ਵੱਖੋ-ਵੱਖ ਜਿਲ੍ਹਿਆਂ ਤੋਂ ਪਹੁੰਚੀਆਂ ਟੀਮਾਂ ਵਿੱਚੋਂ ਕੌਮੀ ਮੁਕਾਬਲਿਆਂ ਲਈ ਚੁਣੀ ਜਾਵੇਗੀ ਪੰਜਾਬ ਦੀ ਟੀਮ
ਕੁਰਾਲ਼ੀ, 06 ਮਈ (ਗੁਰਬਿੰਦਰ ਸਿੰਘ ਰੋਮੀ/ਵਰਲਡ ਪੰਜਾਬੀ ਟਾਈਮਜ਼)
ਆਪਣੀਆਂ ਸਮਾਜ ਸੇਵਾਵਾਂ ਖ਼ਾਸ ਕਰਕੇ ਬੇਸਹਾਰਾ ‘ਤੇ ਲਾਚਾਰ ਨਾਗਰਿਕਾਂ ਦੇ ਇਲਾਜ, ਸਾਂਭ-ਸੰਭਾਲ ਅਤੇ ਮੁੜ-ਵਸੇਬੇ ਲਈ ਸੰਸਾਰ ਪ੍ਰਸਿੱਧ ਸੰਸਥਾ ਪ੍ਰਭ ਆਸਰਾ ਪਡਿਆਲਾ (ਕੁਰਾਲੀ) ਵਿਖੇ ਅੱਜ ਸ਼ਪੈਸ਼ਲ ਬੱਚਿਆਂ (Intellectually Disabled) ਦੀਆਂ ਹੈਂਡਬਾਲ ‘ਤੇ ਨੈੱਟਬਾਲ ਟੀਮਾਂ ਦੀ ਸੂਬਾ ਪੱਧਰੀ ਚੋਣ ਲਈ ਟਰਾਇਲ ਹੋਏ। ਸੰਸਥਾ ਮੁਖੀ ਸ. ਸ਼ਮਸ਼ੇਰ ਸਿੰਘ ਜੀ ਅਤੇ ਬੀਬੀ ਰਜਿੰਦਰ ਕੌਰ ਜੀ ਨੇ ਦੱਸਿਆ ਕਿ ‘ਸ਼ਪੈਸ਼ਲ ਓਲੰਪਿਕ ਭਾਰਤ ਪੰਜਾਬ’ ਵੱਲੋਂ ਇਹ ਟਰਾਇਲ ਜੂਨ ਮਹੀਨੇ ਹੋਣ ਵਾਲ਼ੀਆਂ ਨੈਸ਼ਨਲ ਖੇਡਾਂ ਲਈ ਕਰਵਾਏ ਗਏ। ਜਿਨ੍ਹਾਂ ਵਿੱਚ ਪੰਜਾਬ ਦੇ ਵੱਖੋ-ਵੱਖ ਜਿਲ੍ਹਿਆਂ ਤੋਂ ਟੀਮਾਂ ਆਪਣੇ ਕੋਚਾਂ ਸਮੇਤ ਇੱਥੇ ਪਹੁੰਚੀਆਂ। ਜਿਕਰਯੋਗ ਹੈ ਕਿ ਪ੍ਰਭ ਆਸਰਾ ਵੱਲੋਂ ਆਪਣੇ ਬੱਚਿਆਂ ਵਾਸਤੇ ਖੇਡਾਂ ਲਈ ਮੈਦਾਨ, ਕੋਚਾਂ ਅਤੇ ਖੁਰਾਕ ਦਾ ਉਚੇਚੇ ਤੌਰ ‘ਤੇ ਪ੍ਰਬੰਧ ਕੀਤਾ ਹੋਇਆ ਹੈ। ਜਿਸ ਸਦਕਾ ਇਹ ਬੱਚੇ ਪਿਛਲੇ ਲੰਮੇ ਸਮੇਂ ਤੋਂ ਸੂਬਾਈ ਤੇ ਕੌਮੀ ਪੱਧਰੀ ਮੁਕਾਬਲਿਆਂ ਵਿੱਚ ਬਾਦਸਤੂਰ ਸ਼ਾਨਦਾਰ ਪ੍ਰਦਰਸ਼ਨ ਕਰ ਰਹੇ ਹਨ। ਇਸ ਮੌਕੇ ਸ਼ਪੈਸ਼ਲ ਓਲੰਪਿਕ ਭਾਰਤ ਦੇ ਪ੍ਰਧਾਨ ਅਸ਼ੋਕ ਕੁਮਾਰ ਅਰੋੜਾ, ਪ੍ਰੋਗਰਾਮ ਮੈਨੇਜਰ ਊਮਾ ਸ਼ੰਕਰ, ਏਰੀਆ ਡਾਇਰੈਕਟਰ ਪਰਮਜੀਤ ਸਿੰਘ ਸਚਦੇਵਾ, ਸਪੋਰਟਸ ਡਾਇਰੈਕਟਰ ਮਨਦੀਪ ਸਿੰਘ ਬਰਾੜ, ਜਿਲ੍ਹਾ ਪ੍ਰਧਾਨ ਪੂਨਮ ਲਾਲ ਚੌਧਰੀ, ਜਿਲ੍ਹਾ ਸਪੋਰਟਸ ਡਾਇਰੈਕਟਰ ਹਰਮਨਜੀਤ ਸਿੰਘ ਗਿੱਲ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।