ਅੱਜ ਦੇ ਵਿਗਿਆਨਿਕ ਯੁੱਗ ਵਿੱਚ ਜੀਅ ਰਹੇ ਲੋਕ ਚਮਤਕਾਰ, ਮੰਨਣਾ ਤਾ ਦੂਰ ਦੀ ਗੱਲ ਹੈ ਇਸਦੇ ਨਾਂ ਤੋਂ ਵੀ ਚਿੜ ਜਾਂਦੇ ਹਨ। ਵਿਗਿਆਨ ਦੁਨੀਆਂ ਤੇ ਇਸ ਕਦਰ ਫੈਲ ਗਿਆ ਹੈ ਕਿ ਇਸ ਨੇ ਲੋਕਾਂ ਦੇ ਨਜ਼ਰੀਏ ਵਿੱਚ ਭਾਰੀ ਤਬਦੀਲੀ ਕੀਤੀ ਹੈ । ਹਰ ਕੋਈ ਇਨਸਾਨ ਤਰਕ ਦੇ ਅਧਾਰ ਤੇ ਗੱਲ ਕਰਨੀ ਤੇ ਸੁਣਨੀ ਪਸੰਦ ਕਰਦਾ ਹੈ ਪਰ ਅਸੀਂ ਗੱਲ ਹੀ ਚਮਤਕਾਰ ਤੇ ਕਰਨੀ ਹੈ।
ਸ੍ਰਿਸ਼ਟੀ ਦੇ ਹਰ ਕੋਨੇ ਵਿੱਚ ਹਰ ਪਲ ਚਮਤਕਾਰ ਹੋ ਰਿਹਾ ਹੈ ।ਸ੍ਰਿਸ਼ਟੀ ਚਮਤਕਾਰ ਤੋਂ ਪੈਦਾ ਹੋਈ ਤੇ ਚਮਤਕਾਰ ਨਾਲ ਹੀ ਇਸਨੇ ਪ੍ਰਲੈ ਵਿੱਚ ਸਮਾ ਜਾਣਾ ਹੈ । ਧਰਤੀ ਤੇ ਪ੍ਰਗਟ ਹੋਏ ਤਮਾਮ ਰਹਿਬਰਾਂ ਨੇ ਗੁੰਝਲਦਾਰ ਵਿਸ਼ੇ ‘ਸ੍ਰਿਸ਼ਟੀ ਰਚਨਾ, ਬ੍ਰਹਮ, ਪ੍ਰਕਿਰਤੀ, ਮੌਤ ਆਦਿ ਬਾਰੇ ਆਪਣੇ ਬੇਸ਼ਕੀਮਤੀ ਵਿਚਾਰ ਪੇਸ਼ ਕੀਤੇ ਹਨ ਬਹੁਤੇ ਵਿਚਾਰ ਕਿਸੇ ਸਿੱਟੇ ਤੇ ਨਾ ਪਹੁੰਚਾ ਕੇ ਇਹਨਾ ਨੂੰ ਹੋਰ ਗੁੰਝਲਦਾਰ ਵਿਸ਼ਾ ਬਣਾ ਦਿੰਦੇ ਹਨ ਪਰ ਫਿਰ ਵੀ ਪ੍ਰਕਿਰਤੀ ਨਾਲ ਤਾਲ ਮੇਲ ਬਣਾ ਕੇ ਜੀਵਨ ਜਿਊਣ ਦਾ ਸਾਰੇ ਰਹਿਬਰਾਂ ਦਾ ਉਪਦੇਸ਼ ਸਾਂਝਾ ਹੈ। ਹਰ ਇੱਕ ਜਾਗੀ ਹੋਈ ਆਤਮਾ ਨੇ ਪ੍ਰਕਿਰਤੀ ਅਤੇ ਉਪਰੋਕਤ ਵਿਸ਼ਿਆਂ ਬਾਰੇ ਪੂਰੀ ਜਾਂ ਅਧੂਰੀ ਜਾਣਕਾਰੀ ਦੇ ਕੇ ਮਨੁੱਖੀ ਗਿਆਨ ਵਿੱਚ ਵਾਧਾ ਕੀਤਾ ਹੈ। ਉਪਰੋਕਤ ਵਿਸ਼ਿਆਂ ਬਾਰੇ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਬ੍ਰਹਮੰਡੀ ਅਰਥ ਕਰਦੀ ਹੋਈ,ਪ੍ਰਕਿਰਤੀ ਵਿੱਚ ਹੋ ਰਹੀਆਂ ਤਮਾਮ ਕਰਾਮਾਤਾਂ ਬਾਰੇ ਚਾਨਣ ਕਰਦੀ ਹੈ। ਜਿਸ ਦੀਆਂ ਉਦਾਹਰਨਾਂ ਸ਼ਾਹਕਾਰ ਰਚਨਾ ”ਜਪੁਜੀ,ਜਾਪੁ,ਅਨੰਦ, ਬਾਰਹਮਾਹ ਮਾਝ ਤੇ ਤੁਖਾਰੀ” ਆਦਿ ਸਮੁੱਚੀ ਬਾਣੀ ਵਿੱਚੋਂ ਦੇਖੀਆਂ ਜਾ ਸਕਦੀਆ ਹਨ।
ਮਨੁੱਖ ਜਾਤੀ ਪ੍ਰਕਿਰਤੀ ਦੇ ਕਿਸੇ ਵੀ ਅੰਗ ਬਿਨਾਂ ਨਹੀਂ ਰਹਿ ਸਕਦੀ। ਇੱਕ ਨਿੱਕੀ ਜਿਹੀ ਕੀੜੀ, ਕੀਟ, ਪਤੰਗੇ ਅਤੇ ਮੱਖੀ ਆਦਿ ਤੋਂ ਬਿਨਾਂ ਵੀ ਨਹੀਂ । ਇੱਕ ਛੋਟੇ ਜਿਹੇ ਜੀਵ ਦਾ ਧਰਤੀ ਤੋਂ ਖਤਮ ਹੋਣਾ ਮਨੁੱਖ ਜਾਤੀ ਅਤੇ ਧਰਤੀ ਲਈ ਖਤਰਾ ਪੈਦਾ ਕਰ ਸਕਦਾ ਹੈ। ਮਨੁੱਖ ਦੇ ਹਰ ਕੰਮ ਕਰਨ /ਕਰਾਉਣ ਪਿੱਛੇ ਸਵਾਰਥ ਛੁਪਿਆ ਹੋਇਆ ਹੈ। ਜਿਸ ਕਰਕੇ ਇਹ ਸ੍ਰਿਸ਼ਟੀ ਦੇ ਹਰ ਕੋਨੇ ਵਿੱਚ ਹੋ ਰਹੇ ਚਮਤਕਾਰ ਤੋਂ ਅਣਜਾਣ ਹੈ।
ਜਨਮ ਤੋਂ ਲੈ ਕੇ ਮਰਨ ਤੱਕ ਸਾਡੇ ਨਾਲ ਅਜਿਹੀਆਂ ਬਹੁਤ ਸਾਰੀਆਂ ਘਟਨਾਵਾਂ ਘਟਦੀਆਂ ਹਨ ਜਿਨਾਂ ਦੇ ਜਵਾਬ ਲੱਭਦਾ ਲੱਭਦਾ ਵਿਅਕਤੀ ਖੁਦ ਖੋ ਜਾਂਦਾ ਹੈ। ਆਉ ਪੰਛੀ ਝਾਤ ਰਾਹੀਂ ਸ੍ਰਿਸ਼ਟੀ ਉੱਤੇ ਪ੍ਰਕਿਰਤੀ ਵਿੱਚ ਹਰ ਪਲ ਹੋ ਰਹੀਆਂ ਕਰਾਮਾਤਾਂ ਵੇਖੀਏ।
