ਜਿਵੇਂ ਹੀ ਫਰਵਰੀ ਅਤੇ ਮਾਰਚ ਦਾ ਮਹੀਨਾ ਨੇੜੇ ਆਉਂਦਾ ਹੈ ਬਹੁਤ ਸਾਰੇ ਬੱਚਿਆਂ ਦੇ ਮਨ ਵਿੱਚ ਇਮਤਿਹਾਨਾਂ ਦਾ ਡਰ ਰਹਿਣਾ ਸ਼ੁਰੂ ਹੋ ਜਾਂਦਾ ਹੈ। ਇਸ ਸਾਲ ਅੱਠਵੀ ਦਸਵੀਂ ਅਤੇ ਬਾਰਵੀਂ ਜਮਾਤ ਦੇ ਸੀ ਬੀ ਐਸ ਈ ਅਤੇ ਪੰਜਾਬ ਬੋਰਡ ਦੇ ਇਮਤਿਹਾਨ ਫਰਵਰੀ ਮਹੀਨੇ ਵਿੱਚ ਹੀ ਸ਼ੁਰੂ ਹੋ ਰਹੇ ਹਨ। ਇਸ ਤੋਂ ਇਲਾਵਾ ਨੋਨ ਬੋਰਡ ਕਲਾਸਾਂ ਦੇ ਇਮਤਿਹਾਨ ਵੀ ਕਈ ਸਕੂਲ ਫਰਵਰੀ ਵਿੱਚ ਅਤੇ ਕਈ ਮਾਰਚ ਵਿੱਚ ਲੈਂਦੇ ਹਨ।ਇਹ ਇਕ ਅਟੱਲ ਸਚਾਈ ਹੈ ਕਿ ਪ੍ਰੀਖਿਆ ਵਿਚ ਵਧੀਆ ਅੰਕ ਲੈਣ ਲਈ ਸਖਤ ਮਿਹਨਤ ਕਰਨੀ ਬਹੁਤ ਜ਼ਰੂਰੀ ਹੈ। ਕੁਝ ਬੱਚੇ ਮਿਹਨਤ ਕਰਕੇ ਪ੍ਰੀਖਿਆ ਵਿਚ ਆਪਣੇ ਵਿਚਾਰਾਂ ਨੂੰ ਬੜੇ ਹੀ ਸੁਚੱਜੇ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕਰਦੇ ਹਨ। ਕੁਝ ਬੱਚੇ ਅਜਿਹੇ ਵੀ ਹੁੰਦੇ ਹਨ ਜੋ ਸਾਰਾ ਸਾਲ ਮਿਹਨਤ ਨਹੀਂ ਕਰਦੇ ਅਤੇ ਪ੍ਰੀਖਿਆ ਦੇ ਨੇੜੇ ਆਉਂਦੇ ਹੀ ਘਬਰਾ ਜਾਂਦੇ ਹਨ। ਫਿਰ ਖ਼ੁਦ ਤਾਂ ਤਣਾਅ ‘ਚ ਹੁੰਦੇ ਹਨ, ਨਾਲ ਹੀ ਮਾਪਿਆਂ ਨੂੰ ਵੀ ਪਾ ਦਿੰਦੇ ਹਨ। ਓਹਨਾਂ ਵਿਦਿਆਰਥੀਆਂ ਨੂੰ ਵੀ ਘਬਰਾਉਣ ਦੀ ਬਿਲਕੁਲ ਜਰੂਰਤ ਨਹੀਂ । ਆਪਣੇ ਸ਼ਾਂਤ ਮਨ ਨਾਲ ਸੁਚੱਜੇ ਢੰਗ ਨਾਲ ਤਿਆਰੀ ਕਰਕੇ ਉਹ ਪੇਪਰਾਂ ਵਿੱਚੋਂ ਪਾਸ ਹੋ ਸਕਦੇ ਹਨ। ਅਜਿਹੇ ਬੱਚੇ ਜੇਕਰ ਸਮਾਂ ਰਹਿੰਦਿਆਂ ਇੱਕ ਸਹੀ ਢੰਗ ਦੀ ਚੋਣ ਕਰ ਲੈਣ ਤਾਂ ਵਧੀਆ ਅੰਕ ਪ੍ਰਾਪਤ ਕਰਦੇ ਹਨ।ਜਿਹੜਾ ਬੱਚਾ ਆਪਣੀ ਖ਼ੁਦ ਦੀ ਜ਼ਿੰਮੇਵਾਰੀ ਸਮਝ ਕੇ ਪੜ੍ਹਾਈ ਕਰਦਾ ਹੈ, ਉਸ ਨੂੰ ਵਧੀਆ ਨੰਬਰ ਲੈਣ ਤੋਂ ਕੋਈ ਨਹੀਂ ਰੋਕ ਸਕਦਾ। ਡਰ ਨਾਲ ਪੜ੍ਹਨ ਵਾਲਾ ਬੱਚਾ ਕਦੇ ਵਧੀਆ ਨੰਬਰ ਨਹੀਂ ਲੈ ਸਕਦਾ। ਇਸ ਦੇ ਉਲਟ ਕੁਝ ਬੱਚੇ ਪੜ੍ਹਾਈ ਵਿਚ ਹੁਸ਼ਿਆਰ ਹੁੰਦੇ ਹੋਏ ਵੀ ਵਧੀਆ ਅੰਕ ਪ੍ਰਾਪਤ ਨਹੀਂ ਕਰ ਸਕਦੇ। ਹਰ ਬੱਚਾ ਆਪਣੇ ਹੀ ਤਰੀਕੇ ਨਾਲ ਪ੍ਰਸ਼ਨ ਪੱਤਰ ਹੱਲ ਕਰਦਾ ਹੈ। ਪ੍ਰਸ਼ਨ ਪੱਤਰ ਨੂੰ ਵਧੀਆ ਢੰਗ ਨਾਲ ਹੱਲ ਕਰਨਾ ਵੀ ਇਕ ਕਲਾ ਹੈ। ਆਓ ਕੁਝ ਨੁਕਤਿਆਂ ਤੇ ਵਿਚਾਰ ਕਰਕੇ ਅਤੇ ਇਨ੍ਹਾਂ ਨੁਕਤਿਆਂ ‘ਤੇ ਅਮਲ ਕਰਕੇ ਪ੍ਰੀਖਿਆਰਥੀ ਆਪਣੀ ਉਮੀਦ ਤੋਂ ਵੱਧ ਚੰਗੇ ਨੰਬਰ ਲੈ ਕੇ ਪ੍ਰੀਖਿਆ ਪਾਸ ਕਰ ਸਕਦੇ ਹਨ। ਆਪਣੇ ਅਧਿਆਪਕਾਂ ਦੁਆਰਾ ਦਿੱਤੇ ਗਏ ਨੋਟਸ ਦਾ ਭਰਪੂਰ ਫਾਇਦਾ ਲਓ। ਆਖਰੀ ਸਮੇਂ ਵਿੱਚ ਅਧਿਆਪਕ ਇੰਪੋਰਟੈਂਟ ਪ੍ਰਸ਼ਨ ਉੱਤਰਾਂ ਦੀ ਅਕਸਰ ਜਮਾਤ ਵਿੱਚ ਦੁਹਰਾਈ ਕਰਵਾਉਂਦੇ ਹਨ। ਪੇਪਰਾਂ ਦੇ ਨੇੜੇ ਆਉਣ ਦੇ ਦਿਨਾਂ ਵਿੱਚ ਸਕੂਲ ਵਿੱਚ ਜਰੂਰ ਹਾਜ਼ਰ ਰਹੋ। ਅਧਿਆਪਕ ਨੇ ਜੋ ਸਾਰਾ ਸਾਲ ਵਿੱਚ ਪੜ੍ਹਾਇਆ ਹੁੰਦਾ ਹੈ ਉਸ ਵੱਲੋਂ ਆਖਰੀ ਦਿਨਾਂ ਵਿੱਚ ਇੱਕ ਵਾਰ ਪੂਰੇ ਸਿਲੇਬਸ ਦੀ ਦੁਹਰਾਈ ਕਰਵਾਈ ਜਾਂਦੀ ਹੈ। ਘਰ ਜਾ ਕੇ ਸੋਸ਼ਲ ਮੀਡੀਆ ਮੋਬਾਈਲ ਆਦਿ ਦੇਖਣ ਤੋਂ ਗਰੋਜ਼ ਕਰੋ ਅਤੇ ਗਣਿਤ ਭੌਤਿਕ ਵਿਗਿਆਨ ਵਰਗੇ ਔਖੇ ਵੇਖਿਆਂ ਦੀ ਲਿਖ ਲਿਖ ਕੇ ਦੁਹਰਾਈ ਕਰੋਗੇ ਤਾਂ ਪੇਪਰ ਵਿੱਚ ਪ੍ਰਸ਼ਨ ਲਿਖਣੇ ਔਖੇ ਨਹੀਂ ਲੱਗਣਗੇ। ਅਕਸਰ ਮੂੰਹ ਜਵਾਨੀ ਯਾਦ ਕੀਤੇ ਗਏ ਪ੍ਰਸ਼ਨ ਪੇਪਰ ਵਿੱਚ ਬੈਠਣ ਸਮੇਂ ਬਹੁਤੇ ਵਿਦਿਆਰਥੀ ਭੁੱਲ ਜਾਂਦੇ ਹਨ। ਪੇਪਰਾਂ ਦੀ ਤਿਆਰੀ ਦੌਰਾਨ ਬੱਚਿਆਂ ਦਾ ਪੜ੍ਹਾਈ ਲਈ ਬੈਠਣ ਦਾ ਤਰੀਕਾ ਸਹੀ ਹੋਣਾ ਚਾਹੀਦਾ ਹੈ। ਬੈੱਡ ਜਾਂ ਮੰਜੇ ‘ਤੇ ਬੈਠਣ ਦੀ ਬਜਾਏ ਮੇਜ਼ ਅਤੇ ਕੁਰਸੀ ‘ਤੇ ਸਹੀ ਤਰੀਕੇ ਨਾਲ ਬੈਠ ਕੇ ਪੜ੍ਹਨਾ ਚਾਹੀਦਾ ਹੈ ਤਾਂ ਜੋ ਸਰੀਰਕ ਤੌਰ ‘ਤੇ ਵੀ ਅਸੀਂ ਫਿੱਟ ਰਹੀਏ ਅਤੇ ਬੇਵਕਤੀ ਨੀਂਦ ਤੋਂ ਵੀ ਬਚ ਸਕੀਏ।
ਹੁਣ ਗੱਲ ਕਰਦੇ ਹਾਂ ਪੇਪਰ ਦੇਣ ਜਾਣ ਸਮੇਂ ਕਿਹੜੇ ਨੁਕਤਿਆਂ ਦਾ ਧਿਆਨ ਰੱਖਿਆ ਜਾਵੇ_
ਪ੍ਰੀਖਿਆ ਦੀ ਡੇਟਸ਼ੀਟ ਨੂੰ ਧਿਆਨ ਨਾਲ ਪੜ੍ਹ ਕੇ ਪੇਪਰ ਦੀ ਤਿਆਰੀ ਕੀਤੀ ਜਾਵੇ। ਇਹ ਨਾ ਹੋਵੇ ਕਿ ਪੇਪਰ ਅਗਲੇ ਦਿਨ ਕਿਸੇ ਹੋਰ ਵਿਸ਼ੇ ਦਾ ਹੋਵੇ ਅਤੇ ਤੁਸੀਂ ਤਿਆਰੀ ਕਿਸੇ ਹੋਰ ਵਿਸ਼ੇ ਦੀ ਕੀਤੀ ਹੋਵੇ। ਵਿਸ਼ੇ ਦੇ ਨਾਲ-ਨਾਲ ਮਿਤੀ ਵੀ ਧਿਆਨ ਨਾਲ ਪੜ੍ਹੀ ਜਾਵੇ ਕਿਉਂਕਿ ਇਹ ਵੀ ਦੇਖਣ ਵਿਚ ਆਇਆ ਹੈ ਕਿ ਕੁਝ ਵਿਦਿਆਰਥੀ ਨੀਯਤ ਮਿਤੀ ਤੋਂ ਇਕ ਦਿਨ ਪਹਿਲਾਂ ਜਾਂ ਬਾਅਦ ਪ੍ਰੀਖਿਆ ਭਵਨ ਵਿਚ ਪਹੁੰਚਦੇ ਹਨ। ਜੋ ਕਿ ਬੱਚਿਆਂ ਦੀ ਲਾਪਰਵਾਹੀ ਦਾ ਇੱਕ ਰੂਪ ਹੁੰਦਾ ਹੈ। ਪ੍ਰੀਖਿਆ ਸ਼ੁਰੂ ਹੋਣ ਤੋਂ ਇਕ ਦਿਨ ਪਹਿਲਾਂ ਸ਼ਾਮ ਵੇਲੇ ਆਪਣੇ ਰੋਲ ਨੰਬਰ ਦੀ ਸਲਿੱਪ, ਦੋ ਪੈੱਨ, ਇਕ ਪੈੱਨਸਿਲ, ਰਬੜ, ਸਕੇਲ ਅਤੇ ਹੋਰ ਲੋੜੀਂਦਾ ਸਾਮਾਨ ਤਿਆਰ ਕਰਕੇ ਰੱਖ ਲਓ ਤਾਂ ਕਿ ਸਵੇਰ ਦੀ ਨੱਠ-ਭੱਜ ਤੋਂ ਬਚ ਸਕੋ। ਫਿਰ ਪ੍ਰੀਖਿਆ ਦੇਣ ਤੋਂ ਵਾਪਸ ਆ ਕੇ ਇਨ੍ਹਾਂ ਚੀਜ਼ਾਂ ਦੇ ਰੱਖਣ ਦਾ ਇਕ ਟਿਕਾਣਾ ਬਣਾ ਲਓ ਅਤੇ ਉਨ੍ਹਾਂ ਚੀਜ਼ਾਂ ਵਿਚੋਂ ਕੋਈ ਵੀ ਚੀਜ਼ ਬਾਹਰ ਨਾ ਕੱਢੋ। ਇਸ ਤਰ੍ਹਾਂ ਕਰਨ ਨਾਲ ਹਰ ਰੋਜ਼ ਸਾਮਾਨ ਇਕੱਠਾ ਕਰਨ ਦੀ ਸਿਰਦਰਦੀ ਤੋਂ ਬਚ ਜਾਵੋਗੇ। ਪ੍ਰੀਖਿਆ ਦੇਣ ਜਾਣ ਵੇਲੇ ਪਾ ਕੇ ਜਾਣ ਵਾਲੀ ਯੂਨੀਫ਼ਾਰਮ ਵਰਦੀ ਵੀ ਰਾਤ ਨੂੰ ਤਿਆਰ ਕਰਕੇ ਰੱਖ ਲਉ।ਸਵੇਰੇ ਜਲਦੀ ਤਿਆਰ ਹੋ ਕੇ ਹਲਕਾ ਜਿਹਾ ਨਾਸ਼ਤਾ ਜ਼ਰੂਰ ਕਰਕੇ ਪੇਪਰ ਦੇਣ ਜਾਵੋ ਕਿਉਂਕਿ ਭੁੱਖੇ ਪੇਟ ਜਾਣ ਨਾਲ ਕਈ ਵਾਰ ਚੱਕਰ ਆਉਣ ਲਗਦੇ ਹਨ ਅਤੇ ਘਬਰਾਹਟ ਵੀ ਹੁੰਦੀ ਹੈ ਜਿਸ ਦਾ ਪ੍ਰਭਾਵ ਤੁਹਾਡੇ ਅੰਕਾਂ ‘ਤੇ ਪੈਂਦਾ ਹੈ। ਪ੍ਰੀਖਿਆ ਹੋਣ ਵਾਲੇ ਸਥਾਨ ‘ਤੇ ਪ੍ਰੀਖਿਆ ਸ਼ੁਰੂ ਹੋਣ ਤੋਂ ਘੱਟੋ-ਘੱਟ ਅੱਧਾ ਘੰਟਾ ਪਹਿਲਾਂ ਪਹੁੰਚੋ ਤਾਂ ਕਿ ਤੁਸੀਂ ਆਪਣੀ ਸੀਟਿੰਗ ਪਲਾਨ ਚੰਗੀ ਤਰ੍ਹਾਂ ਦੇਖ ਸਕੋ ਅਤੇ ਸੁਪਰਡੈਂਟ ਵੱਲੋਂ ਦਿੱਤੀਆਂ ਜਾਣ ਵਾਲੀਆਂ ਹਦਾਇਤਾਂ ਨੂੰ ਵੀ ਧਿਆਨ ਨਾਲ ਸੁਣ ਸਕੋ। ਪ੍ਰੀਖਿਆ ਹਾਲ ਵਿਚ ਜਾਣ ਤੋਂ ਪਹਿਲਾਂ ਆਪਣਾ ਲੋੜੀਂਦਾ ਸਾਰਾ ਸਾਮਾਨ ਇਕ ਵਾਰ ਫਿਰ ਚੈੱਕ ਕਰ ਲਓ। ਜੇਕਰ ਤੁਹਾਡੇ ਕੋਲ ਪੜ੍ਹਾਈ ਨਾਲ ਸਬੰਧਤ ਕੋਈ ਵੀ ਕਿਤਾਬ, ਕਾਪੀ ਜਾਂ ਹੋਰ ਪੜ੍ਹਨ ਵਾਲਾ ਮੈਟੀਰੀਅਲ ਆਦਿ ਹੈ ਤਾਂ ਉਸ ਨੂੰ ਬਾਹਰ ਦਰਸਾਈ ਗਈ ਜਗ੍ਹਾ ‘ਤੇ ਰੱਖ ਕੇ ਹੀ ਅੰਦਰ ਪ੍ਰਵੇਸ਼ ਕਰੋ। ਭੁਲੇਖੇ ਨਾਲ ਅੰਦਰ ਗਿਆ ਅਜਿਹਾ ਕੋਈ ਵੀ ਸਾਮਾਨ ਤੁਹਾਨੂੰ ਨੁਕਸਾਨ ਪਹੁੰਚਾ ਸਕਦਾ ਹੈ। ਮੋਬਾਇਲ ਫੋਨ ਅਤੇ ਹੋਰ ਗੈਜਟ ਪ੍ਰੀਖਿਆ ਕੇਂਦਰ ਵਿੱਚ ਲੈ ਕੇ ਜਾਣ ਤੋਂ ਗੁਰੇਜ ਕਰੋ। ਆਪਣੇ ਰੋਲ ਨੰਬਰ ਵਾਲੀ ਸੀਟ ‘ਤੇ ਬੈਠਦਿਆਂ ਹੀ ਆਪਣਾ ਡੈਸਕ ਅਤੇ ਆਪਣਾ ਆਲਾ-ਦੁਆਲਾ ਚੈੱਕ ਕਰੋ ਤਾਂ ਕਿ ਕਿਸੇ ਕਿਸਮ ਦੀ ਪਰਚੀ ਆਦਿ ਉੱਥੇ ਨਾ ਪਈ ਹੋਵੇ।ਉੱਤਰ-ਪੱਤਰੀ ਮਿਲਣ ਉਪਰੰਤ ਉਸ ਉਪਰ ਲਿਖੀਆਂ ਹਦਾਇਤਾਂ ਨੂੰ ਧਿਆਨ ਨਾਲ ਪੜ੍ਹੋ। ਹਦਾਇਤਾਂ ਪੜ੍ਹਨ ਤੋਂ ਬਾਅਦ ਹਰੇਕ ਭਰੇ ਜਾਣ ਵਾਲੇ ਕਾਲਮ ਨੂੰ ਧਿਆਨ ਨਾਲ ਭਰੋ। ਆਪਣਾ ਰੋਲ ਨੰਬਰ ਸ਼ਬਦਾਂ ਅਤੇ ਅੱਖਰਾਂ ਦੋਵਾਂ ਵਿਚ ਸਾਫ-ਸਾਫ ਲਿਖੋ। ਅਕਸਰ ਦੇਖਣ ਵਿਚ ਆਇਆ ਹੈ ਕਿ ਪ੍ਰੀਖਿਆਰਥੀ ਆਪਣਾ ਰੋਲ ਨੰਬਰ ਸਹੀ ਨਹੀਂ ਲਿਖਦੇ। ਜਦੋਂ ਨਿਗਰਾਨ ਚੈੱਕ ਕਰਕੇ ਸਹੀ ਲਿਖਵਾਉਂਦਾ ਹੈ ਤਾਂ ਕਟਿੰਗ ਹੋਣਾ ਸੁਭਾਵਕ ਹੈ ਜੋ ਕਿ ਨਹੀਂ ਹੋਣੀ ਚਾਹੀਦੀ। ਇਸ ਲਈ ਬੱਚੇ ਸਹੀ ਰੋਲ ਨੰਬਰ ਲਿਖਣ ਦਾ ਅਭਿਆਸ ਪੇਪਰਾਂ ਤੋਂ ਪਹਿਲਾਂ ਹੀ ਘਰ ਜਾਂ ਸਕੂਲ/ਕਾਲਜ ਵਿਚ ਕਰ ਲੈਣ। ਪ੍ਰਸ਼ਨ ਪੱਤਰ ਮਿਲਣ ਉਪਰੰਤ ਹਰ ਪ੍ਰੀਖਿਆਰਥੀ ਨੂੰ ਹਦਾਇਤ ਅਨੁਸਾਰ ਆਪੋ-ਆਪਣਾ ਰੋਲ ਨੰਬਰ ਪ੍ਰਸ਼ਨ ਪੱਤਰ ‘ਤੇ ਅਤੇ ਪ੍ਰਸ਼ਨ ਪੱਤਰਾਂ ਦਾ ਸਬੰਧਤ ਕੋਡ ਨੰਬਰ ਜੇ ਹੋਣ ਤਾਂ ਆਪਣੀ-ਆਪਣੀ ਉੱਤਰ-ਪੱਤਰੀ ‘ਤੇ ਲਿਖ ਲੈਣਾ ਚਾਹੀਦਾ ਹੈ। ਪ੍ਰਸ਼ਨ ਪੱਤਰ ਦੇ ਸ਼ੁਰੂ ਵਿਚ ਲਿਖੀਆਂ ਹਦਾਇਤਾਂ ਨੂੰ ਵੀ ਧਿਆਨ ਨਾਲ ਪੜ੍ਹਿਆ ਜਾਵੇ। ਜੇ ਪ੍ਰਸ਼ਨਾਂ ਨੂੰ ਤਰਤੀਬਵਾਰ ਹੱਲ ਕਰਨ ਦੀ ਸ਼ਰਤ ਨਾ ਹੋਵੇ ਤਾਂ ਹਮੇਸ਼ਾ ਪਹਿਲਾ ਪ੍ਰਸ਼ਨ ਉਹ ਕਰੋ ਜੋ ਤੁਹਾਨੂੰ ਸਭ ਤੋਂ ਵਧੀਆ ਆਉਂਦਾ ਹੈ। ਤੁਹਾਡੇ ਪਹਿਲੇ ਪ੍ਰਸ਼ਨ ਦੇ ਉੱਤਰ ਦਾ ਜੋ ਪ੍ਰਭਾਵ ਪ੍ਰੀਖਿਅਕ ਉੱਤੇ ਪੈ ਗਿਆ, ਉਸ ਦਾ ਅਸਰ ਪੂਰੇ ਪੇਪਰ ਦੀ ਮਾਰਕਿੰਗ ਤਕ ਰਹੇਗਾ। ਬਹੁਤੇ ਵਿਦਿਆਰਥੀ ਪੇਪਰ ਖਤਮ ਹੋਣ ਉਪਰੰਤ ਆਪਣੇ ਅਧਿਆਪਕਾਂ ਅਤੇ ਮਾਪਿਆਂ ਨੂੰ ਇਹ ਕਹਿੰਦੇ ਅਕਸਰ ਸੁਣੇ ਜਾਂਦੇ ਹਨ ਕਿ ਉਹਨਾਂ ਦੇ ਤਾਂ ਆਖਰੀ ਦੋ ਪ੍ਰਸ਼ਨ ਰਹਿ ਗਏ, ਸਮਾਂ ਖਤਮ ਹੋ ਗਿਆ। ਇਸ ਲਈ ਸਮੇਂ ਦੀ ਵੰਡ ਵੀ ਤੁਸੀਂ ਪਹਿਲਾਂ ਹੀ ਕਰ ਲਵੋ ਕਿ ਤੁਸੀਂ ਕਿਹੜੇ ਪ੍ਰਸ਼ਨ ਨੂੰ ਕਿੰਨਾ ਸਮਾਂ ਦੇਣਾ ਹੈ ਅਤੇ ਇਸ ਕੀਤੀ ਹੋਈ ਸਮੇਂ ਦੀ ਵੰਡ ਦੇ ਪੂਰੇ ਪਾਬੰਦ ਰਹੋ। ਪੇਪਰ ਹੱਲ ਕਰਦੇ ਸਮੇਂ ਆਪਣੀ ਲਿਖਣ ਦੀ ਸਪੀਡ ਵੀ ਇਸ ਸਮੇਂ ਦੀ ਵੰਡ ਅਨੁਸਾਰ ਬਣਾ ਕੇ ਰੱਖੋ। ਲਿਖਾਈ ਸਾਫ ਸੁਥਰੀ ਪੜ੍ਹਨਯੋਗ ਅਤੇ ਸਮਝਣ ਯੋਗ ਕਰੋ। ਜਿੰਨਾ ਸੰਭਵ ਹੋ ਸਕੇ ਕਟਿੰਗ ਕਰਨ ਤੋਂ ਗੁਰੇਜ਼ ਕਰੋ। ਮਨ ਲਉ ਤੁਸੀਂ ਗਲਤ ਲਿਖ ਜਾਂਦੇ ਹੋ ਤਾਂ ਇਕ ਲਕੀਰ ਲਗਾ ਕੇ ਕੱਟ ਦਿਓ। ਜ਼ਿਆਦਾ ਲਕੀਰਾਂ ਲਗਾ ਕੇ ਗੰਦ ਨਾ ਪਾਵੋ। ਓਵਰਰਾਈਟਿੰਗ ਕਰਨ ਤੋਂ ਪਰਹੇਜ਼ ਕਰੋ। ਜਿਆਦਾ ਕਟਿੰਗ ਅਤੇ ਓਵਰ ਰਾਈਟਿੰਗ ਦੇਖ ਕੇ ਪੇਪਰ ਚੈੱਕਰ ਦੇ ਮਨ ਤੇ ਬੁਰਾ ਪ੍ਰਭਾਵ ਹੋ ਸਕਦਾ ਹੈ। ਪ੍ਰਸ਼ਨ ਦਾ ਉੱਤਰ ਜਿੰਨੇ ਸ਼ਬਦਾਂ ਵਿਚ ਮੰਗਿਆ ਜਾਵੇ ਲਗਪਗ ਓਨੇ ਹੀ ਸ਼ਬਦਾਂ ਵਿਚ ਦਿਓ। ਵਾਧੂ ਲਿਖਣਾ ਸਮੇਂ ਦੀ ਬਰਬਾਦੀ ਹੈ। ਤੁਹਾਡਾ ਉੱਤਰ ਸਪਸ਼ਟ ਅਤੇ ਪ੍ਰਸ਼ਨ ਦੇ ਨੁਕਤਿਆਂ ਤਕ ਹੀ ਸੀਮਤ ਹੋਣਾ ਚਾਹੀਦਾ ਹੈ। ਹਰ ਨਵੇਂ ਪ੍ਰਸ਼ਨ ਦਾ ਉੱਤਰ ਸ਼ੁਰੂ ਕਰਨ ਤੋਂ ਪਹਿਲਾਂ ਪ੍ਰਸ਼ਨ ਦਾ ਨੰਬਰ ਮੋਟਾ ਕਰਕੇ ਲਿਖਿਆ ਜਾਵੇ ਤਾਂ ਕਿ ਪ੍ਰੀਖਿਅਕ ਨੂੰ ਦੇਖਣ ਵਿਚ ਅਸਾਨੀ ਹੋਵੇ। ਜੇ ਕਿਸੇ ਪ੍ਰਸ਼ਨ ਦੇ ਅੱਗੇ ਭਾਗ ਦਿੱਤੇ ਹੋਏ ਹਨ ਤਾਂ ਉਨ੍ਹਾਂ ਭਾਗਾਂ ਨੂੰ ਲੜੀਵਾਰ ਹੱਲ ਕਰਕੇ ਉਸ ਪ੍ਰਸ਼ਨ ਨੂੰ ਪੂਰਾ ਕੀਤਾ ਜਾਵੇ। ਜੇ ਕਿਸੇ ਪ੍ਰਸ਼ਨ ਦਾ ਉੱਤਰ ਲੰਮਾ ਹੈ ਤਾਂ ਉਸ ਨੂੰ ਲੇਖ ਦੇ ਰੂਪ ਵਿਚ ਲਿਖਣ ਦੀ ਬਜਾਇ ਹੈਡਿੰਗ, ਸਬ-ਹੈਡਿੰਗ ਅਤੇ ਅੱਗੋਂ ਸਬ ਪੁਆਇੰਟਸ ਆਦਿ ਬਣਾ ਕੇ ਲੋੜ ਅਨੁਸਾਰ ਅੰਡਰਲਾਈਨ ਕਰ ਦਿੱਤਾ ਜਾਵੇ। ਉਂਜ ਵੀ ਜੇ ਤੁਸੀਂ ਪ੍ਰੀਖਿਅਕ ਦਾ ਧਿਆਨ ਆਪਣੀ ਲਿਖੀ ਹੋਈ ਖਾਸ ਗੱਲ ਵੱਲ ਦਿਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਉਸ ਨੂੰ ਵੀ ਅੰਡਰਲਾਈਨ ਕਰ ਸਕਦੇ ਹੋ। ਵਿਗਿਆਨ, ਗਣਿਤ, ਭੋਤਿਕ ਵਿਗਿਆਨ ਬਾਇਓਲੋਜੀ ਤੇ ਹੋਰ ਵਿਸ਼ਿਆਂ ਵਿਚ ਜੇ ਲੋੜ ਅਨੁਸਾਰ ਡਾਇਗ੍ਰਾਮ ਵੀ ਬਣਾ ਦਿੱਤੇ ਜਾਣ ਤਾਂ ਉੱਤਰ ਦੀ ਸਪਸ਼ਟਤਾ ਹੋਰ ਵੀ ਵੱਧ ਜਾਂਦੀ ਹੈ ਅਤੇ ਨੰਬਰ ਵੀ ਪੂਰੇ ਮਿਲਦੇ ਹਨ। ਕਈ ਵਾਰ ਲਿਖਦੇ ਲਿਖਦੇ ਵਿਚੋਂ ਸਫੇ ਕੋਰੇ ਰਹਿ ਜਾਂਦੇ ਹਨ, ਤਾਂ ਇਨ੍ਹਾਂ ਖਾਲੀ ਸਫਿਆਂ ‘ਤੇ ਲਕੀਰਾਂ ਲਗਾ ਕੇ ‘ਪਰਤੋ’ ਸ਼ਬਦ ਜ਼ਰੂਰ ਲਿਖੋ। ਪ੍ਰੀਖਿਆ ਹਾਲ ਵਿਚੋਂ ਜਲਦੀ ਬਾਹਰ ਆਉਣ ਦੀ ਕਾਹਲੀ ਕਦੇ ਵੀ ਨਾ ਕਰੋ। ਯਾਦ ਰੱਖੋ, ਅਜਿਹੀ ਕਾਹਲੀ ਤੁਹਾਡੇ ਅੰਕਾਂ ਦੀ ਪ੍ਰਾਪਤੀ ‘ਤੇ ਡੂੰਘਾ ਅਸਰ ਛੱਡਦੀ ਹੈ। ਜੇਕਰ ਪੇਪਰ ਖਤਮ ਹੋਣ ਉਪਰੰਤ ਤੁਹਾਡਾ ਸਮਾਂ ਬਚ ਗਿਆ ਹੈ ਤਾਂ ਸਾਰੇ ਲਿਖਤੀ ਪੇਪਰ ਨੂੰ ਇੱਕ ਵਾਰ ਚੰਗੀ ਤਰ੍ਹਾਂ ਪੜ ਲਓ। ਇਸ ਨਾਲ ਜੇ ਕੋਈ ਪ੍ਰਸ਼ਨ ਛੁੱਟ ਗਿਆ ਹੈ ਜਾਂ ਕਰਨ ਤੋਂ ਰਹਿ ਗਿਆ ਹੈ ਉਸ ਦੀ ਜਾਂਚ ਹੋ ਜਾਵੇਗੀ ਅਤੇ ਉਹ ਪ੍ਰਸ਼ਨ ਨੂੰ ਸਮਾਂ ਰਹਿੰਦੇ ਹੱਲ ਕੀਤਾ ਜਾ ਸਕੇਗਾ।
ਜੇ ਪ੍ਰੀਖਿਆਰਥੀ ਇਨ੍ਹਾਂ ਸੁਝਾਆਂ ਅਤੇ ਨੁਕਤਿਆਂ ਵੱਲ ਧਿਆਨ ਕਰਨਗੇ ਅਤੇ ਇਨ੍ਹਾਂ ਗੱਲਾਂ ਦੀ ਪ੍ਰੀਖਿਆ ਦੌਰਾਨ ਪਾਲਣਾ ਕਰਨਗੇ ਤਾਂ ਬਿਨਾਂ ਸ਼ੱਕ ਉਹ ਵਿਦਿਆਰਥੀ ਇਮਤਿਹਾਨਾਂ ਵਿੱਚ ਚੰਗੇ ਅੰਕ ਪ੍ਰਾਪਤ ਕਰਕੇ ਪਾਸ ਹੋ ਸਕਣਗੇ।
![](https://i0.wp.com/worldpunjabitimes.com/wp-content/uploads/2023/11/IMG_20231106_133938-scaled.jpg?resize=2011%2C2560&ssl=1)
ਲੈਕਚਰਾਰ ਲਲਿਤ ਗੁਪਤਾ
ਮੰਡੀ ਅਹਿਮਦਗੜ੍ਹ।
9781590500
1 comment
1 Comment
Extended Opportunity
March 18, 2024, 9:19 pmA.I Create & Sell Unlimited Audiobooks to 2.3 Million Users – https://ext-opp.com/ECCO
REPLY