਰ, ਫ਼ਲੈਕਸ, ਪੋਸਟਰ, ਪੈਂਫਲਿਟ, ਕਿਤਾਬਚੇ ਉਪਰ ਆਪਣੀ ਪ੍ਰੈਸ ਦਾ ਨਾਮ, ਪਤਾ ਗਿਣਤੀ ਛਾਪਣਾ 127 (ਏ) ਆਫ ਆਰ.ਬੀ.ਐਕਟ 1951 ਤਹਿਤ ਲਾਜ਼ਮੀ ਹੋਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਪ੍ਰਿੰਟਿੰਗ ਪ੍ਰੈੱਸ ਵੱਲੋਂ ਜਾਤ-ਪਾਤ, ਧਰਮ ਆਦਿ ਸਬੰਧੀ ਕੋਈ ਵੀ ਇਤਰਾਜ਼ਯੋਗ ਮਟੀਰੀਅਲ ਨਹੀਂ ਛਾਪਿਆ ਜਾਵੇਗਾ।
ਉਹਨਾਂ ਦੱਸਿਆ ਕਿ ਕਿਸੇ ਵੀ ਕਿਸਮ ਦੀ ਇਸ਼ਤਿਹਾਰਬਾਜ਼ੀ ਵਿੱਚ ਭੱਦੀ ਸ਼ਬਦਾਵਲੀ, ਕਿਸੇ ਵੀ ਧਰਮ ਦੇ ਖਿਲਾਫ ਵਰਤੀ ਜਾਂਦੀ ਸ਼ਬਦਾਵਲੀ ਜਿਸ ਨਾਲ ਅਮਨ ਕਾਨੂੰਨ ਦੀ ਸਥਿਤੀ ਵਿਗੜਦੀ ਹੋਵੇ, ਇਸ਼ਤਿਹਾਰ ਨੂੰ ਨਾ ਛਾਪਿਆ ਜਾਵੇ। ਉਨ੍ਹਾਂ ਦੱਸਿਆ ਕਿ ਸੂਬਾ ਪੱਧਰ ਅਤੇ ਰਾਸ਼ਟਰੀ ਪੱਧਰ ਤੇ ਰਜਿਸਟਰਡ ਰਾਜਨੀਤਿਕ ਪਾਰਟੀਆਂ ਆਪਣੇ ਇਸ਼ਤਿਹਾਰ ਦੀ ਮਨਜ਼ੂਰੀ ਲਈ ਤਿੰਨ ਦਿਨ ਪਹਿਲਾਂ ਐਮ.ਸੀ.ਐਮ.ਸੀ ਸੈੱਲ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਫਰੀਦਕੋਟ ਵਿਖੇ ਅਰਜੀ ਦੇਣਗੀਆਂ ਜਦ ਕਿ ਗੈਰ ਰਜਿਸਟਰਡ ਅਤੇ ਆਜ਼ਾਦ ਉਮੀਦਵਾਰ ਪਾਰਟੀਆਂ ਸੱਤ ਦਿਨ ਪਹਿਲਾਂ ਇਹ ਮਨਜ਼ੂਰੀ ਪ੍ਰਾਪਤ ਕਰਨ ਲਈ ਅਰਜੀ ਦੇਣਗੀਆ।
ਉਨ੍ਹਾਂ ਇਹ ਵੀ ਹਦਾਇਤ ਕੀਤੀ ਕਿ ਸੋਸ਼ਲ ਮੀਡੀਆ, ਇੰਟਰਨੈਂਟ, ਵੈਬਸਾਈਟ ਵੀ ਇਲੈਕਟਰੋਨਿਕ ਮੀਡੀਆ ਦਾ ਹਿੱਸਾ ਹੈ, ਇਸ ਕਾਰਨ ਇਨ੍ਹਾਂ ਉੱਪਰ ਕੋਈ ਵੀ (ਆਡੀਓ/ਵੀਡੀਓ) ਕੰਟੈਂਟ ਪਾਉਣ ਤੋਂ ਪਹਿਲਾਂ ਐਮ.ਸੀ.ਐਮ.ਸੀ ਸੈਲ ਦੀ ਪ੍ਰਵਾਨਗੀ ਲੈਣੀ ਲਾਜ਼ਮੀ ਹੋਵੇਗੀ।
ਇਸ ਤੋਂ ਇਲਾਵਾ ਜੇਕਰ ਕਿਸੇ ਰਾਜਨੀਤਿਕ ਪਾਰਟੀ ਵਲੋਂ ਆਡੀਓ/ਵੀਜੀਓਲ/ਵੀਡੀਓ) ਕੰਟੈਂਟ ਕਿਸੇ ਜਨਤਕ ਥਾਂ ਤੇ ਇਸ਼ਤਿਹਾਰ ਦੇ ਰੂਪ ਵਿੱਚ ਚਲਾਉਣਾ ਹੈ ਤਾਂ ਉਸ ਦੀ ਪੂਰਵ ਪ੍ਰਵਾਨਗੀ ਵੀ ਐਮ.ਸੀ.ਐਮ.ਸੀ ਸੈਲ ਤੋਂ ਲੈਣੀ ਲਾਜ਼ਮੀ ਹੋਵੇਗੀ। ਉਨ੍ਹਾਂ ਕਿਹਾ ਕਿ ਚੋਣਾਂ ਵਾਲੇ ਦਿਨ ਜਾਂ ਉਸ ਤੋਂ ਇਕ ਦਿਨ ਪਹਿਲਾਂ ਪ੍ਰਿੰਟ ਮੀਡੀਆ ਵਿਚ ਛੱਪਣ ਵਾਲੇ ਇਸ਼ਤਿਹਾਰਾਂ ਦੀ ਪ੍ਰੀ ਸਰਟੀਫਿਕੇਸ਼ਨ (ਪੂਰਵ ਮਨਜ਼ੂਰੀ )ਲਈ ਉਮੀਦਵਾਰ ਜਾਂ ਪਾਰਟੀ ਨੂੰ ਘੱਟੋ ਘੱਟ ਦੋ ਦਿਨ ਪਹਿਲਾਂ ਐਮ.ਸੀ.ਐਮ.ਸੀ. (ਏ ਆਰ.ਓ)ਕੋਲ ਅਰਜੀ ਦੇਣਾ ਲਾਜਮੀ ਹੋਵੇਗਾ।
ਵੀਡੀਓ ਦੇ ਮਾਮਲੇ ਵਿੱਚ ਵੀਡੀਓ ਤੋਂ ਇਲਾਵਾ ਲਿਖਤੀ ਤਸਦੀਕ ਸੁਦਾ ਸਕ੍ਰਿਪਟ ਵੀ ਦੇਣੀ ਲਾਜ਼ਮੀ ਹੋਵੇਗੀ। ਇਸ ਦੇ ਨਾਲ ਹੀ ਵੀਡੀਓ ਬਣਾਉਣ ਤੇ ਕੀਤੇ ਗਏ ਖਰਚੇ ਦਾ ਵੇਰਵਾ ਵੀ ਦੱਸਣਾ ਹੋਵੇਗਾ। ਉਹਨਾਂ ਇਹ ਵੀ ਦੱਸਿਆ ਕਿ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਵੱਲੋਂ ਜਿਸ ਦਿਨ ਇਸ਼ਤਿਹਾਰ ਛਾਪਿਆ ਜਾਵੇਗਾ, ਉਸ ਦਾ ਵੇਰਵਾ ਵੀ ਦੇਣਾ ਲਾਜ਼ਮੀ ਹੋਵੇਗਾ। ਇਸ ਦੇ ਨਾਲ ਹੀ ਉਹਨਾਂ ਟੀਮ ਮੈਂਬਰਾਂ ਨੂੰ ਝੂਠੀਆਂ ਖਬਰਾਂ, ਪੇਡ ਨਿਊਜ਼ ਤੇ ਵੀ ਲਗਾਤਾਰ ਨਜ਼ਰਸਾਨੀ ਸਬੰਧੀ ਵੀ ਜਾਣਕਾਰੀ ਦਿੱਤੀ।
ਉਨ੍ਹਾਂ ਕਿਹਾ ਕਿ ਕੋਈ ਵੀ ਰਾਜਨੀਤਿਕ ਕੰਟੈਂਟ, ਸੰਦੇਸ਼/ਕਮੈਂਟ/ਫੋਟੋ/ਪੋਸਟ ਕੀਤਾ ਬਲੋਗ/ਸੈਲਫ ਅਕਾਊਂਟ ਤੇ ਅਪਲੋਡ ਕੀਤਾ ਗਿਆ, ਇਸ ਨੂੰ ਰਾਜਨੀਤਿਕ ਇਸ਼ਤਿਹਾਰ ਵਜੋਂ ਨਹੀਂ ਦੇਖਿਆ ਜਾਵੇਗਾ ਅਤੇ ਇਸ ਦੀ ਪ੍ਰੀ ਸਰਟੀਫਿਕੇਸ਼ਨ ਦੀ ਲੋੜ ਨਹੀਂ ਹੋਵੇਗੀ।
Leave a Comment
Your email address will not be published. Required fields are marked with *