ਧਰਤੀ ਉੱਤੇ ਬਹੁਤ ਸਾਰੇ ਇੰਨੇ ਭਾਰੇ ਰੁੱਖ ਹਨ। ਜਿੰਨਾ ਨੂੰ ਕੱਟ ਕੱਟ ਕੇ ਨਿੱਕੇ ਨਿੱਕੇ ਟੁਕੜਿਆਂ ਵਿੱਚ ਵੱਢ ਕੇ ਚੁੱਕਣਾ ਪੈਂਦਾ ਹੈ ਪਰ ਜੋ ਤਾਕਤ ਇਨੇ ਭਾਰੇ ਰੁੱਖਾਂ ਨੂੰ ਸਿੱਧਾ ਸਮਤਲ ਜਕੜ ਕੇ ਰੱਖਦੀ ਹੈ ਡਿੱਗਣ ਨਹੀਂ ਦਿੰਦੀ ਇਹ ਵੀ ਕਰਾਮਾਤ ਹੈ ਭਾਵ ਰੁੱਖਾਂ ਦਾ ਭਾਰ ਝੱਲਣ ਵਾਲੀ ਕਰਾਮਾਤ। ਅੰਬ, ਅਮਰੂਦ, ਜਾਮਣ, ਨਿੰਮ, ਕਿੱਕਰ, ਧਰੇਕ, ਟਾਹਲੀ, ਸਹਿਤੂਤ,ਅਰਜਨ ਆਦਿ ਫਲ ਅਫਲ ਵਾਲੇ ਰੁੱਖ ਅਤੇ ਜੜ੍ਹੀ ਬੂਟੀਆਂ ਦੀਆ ਅਸੰਖ ਕਿਸਮਾਂ ਹਨ। ਉਹਨਾਂ ਰੁੱਖਾਂ ਦੇ ਪੱਤਿਆਂ ਦਾ ਆਕਾਰ, ਰੰਗ, ਫੁੱਲਾਂ ਦਾ ਆਕਾਰ, ਤੇ ਰੰਗ , ਸ੍ਵਾਦ ਅਤੇ ਸੁਗੰਧੀ ਸਭ ਵੱਖੋ ਵੱਖਰੀ ਹੈ। ਫੁੱਲਾਂ ਤੋਂ ਬਣਨ ਵਾਲੇ ਫਲਾਂ ਦਾ ਆਕਾਰ, ਰੰਗ, ਸ੍ਵਾਦ, ਗੁਣ, ਤੱਤ, ਸੁਗੰਧੀ ਸਭ ਅੱਖੋ ਵੱਖਰੇ ਹਨ ।
ਉਹਨਾਂ ਸਾਰੇ ਰੁੱਖਾਂ ਦੇ ਬੀਜਾਂ ਦਾ ਆਕਾਰ, ਰੰਗ, ਨਸਲ, ਸਭ ਵੱਖੋ ਵੱਖਰੇ ਹਨ ਪਰ ਉਹਨਾਂ ਤੇ ਬਹਾਰ ਪਤਝੜ ਆਦਿ ਆਉਣਾ ਇਕੋ ਸਮੇਂ ਤੇ ਹੈ।ਇਹਨਾ ਕਰਾਮਾਤਾਂ ਤੋਂ ਇਲਾਵਾ ਇੱਕ ਬੀਜ ਜੋ ਬਿਲਕੁਲ ਛੋਟਾ ਜਿਹਾ ਹੁੰਦਾ ਹੈ। ਉਹ ਇੱਕ ਬੀਜ ਇੰਨੇ ਵੱਡੇ ਆਕਾਰ ਦਾ ਰੁੱਖ ਬਣ ਜਾਂਦਾ ਹੈ ਕਿ ਉਸੇ ਇੱਕ ਬੀਜ ਵਿੱਚ ਅਣਗਿਣਤ ਪੱਤੇ, ਫੁੱਲ, ਫਲ ਅਤੇ ਮਣਾਂ ਮੂਹੇ ਲੱਕੜ ਕਿੰਨਾ ਕੁਝ ਪੈਦਾ ਹੋ ਜਾਦਾ ਹੈ ਉਹ ਵੀ ਸਿਰਫ ਇੱਕ ਨਿੱਕੇ ਜਿਹੇ ਬੀਜ ਦੇ ਅੰਦਰ। ਇਹ ਕਰਾਮਾਤ ਸਾਡੇ ਸਾਹਮਣੇ ਹਰ ਪਲ ਹਰ ਰੋਜ਼ ਹੋ ਰਹੀ ਹੈ ।
ਪੰਛੀ:- ਪੂਰੀ ਧਰਤੀ ਉੱਪਰ ਇੰਨੇ ਕੁ ਪੰਛੀ ਹਨ ਕਿ ਅੱਜ ਦੇ ਵਿਗਿਆਨਿਕ ਯੁੱਗ ਵਿੱਚ ਵੀ ਉਹਨਾਂ ਦੀ ਗਿਣਤੀ ਨਹੀਂ ਹੋ ਸਕੀ। ਉਹਨਾਂ ਪੰਛੀਆਂ ਦਾ ਆਕਾਰ,ਰੂਪ, ਰੰਗ ,ਨਸਲ ,ਭੇਦ, ਆਵਾਜ਼ ,ਖਾਣਾ ਸਭ ਵੱਖੋ ਵੱਖਰਾ ਹੈ । ਮਨੁੱਖ ਪੰਛੀਆਂ ਨੂੰ ਜੇਕਰ ਕਿਸੇ ਕੱਪੜੇ, ਪਲਾਸਟਿਕ ਜਾਂ ਮਿੱਟੀ ਦਾ ਹੂਬਹੂ ਬਣਾ ਵੀ ਲਵੇ ਫਿਰ ਵੀ ਉਨਾ ਚ ਜਾਨ ਨਹੀਂ ਪਾ ਸਕਦਾ । ਇੰਨੇ ਪੰਛੀਆਂ ਲਈ ਬਿਉਂਤਬੰਦੀ, ਸੁਭਾਅ, ਆਕਾਰ ਆਦਿ ਦੇ ਸੰਚੇ ਕਿਵੇਂ ਤਿਆਰ ਹੋਏ ਹੋਣਗੇ। ਇਹ ਸਭ ਸੋਚਣ ਤੇ ਮਜਬੂਰ ਕਰਨ ਵਾਲੀਆਂ ਬਾਤਾਂ (ਕਰਾਮਾਤਾਂ) ਹਨ।
ਜੀਵ ਜੰਤੂ :- ਨਿੱਕੇ ਨਿੱਕੇ ਜੀਵ ਜੰਤੂ ਜੋ ਨੰਗੀਆਂ ਅੱਖਾਂ ਨਾਲ ਨਹੀਂ ਵੇਖੇ ਜਾ ਸਕਦੇ। ਮਨੁੱਖ ਉਹਨਾਂ ਨੂੰ ਬਣਾਉਣਾ ਤਾਂ ਦੂਰ ਰਿਹਾ ਹਜੇ ਤੱਕ ਲੱਭ ਹੀ ਨਹੀਂ ਸਕਿਆ ਜੇ ਲੱਭ ਵੀ ਲਿਆ ਤਾਂ ਉਹਨਾਂ ਨੂੰ ਪੂਰੀ ਤਰ੍ਹਾਂ ਜਾਣ ਨਹੀਂ ਸਕਿਆ । ਅਣਗਿਣਤ ਜੀਵ ਜੰਤੂ ਜਿਨਾਂ ਦਾ ਆਕਾਰ, ਰੰਗ ,ਗੁਣ, ਸੁਭਾਅ ,ਆਵਾਜ, ਨਸਲ ਸਭ ਵੱਖੋ ਵੱਖਰੇ ਹਨ । ਉਹਨਾਂ ਨੂੰ ਕਿਵੇਂ ਤੇ ਕਿਸ ਨੇ ਬਣਾਇਆ ਹੋਵੇਗਾ ? ਪੰਛੀਆਂ ਲਈ ਖੰਭ , ਜੀਵਾਂ ਜੰਤੂਆਂ ਲਈ ਖੰਭ ਜਾਂ ਪੈਰ ਜਾਂ ਕੁਝ ਵੀ ਨਹੀਂ (ਕੇਵਲ ਪੇਟ ਦੇ ਵੱਲ ਤੁਰਨ ਵਾਲੇ ਜੀਵ) ਕਿਸ ਨੇ ਅਤੇ ਕਿਵੇਂ ਬਣਾਏ ਹੋਣਗੇ? ਕਰਾਮਾਤ ਹੀ ਹੈ।
ਇਸੇ ਤਰ੍ਹਾਂ ਜਾਨਵਰਾਂ ਅਤੇ ਮਨੁੱਖਾਂ ਲਈ ਪੈਰ ਦਿੱਤੇ। ਇੰਨਾ ਵੱਡਾ ਪਸਾਰਾ ਬਣਾਉਣ ਲਈ ਬਿਉਂਤਬੰਦੀ ,ਢੰਗ ,ਤਰੀਕਾ, ਸੰਚੇ, ਬਣਾਉਣ ਲਈ ਕਿਹੜਾ ਦਿਮਾਗ? ਕਿਸ ਨੇ? ਤੇ ਕਿਵੇਂ? ਇਸਤੇਮਾਲ ਕੀਤਾ ਹੋਵੇਗਾ। ਇਸੇ ਤਰ੍ਹਾਂ ਇਹ ਪ੍ਰਕਿਰਤੀ ਦੀਆਂ ਅੱਖੀ ਵੇਖਣਾ ਵੇਖ ਸਕਣ ਵਾਲੀਆਂ ਕਰਾਮਾਤਾਂ ਹਨ ਇਹ ਸਭ ਕਰਾਮਾਤਾਂ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਕਰਾਮਾਤਾਂ ਹੋ ਰਹੀਆਂ ਹਨ। ਧਰਤੀ ਦੇ ਸਿਰਮੌਰ ਪ੍ਰਾਣੀ ਮਨੁੱਖ ਨੇ ਸਦੀਆਂ ਤੋਂ ਅਨੇਕਾਂ ਹੈਰਾਨ ਕਰ ਦੇਣ ਵਾਲੀਆਂ ਬੇਮਿਸਾਲ ਖੋਜਾਂ ਕੀਤੀਆਂ। ਜਿਵੇਂ ਕਿ ਬੱਲਬ,ਬਿਜਲੀ, ਇੰਟਰਨੈੱਟ, ਰੇਲ, ਜਹਾਜ,ਅੱਤ ਦੀ ਗਰਮੀ ਦੇ ਮੌਸਮ ਵਿੱਚ ਏ.ਸੀ ਨਾਲ ਸਰਦੀ ਵਰਗਾ ਮਾਹੌਲ ਬਣਾ ਸਕਦੇ ਹਾਂ।ਇਹਨਾਂ ਖੋਜਾਂ ਪਿੱਛੇ ਜੋ ਦਿਮਾਗ ਕੰਮ ਕਰ ਰਿਹਾ ਹੈ। ਉਹ ਕਿਸ ਸ਼ਕਤੀ ਨੇ ਬਣਾਇਆ ਹੋਵੇਗਾ? ……

ਮੰਗਤ ਸਿੰਘ ਲੌਂਗੋਵਾਲ